24 ਦਲਿਤ ਪਰਿਵਾਰਾਂ ਨੂੰ ਕਿਉਂ ਛੱਡਣੇ ਪਏ ਆਪਣੇ ਘਰ, ਲਾਤੂਰ ਤੋਂ ਗਰਾਊਂਡ ਰਿਪੋਰਟ

ਪਿੰਡ ਦੀ ਸਰਪੰਚ

ਤਸਵੀਰ ਸਰੋਤ, Amey Pathak

ਤਸਵੀਰ ਕੈਪਸ਼ਨ, ਸਰਪੰਚ ਸ਼ਾਲੂਬਾਈ ਸ਼ਿੰਦੇ ਮੁਤਾਬਕ ਉਨ੍ਹਾਂ ਦਾ ਅਹੁਦਾ ਸਿਰਫ ਨਾਂ ਦਾ ਹੈ
    • ਲੇਖਕ, ਅਮੇ ਪਾਠਕ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਮਹਾਰਾਸ਼ਟਰ ਦੇ ਜ਼ਿਲ੍ਹਾ ਲਾਤੂਰ ਵਿੱਚ ਪਿੰਡ ਰੁਦਰਾਵਾੜੀ ਦੇ 24 ਦਲਿਤ ਪਰਿਵਾਰ ਆਪਣੇ ਘਰ ਛੱਡ ਕੇ ਇੱਕ ਪਹਾੜ 'ਤੇ ਜਾ ਵਸੇ ਹਨ।

ਖਬਰਾਂ ਹਨ ਕਿ ਇਹ ਉੱਚ ਜਾਤ (ਮਰਾਠਾ) ਅਤੇ ਨੀਚ ਜਾਤ (ਮਾਤੰਗ) ਵਿਚਾਲੇ ਝਗੜੇ ਕਾਰਨ ਹੋਇਆ ਹੈ।

ਫਿਲਹਾਲ ਇਹ 24 ਪਰਿਵਾਰ ਉਦਗੀਰ ਨੇੜੇ ਕਿਸੇ ਪਹਾੜ 'ਤੇ ਬਣੇ ਇੱਕ ਖਸਤਾ ਹਾਲ ਹੋਸਟਲ ਵਿੱਚ ਰਹਿ ਰਹੇ ਹਨ। ਉਦਗੀਰ ਔਰੰਗਾਬਾਦ ਤੋਂ 370 ਕਿਲੋਮੀਟਰ ਦੀ ਦੂਰੀ 'ਤੇ ਹੈ।

'ਅਸੀਂ ਵਾਪਸ ਨਹੀਂ ਜਾਵਾਂਗੇ'

ਪਿੰਡ ਦੀ ਮੁਖੀ ਸ਼ਾਲੂ ਬਾਈ ਸ਼ਿੰਦੇ ਨੇ ਦੱਸਿਆ, ''ਸਰਪੰਚ ਹੋਣ ਦਾ ਫਾਇਦਾ ਕੀ ਹੈ? ਮੇਰੇ ਪਤੀ ਨੂੰ ਵੀ ਕਿੰਨੀ ਵਾਰ ਸ਼ਿਕਾਰ ਬਣਾਇਆ ਗਿਆ ਹੈ।''

ਦਲਿਤ ਭਾਈਚਾਰੇ ਦੀ ਸ਼ਿੰਦੇ ਨੇ ਦੱਸਿਆ ਕਿ ਪਹਿਲਾਂ ਤਿੰਨ ਵਾਰ ਝਗੜਾ ਹੋ ਚੁੱਕਿਆ ਹੈ।

ਉਨ੍ਹਾਂ ਕਿਹਾ, ''ਪਹਿਲਾਂ ਦੋ ਵਾਰ ਮਾਤੰਗ ਭਾਈਚਾਰੇ ਦੇ ਗੁਣਵੰਤ ਸ਼ਿੰਦੇ ਕਾਰਨ ਝਗੜਾ ਹੋਇਆ ਤੇ ਇਸ ਵਾਰ ਵਿਆਹ ਨੂੰ ਲੈ ਕੇ। ਹੁਣ ਅਸੀਂ ਥੁੱਕ ਚੁੱਕੇ ਹਾਂ, ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਹੋਰ ਝਗੜਿਆਂ ਵਿੱਚ ਨਹੀਂ ਪੈਣਾ ਚਾਹੁੰਦੇ।''

