'ਉੜਤੇ ਪੰਜਾਬ' ਦੇ 'ਪਰ' ਕੱਟਣ ਲਈ ਪੁਲਿਸ ਤੈਅ ਕਰੇਗੀ ਕਿ ਤੁਸੀਂ ਨਸ਼ੇੜੀ ਹੋ ਜਾਂ ਨਹੀਂ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਨਸ਼ਿਆਂ 'ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਪੰਜਾਬ ਪੁਲਿਸ ਨੇ ਹੁਣ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਰਾਹੀਂ ਪੁਲਿਸ ਵੱਲੋਂ ਨਸ਼ੇ ਕਰਨ ਵਾਲਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦਾ ਨਸ਼ਾ ਛੁਡਾਉ ਕੇਂਦਰ ਵਿੱਚ ਇਲਾਜ ਕਰਵਾਇਆ ਜਾਵੇਗਾ।

ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਹਰ ਜ਼ਿਲ੍ਹੇ ਦੀ ਪੁਲਿਸ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਨਸ਼ਾ ਕਰਨ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕਰੇਗੀ।

ਨਸ਼ਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣ ਲਈ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਜਾਵੇਗਾ।

ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ,''ਨਸ਼ੇ ਨੂੰ ਠੱਲ ਪਾਉਣ ਲਈ ਹਰੇਕ ਜ਼ਿਲ੍ਹੇ ਤਹਿਤ ਆਉਣ ਵਾਲੇ ਵੱਖ-ਵੱਖ ਪੁਲਿਸ ਥਾਣਿਆਂ 'ਚ ਤਾਇਨਾਤ 13 ਐਸਐਚਓ ਅਤੇ 4 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਇਸ ਮਕਸਦ ਲਈ ਡਿਊਟੀ ਲਗਾਈ ਗਈ ਹੈ।''

ਨਸ਼ਿਆ ਖਿਲਾਫ਼ ਪੁਲਿਸ ਸਖ਼ਤ

''ਇਨ੍ਹਾਂ ਵੱਲੋਂ ਜਨਤਕ ਥਾਵਾਂ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਨਸ਼ਾ ਕਰਨ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।''

ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਉਹਨਾਂ ਵਲੋਂ ਇਸ ਮੁਹਿੰਮ ਨੂੰ ਲਗਾਤਾਰ ਚਲਾਇਆ ਜਾਵੇਗਾ ਤਾਂ ਜੋ ਪੂਰਾ ਜ਼ਿਲਾ ਨਸ਼ਾ ਮੁਕਤ ਹੋ ਸਕੇ।

ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਦਾ ਕਹਿਣਾ ਹੈ,''ਹੁਣ ਤੱਕ ਪੁਲਿਸ ਵੱਲੋਂ ਸਿਵਲ ਹਸਪਤਾਲ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕੋਈ ਅਜਿਹਾ ਨੌਜਵਾਨ ਇਲਾਜ ਲਈ ਨਹੀਂ ਦਾਖ਼ਲ ਕਰਵਾਇਆ ਗਿਆ ਜੋ ਨਸ਼ੇ ਦੀ ਗ੍ਰਿਫ਼ਤ 'ਚ ਹੋਵੇ।''

ਉਹਨਾਂ ਆਖਿਆ, ''ਜੇ ਕੋਈ ਨੌਜਵਾਨ ਆਵੇਗਾ ਤਾਂ ਉਸ ਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਵੇਗਾ ਪਰ ਇਲਾਜ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਉਹ ਕਿਹੜੇ ਕਾਰਨਾਂ ਕਰਕੇ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ।''

ਜ਼ਿਲਾ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਦੇ ਪ੍ਰੋਜੈਕਟ ਦੇ ਡਾਇਰੈਕਟਰ ਰਮੇਸ਼ ਮਹਾਜਨ ਨੇ ਜਿੱਥੇ ਇਸ ਮੁਹਿੰਮ ਨੂੰ ਇੱਕ ਚੰਗਾ ਕਦਮ ਦੱਸਿਆ ਉਥੇ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਪੁਲਿਸ ਵੱਲੋਂ ਇੱਥੇ ਕੋਈ ਵੀ ਅਜਿਹਾ ਮਰੀਜ਼ ਨਹੀਂ ਭੇਜਿਆ ਗਿਆ ਹੈ।

ਉਨ੍ਹਾਂ ਕਿਹਾ,''ਨਸ਼ਾ ਛਡਾਉਣ ਲਈ ਮਰੀਜ਼ ਨੂੰ ਸੈਂਟਰ ਵਿੱਚ ਸਿਰਫ਼ ਇਲਾਜ ਲਈ ਦਾਖ਼ਲ ਕਰਵਾਉਣਾ ਕਾਫੀ ਨਹੀਂ ਹੈ। ਨਸ਼ੇ ਕਰਨ ਵਾਲੇ ਦੀ ਨਸ਼ਾ ਛੱਡਣ ਲਈ ਇੱਛਾ ਸ਼ਕਤੀ ਵੀ ਜ਼ਰੂਰੀ ਹੈ।''

