ਪ੍ਰੈਸ ਰਿਵੀਊ꞉ ਬਰਤਾਨਵੀ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ

ਤਸਵੀਰ ਸਰੋਤ, Getty Images
ਬਰਤਾਨੀਆ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲੰਡਨ ਵਿੱਚ ਜਾਣਕਾਰੀ ਦੇ ਅਧਿਕਾਰ ਬਾਰੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਇੱਕ ਜੱਜ ਨੇ ਬਰਤਾਨੀਆ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ ਦਿੱਤੇ ਹਨ।
ਖ਼ਬਰ ਮੁਤਾਬਕ ਜੱਜ ਮਰੀ ਸ਼ੈਂਕਸ ਨੇ ਸੋਮਵਾਰ ਨੂੰ ਇਹ ਫੈਸਲਾ ਦਿੱਤਾ। ਇਸ ਵਿਸ਼ੇ ਵਿੱਚ ਸਰਕਾਰ ਦਾ ਤਰਕ ਸੀ ਕਿ ਇਹ ਦਸਤਾਵੇਜ਼ ਜਨਤਕ ਕਰਨ ਨਾਲ ਭਾਰਤ ਨਾਲ ਉਸਦੇ ਕੂਟਨੀਤਿਕ ਸੰਬੰਧ ਵਿਗੜ ਸਕਦੇ ਹਨ।
ਅਦਾਲਤ ਨੇ ਇਸ ਤਰਕ ਨੂੰ ਖਾਰਜ ਕਰਦਿਆਂ ਉਪਰੋਕਤ ਹੁਕਮ ਦਿੱਤੇ ਹਨ।
ਬਿੱਟੂ ਆਪਣੀ ਮਰਿਆਦਾ ਵਿੱਚ ਰਹਿਣ
ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਮਸ਼ਵਰੇ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਨੇ ਪਾਰਟੀ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਨਾਲ ਜੁੜੇ ਫੈਸਲੇ ਲੈਣਾ ਹਾਈ ਕਮਾਂਡ ਦਾ ਅਧਿਕਾਰ ਖੇਤਰ ਹੈ।

ਤਸਵੀਰ ਸਰੋਤ, Getty Images
ਟਰੂਡੋ ਕਰਕੇ ਕੈਨੇਡਾ ਨੂੰ ਨੁਕਸਾਨ ਹੋਵੇਗਾ
ਟਰੰਪ ਨੇ ਅਮਰੀਕਾ ਦੇ ਕੈਨੇਡਾ ਨਾਲ ਰਿਸ਼ਤਿਆਂ ਵਿੱਚ ਸੁਧਾਰ ਦੀਆਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ ਹੈ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਟਰੇਡ ਵਿਵਾਦ ਬਾਰੇ ਟਰੂਡੋ ਦਾ ਰੁੱਖ 'ਇੱਕ ਗਲਤੀ' ਸੀ ਜਿਸ ਕਰਕੇ ਕੈਨੇਡਾ ਨੂੰ 'ਬਹੁਤ ਸਾਰਾ ਮਾਲੀ ਨੁਕਸਾਨ' ਹੋਵੇਗਾ।
ਖ਼ਬਰ ਮੁਤਾਬਕ ਇਹ ਵਿਚਾਰ ਟਰੰਪ ਨੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਸਿੰਗਾਪੁਰ ਵਿੱਚ ਹੋਈ ਬੈਠਕ ਦੀ ਸਮਾਪਤੀ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਗਟ ਕੀਤੇ।

ਜੱਗੀ ਜੌਹਲ ਕਾਨੂੰਨ ਦਾ ਸਾਹਮਣਾ ਕਰੇਗਾ
ਪੰਜਾਬ ਵਿੱਚ ਹਿੰਦੂ ਲੀਡਰਾਂ ਦੇ ਕਤਲ ਦੇ ਮਾਮਲੇ ਵਿੱਚ ਜੱਗੀ ਜੌਹਲ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਗੱਲ ਕੇਂਦਰੀ ਮੰਤਰੀ ਕਿਰਨ ਰਿੱਜਿਜੂ ਨੇ ਆਪਣੇ ਬਰਤਾਨਵੀ ਹਮ ਰੁਤਬਾ ਬੈਰੋਨੈਸ ਵਿਲੀਅਮਸ ਨੂੰ ਕਹੀ ਹੈ ਜੋ ਕਿ ਭਾਰਤ ਦੌਰੇ ਉੱਤੇ ਆਏ ਹੋਏ ਹਨ।
ਖ਼ਬਰ ਮੁਤਾਬਕ ਦੋਹਾਂ ਮੰਤਰੀਆਂ ਦੀ ਸੋਮਵਾਰ ਨੂੰ ਹੋਈ ਬੈਠਕ ਵਿੱਚ ਰਿਜੂ ਨੇ ਕਿਹਾ ਕਿ ਜੱਗੀ ਉੱਪਰ ਪੰਜਾਬ ਵਿੱਚ ਸਵੈ ਸੇਵਕ ਸੰਘ, ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਦੇ ਲੀਡਰਾਂ ਦੇ ਕਤਲ ਦੇ ਇਲਜ਼ਾਮ ਹਨ।

ਤਸਵੀਰ ਸਰੋਤ, SUNITA ZADE
'ਪ੍ਰਣਬ ਵੱਲੋਂ ਸਵੈ ਸੇਵਕ ਸੰਘ ਨੂੰ ਮਾਨਤਾ'
ਦਿ ਹਿੰਦੂ ਦੀ ਖ਼ਬਰ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਕਿਹਾ ਕਿ ਮੁਖਰਜੀ ਦੀ ਆਰਐਸਐਸ ਦੇ ਸਮਾਗਮ ਵਿੱਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਸੰਘ ਕੋਈ 'ਸਿਆਸੀ ਅਛੂਤ' ਨਹੀਂ ਹੈ।
ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸੰਘ ਦੇ ਸੰਸਥਾਪਕ ਹੈਡਗੇਵਾਰ ਨੂੰ ਭਾਰਤ ਮਾਤਾ ਦਾ ਸਪੂਤ ਕਹਿ ਕੇ ਸੰਘ ਦੇ ਭਾਰਤ ਪ੍ਰਤੀ ਯੋਗਦਾਨ ਨੂੰ ਮਾਨਤਾ ਦਿੱਤੀ ਹੈ।












