ਪ੍ਰੈੱਸ ਰਿਵੀਊ: 'ਸ਼ਿਲਾਂਗ ਵਿੱਚ ਪੈਸੇ ਦੇ ਕੇ ਕਰਵਾਈ ਜਾ ਰਹੀ ਹੈ ਹਿੰਸਾ'

ਸ਼ਿਲਾਂਗ ਵਿੱਚ ਪ੍ਰਦਰਸ਼ਨਕਾਰੀ ਅਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ ਐਤਵਾਰ ਨੂੰ ਵੀ ਜਾਰੀ ਰਿਹਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਕੁਝ ਲੋਕ ਪੈਸੇ ਦੇ ਕੇ ਇਹ ਸਭ ਕਰਵਾ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਦੰਗੇ ਫਿਰਕੂ ਨਹੀਂ ਹਨ ਅਤੇ ਸਿਰਫ ਸ਼ਹਿਰ ਦੇ ਇੱਕ ਹਿੱਸੇ ਤੱਕ ਸੀਮਤ ਹਨ।

ਇਹ ਮਾਮਲਾ ਵੀਰਵਾਰ ਨੂੰ ਖਾਸੀ ਮੁੰਡੇ ਅਤੇ ਪੰਜਾਬੀ ਕੁੜੀ ਵਿਚਾਲੇ ਵਿਵਾਦ ਤੋਂ ਬਾਅਦ ਸ਼ੁਰੂ ਹੋਇਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਸੀ ਕਿ ਉਹ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਅਗਵਾਈ ਵਿੱਚ ਚਾਰ ਮੈਂਬਰਾਂ ਦੀ ਟੀਮ ਸ਼ਿਲਾਂਗ ਭੇਜਣਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤ ਦੌਰੇ ਦਾ ਮਜ਼ਾਕ ਉਡਾਇਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਓਟਾਵਾ ਵਿੱਚ ਇੱਕ ਸਮਾਗਮ ਦੌਰਾਨ ਟਰੂਡੋ ਨੇ ਕਿਹਾ ਕਿ ਭਾਰਤ ਦਾ ਦੌਰਾ ਬਾਕੀ ਸਾਰੇ ਦੌਰਿਆਂ ਨੂੰ ਖਤਮ ਕਰਨ ਵਾਲਾ ਸੀ।

ਉਨ੍ਹਾਂ ਕਿਹਾ, ''ਮੈਂ ਆਪਣੀ ਟੀਮ ਨੂੰ ਕਹਿ ਦਿੱਤਾ ਹੈ ਕਿ ਮੈਂ ਮੁੜ ਤੋਂ ਕਿਤੇ ਵੀ ਨਹੀਂ ਜਾ ਰਿਹਾ ਹਾਂ।''

ਉਨ੍ਹਾਂ ਮਹਿਮਾਨਾ ਦੀ ਸੂਚੀ ਵਿੱਚ ਜਸਪਾਲ ਅਟਵਾਲ ਦਾ ਨਾਂ ਸ਼ਾਮਲ ਹੋਣ ਦੀ ਗੱਲ ਵੀ ਕੀਤੀ।

ਸ਼ਿਮਲਾ ਵਿੱਚ ਸੈਲਾਨੀਆਂ ਨੇ 50 ਫੀਸਦ ਹੋਟਲਾਂ ਦੀ ਬੁਕਿੰਗ ਰੱਦ ਕਰ ਦਿੱਤੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਣੀ ਦੀ ਦਿੱਕਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ਿਮਲਾ ਦੇ ਰਹਿਣ ਵਾਲਿਆਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਸ਼ਿਮਲਾ ਨਾ ਆਇਆ ਜਾਵੇ।

ਸੈਲਾਨੀਆਂ ਨੇ ਇਸਦੇ ਮਦੇਨਜ਼ਰ ਹੋਟਲਾਂ ਦੀ ਬੁਕਿੰਗ ਕੈਂਸਲ ਕਰਵਾ ਦਿੱਤੀਆਂ ਹਨ ਜਿਸ ਤੋਂ ਬਾਅਦ ਹੋਟਲਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਸ਼ਨੀਵਾਰ ਸ਼ਾਮ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਜਹਾਜ਼ ਨਾਲ 15 ਮਿੰਟਾਂ ਤੱਕ ਸੰਪਰਕ ਟੁੱਟ ਗਿਆ।

ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਸੁਸ਼ਮਾ ਇੰਡੀਅਨ ਏਅਰ ਫੋਰਸ ਦੇ ਜਹਾਜ਼ ਮੇਘਦੂਤ ਵਿੱਚ ਤ੍ਰਿਵੇਂਦਰਮ ਤੋਂ ਮੌਰੀਸ਼ਸ ਜਾ ਰਹੇ ਸਨ ਉਸ ਵੇਲੇ ਜਹਾਜ਼ ਨਾਲ ਸੰਪਰਕ ਟੁੱਟਿਆ।

ਮੌਰੀਸ਼ਸ ਏਅਰ ਟ੍ਰਾਫਿਕ ਕੰਟ੍ਰੋਲ ਨੇ 15 ਮਿੰਟ ਬਾਅਦ ਹੀ ਪੈਨਿਕ ਬਟਨ ਦਬਾ ਦਿੱਤਾ ਜਿਸ ਦਾ ਮਤਲਬ ਹੁੰਦਾ ਹੈ ਕਿ ਉਹ ਨਹੀਂ ਜਾਣਦੇ ਕਿ ਜਹਾਜ਼ ਅਤੇ ਉਸਦੇ ਯਾਤਰੀ ਸੁਰੱਖਿਅਤ ਹਨ ਜਾਂ ਨਹੀਂ।

ਸ਼ੱਕ ਹੋਣ 'ਤੇ ਇਸਨੂੰ 30 ਮਿੰਟਾਂ ਬਾਅਦ ਦਬਾਇਆ ਜਾਂਦਾ ਹੈ ਪਰ ਜਹਾਜ਼ ਵਿੱਚ ਵੀਆਈਪੀ ਹੋਣ ਕਾਰਨ ਸ਼ਾਇਦ ਛੇਤੀ ਦੱਬ ਦਿੱਤਾ ਗਿਆ।

ਬਰਿਕਸ ਸਮਾਗਮ ਲਈ ਸੁਸ਼ਮਾ ਸਵਰਾਜ ਦੱਖਣੀ ਅਫਰੀਕਾ ਜਾ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)