ਸ਼ਾਲੂ ਦੇ ਬੇਟੇ ਈਸ਼ਵਰ ਨੇ ਕਿਹਾ, ''ਅਸੀਂ ਕਦੇ ਵੀ ਆਦਰ ਸਤਿਕਾਰ ਨਾਲ ਉੱਥੇ ਨਹੀਂ ਰਹਿ ਸਕਾਂਗੇ। ਉਨ੍ਹਾਂ ਨੂੰ ਸਾਡੇ ਨਵੇਂ ਕੱਪੜੇ ਪਹਿਨਣ ਜਾਂ ਰਿਕਸ਼ੇ 'ਤੇ ਉੱਚੀ ਆਵਾਜ਼ ਵਿੱਚ ਸੰਗੀਤ ਚਲਾਉਣ ਤੋਂ ਵੀ ਪ੍ਰੇਸ਼ਾਨੀ ਹੈ।''

ਦਲਿਤ ਪਰਿਵਾਰ

ਤਸਵੀਰ ਸਰੋਤ, Amey Pathak

ਤਸਵੀਰ ਕੈਪਸ਼ਨ, 24 ਦਲਿਤ ਪਰਿਵਾਰ ਪਿੰਡ ਵਾਪਸ ਨਹੀਂ ਜਾਣਾ ਚਾਹੁੰਦੇ

ਕਿਸ ਵਜ੍ਹਾ ਕਾਰਨ ਹੋਇਆ ਝਗੜਾ?

ਮਾਤੰਗ ਭਾਈਚਾਰੇ ਦੇ ਇੱਕ ਹੋਰ ਵਿਅਕਤੀ ਈਸ਼ਵਰ ਸ਼ਿੰਦੇ ਨੇ ਮਈ ਮਹੀਨੇ ਵਿੱਚ ਹੋਏ ਝਗੜੇ ਬਾਰੇ ਦੱਸਿਆ।

ਉਸ ਨੇ ਕਿਹਾ, ''9 ਮਈ ਨੂੰ ਮੇਰੀ ਭੈਣ ਮਨੀਸ਼ਾ ਵੈਜਨਾਥ ਸ਼ਿੰਦੇ ਦਾ ਵਿਆਹ ਹੋਣ ਵਾਲਾ ਸੀ। ਅਸੀਂ 8 ਮਈ ਨੂੰ ਹਲਦੀ ਲਈ ਮਾਰੂਤੀ ਮੰਦਿਰ ਦੇ ਕੋਲ ਗਏ ਸੀ।''

''ਕੁਝ ਨੌਜਵਾਨਾਂ ਨੇ ਉੱਥੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਪੁੱਛਣ ਲੱਗੇ ਕਿ ਅਸੀਂ ਇੱਥੇ ਕੀ ਕਰ ਰਹੇ ਹਾਂ। ਅਸੀਂ ਡਰ ਕੇ ਘਰ ਵਾਪਸ ਆ ਗਏ। ਅਗਲੇ ਦਿਨ ਪਿੰਡ ਵਿੱਚ ਵਿਆਹ ਹੋਇਆ।''

''ਅਸੀਂ ਝਗੜੇ ਤੋਂ ਬਚਣਾ ਚਾਹੁੰਦੇ ਸੀ, ਇਸ ਲਈ ਤੰਤਮੁਕੀ ਕਮੇਟੀ ਦੇ ਮੁਖੀ ਪੀਰਾਜੀ ਅਤੋਲਕਰ ਕੋਲ ਗਏ ਤੇ 10 ਮਈ ਨੂੰ ਮੀਟਿੰਗ ਕਰਕੇ ਝਗੜਾ ਸੁਲਝਾਉਣ ਲਈ ਕਿਹਾ। ਪਰ ਸਾਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਮੀਟਿੰਗ 13 ਮਈ ਨੂੰ ਹੋਵੇਗੀ।''

ਦਲਿਤ ਪਰਿਵਾਰ

ਤਸਵੀਰ ਸਰੋਤ, Amey Pathak

ਈਸ਼ਵਰ ਨੇ ਅੱਗੇ ਕਿਹਾ, ''ਪਰ ਉਸ ਤੋਂ ਪਹਿਲਾਂ ਹੀ ਪਿੰਡ ਦੇ ਕਿਸੇ ਨੌਜਵਾਨ ਨਾਲ ਸਾਡੇ ਇੱਕ ਰਿਸ਼ਤੇਦਾਰ ਦਾ ਝਗੜਾ ਹੋ ਗਿਆ।''

