You’re viewing a text-only version of this website that uses less data. View the main version of the website including all images and videos.
ਇਮਰਾਨ ਦੀ ਪਾਰਟੀ ਨੇ ਕਿਸੇ ਵਿਦੇਸ਼ੀ ਖਿਡਾਰੀ ਜਾਂ ਆਗੂ ਨੂੰ ਨਹੀਂ ਸੱਦਿਆ
- ਲੇਖਕ, ਪ੍ਰਦੀਪ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਇਮਰਾਨ ਖਾਨ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਉਨ੍ਹਾਂ ਦੇ ਸਹੁੰ-ਚੁੱਕ ਸਮਾਗਮ ਦੇ ਮਹਿਮਾਨਾਂ ਬਾਰੇ ਕਾਫੀ ਚਰਚਾ ਛਿੜੀ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖ਼ਾਨ ਦੀ ਇਨ੍ਹਾਂ ਖੁਸ਼ੀ ਵਾਲੇ ਪਲਾਂ ਵਿੱਚ ਸ਼ਾਮਲ ਹੋਣ ਲਈ ਚਾਰ ਭਾਰਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ ਆਮਿਰ ਖਾਨ, ਕ੍ਰਿਕਟਰ ਸੁਨੀਲ ਗਵਾਸਕਰ, ਕਪਿਲ ਦੇਵ ਤੇ ਨਵਜੋਤ ਸਿੰਘ ਸਿੱਧੂ।
ਵੀਰਵਾਰ ਨੂੰ ਨਵਜੋਤ ਸਿੱਧੂ ਨੇ ਬੀਬੀਸੀ ਨਾਲ ਕੀਤੀ ਗੱਲਬਾਤ ਦੌਰਾਨ ਸੱਦਾ ਮਿਲਣ ਦੀ ਪੁਸ਼ਟੀ ਕੀਤੀ ਸੀ।
ਇਹ ਵੀ ਪੜ੍ਹੋ:
ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਦੇਸ਼ੀ ਖਿਡਾਰੀ ਜਾਂ ਸ਼ਖਸ਼ੀਅਤ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।
ਪੀਟੀਆਈ ਵੱਲੋਂ ਇਸ ਬਾਰੇ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ। ਹਾਲੀਆ ਪ੍ਰੈਸ ਰਿਲੀਜ਼ ਵਿੱਚ ਪਾਰਟੀ ਦੇ ਨੇਤਾ ਫੈਸਲ ਜਾਵੇਦ ਨੇ ਇਹ ਵੀ ਕਿਹਾ ਕਿ ਸਹੁੰ ਚੁੱਕ ਸਮਾਗਮ ਸਾਦੇ ਢੰਗ ਨਾਲ ਕੀਤਾ ਜਾਵੇਗਾ ਕਿਉਂਕਿ ਉਹ ਲੋਕਾਂ ਦੇ ਪੈਸੇ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ।
ਉੱਧਰ ਸੋਸ਼ਲ ਮੀਡੀਆ 'ਤੇ ਵੀ ਨਵਜੋਤ ਸਿੱਧੂ ਦੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਯੂਜ਼ਰ ਰੌਏਜੁਆਏ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਤਾਂ ਹਰ ਕਿਸੇ ਮੌਕੇ ਲਈ ਤਿਆਰ ਹੀ ਰਹਿੰਦੇ ਹਨ ਅਤੇ ਜਲਦਬਾਜ਼ੀ ਦਿਖਾਉਂਦੇ ਹਨ।
ਸ਼ਿਵਿੰਦਰ ਸੈਣੀ ਨੇ ਕਿਹਾ ਕਿ ਨਵਜੋਤ ਸਿੱਧੂ ਅੱਤਵਾਦ, ਘੁਸਪੈਠ ਨੂੰ ਵਧਾਵਾ ਦੇਣਾ ਚਾਹੁੰਦੇ ਹਨ? ਕੀ ਉਹ ਪਾਕਿਸਤਾਨ ਦੇ ਵੱਲ ਹਨ।
ਸੁਸ਼ੀਲ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਹੁਣ ਜ਼ਿੰਮੇਵਾਰ ਸਿਆਸਤਦਾਨ ਹਨ ਨਾ ਕਿ ਕ੍ਰਿਕਟਰ।