ਵਕੀਲਾਂ ਦੀ ਰਾਏ ਵੱਖਰੀ

ਇਸ ਮਾਮਲੇ ਵਿੱਚ ਵਕੀਲਾਂ ਦੀ ਰਾਏ ਕਾਨੂੰਨੀ ਪੱਖ ਤੋਂ ਕੁਝ ਵੱਖਰੀ ਹੈ। ਵਕੀਲ ਵਿਨੋਦ ਬਾਸਾ ਅਤੇ ਸਤਿੰਦਰਪਾਲ ਸਿੰਘ ਮੁਤਾਬਕ,''ਨਸ਼ਾ ਤਸਕਰੀ ਕਰਨ ਵਾਲੇ ਜਾਂ ਨਸ਼ੇ ਦੀ ਵਰਤੋਂ ਕਰਨ ਵਾਲੇ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਲੋਕਾਂ ਤੋਂ ਜਾਣਕਾਰੀ ਇਕੱਠੀ ਕਰੇ, ਉਹ ਗ਼ਲਤ ਨਹੀਂ ਹੈ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ।''

'' ਪਰ ਕਿਸੇ ਵੀ ਵਿਅਕਤੀ ਨੂੰ ਜ਼ਬਰਦਸਤੀ ਜਾਂ ਉਸਦੀ ਇੱਛਾ ਤੋਂ ਬਿਨਾਂ ਨਸ਼ਾ ਛੁਡਾਓ ਕੇਂਦਰ ਵਿੱਚ ਦਾਖ਼ਲ ਨਹੀਂ ਕਰਵਾਇਆ ਜਾ ਸਕਦਾ।''

ਉਨ੍ਹਾਂ ਕਿਹਾ,'' ਨਸ਼ਾ (ਜਿਵੇ ਹੈਰੋਇਨ ,ਸਮੈਕ ,ਭੁੱਕੀ ) ਦੀ ਵਰਤੋਂ ਕਰਨਾ ਗੈਰ ਕਾਨੂੰਨੀ ਹੈ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਲਾਜ਼ਮੀ ਹੈ ਜਦਕਿ ਉਸ ਕੋਲੋਂ ਬਰਾਮਦ ਨਸ਼ੀਲੇ ਪਦਾਰਥ ਕਿੰਨੀ ਮਾਤਰਾ ਵਿੱਚ ਹਨ ਉਸ ਨੂੰ ਐਨਡੀਪੀਐਸ ਐਕਟ ਅਧੀਨ ਤਿੰਨ ਤਰ੍ਹਾਂ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਘੱਟ ,ਕਮਰਸ਼ੀਅਲ ਅਤੇ ਤੀਸਰਾ ਹੈ ਕਮਰਸ਼ੀਅਲ ਤੋਂ ਵੀ ਵੱਧ ਮਾਤਰਾ। ਇਸ ਤਹਿਤ ਹਰ ਕੋਈ ਮੁਲਜ਼ਮ ਹੈ।

'ਕਾਰਵਾਈ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰੇਗੀ'

'' ਕਾਨੂੰਨੀ ਪੱਖ ਤੋਂ ਪੁਲਿਸ ਇਹ ਨਹੀਂ ਤੈਅ ਕਰ ਸਕਦੀ ਕਿ ਜਿਸ ਕੋਲ ਘੱਟ ਮਾਤਰਾ 'ਚ ਨਸ਼ੀਲਾ ਪਦਾਰਥ ਮਿਲਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਨਾ ਕੀਤੀ ਜਾਵੇ। ਇਹ ਕਾਨੂੰਨ ਦੇ ਉਲਟ ਹੋਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਭ੍ਰਿਸ਼ਟਾਚਾਰ ਨੂੰ ਵਧਾ ਦੇਵੇਗੀ।''

ਵਕੀਲ ਸਤਿੰਦਰਪਾਲ ਸਿੰਘ ਨੇ ਆਖਿਆ ਕਿ ਪੁਲਿਸ ਪਬਲਿਕ ਮੀਟਿੰਗ ਤੋਂ ਇਲਾਵਾ ਕੁਝ ਪੁਲਿਸ ਦੇ ਆਲ਼ਾ ਅਧਿਕਾਰੀ ,ਮਾਹਰ ਡਾਕਟਰਾਂ ਦੇ ਸਹਿਯੋਗ ਨਾਲ ਸੈਮੀਨਰ ਕਰਕੇ ਸਮਾਜ ਦੇ ਹਰ ਵਰਗ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਨਸ਼ੇ ਵੇਚਣ ਅਤੇ ਨਸ਼ੇ ਦੀ ਵਰਤੋਂ ਕਰਨ ਬਾਰੇ ਕਾਨੂੰਨਾਂ ਅਤੇ ਗੈਰ ਕਾਨੂੰਨੀ ਪੱਖ ਬਾਰੇ ਜਾਣਕਾਰੀ ਦੇਵੇ ।

ਮੁਖ ਤੌਰ 'ਤੇ ਸੈਮੀਨਾਰ ਤੋਂ ਇਲਾਵਾ ਜੋ ਵੱਡੇ ਨਸ਼ਾ ਕਾਰੋਬਾਰੀ ਹਨ ਉਹਨਾਂ ਨੂੰ ਕਾਬੂ ਕਰੇ ਤਾਂ ਹੀ ਨਸ਼ੇ ਜਿਹੀ ਅਲਾਮਤ ਨੂੰ ਸਮਾਜ ਤੋਂ ਖ਼ਤਮ ਕੀਤਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)