ਓਲੰਪੀਅਨ ਪਰਗਟ ਸਿੰਘ ਨੇ ਕਿਉਂ ਕੀਤਾ ਡੋਪ ਟੈਸਟ ਕਰਾਉਣ ਤੋਂ ਇਨਕਾਰ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਵਿੱਚ ਜਦੋਂ ਲੀਡਰਾਂ ਦੀ ਡੋਪ ਟੈਸਟ ਕਰਵਾਉਣ ਦੀ ਦੌੜ ਲੱਗੀ ਹੋਈ ਹੈ ਤਾਂ ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਡੋਪ ਟੈਸਟ ਨਹੀਂ ਕਰਵਾਉਣਗੇ।

ਗੱਲਬਾਤ ਦੌਰਾਨ ਉਨ੍ਹਾਂ ਕਿਹਾ, " ਲੀਡਰਾਂ ਦੇ ਡੋਪ ਟੈਸਟ ਕਰਵਾਉਣ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਭਾਰਿਆ ਸੀ।"

ਇਹ ਵੀ ਪੜ੍ਹੋ꞉

ਉਨ੍ਹਾਂ ਕਿਹਾ,"ਪ੍ਰਕਾਸ਼ ਸਿੰਘ ਬਾਦਲ ਨੇ ਹੀ ਇਹ ਗੱਲ ਕਹੀ ਸੀ ਕਿ ਸਾਰੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਨਸ਼ਿਆਂ ਦੇ ਅਸਲ ਮੁੱਦੇ ਤੋਂ ਧਿਆਨ ਲਾਂਭੇ ਕਰ ਦਿੱਤਾ ਹੈ, ਜਿਸ ਵਿਚ ਉਹ ਮਾਹਿਰ ਹਨ। ਇਹ ਮੁੱਦਾ ਉਭਰਨ ਨਾਲ ਅਸਲ ਮੁੱਦੇ ਤੋਂ ਧਿਆਨ ਭਟਕ ਗਿਆ ਹੈ।"

ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਕਿਹਾ, "ਖਿਡਾਰੀਆਂ ਦਾ ਡੋਪ ਟੈਸਟ ਅਚਾਨਕ ਹੀ ਕੀਤਾ ਜਾਂਦਾ ਹੈ, ਨਾ ਕਿ ਲੀਡਰਾਂ ਵਾਂਗ ਆਪ ਡੋਪ ਟੈਸਟ ਕਰਵਾਉਣ ਲਈ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਕੀ ਡੋਪ ਟੈਸਟ ਦੀ ਰਿਪੋਰਟ 'ਤੇ ਹੀ ਮੇਰੀ ਭਰੋਸੇਯੋਗਤਾ ਟਿਕੀ ਹੋਈ ਹੈ? ਹਰ ਬੰਦੇ ਨੂੰ ਇਹ ਭਲੀ ਭਾਂਤ ਪਤਾ ਹੁੰਦਾ ਹੈ ਕਿ ਉਹ ਰੋਜ਼ਾਨਾ ਕੀ ਖਾਂਦਾ ਹੈ ਤੇ ਕੀ ਪੀਂਦਾ ਹੈ। "

"ਮੁੱਦਾ ਲੀਹ ਤੋਂ ਉੱਤਰਦਾ ਨਜ਼ਰ ਆ ਰਿਹਾ ਹੈ"

ਪਰਗਟ ਸਿੰਘ ਨੇ ਕਿਹਾ,"ਅਸਲ ਮੁੱਦਾ ਤਾਂ ਨਸ਼ਿਆਂ ਦੇ ਮਾਮਲੇ ਵਿਚ ਪੁਲਿਸ ਅਤੇ ਰਾਜਸੀ ਲੀਡਰਾਂ ਦੇ ਬਣੇ ਗੱਠਜੋੜ ਨੂੰ ਨੰਗਿਆਂ ਕਰਨ ਦਾ ਹੈ। ਡੋਪ ਟੈਸਟ ਦੇ ਰੌਲੇ ਨਾਲ ਇਹ ਮੁੱਦਾ ਲੀਹ ਤੋਂ ਉੱਤਰਦਾ ਨਜ਼ਰ ਆ ਰਿਹਾ ਹੈ।"