ਡਾਕਟਰ ਸੁਭਾਸ਼ ਕਪਿਲਾ ਅਨੁਸਾਰ ਰਾਹੁਲ ਗਾਂਧੀ ਨੂੰ ਆਪਣੇ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ 'ਤੇ ਕਾਬੂ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਇਮਰਾਨ ਖ਼ਾਨ ਨੂੰ ਸਰਟੀਫਿਕੇਟ ਨਾ ਵੰਡਣ।
ਸੌਰਭ ਚਹਿਲ ਨੇ ਕਿਹਾ ਕਿ ਸਿੱਧੂ ਨੂੰ ਤਾਂ ਸੱਦਾ ਮਿਲਿਆ ਤਾਂ ਉਹ ਜਾ ਰਿਹਾ ਹੈ ਪਰ ਕਈ ਤਾਂ ਬਿਨਾਂ ਸੱਦੇ ਦੇ ਹੀ ਕਿਸੇ ਦੇ ਵਿਆਹ 'ਤੇ ਪਾਕਿਸਤਾਨ ਪਹੁੰਚ ਜਾਂਦਾ ਹੈ।
ਇਹ ਵੀ ਪੜ੍ਹੋ:
ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬੀਬੀਸੀ ਨੂੰ ਇਹ ਵੀ ਦੱਸਿਆ, ''ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਜਿਹੜੇ ਚਾਰ ਲੋਕਾਂ ਨੂੰ ਸੱਦਿਆ ਹੈ, ਉਨ੍ਹਾਂ 'ਚੋਂ ਮੈਂ ਇੱਕ ਹਾਂ।''
ਇਮਰਾਨ ਖਾਨ ਦੀ ਕਾਮਯਾਬੀ ਬਾਰੇ ਸਿੱਧੂ ਨੇ ਕਿਹਾ, ''ਇਮਰਾਨ ਸਾਹਬ ਦੇ ਪਿਛਲੇ 20-25 ਸਾਲ ਵੇਖ ਲਵੋ। ਮੁਸ਼ਕਲਾਂ ਨੇ ਉਨ੍ਹਾਂ ਨੂੰ ਨਿਖਾਰਿਆ ਹੈ। ਇੱਕ ਪਾਰਟੀ ਸ਼ੁਰੂ ਕੀਤੀ 'ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ। ਉਨ੍ਹਾਂ ਦਾ ਸਾਰਾ ਸਫਰ ਸੰਘਰਸ਼ਾਂ ਭਰਿਆ ਹੈ। ਉਹ ਹਰ ਮੁਸੀਬਤ ਵਿੱਚ ਸੁਰਖਰੂ ਹੋਏ ਹਨ।''
ਕ੍ਰਿਕਟ ਦੇ ਪੁਰਾਣੇ ਦਿਨ
ਇਹ ਵੀ ਦਿਲਚਸਪ ਹੈ ਕਿ ਜਦ 1989 ਵਿੱਚ ਭਾਰਤੀ ਕ੍ਰਿਕਟ ਟੀਮ ਨਾਲ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ ਉਦੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਇਮਰਾਨ ਖ਼ਾਨ ਸਨ।
ਇੱਤੇਫਾਕ ਨਾਲ ਇਹ ਪਹਿਲੀ ਵਾਰ ਸੀ ਜਦ ਭਾਰਤੀ ਟੀਮ ਨੇ ਕਿਸੇ ਸੀਰੀਜ਼ ਦਾ ਕੋਈ ਟੈਸਟ ਨਹੀਂ ਗੁਆਇਆ ਸੀ।
ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚਾਰੇ ਟੈਸਟ ਡਰਾਅ ਹੋਏ ਸਨ। ਨਵਜੋਤ ਸਿੰਘ ਸਿੱਧੂ ਨੇ ਚਾਰ ਟੈਸਟ ਮੈਚਾਂ 'ਚੋਂ ਤਿੰਨ ਟੈਸਟ ਮੈਚਾਂ ਵਿੱਚ ਭਾਰਤ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਹ ਸੈਂਕੜਾ ਤਾਂ ਨਹੀਂ ਬਣਾ ਪਾਏ ਸਨ ਪਰ ਸਿਆਲਕੋਟ ਵਿੱਚ ਉਨ੍ਹਾਂ ਦੀ 97 ਦੌੜਾਂ ਦੀ ਪਾਰੀ ਕਾਰਨ ਭਾਰਤ ਟੈਸਟ ਦੇ ਨਾਲ ਨਾਲ ਸੀਰੀਜ਼ ਬਚਾਉਣ ਵਿੱਚ ਕਾਮਯਾਬ ਹੋਏ ਸੀ।
