ਧੁੰਮਾ-ਢੱਡਰੀਆਂਵਾਲਾ ਵਿਵਾਦ: ਡਿਊਟੀ ਨਿਭਾਓ ਜਾਂ ਅਕਾਲ ਤਖ਼ਤ ਨੂੰ ਦਖਲ ਦੀ ਅਪੀਲ ਕਰੋ - ਕੈਪਟਨ

ਤਸਵੀਰ ਸਰੋਤ, RANJIT SINGH DHADRIANWALA-FB/GETTY IMAGES
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿੱਚਕਾਰ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ।
ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੁੱਦੇ ਉੱਤੇ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਨਸੀਹਤ ਦਾ ਮੁੱਖ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ।
ਮੁੱਖ ਮੰਤਰੀ ਨੇ ਦਿਖਾਇਆ ਲੌਂਗੋਵਾਲ ਨੂੰ ਸ਼ੀਸ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬਕਾਇਦਾ ਪੱਤਰ ਲਿਖ ਕੇ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਤੇ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ ਉੱਤੇ ਉਨ੍ਹਾਂ ਦੇ ਬਿਆਨ ਉੱਤੇ ਸ਼ੰਕਾ ਪ੍ਰਗਟਾਈ ਹੈ।
ਕੈਪਟਨ ਅਮਰਿੰਦਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਮੁਸ਼ਕਿਲਾਂ ਭਰੇ ਸਮੇਂ ਵਿੱਚੋਂ ਗੁਜਰ ਰਿਹਾ ਹੈ ਅਤੇ ਹੁਣ ਉਹ ਸਮਾਂ ਹੈ, ਜਦੋਂ ਸ਼੍ਰੋਮਣੀ ਕਮੇਟੀ ਵਰਗੀਆਂ ਰਵਾਇਤੀ ਸੰਸਥਾਵਾਂ ਨੂੰ ਅਜਿਹੇ ਮਾਮਲਿਆਂ ਦੇ ਹੱਲ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

ਤਸਵੀਰ ਸਰੋਤ, PR Punjab/bbc
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਵਿਚਾਰਧਾਰਕ ਮਤਭੇਦਾਂ ਨੂੰ ਹੱਲ ਕਰਵਾਉਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਡਿਊਟੀ ਹੈ। ਇਸ ਲਈ ਜੇਕਰ ਉਹ ਡਿਊ਼ਟੀ ਨਹੀਂ ਨਿਭਾਅ ਸਕਦੇ ਤਾਂ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ।
ਇੱਕ ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦੇਣ ਨੂੰ ਗੈਰ-ਸੱਭਿਅਕ ਵਰਤਾਰਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਇਹ ਅਸਹਿਣਯੋਗ ਹੈ ਅਤੇ ਅਮਨ ਕਾਨੂੰਨ ਦੀ ਬਹਾਲੀ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਮੁੱਢਲੀ ਡਿਊਟੀ ਹੈ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਤਾਜ਼ਾ ਜਵਾਬ ਜਨਤਕ ਕੀਤਾ ਹੈ।
ਇਸ ਟਵੀਟ ਮੁਤਾਬਕ ਮੁੱਖ ਮੰਤਰੀ ਨੇ ਕਿਹਾ, 'ਮੁੱਖ ਮੰਤਰੀ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਅਮਨ ਕਾਨੂੰਨ ਦੀ ਹਾਲਤ ਨੂੰ ਬਹਾਲ ਰੱਖਾਂ , ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਜਿਹੇ ਮਤਭੇਦ ਖਤਮ ਕਰਵਾਏ'।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਂਗੋਵਾਲ ਨੇ ਕੀ ਕਿਹਾ ਸੀ
ਗੋਬਿੰਦ ਸਿੰਘ ਲੌਂਗੋਵਾਲ ਨੇ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਚਾਲੇ ਚੱਲ ਰਹੀ ਖਿੱਚਤਾਣ ਸਿੱਖ ਪੰਥ ਦਾ ਅੰਦਰੂਨੀ ਮਾਮਲਾ ਦੱਸਦਿਆਂ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਨਾ ਦੇਣ ਲਈ ਕਿਹਾ ਸੀ।
28 ਮਈ ਨੂੰ ਦਿੱਤੇ ਬਿਆਨ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਸੀ ਕਿ ਉਹ ਅਜਿਹੀ ਬਿਆਨਬਾਜ਼ੀ ਕਰਕੇ ਸਿੱਖ ਸੰਸਥਾਵਾਂ ਵਿੱਚ ਮਤਭੇਦਾਂ ਨੂੰ ਨਾ ਭੜਕਾਉਣ। ਉਨ੍ਹਾਂ ਕਿਹਾ ਸੀ ਕਿ ਦਮਦਮੀ ਟਕਸਾਲ ਸਿੱਖ ਕੌਮ ਦੀ ਸ਼ਾਨਾਮੱਤੀ ਸੰਸਥਾ ਹੈ ਇਸ ਖ਼ਿਲਾਫ਼ ਬਿਆਨਬਾਜ਼ੀ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ।
ਕੈਪਟਨ ਨੇ ਦਿੱਤੀ ਸੀ ਚਿਤਾਵਨੀ

ਤਸਵੀਰ ਸਰੋਤ, Ravinder Singh Robin
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਮਦਮੀ ਟਕਸਾਲ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦਿੱਤੀ ਗਈ ਮਾਰਨ ਦੀ ਕਥਿਤ ਧਮਕੀ ਦੇ ਮੱਦੇਨਜ਼ਰ ਚਿਤਾਵਨੀ ਦਿੱਤੀ ਸੀ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਵਧਾ ਦਿੱਤੀ ਜਾਵੇ। ਮੁੱਖ ਮੰਤਰੀ ਨੇ ਉਸ ਵੀਡੀਓ ਦੀ ਵੀ ਜਾਂਚ ਕਰਨ ਲਈ ਕਿਹਾ ਸੀ, ਜਿਸ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਧਮਕੀ ਦਿੱਤੀ ਗਈ ਹੈ।
ਕੀ ਕਿਹਾ ਸੀ ਟਕਸਾਲ ਦੇ ਬੁਲਾਰੇ ਨੇ
ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਸੋਸ਼ਲ ਮੀਡੀਆ ਉੱਤੇ ਪਾਈਆਂ ਕਈ ਵੀਡੀਓ ਵਿੱਚ ਧਮਕੀ ਭਰੇ ਲਹਿਜ਼ੇ ਵਿੱਚ ਆਪਣੀ ਜਥੇਬੰਦੀ ਦੇ ਮੁਖੀ ਹਰਨਾਮ ਸਿੰਘ ਖਾਲਸਾ ਉੱਤੇ ਸਵਾਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿੰਦੇ ਦਿਖ ਰਹੇ ਹਨ।
ਉਨ੍ਹਾਂ ਦੇ ਸ਼ਬਦ ਅਤੇ ਇਜ਼ਾਹਾਰ ਕਾਫ਼ੀ ਗਰਮ ਤੇ ਇਤਰਾਜ਼ਯੋਗ ਹਨ। ਮਾਮਲਾ ਭਖ਼ਣ ਤੋਂ ਬਾਅਦ ਟਕਸਾਲ ਨੇ ਬਕਾਇਦਾ ਬਿਆਨ ਜਾਰੀ ਕਰਕੇ ਅਧਿਕਾਰਤ ਤੌਰ ਉੱਤੇ ਖੁਦ ਨੂੰ ਬੁਲਾਰੇ ਦੇ ਬਿਆਨ ਤੋਂ ਵੱਖ ਕਰ ਲਿਆ ਸੀ।












