ਕੀ ਭਾਰਤ ਸਰਕਾਰ ਜਸਟਿਨ ਟਰੂਡੋ ਦੀ ਅਣਦੇਖੀ ਕਰ ਰਹੀ ਹੈ?

    • ਲੇਖਕ, ਆਈਸ਼ਾ ਪਰੇਰਾ
    • ਰੋਲ, ਪੱਤਰਕਾਰ, ਬੀਬੀਸੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਹਿਲੇ ਭਾਰਤ ਦੌਰੇ ਦੌਰਾਨ ਉਹ ਸੁਰਖੀਆਂ ਨਹੀਂ ਬਣੀਆਂ ਜੋ ਉਨ੍ਹਾਂ ਦੇ ਵਿਦੇਸ਼ੀ ਦੌਰੇ ਦੌਰਾਨ ਬਣਨ ਦੀ ਉਮੀਦ ਸੀ।

ਤਾਜ ਮਹਿਲ ਸਣੇ ਹੋਰਨਾਂ ਥਾਵਾਂ 'ਤੇ ਪਰਿਵਾਰ ਸਣੇ ਖਿੱਚੀਆਂ ਗਈਆਂ ਫੋਟੋਆਂ ਤਾਂ ਸਾਹਮਣੇ ਆਈਆਂ ਪਰ ਟਰੂਡੋ ਦੇ ਪਰਿਵਾਰਕ ਦੌਰੇ ਨੂੰ ਭਾਰਤ ਸਰਕਾਰ ਦੇ ਸੀਨੀਅਰ ਮੈਂਬਰਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਗਿਆ ਹੈ।

ਜਦੋਂ ਟਰੂਡੋ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਇੱਕ ਜੂਨੀਅਰ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਿਸ ਨੂੰ ਕਈ ਲੋਕਾਂ ਨੇ 'ਬੇਇੱਜ਼ਤੀ' ਕਰਾਰ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੌਕਿਆਂ 'ਤੇ ਖੁਦ ਕਈ ਵਿਦੇਸ਼ੀ ਆਗੂਆਂ ਦਾ ਸਵਾਗਤ ਕੀਤਾ ਹੈ। ਉਹ ਆਪਣੇ ਵਿਦੇਸ਼ੀ ਹਮਰੁਤਬਾ ਨੂੰ ਗਲ਼ੇ ਲਾਉਣ ਦੇ ਲਈ ਵੀ ਮਸ਼ਹੂਰ ਹਨ।

ਹਾਲ ਹੀ ਵਿੱਚ ਜਨਵਰੀ ਦੌਰੇ ਦੌਰਾਨ ਇਸਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਪ੍ਰਧਾਨ ਮੰਤਰੀ ਮੋਦੀ ਨੇ ਸਵਾਗਤ ਵੀ ਕੀਤਾ ਅਤੇ ਗਲ਼ੇ ਵੀ ਲਾਇਆ।

ਪਿਛਲੇ ਦੋ ਦਿਨਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਵਿੱਚ ਹਨ ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਹੈ।

ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਗੈਰ-ਹਾਜ਼ਰ

ਸੋਮਵਾਰ ਨੂੰ ਜਦੋਂ ਟਰੂਡੋ ਪ੍ਰਧਾਨ ਮੰਤਰੀ ਮੋਦੀ ਦੇ ਸੂਬੇ ਗੁਜਰਾਤ ਵਿੱਚ ਗਏ ਉਦੋਂ ਵੀ ਮੋਦੀ ਗੈਰ-ਹਾਜ਼ਰ ਸਨ।

ਸਿਰਫ਼ ਪ੍ਰਧਾਨ ਮੰਤਰੀ ਹੀ ਨਹੀਂ ਹਨ ਜੋ ਟਰੂਡੋ ਨੂੰ ਅਣਦੇਖਿਆ ਕਰ ਰਹੇ ਹਨ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਤਾਜ ਮਹਿਲ ਦੇਖਣ ਗਏ ਟਰੂਡੋ ਦੇ ਸਵਾਗਤ ਲਈ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਨਹੀਂ ਪਹੁੰਚੇ।

ਜਸਟਿਨ ਟਰੂਡੋ ਦੇ ਵਿਦੇਸ਼ੀ ਦੌਰੇ ਦੌਰਾਨ ਜੋ ਤਸਵੀਰਾਂ, ਸੁਰਖੀਆਂ ਅਤੇ ਸੋਸ਼ਲ ਮੀਡੀਆ 'ਤੇ ਹਲਚਲ ਹੁੰਦੀ ਹੈ ਉਹ ਨਦਾਰਦ ਹੈ।

ਤਾਂ ਕੀ ਭਾਰਤ ਵਾਕਈ ਜਸਟਿਨ ਟਰੂਡੋ ਨੂੰ ਅਣਗੌਲਿਆਂ ਕਰ ਰਿਹਾ ਹੈ? ਜੇ ਅਜਿਹਾ ਹੈ ਤਾਂ ਕਿਉਂ?

