'ਭਗਤ ਸਿੰਘ ਨਾਲੋਂ ਸੁਖਦੇਵ ਅਤੇ ਰਾਜਗੁਰੂ ਨਿਖੇੜੇ ਨਹੀਂ ਜਾ ਸਕਦੇ'- ਸੁਖਦੇਵ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਆਜ਼ਾਦੀ ਘੁਲਾਟੀਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ

ਤਸਵੀਰ ਸਰੋਤ, jasbir shetra/bbc

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਲੁਧਿਆਣਾ ਤੋਂ ਬੀਬੀਸੀ ਪੰਜਾਬੀ ਲਈ

ਲੁਧਿਆਣਾ ਦੇ ਦਿਲ ਮੰਨੇ ਜਾਂਦੇ ਇਲਾਕੇ 'ਚ ਸਥਿਤ ਉੱਚਾ ਪੁਲ (ਜਗਰਾਉਂ ਪੁਲ) ਤੋਂ ਲੰਘਣ ਵਾਲੇ ਲੋਕ ਦਹਾਕਿਆਂ ਤੋਂ ਉੱਥੇ ਲੱਗੇ ਆਜ਼ਾਦੀ ਘੁਲਾਟੀਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਦੇਖਦੇ ਆ ਰਹੇ ਹਨ।

ਕਿਸੇ ਨੇ ਕਦੇ ਤਿੰਨਾਂ ਆਜ਼ਾਦੀ ਘੁਲਾਟੀਆਂ 'ਚੋਂ ਇਕੱਲੇ ਭਗਤ ਸਿੰਘ ਦਾ ਉੱਥੇ ਬੁੱਤ ਲੱਗਣ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

ਲੋਕ ਚੇਤਿਆਂ 'ਚ ਕਦੇ ਇਨ੍ਹਾਂ ਤਿੰਨਾਂ ਨੂੰ ਇਕ ਦੂਜੇ ਤੋਂ ਨਿਖੇੜ ਕੇ ਦੇਖਿਆ ਹੀ ਨਹੀਂ ਜਾ ਸਕਦਾ।

ਇਹ ਵੀ ਸੱਚਾਈ ਹੈ ਕਿ ਕਰੀਬ ਸਾਢੇ ਚਾਰ ਦਹਾਕੇ ਪਹਿਲਾਂ ਜਦੋਂ ਉੱਥੇ ਇਕੱਲੇ ਭਗਤ ਸਿੰਘ ਦਾ ਬੁੱਤ ਲੱਗਣ ਦੀ ਗੱਲ ਹੋਈ ਸੀ ਤਾਂ ਸਭ ਤੋਂ ਪਹਿਲਾ ਵਿਰੋਧ ਭਗਤ ਸਿੰਘ ਦੀ ਮਾਂ ਬੇਬੇ ਵਿਦਿਆਵਤੀ ਨੇ ਕੀਤਾ ਸੀ।

ਬਾਅਦ 'ਚ ਸਮੁੱਚੇ ਪਰਿਵਾਰ ਨੇ ਇਸ 'ਤੇ ਇਤਰਾਜ਼ ਕੀਤਾ। ਇਸ ਦੇ ਬਾਵਜੂਦ 24 ਅਗਸਤ 1980 ਨੂੰ ਜਗਰਾਉਂ ਪੁਲ 'ਤੇ ਇਕੱਲੇ ਭਗਤ ਸਿੰਘ ਦਾ ਬੁੱਤ ਸਥਾਪਤ ਹੋਇਆ।

ਆਜ਼ਾਦੀ ਘੁਲਾਟੀਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ

ਤਸਵੀਰ ਸਰੋਤ, jasbir shetra/bbc

ਬਾਕੀ ਦੋਹਾਂ ਦੇ ਬੁੱਤ ਰਾਜਗੁਰੂ ਨਗਰ ਅਤੇ ਮੁਹੱਲਾ ਨੌਘਰਾਂ (ਥਾਪਰ ਮੁਹੱਲੇ) 'ਚ ਲਾਉਣ ਦੀ ਸਰਕਾਰੀ ਯੋਜਨਾ ਸੀ। ਕਰੀਬ ਤਿੰਨ ਸਾਲ ਬਾਅਦ ਸੁਖਦੇਵ ਤੇ ਰਾਜਗੁਰੂ ਦੇ ਬੁੱਤ ਵੀ 23 ਮਾਰਚ 1983 ਨੂੰ ਇਸੇ ਥਾਂ ਸਥਾਪਤ ਕੀਤੇ ਗਏ।

ਤਤਕਾਲੀਨ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਦੋਵੇਂ ਵਾਰ ਬੁੱਤਾਂ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ।

ਭਗਤ ਸਿੰਘ ਦੇ ਮਾਤਾ ਜੀ ਨੇ ਕੀ ਕਿਹਾ ਸੀ?