''ਬਾਅਦ 'ਚ ਪੂਰਾ ਪਿੰਡ ਡੰਡੇ ਲੈ ਕੇ ਸਾਡੇ 'ਤੇ ਹਮਲਾ ਕਰਨ ਲਈ ਆ ਗਿਆ। ਫੇਰ ਪੁਲਿਸ ਨੇ ਆ ਕੇ ਸਾਨੂੰ ਬਚਾਇਆ।''

''ਅਸੀਂ 10 ਮਈ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਜੋ 11 ਮਈ ਨੂੰ ਦਰਜ ਹੋਈ।''

ਐੱਫਆਈਆਰ

ਤਸਵੀਰ ਸਰੋਤ, Amey Pathak

ਤਸਵੀਰ ਕੈਪਸ਼ਨ, ਐੱਫਆਈਆਰ ਵਿੱਚ ਉੱਚ ਅਤੇ ਨੀਚ ਜਾਤ ਦੇ ਮੁੰਡਾ ਕੁੜੀ ਵਿਚਾਲੇ ਪ੍ਰੇਮ ਸਬੰਧ ਦਾ ਜ਼ਿਕਰ ਹੈ

ਸਰਪੰਚ ਸ਼ਾਲੂ ਸ਼ਿੰਦੇ ਨੇ ਸਮਾਜਿਕ ਨਿਆਂ ਮੰਤਰੀ ਰਾਜਕੁਮਾਰ ਬਡੋਲੇ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਲੋਨੀ ਦੇ ਕੋਲ ਹੋਸਟਲ ਵਿੱਚ ਵਸਾਇਆ ਜਾਵੇ।

ਪੁਲਿਸ ਕੋਲ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਮੁਲਜ਼ਮ ਲਗਾਤਾਰ ਧਮਕੀਆਂ ਦਿੰਦਾ ਸੀ ਕਿ ਗੁਣਵੰਤ ਦੇ ਪਿੰਡ ਦੀ ਇੱਕ ਉੱਚ ਜਾਤ ਵਾਲੀ ਕੁੜੀ ਨਾਲ ਪਿਆਰ ਦਾ ਚੱਕਰ ਹੈ।

ਸ਼ਿਕਾਇਤ ਵਿੱਚ 8 ਮਈ ਤੇ 10 ਮਈ ਦੀਆਂ ਘਟਨਾਵਾਂ ਬਾਰੇ ਵੀ ਲਿਖਿਆ ਗਿਆ ਹੈ ਕਿ ਦਲਿਤਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਕੁੱਟਿਆ ਗਿਆ ਸੀ।

ਦੂਜਾ ਪੱਖ ਕੀ ਕਹਿੰਦਾ ਹੈ?

ਤੰਤਮੁਕਤੀ ਕਮੇਟੀ ਨੇ ਬੀਬੀਸੀ ਮਰਾਠੀ ਨੂੰ ਗੁਣਵੰਤ ਸ਼ਿੰਦੇ ਦੀ ਲਿਖਤੀ ਮੁਆਫੀ ਵਿਖਾਈ।

22 ਜੂਨ ਨੂੰ ਰੁਦਰਾਵਾੜੀ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਆਨ ਦਿੱਤਾ ਸੀ। ਉਸ ਵਿੱਚ ਲਿਖਿਆ ਸੀ, ''ਪਿੰਡ ਵਿੱਚ ਜਾਤ ਦੇ ਨਾਂ 'ਤੇ ਸ਼ੋਸ਼ਣ ਜਾਂ ਵਿਤਕਰਾ ਨਹੀਂ ਕੀਤਾ ਗਿਆ ਹੈ, 23 ਲੋਕਾਂ ਖਿਲਾਫ ਜ਼ੁਲਮ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਕੁਝ ਸੰਸਥਾਵਾਂ ਕਾਨੂੰਨ ਦਾ ਗਲਤ ਲਾਭ ਚੁੱਕ ਰਹੀਆਂ ਹਨ।''

ਪਿੰਡ ਦੀ ਇੱਕ ਔਰਤ ਕੌਸ਼ਲਿਆਬਾਈ ਰਾਜਾਰਾਮ ਅਤੋਲੇਕਰ ਨੇ ਕਿਹਾ, ''ਤੁਸੀਂ ਸਾਡੇ ਪਿੰਡ ਦੇ ਹਾਲਾਤ ਵੇਖੋ, ਬਿਜਾਈ ਦੇ ਸਮੇਂ 'ਤੇ ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਰ ਛੱਡ ਕੇ ਗਏ ਦਲਿਤਾਂ ਨੂੰ ਵਾਪਿਸ ਵੇਖ ਕੇ ਅਸੀਂ ਬੇਹੱਦ ਖੁਸ਼ ਹੋਵਾਂਗੇ।''