ਕੀ ਇਸ ਦੀ ਵਜ੍ਹਾ 'ਖਾਲਿਸਤਾਨ'?

ਕਾਲਮਨਵੀਸ ਤੇ ਅਰਥਸ਼ਾਸਤਰੀ ਵਿਵੇਕ ਦੇਹੇਜੀਆ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਵੱਡੀ ਬੇਇੱਜ਼ਤੀ ਹੈ। ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਦੇ ਸਵਾਗਤ ਲਈ ਇੱਕ ਜੂਨੀਅਰ ਮੰਤਰੀ ਗਏ ਇਹ ਵੱਡੀ ਬੇਇੱਜ਼ਤੀ ਹੈ।"

ਵਿਵੇਕ ਦੇਹੇਜੀਆ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਕਈ ਮੰਤਰੀ ਖਾਲਸਿਤਾਨੀ ਮੁਹਿੰਮ ਨਾਲ ਕਰੀਬ ਤੋਂ ਜੁੜੇ ਹੋਏ ਸਨ। ਇਸ ਮੁਹਿੰਮ ਦਾ ਮਕਸਦ ਸੀ ਪੰਜਾਬ ਵਿੱਚ ਵੱਖ ਤੋਂ ਆਜ਼ਾਦ ਤੌਰ 'ਤੇ ਸਿੱਖਾਂ ਲਈ ਦੇਸ ਬਣਾਉਣਾ।

ਕੈਨੇਡਾ ਦੇ ਅਧਿਕਾਰੀਆਂ ਮੁਤਾਬਕ ਸਿੱਖ ਕੱਟੜਪੰਥੀਆਂ ਦਾ ਸਬੰਧ ਕੈਨੇਡਾ ਦੇ 1985 ਹਵਾਈ ਧਮਾਕੇ ਨਾਲ ਸੀ,ਜਿਸ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸੀ।

ਵਿਵੇਕ ਦੇਹੇਜੀਆ ਮੁਤਾਬਕ, "ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਕੈਨੇਡਾ ਵੱਸੇ ਸਿੱਖਾਂ ਦੀਆਂ ਵੋਟਾਂ 'ਤੇ ਕਾਫ਼ੀ ਨਿਰਭਰ ਕਰਦੀ ਹੈ ਅਤੇ ਉਨ੍ਹਾਂ ਦੀ ਸਰਕਾਰ ਦੇ ਕਈ ਸਿੱਖ ਮੈਂਬਰ ਖਾਲਿਸਤਾਨੀਆਂ ਦੇ ਸਾਥੀ ਰਹੇ ਹਨ।"

ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਚਾਰ ਕੈਨੇਡੀਅਨ ਸਿੱਖ ਹਨ।

ਜੇ ਇਹੀ ਵਜ੍ਹਾ ਹੈ ਤਾਂ ਇਹ ਪਹਿਲੀ ਵਾਰੀ ਨਹੀਂ ਹੈ ਕਿ ਖਾਲਿਸਤਾਨ ਦੇ ਕਾਰਨ ਦੋ ਦੇਸਾਂ ਦੇ ਅਧਿਕਾਰੀਆਂ ਵਿਚਾਲੇ ਸਬੰਧਾਂ ਵਿੱਚ ਤਣਾਅ ਆਇਆ ਹੋਵੇ।

ਪੰਜਾਬ ਦੇ ਮੁੱਖ ਮੰਤਰੀ ਨੇ ਵੀ ਅਪ੍ਰੈਲ ਵਿੱਚ ਭਾਰਤ ਦੌਰੇ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਇਲਜ਼ਾਮ ਲਾਇਆ ਸੀ ਕਿ ਹਰਜੀਤ ਸੱਜਣ 'ਖਾਲਿਸਤਾਨੀ ਸਮਰਥਕ' ਹਨ।

'ਲੋੜੀਂਦਾ ਪ੍ਰੋਟੋਕਾਲ ਅਪਣਾਇਆ'

ਕੈਨੇਡਾ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਵਿਸ਼ਨੂੰ ਪ੍ਰਕਾਸ਼ ਨੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਜਸਟਿਨ ਟਰੂਡੋ ਦੇ ਸਵਾਗਤ ਲਈ ਲੋੜੀਂਦਾ ਪ੍ਰੋਟੋਕਾਲ ਅਪਣਾਇਆ ਹੈ।

ਵਿਸ਼ਨੂੰ ਪ੍ਰਕਾਸ ਨੇ ਕਿਹਾ, "ਪ੍ਰੋਟੋਕੋਲ ਮੁਤਾਬਕ ਇੱਕ ਕੈਬਨਿਟ ਮੰਤਰੀ ਹੀ ਕਿਸੇ ਵਿਦੇਸ਼ੀ ਆਗੂ ਦਾ ਸਵਾਗਤ ਕਰਦਾ ਹੈ ਅਤੇ ਇਸੇ ਪ੍ਰੋਟੋਕਾਲ ਦੇ ਤਹਿਤ ਹੀ ਜਸਟਿਨ ਟਰੂਡੋ ਦਾ ਸਵਾਗਤ ਕੀਤਾ ਗਿਆ ਹੈ।"