ਇਸ ਸੀਰੀਜ਼ ਬਾਰੇ ਨਵਜੋਤ ਸਿੱਧੂ ਨੇ ਕਿਹਾ, ''ਘਾਹ ਦੀ ਪਿੱਚ ਸੀ। ਇਮਰਾਨ ਸਾਹਬ ਨੂੰ ਲੱਗਦਾ ਸੀ ਕਿ ਇਸ ਪਿੱਚ ਵਿੱਚ ਭਾਰਤ ਦੇ ਖਿਡਾਰੀ ਇਮਰਾਨ, ਵਸੀਮ ਅਕਰਮ, ਆਕਿਬ ਨੂੰ ਨਹੀਂ ਝੱਲ ਸਕਣਗੇ।''
''ਸਿਆਲਕੋਟ ਵਿੱਚ ਭਾਰਤ ਦੇ 24 ਓਵਰਾਂ 'ਤੇ ਚਾਰ ਵਿਕਟ ਡਿੱਗ ਚੁੱਕੇ ਸਨ, ਤੇਂਦੁਲਕਰ ਦੀ ਨੱਕ 'ਤੇ ਸੱਟ ਲੱਗੀ ਸੀ ਪਰ ਉਸਨੇ ਸ਼ਾਨਦਾਰ ਜਜ਼ਬਾ ਵਿਖਾਇਆ, ਅਸੀਂ ਟੈਸਟ ਬਚਾ ਲਿਆ।''
ਇਮਰਾਨ ਖਾਨ ਕਿਸ ਤਰ੍ਹਾਂ ਦੇ ਕਪਤਾਨ ਸਨ? ਸਿੱਧੂ ਨੇ ਕਿਹਾ, ''ਕਪਤਾਨ ਇਮਰਾਨ ਸ਼ਾਨਦਾਰ ਖਿਡਾਰੀ ਨੂੰ ਅਸਾਧਾਰਨ ਬਣਾ ਦਿੰਦੇ ਸੀ। ਵਸੀਮ ਤੇ ਵਕਾਰ ਕੋਲ ਜੁੱਤੇ ਤੱਕ ਨਹੀਂ ਸਨ, ਇਸਦੇ ਬਾਵਜੂਦ ਉਨ੍ਹਾਂ ਨੂੰ ਟੀਮ ਵਿੱਚ ਸਿੱਧੇ ਸ਼ਾਮਲ ਕਰ ਲਿਆ ਗਿਆ ਸੀ। ਇੰਜਮਾਮ ਨੂੰ ਸਿੱਧਾ ਵਰਲਡ ਕੱਪ ਵਿੱਚ ਸ਼ਾਮਲ ਕਰ ਲਿਆ ਸੀ।''
ਸਿੱਧੂ ਮੁਤਾਬਕ ਇਮਰਾਨ ਖਾਨ ਅੱਗੇ ਵੱਡੀ ਚੁਣੌਤੀ ਹੈ ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨ ਨੂੰ ਬਿਹਤਰ ਮੁਲਕ ਬਣਾਉਣਾ ਹੈ। ਉਨ੍ਹਾਂ ਕਿਹਾ, ''ਇਮਰਾਨ ਨੇ ਹਮੇਸ਼ਾ ਹਾਰ ਨੂੰ ਜਿੱਤ ਵਿੱਚ ਬਦਲਿਆ ਹੈ। ਜੇ ਉਨ੍ਹਾਂ ਦੀ ਟੀਮ ਦੀ ਹਾਲਤ ਚੰਗੀ ਹੁੰਦੀ ਸੀ, ਤਾਂ ਉਹ ਸੁਖ ਦੀ ਨੀਂਦ ਸੌਂਦੇ ਸਨ ਪਰ ਮੁਸ਼ਕਲਾਂ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਸਨ।''
ਸਿੱਧੂ ਮੁਤਾਬਕ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੋਹਾਂ ਦੇਸਾਂ ਵਿਚਾਲੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋਵੇਗੀ।
ਸਿੱਧੂ ਨੇ ਕਿਹਾ, ''ਸਾਨੂੰ ਉਮੀਦ ਹੈ ਕਿ ਇੱਕ ਨਵੀਂ ਸ਼ੁਰੂਆਤ ਹੋਵੇਗੀ। ਬਾਰਡਰ ਜਿੰਨੀ ਛੇਤੀ ਖੁੱਲ੍ਹਣ, ਤਿਜਾਰਤ ਵਧੇ, ਕਾਰੋਬਾਰ ਵਧੇ, ਓਨਾ ਵਧੀਆ। ਲੋਕਾਂ ਵਿੱਚ ਪਿਆਰ ਵਧੇਗਾ ਤਾਂ ਨਫਰਤ ਘਟੇਗੀ। ਅੰਮ੍ਰਿਤਸਰ ਵਿੱਚ ਕੋਈ ਸਾਗ ਮੱਕੀ ਦੀ ਰੋਟੀ ਖਾਵੇ ਅਤੇ ਕੋਈ ਲਾਹੌਰ ਤੋਂ ਬਿਰਿਆਨੀ ਚਖ਼ ਕੇ ਪਰਤੇ।''
ਇਹ ਵੀ ਪੜ੍ਹੋ:
ਸਿੱਧੂ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹਨ।
ਕਰਤਾਰਪੁਰ ਸਾਹਿਬ ਦਾ ਕੌਰੀਡੋਰ ਖੁੱਲ੍ਹਵਾਉਣਾ ਚਾਹੁੰਦੇ ਹਨ, ਹੁਸੈਨੀਵਾਲਾ ਤੇ ਵਾਹਘਾ ਬਾਰਡਰ ਖੁੱਲ੍ਹਵਾਉਣਾ ਚਾਹੁੰਦੇ ਹਨ।
ਨਵਜੋਤ ਸਿੱਧੂ ਮੁਤਾਬਕ ਜਦ ਇਹ ਬਾਰਡਰ ਖੁੱਲ੍ਹਣਗੇ ਉਦੋਂ ਹੀ ਦੋਵੇਂ ਮੁਲਕਾਂ ਵਿਚਾਲੇ ਰਿਸ਼ਤੇ ਬਿਹਤਰ ਹੋਣਗੇ।