ਪ੍ਰੈੱਸ ਰਿਵੀਊ꞉ ਬਲੂ ਸਟਾਰ ਦੇ ਹਿਰਾਸਤੀਆਂ ਨੂੰ ਮੁਆਵਾਜ਼ਾ ਦੇਣ ਤੋਂ ਬਚਣ ਲਈ ਕੇਂਦਰ ਸਰਕਾਰ ਹਾਈ ਕੋਰਟ ਵਿੱਚ

ਆਪਰੇਸ਼ਨ ਬਲੂ ਸਟਾਰ ਮਗਰੋਂ ਹਿਰਾਸਤ ਵਿੱਚ ਲਏ ਗਏ 40 ਵਿਅਕਤੀਆਂ ਨੂੰ ਮੁਆਵਾਜ਼ਾ ਦੇਣ ਤੋਂ ਬਚਣ ਲਈ ਕੇਂਦਰ ਸਰਕਾਰ ਹਾਈ ਕੋਰਟ ਵਿੱਚ ਜਾਵੇਗੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਨ੍ਹਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਅਦਾਲਤ ਵੱਲੋਂ ਬਰੀ ਕੀਤੇ ਜਾਣ ਮਗਰੋਂ ਵੀ ਇਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਜੋਧਪੁਰ, ਰਾਜਸਥਾਨ ਭੇਜ ਦਿੱਤਾ ਗਿਆ।

ਖ਼ਬਰ ਮੁਤਾਬਕ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਤੋਂ ਉਲਟ ਫੈਸਲਾ ਲੈਂਦਿਆਂ ਹਾਈ ਕੋਰਟ ਨਾ ਜਾਣ ਦਾ ਫੈਸਲਾ ਲਿਆ ਹੈ।

ਕੇਂਦਰ ਦੀ ਰਿੱਟ ਲਈ 2 ਜੁਲਾਈ ਦੀ ਤਾਰੀਕ ਤੈਅ ਕੀਤੀ ਗਈ ਹੈ। ਅੰਮ੍ਰਿਤਸਰ ਦੀ ਅਦਾਲਤ ਨੇ ਪਿਛਲੇ ਸਾਲ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ '1992 ਵਿੱਚ ਮੁਆਵਜ਼ੇ ਦੀ ਅਰਜੀ ਦੇਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਮੁਆਵਜ਼ੇ ਦੀ ਰਾਸ਼ੀ ਉੱਪਰ 6 ਫੀਸਦੀ ਵਿਆਜ਼ ਦੇ ਹੱਕਦਾਰ ਹਨ।'

'ਡੀਸੀ ਦੀ ਰਹਾਇਸ਼ ਵੇਚ ਕੇ ਕਿਸਾਨ ਨੂੰ ਪੈਸੇ ਦਿਓ'

ਜਲੰਧਰ ਦੀ ਇੱਕ ਅਦਾਲਤ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਵੇਚ ਕੇ ਕਿਸਾਨ ਨੂੰ ਪੈਸੇ ਦੇਣ ਦੇ ਹੁਕਮ ਦਿੱਤੇ ਸਨ ਪਰ ਦੋ ਮਹੀਨਿਆਂ ਪਹਿਲਾਂ ਦਿੱਤੇ ਇਸ ਹੁਕਮ ਦੀ ਪ੍ਰਸ਼ਾਸਨ ਵੱਲੋਂ ਪਾਲਣਾ ਨਹੀਂ ਕੀਤੀ ਗਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੱਸੀ ਸਾਲਾ ਬਜ਼ੁਰਗ ਤੋਂ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਜ਼ਮੀਨ ਲਈ ਸੀ।

ਟਰੱਸਟ ਨੇ 1990 ਵਿੱਚ ਕਿਸਾਨ ਦੀ 60 ਕਨਾਲਾਂ ਜ਼ਮੀਨ ਕੇਂਦਰ ਸਰਕਾਰ ਦੇ ਨੋਟੀਫੀਕੇਸ਼ਨ ਰਾਹੀਂ ਐਕੁਆਇਰ ਕੀਤੀ ਸੀ। ਮਾਮਲਾ 28 ਸਾਲਾਂ ਤੋਂ ਅਦਾਲਤਾਂ ਵਿੱਚ ਲਟਕ ਰਿਹਾ ਹੈ।

ਖ਼ਬਰ ਮੁਤਾਬਕ ਪਿਛਲੇ ਸਾਲ ਮਈ ਵਿੱਚ ਕਿਸਾਨ ਨੇ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਿਸ ਮਗਰੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ। ਖ਼ਬਰ ਮੁਤਾਬਕ ਆਦਾਲਤ ਨੇ 13 ਜੂਨ ਤੱਕ ਰਹਾਇਸ਼ ਵੇਚਣ ਨੂੰ ਕਿਹਾ ਸੀ।

ਫਿਲਹਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਟਰੱਸਟ ਇੱਕ ਖੁਦਮੁਖਤਿਆਰ ਬਾਡੀ ਹੈ ਇਸ ਲਈ ਕਿਸਾਨ ਨੂੰ ਮੁਆਵਜ਼ਾ ਉਸੇ ਦੀ ਜਾਇਦਾਦ ਵੇਚ ਕੇ ਦਿੱਤਾ ਜਾਵੇ ਨਾ ਕਿ ਰਾਜ ਸਰਕਾਰ ਦੀ ਜਾਇਦਾਦ ਵੇਚ ਕੇ।

ਪੰਜਾਬ ਦੇ ਸਰਾਕਾਰੀ ਸਕੂਲਾਂ ਵਿੱਚ ਸ਼ਿਕਾਇਤ ਬਕਸੇ

ਪੰਜਾਬ ਦੇ ਸਰਾਕਾਰੀ ਸਕੂਲਾਂ ਵਿੱਚ ਜਿਨਸੀ ਸ਼ੋਸ਼ਣ ਬਾਰੇ ਸ਼ਿਕਾਇਤ ਕਰਨ ਲਈ ਸ਼ਿਕਾਇਤ ਬਕਸੇ ਲਾਏ ਜਾਣਗੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਫੈਸਲਾ ਸਿੱਖਿਆ ਵਿਭਾਗ ਨੇ ਉੱਚ ਅਧਿਕਾਰੀਆਂ ਨੂੰ ਸਕੂਲੀ ਵਿਦਿਆਰਥਣਾਂ ਵੱਲੋਂ ਆਪਣੇ ਆਧਿਆਪਕਾਂ ਖਿਲਾਫ ਜਿਨਸੀ ਸ਼ੋਸ਼ਣ ਦੀਆਂ ਬੇਨਾਮ ਸ਼ਿਕਾਇਤਾਂ ਮਿਲਣ ਮਗਰੋਂ ਲਿਆ ਹੈ।

ਡਾਇਰੈਕਟਰ ਸਕੈਂਡਰੀ ਸਿੱਖਿਆ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਹ ਬਕਸੇ ਲਾਏ ਜਾਣਗੇ ਤਾਂ ਕਿ ਵਿਦਿਆਰਥੀ ਇਨ੍ਹਾਂ ਵਿੱਚ ਸ਼ਿਕਾਇਤਾਂ ਪਾ ਸਕਣ।

ਖ਼ਬਰ ਮੁਤਾਬਕ ਸਕੂਲ ਹਰ ਮਹੀਨੇ ਇਨ੍ਹਾਂ ਦੀ ਰਿਪੋਰਟ ਵਿਭਾਗ ਨੂੰ ਭੇਜਣਗੇ ਜੋ ਕਿ ਹਰ ਛੇ ਮਹੀਨੇ ਬਾਅਦ ਇਨ੍ਹਾਂ ਸ਼ਿਕਾਇਤਾਂ ਨੂੰ ਸੂਬੇ ਦੇ ਮਹਿਲਾ ਆਯੋਗ ਕੋਲ ਭੇਜੇਗਾ। ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਬਾਰੇ ਸਿੱਖਿਅਤ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।

ਉਲੰਪੀਅਨ ਖਿਲਾਫ਼ ਹੱਥੋਪਾਈ ਦਾ ਕੇਸ

ਉਲੰਪੀਅਨ ਜੈ ਭਗਵਾਨ ਖਿਲਾਫ਼ ਇੱਕ ਮਹਿਲਾ ਅਧਿਕਾਰੀ ਨਾਲ ਹੱਥੋਪਾਈ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਜੈ ਭਗਵਾਨ ਹਰਿਆਣਾ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ਉੱਪਰ ਤਾਇਨਾਤ ਹਨ ਜਦਕਿ ਮਹਿਲਾ ਕਰ ਅਤੇ ਆਬਕਾਰੀ ਵਿਭਾਗ ਦੀ ਅਫ਼ਸਰ ਸੀ। ਖ਼ਬਰ ਮੁਤਾਬਕ ਘਟਨਾ ਸ਼ਰਾਬ ਦੇ ਠੇਕੇ ਨੂੰ ਲੈ ਕੇ ਹੋਈ ਬਹਿਸ ਦੌਰਾਨ ਵਾਪਰੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)