ਸੋਸ਼ਲ: 'ਜਿੰਨਾਂ ਸਰਕਾਰਾਂ ਤੋਂ ਪੌਲੀਥੀਨ ਬੈਨ ਨਹੀਂ ਹੋਏ, ਨਸ਼ਾ ਕਿਵੇਂ ਬੰਦ ਕਰਨਗੀਆਂ'

ਪੰਜਾਬ ਵਿੱਚ ਨਸ਼ੇ ਦੇ ਮੁੱਦੇ ਉੱਤੇ ਸਿਆਸਤ ਭਖੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ ਅਤੇ ਦੂਜਿਆਂ ਨੂੰ ਉਨ੍ਹਾਂ ਦੀ ਜ਼ਮੀਰ ਉੱਤੇ ਛੱਡਦੇ ਹਨ।

ਇਸੇ ਵਿਚਾਲੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਵੀ ਬਿਆਨ ਦਿੱਤਾ ਕਿ ਉਹ ਡੋਪ ਟੈਸਟ ਨਹੀਂ ਕਰਵਾਉਣਗੇ।

ਇਸ ਪਿੱਛੇ ਉਨ੍ਹਾਂ ਕਾਰਨ ਦੱਸਦਿਆਂ ਕਿਹਾ, ''ਮੈਂ ਡੋਪ ਟੈਸਟ ਨਹੀਂ ਕਰਾਵਾਂਗਾ, ਇਹ ਰੌਲਾ ਨਸ਼ਿਆਂ ਦੇ ਅਸਲ ਮੁੱਦੇ ਨੂੰ ਲੀਹ ਤੋਂ ਲਾਹ ਰਿਹਾ ਹੈ।''

ਇਸੇ ਬਿਆਨ ਨੂੰ ਅਧਾਰ ਬਣਾ ਕੇ ਬੀਬੀਸੀ ਪੰਜਾਬੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਉਨ੍ਹਾਂ ਦੀ ਰਾਇ ਜਾਨਣ ਦੀ ਕੋਸ਼ਿਸ਼ ਕੀਤੀ।

ਕਈ ਲੋਕ ਪਰਗਟ ਸਿੰਘ ਦੀ ਗੱਲ ਨਾਲ ਸਹਿਮਤ ਨਜ਼ਰ ਆਏ ਅਤੇ ਕਈ ਵਿਰੋਧ ਵਿੱਚ ਵੀ ਸਨ।

ਸਿੰਘ ਮਹਿਰਮ ਨੇ ਪਰਗਟ ਸਿੰਘ ਦੇ ਹੱਕ ਵਿੱਚ ਲਿਖਿਆ। ਉਨ੍ਹਾਂ ਕਿਹਾ, ''ਪਰਗਟ ਸਿੰਘ ਤੁਸੀਂ ਸੱਚਾਈ ਬਿਆਨ ਕੀਤੀ ਹੈ। ਅੱਗੇ ਵਧੋ, ਤੁਹਾਨੂੰ ਸ਼ੁਭ ਇੱਛਾ।''

ਲਾਲ ਗੁਮਿਨੀ ਨੇ ਲਿਖਿਆ, ''ਬਿਲਕੁਲ ਸਹੀ ਕਿਹਾ ਇਹੀ ਸੱਚ ਹੈ।''

ਬੀਬੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ ਉੱਤੇ ਵੀ ਕਈ ਲੋਕਾਂ ਨੇ ਕਮੈਂਟ ਕੀਤਾ।

ਕਾਕਾ ਜੱਸ ਨੇ ਕਿਹਾ, ''ਬਿਲਕੁਲ ਸਹੀ ਹੈ ਅਸਲ ਗੱਲ ਭੁੱਲ ਕੇ ਗੱਲ ਹੋਰ ਪਾਸੇ ਜਾ ਰਹੀ ਹੈ।''

ਕਈ ਲੋਕਾਂ ਪਰਗਟ ਸਿੰਘ ਉੱਤੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਬਰਸੇ ਤਾਂ ਕਈਆਂ ਨੇ ਆਪਣੀ ਵੱਖ ਰਾਏ ਵੀ ਦਿੱਤੀ।

ਨਸੀਬ ਔਜਲਾ ਨੇ ਕਿਹਾ ਕਿ ਪਰਗਟ ਸਿੰਘ ਨੂੰ ਸਭ ਤੋਂ ਪਹਿਲਾਂ ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ ਉਨ੍ਹਾਂ ਕੁਝ ਗਲਤ ਨਹੀਂ ਕੀਤਾ।

ਜਿੰਮੀ ਸਿਮਰਨ ਨੇ ਲਿਖਿਆ, ''ਪਾਰਟੀ ਬਦਲਣ ਦੀ ਤਿਆਰੀ ਵਿੱਚ ਲੱਗਦੇ ਪਰਗਟ ਸਿੰਘ।''

ਕੁਲਦੀਪ ਸ਼ਰਮਾ ਨੇ ਲਿਖਿਆ, ''ਜਿਹੜੀਆਂ ਸਰਕਾਰਾਂ ਤੋਂ ਪੌਲੀਥੀਨ ਬੈਨ ਨਹੀਂ ਹੋਏ ਉਹ ਨਸ਼ਾ ਕੀ ਬੰਦ ਕਰਨਗੀਆਂ।''

ਗੁਰਪ੍ਰੀਤ ਸਿੰਘ ਖਾਲਸਾ ਨੇ ਆਪਣੀ ਰਾਏ ਦਿੰਦੇ ਹੋਏ ਲਿਖਿਆ, "ਅਸੀਂ ਡੋਪ ਟੈਸਟਾਂ ਤੋਂ ਕੀ ਲੈਣਾ ਨਸ਼ੇ ਬੰਦ ਹੋਣੇ ਚਾਹੀਦੇ ਹਨ।"

ਅਮਰਜੀਤ ਸਿੰਘ ਨਾਗਰਾ ਨਸ਼ੇ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਵੱਲ ਨਾ ਦੇਖਣ ਦੀ ਸਲਾਹ ਦੇ ਰਹੇ ਹਨ।

ਉਨ੍ਹਾਂ ਲਿਖਿਆ, ''ਇਨ੍ਹਾਂ ਸਰਕਾਰਾਂ ਤੋਂ ਕੁਝ ਨਹੀਂ ਹੋਣਾਂ ਪੰਚਾਇਤਾਂ ਨੂੰ ਆਪਣੇ ਪੱਧਰ ਉੱਤੇ ਕੁਝ ਕਰਨਾ ਚਾਹੀਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)