ਉਨ੍ਹਾਂ ਕਿਹਾ ਕਿ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਕਈ ਵਿਦੇਸ਼ੀ ਆਗੂਆਂ ਦਾ ਸਵਾਗਤ ਖੁਦ ਕਰਕੇ ਇਸ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ ਪਰ ਭਾਰਤ ਆਉਣ ਵਾਲੇ ਹਰ ਵਿਦੇਸ਼ੀ ਆਗੂ ਦਾ ਸਵਾਗਤ ਪ੍ਰਧਾਨ ਮੰਤਰੀ ਹੀ ਕਰਨਗੇ ਇਸ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਅੱਗੇ ਕਿਹਾ, "ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਿਲਕੁਲ ਹੀ ਨਹੀਂ ਮਿਲਣਗੇ। ਉਨ੍ਹਾਂ ਲਈ ਇੱਕ ਰਸਮੀ ਸਵਾਗਤ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ 23 ਫਰਵਰੀ ਨੂੰ ਕੀਤਾ ਜਾਏਗਾ ਅਤੇ ਪੀਐੱਮ ਉਨ੍ਹਾਂ ਨੂੰ ਉੱਥੇ ਮਿਲਣਗੇ।"

ਸਾਬਕਾ ਰਾਜਦੂਤ ਕੰਵਲ ਸਿੱਬਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਆਸੀ ਅਤੇ ਪੇਸ਼ੇਵਰ ਤੌਰ 'ਤੇ ਇਹ ਗਲਤ ਰਵੱਈਆ ਹੈ ਕਿ ਟਰੂਡੋ ਦੇ ਦੌਰੇ ਨੂੰ ਖਾਲਿਸਤਾਨ ਪੱਖੋਂ ਦੇਖਿਆ ਜਾਵੇ। ਸਗੋਂ ਇਹ ਮੌਕਾ ਖਾਲਿਸਤਾਨ ਸਬੰਧੀ ਚਰਚਾ ਲਈ ਵਰਤਿਆ ਜਾ ਸਕਦਾ ਸੀ।

"ਇਹ ਸੱਚ ਹੈ ਕਿ ਘਰੇਲੂ ਸਿਆਸੀ ਕਾਰਨਾਂ ਕਰਕੇ ਭਾਰਤ ਨੂੰ ਇਸ ਮੁੱਦੇ 'ਤੇ ਲੋੜੀਂਦਾ ਸਹਿਯੋਗ ਨਹੀਂ ਮਿਲਿਆ ਹੈ ਪਰ ਅਸੀਂ ਇਸ ਦੌਰੇ 'ਤੇ ਕੈਨੇਡਾ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕਰ ਸਕਦੇ ਹਾਂ।"

ਕੰਵਲ ਸਿੱਬਲ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਜਸਟਿਨ ਟਰੂਡੋ ਨੂੰ ਭਾਰਤ ਨੇ ਅਣਗੌਲਿਆਂ ਕੀਤਾ ਹੈ ਕਿਉਂਕਿ ਦੋਹਾਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਹਾਲ ਹੀ ਵਿੱਚ ਸੁਧਾਰ ਹੋਇਆ ਹੈ। ਹਾਲ ਹੀ ਵਿੱਚ ਪਰਮਾਣੂ ਡੀਲ 'ਤੇ ਦਸਤਖ਼ਤ ਕਰਕੇ ਇਹ ਸਾਬਿਤ ਹੋਇਆ ਹੈ ਕਿ ਦੋਹਾਂ ਮੁਲਕਾਂ ਦੇ 'ਸਾਂਝੇ ਵਿਚਾਰ' ਹਨ।

ਕੈਨੇਡਾ ਨੇ ਐਲਾਨ ਕੀਤਾ ਸੀ ਕਿ 2015 ਵਿੱਚ ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ। ਇਸ ਨੂੰ ਦੋਹਾਂ ਮੁਲਕਾਂ ਵਿਚਾਲੇ ਅਹਿਮ ਕਦਮ ਮੰਨਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਗੱਲ 'ਤੇ ਕਾਫ਼ੀ ਜ਼ੋਰ ਦਿੱਤਾ ਜਾ ਰਿਹਾ ਕਿ ਇੱਕ ਜੂਨੀਅਰ ਮੰਤਰੀ ਟਰੂਡੋ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਪਹੁੰਚਿਆ।

"ਇਹ ਆਮ ਪ੍ਰੋਟੋਕਾਲ ਹੈ। ਨਾ ਹੀ ਭਾਰਤ ਅਤੇ ਨਾ ਹੀ ਕੈਨੇਡਾ ਚਾਹੁਣਗੇ ਕਿ ਪਹਿਲਾਂ ਤੋਂ ਹੀ ਤੈਅ ਦੌਰੇ ਨੂੰ ਢਾਹ ਲੱਗੇ। ਦੋਵੇਂ ਹੀ ਮੁਲਕ ਚਾਹੁਣਗੇ ਕਿ ਇਹ ਦੌਰਾ ਸਫ਼ਲ ਰਹੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)