ਲੁਧਿਆਣਾ 'ਚ ਰਹਿੰਦੇ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਯਾਦਾਂ ਦੇ ਸਮੁੰਦਰ 'ਚ ਚੁੱਭੀ ਭਰਦੇ ਹੋਏ ਬੋਲੇ, ''ਗੱਲ 1973-74 ਦੀ ਹੋਵੇਗੀ ਜਦੋਂ ਆਜ਼ਾਦੀ ਘੁਲਾਟੀਏ ਡਾ. ਕਾਲੀਚਰਨ ਸਾਡੇ ਕੋਲ ਸਰਾਭਾ ਨਗਰ ਵਾਲੇ ਘਰ ਆਏ। ਭਗਤ ਸਿੰਘ ਦਾ ਸਰਕਾਰ ਵੱਲੋਂ ਬੁੱਤ ਲਾਏ ਜਾਣ ਸਬੰਧੀ ਸਭ ਤੋਂ ਪਹਿਲੀ ਸੂਚਨਾ ਉਨ੍ਹਾਂ ਨੇ ਹੀ ਪਰਿਵਾਰ ਨੂੰ ਦਿੱਤੀ।''

ਆਜ਼ਾਦੀ ਘੁਲਾਟੀਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ

ਤਸਵੀਰ ਸਰੋਤ, jasbir shetra/bbc

''ਉਸ ਵੇਲੇ ਭਗਤ ਸਿੰਘ ਦੀ ਮਾਂ, ਯਾਨੀ ਮੇਰੇ ਨਾਨੀ ਜੀ ਵਿਦਿਆਵਤੀ ਨੇ ਇਤਰਾਜ਼ ਕੀਤਾ ਸੀ। ਬੇਬੇ ਵਿਦਿਆਵਤੀ ਦਾ ਕਹਿਣਾ ਸੀ ਕਿ ''ਮੇਰਾ ਪੁੱਤ 'ਇਕੱਲਾ ਖੜ੍ਹਾ ਚੰਗਾ ਨਹੀਂ ਲੱਗੇਗਾ ਉਹ ਤਾਂ ਸਾਥੀਆਂ ਨਾਲ ਹੀ ਜਚੇਗਾ।"

ਉਨ੍ਹਾਂ ਨੇ ਕਿਹਾ ਸੀ, ''ਫਾਂਸੀ ਦਾ ਰੱਸਾ ਚੁੰਮ ਲੈਣ ਮਗਰੋਂ ਜਦੋਂ ਤਿੰਨਾਂ ਦੀ ਸਮਾਧ ਸਾਂਝੀ ਬਣੀ ਤੇ ਉਸ ਤੋਂ ਪਹਿਲਾਂ ਚਿਖਾ ਵੀ ਇਕੱਠੀ ਬਲੀ ਤਾਂ ਬੁੱਤ ਕਿਵੇਂ ਉਨ੍ਹਾਂ ਨੂੰ ਅਲੱਗ ਕਰ ਸਕਦੇ ਹਨ?"

ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਖਟਕੜ ਕਲਾਂ ਮਿਊਜ਼ੀਅਮ ਬਣਾਉਣ ਮੌਕੇ ਜਦੋਂ ਮਾਤਾ ਜੀ ਦੀ ਸੰਦੂਕੜੀ ਖੋਲ੍ਹੀ ਗਈ ਤਾਂ ਉਸ 'ਚੋਂ ਤਿੰਨਾਂ ਦੀਆਂ ਸਾਂਝੀਆਂ ਵਸਤਾਂ ਮਿਲੀਆਂ ਸਨ। ਇਨ੍ਹਾਂ 'ਚ ਰਾਜਗੁਰੂ ਦੇ ਮੋਜੇ, ਸੁਖਦੇਵ ਦਾ ਕੁੱਲਾ ਤੇ ਭਗਤ ਸਿੰਘ ਦੀਆਂ ਜੇਲ੍ਹ ਦੀਆਂ ਕੁਝ ਵਸਤਾਂ ਸਨ।

ਪ੍ਰੋ. ਜਗਮੋਹਨ ਸਿੰਘ

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਪ੍ਰੋ. ਜਗਮੋਹਨ ਸਿੰਘ ਨੇ ਭਗਤ ਸਿੰਘ ਦੀ ਮਾਂ ਦੇ ਸ਼ਬਦਾਂ 'ਤੇ ਪਾਇਆ ਚਾਨਣਾ

ਉਨ੍ਹਾਂ ਦੱਸਿਆ, ''ਸੁਖਦੇਵ ਤੇ ਭਗਤ ਸਿੰਘ ਬਚਪਨ ਦੇ ਗੂੜ੍ਹੇ ਮਿੱਤਰ ਸਨ। ਸੁਖਦੇਵ ਦਾ ਜਨਮ ਜ਼ਰੂਰ ਲੁਧਿਆਣਾ 'ਚ ਹੋਇਆ ਪਰ ਉਹ ਤਿੰਨ ਸਾਲ ਦਾ ਸੀ ਜਦੋਂ ਪਿਤਾ ਰਾਮ ਲਾਲ ਦੀ ਮੌਤ ਮਗਰੋਂ ਸਿਆਲਕੋਟ (ਪਾਕਿਸਤਾਨ) 'ਚ ਆੜ੍ਹਤੀ ਦਾ ਕੰਮ ਕਰਦੇ ਚਾਚੇ ਲਾਲਾ ਚਿੰਤ ਰਾਮ ਨੇ ਪਰਿਵਾਰ ਨੂੰ ਉਥੇ ਸੱਦ ਲਿਆ।''