ਉਨ੍ਹਾਂ ਕਿਹਾ, "ਪੰਜਾਬ ਵਿਚ ਨਸ਼ਿਆਂ ਦੇ ਗੋਰਖ ਧੰਦੇ ਵਿਚ ਲੱਗੇ ਪੁਲਿਸ ਅਫਸਰਾਂ ਤੇ ਉਨ੍ਹਾਂ ਨਾਲ ਅੰਦਰਖਾਤੇ ਲੀਡਰਾਂ ਨੂੰ ਫੜਨ ਦਾ ਮੁੱਦਾ ਉਭਰਿਆ ਸੀ ਪਰ ਲੀਡਰਾਂ ਨੇ ਆਪਣੇ ਆਪ ਨੂੰ ਆਪ ਹੀ ਇਸ ਪ੍ਰੀਖਿਆ ਵਿਚ ਪਾ ਲਿਆ ਹੈ।"

ਪਰਗਟ ਸਿੰਘ ਨੇ ਕਿਹਾ, "ਚੋਣਾਂ ਤੋਂ ਪਹਿਲਾਂ ਕਾਂਗਰਸ ਲੋਕਾਂ ਨਾਲ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਡਰੱਗ ਮਾਫੀਆ ਤੇ ਰਾਜਨੀਤਕ ਲੀਡਰਾਂ ਦੇ ਗੱਠਜੋੜ ਨੂੰ ਲੋਕਾਂ ਸਾਹਮਣੇ ਲਿਆਏਗੀ ਪਰ ਡੋਪ ਟੈਸਟ ਕਰਾਉਣ ਲਈ ਹੁਣ ਰਾਜਨੀਤਕ ਲੀਡਰ ਇੱਕ ਦੂਜੇ ਦੇ ਪੈਰ ਮਿੱਧ ਕੇ ਅੱਗੇ ਲੰਘ ਰਹੇ ਹਨ। ਪੰਜਾਬ ਨੂੰ ਇਕ ਹਾਂ ਪੱਖੀ ਏਜੰਡੇ 'ਤੇ ਕੰਮ ਕਰਨ ਦੀ ਸਖਤ ਲੋੜ ਹੈ, ਜਿਸ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦਾ ਕੰਮ ਸਭ ਤੋਂ ਪਹਿਲਾਂ ਹੈ।"

ਉਨ੍ਹਾਂ ਕਿਹਾ, "ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇਣ ਦੇ ਨਾਲ ਨਾਲ ਹੀ ਖੇਡਾਂ ਵੱਲ ਉਤਸ਼ਾਹਤ ਕਰਨ ਦੀ ਲੋੜ ਹੈ। ਇਨ੍ਹਾਂ ਬੁਨਿਆਦੀ ਲੋੜਾਂ 'ਤੇ ਕਾਬੂ ਪਾਉਣ ਨਾਲ ਹੀ ਵੱਡੀਆਂ ਸਮੱਸਿਆਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।"

ਇਹ ਵੀ ਪੜ੍ਹੋ꞉

ਉਨ੍ਹਾਂ ਕਿਹਾ, ''ਇਸ ਵਾਰ ਕੈਪਟਨ ਸਰਕਾਰ ਨੇ ਸ਼ਰਾਬ ਦਾ ਕੋਟਾ ਘਟਾਇਆ ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਇਸ ਨੂੰ ਹਰ ਸਾਲ ਵਧਾਉਂਦੀ ਆ ਰਹੀ ਸੀ। ਸਾਨੂੰ ਹੋਰ ਸਾਧਨਾਂ ਰਾਹੀਂ ਪੈਸੇ ਕਮਾਉਣ ਦੇ ਢੰਗ ਲੱਭਣੇ ਪੈਣਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)