ਦਲਿਤ ਪਰਿਵਾਰ

ਤਸਵੀਰ ਸਰੋਤ, Amey Pathak

ਤਸਵੀਰ ਕੈਪਸ਼ਨ, ਪਿੰਡ ਦੇ ਲੋਕਾਂ ਮੁਤਾਬਕ ਜਾਤ ਦੇ ਨਾਂ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ

ਪਿੰਡ ਦੇ ਇੱਕ ਹੋਰ ਵਿਅਕਤੀ ਵੈਜਨਾਥ ਅਤੋਲੇਕਰ ਨੇ ਪ੍ਰੇਮ ਦੇ ਰਿਸ਼ਤੇ ਨੂੰ ਇਸ ਝਗੜੇ ਦੀ ਜੜ੍ਹ ਦੱਸਿਆ। ਉਨ੍ਹਾਂ ਕਿਹਾ, ''ਇਹ ਸਭ ਕੁਝ ਇੱਕ ਉੱਚ ਅਤੇ ਨੀਚ ਜਾਤ ਦੇ ਮੁੰਡਾ ਕੁੜੀ ਦੇ ਪ੍ਰੇਮ ਕਰਕੇ ਹੋਇਆ ਹੈ, ਹੁਣ ਇਸ ਨੂੰ ਜਾਤ ਦਾ ਰੰਗ ਦਿੱਤਾ ਜਾ ਰਿਹਾ ਹੈ।''

ਪੀਰਾਜੀ ਨੇ ਕਿਹਾ, ''ਉਨ੍ਹਾਂ 9 ਮਈ ਨੂੰ ਮਾਮਲਾ ਸੁਲਝਾਉਣ ਲਈ ਆਖਿਆ ਸੀ ਪਰ ਪਿੰਡ ਵਿੱਚ 12 ਮਈ ਨੂੰ ਇੱਕ ਹੋਰ ਵਿਆਹ ਸੀ ਜਿਸ ਕਰਕੇ ਅਸੀਂ 13 ਮਈ ਨੂੰ ਮੀਟਿੰਗ ਰੱਖੀ। ਇੰਨੇ ਵਿੱਚ ਮਾਮਲਾ ਵਧ ਕੇ ਪੁਲਿਸ ਕੋਲ ਪਹੁੰਚ ਗਿਆ।''

ਪੁਲਿਸ ਅਫਸਰ ਸ਼੍ਰੀਧਰ ਪਵਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ, ਅਸੀਂ ਹਰ ਪੱਖ ਤੋਂ ਪੁੱਛਗਿੱਛ ਕਰ ਰਹੇ ਹਾਂ। ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ। ਹੁਣ ਤੱਕ ਅਸੀਂ 23 ਮੁਲਜ਼ਮਾਂ ਤੋਂ 11 ਨੂੰ ਫੜ ਲਿਆ ਹੈ ਅਤੇ 12 ਫਰਾਰ ਹਨ।''

ਪਿੰਡ ਰੁਦਰਾਵਾੜੀ

ਤਸਵੀਰ ਸਰੋਤ, Amey Pathak

ਸਮਾਜਿਕ ਨਿਆਂ ਮੰਤਰੀ ਨੇ ਕਿਹਾ, ''ਸਭ ਤੋਂ ਪਹਿਲਾਂ ਮੈਨੂੰ ਮਾਮਲੇ ਦੀ ਪੂਰੀ ਜਾਣਕਾਰੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਮੈਂ ਕੁਝ ਬੋਲ ਸਕਾਂਗਾ।''

ਪਿਛਲੇ 21 ਦਿਨਾਂ ਤੋਂ ਮਾਤੰਗ ਭਾਈਚਾਰੇ ਦੇ 100 ਤੋਂ ਵੱਧ ਲੋਕ ਪਿੰਡ ਤੋਂ ਬਾਹਰ ਰਹਿ ਰਹੇ ਹਨ। ਸਦੀਆਂ ਤੋਂ ਵੱਸੇ ਇਸ ਪਿੰਡ ਵਿੱਚ ਵਾਪਿਸ ਮੁੜਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)