''ਉਸ ਦੇ ਛੋਟੇ ਭਰਾ ਮਥੁਰਾ ਦਾਸ ਦਾ ਜਨਮ ਵੀ ਉਥੇ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਸੀ। ਇਸੇ ਆੜ੍ਹਤੀ ਦੀ ਦੁਕਾਨ 'ਤੇ ਭਗਤ ਸਿੰਘ ਆਪਣੇ ਦਾਦਾ ਜੀ ਨਾਲ ਆਇਆ ਕਰਦੇ ਸੀ ਜਿਥੇ ਸੁਖਦੇਵ ਤੇ ਭਗਤ ਸਿੰਘ ਦੀ ਦੋਸਤੀ ਹੋਈ। ਬਾਅਦ 'ਚ ਦੋਵੇਂ ਇਕੱਠੇ ਨੈਸ਼ਨਲ ਕਾਲਜ ਪੜ੍ਹਨ ਗਏ ਅਤੇ ਅਖੀਰ ਫਾਂਸੀ ਚੜ੍ਹਨ ਤੱਕ ਇਹ ਦੋਸਤੀ ਬਾਖੂਬੀ ਨਿਭੀ।''

ਸੁਖਦੇਵ ਦੇ ਜੱਦੀ ਘਰ ਵੱਲ ਧਿਆਨ ਦੇਣ ਦੀ ਲੋੜ

ਸੁਖਦੇਵ ਦਾ ਘਰ ਲੁਧਿਆਣਾ 'ਚ ਅੱਜ ਵੀ ਮੌਜੂਦ ਹੈ ਪਰ ਇਸ ਨੂੰ ਢੁੱਕਵੀਂ ਯਾਦਗਾਰ ਬਣਾਉਣ ਦੀ ਲੋੜ ਹੈ।

ਆਜ਼ਾਦੀ ਤੋਂ ਪਹਿਲਾਂ ਦੇ ਇਸ ਪੁਰਾਣੇ ਘਰ ਤਿੰਨ ਮੰਜ਼ਿਲਾ ਘਰ ਦੀਆਂ ਉਪਰਲੀਆਂ ਦੋ ਮੰਜ਼ਿਲਾਂ ਕਿਸੇ ਹੋਰ ਦੀਆਂ ਸਨ।

ਵੇਰਵਿਆਂ ਅਨੁਸਾਰ ਉਹ ਵਿੱਕ ਚੁੱਕੀਆਂ ਹਨ। ਸੁਖਦੇਵ ਦੇ ਹਿੱਸੇ ਸਿਰਫ ਹੇਠਲੀ ਮੰਜ਼ਿਲ ਹੈ ਜਿਸ ਨੂੰ ਪੁਰਾਤੱਤਵ ਵਿਭਾਗ ਸੰਭਾਲਦਾ ਹੈ।

ਸੁਖਦੇਵ ਦਾ ਘਰ

ਤਸਵੀਰ ਸਰੋਤ, jasbir shetra/bbc

ਇਥੇ ਵਿਭਾਗ ਦੇ ਅਟੈਂਡੈਂਟ ਮੀਹਾਂ ਸਿੰਘ ਦੀ ਦੇਖ ਭਾਲ ਕਰਨ ਲਈ ਪੱਕੀ ਡਿਊਟੀ ਲੱਗੀ ਹੋਈ ਹੈ। ਉਂਜ ਇਕ ਟਰੱਸਟ ਵੀ ਬਣਿਆ ਹੋਇਆ ਹੈ ਜਿਸ ਦੇ ਪ੍ਰਧਾਨ ਅਸ਼ੋਕ ਥਾਪਰ ਹਨ।

ਘਰ 'ਚ ਸੁਖਦੇਵ ਦੀਆਂ ਤਸਵੀਰਾਂ ਹਨ ਜਿਨ੍ਹਾਂ ਨਾਲ ਭਗਤ ਸਿੰਘ ਤੇ ਰਾਜਗੁਰੂ ਵੀ ਮੌਜੂਦ ਹਨ। ਮੀਹਾਂ ਸਿੰਘ ਮੁਤਾਬਕ ਕਾਫੀ ਲੋਕ ਇਸ ਘਰ ਨੂੰ ਦੇਖਣ ਆਉਂਦੇ ਹਨ।

15 ਮਈ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸਮਾਗਮ ਵੀ ਰੱਖਿਆ ਗਿਆ ਹੈ। ਜਿਥੇ ਇਸ ਇਤਿਹਾਸਕ ਘਰ 'ਚ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਏ ਜਾਣ ਦੀ ਲੋੜ ਹੈ ਉਥੇ ਆਲੇ ਦੁਆਲੇ ਸਫਾਈ ਦੀ ਘਾਟ ਵੀ ਹੈ।

ਸੁਖਦੇਵ ਨੂੰ ਕਿਉਂ ਹੋਈ ਸੀ ਫਾਂਸੀ?

ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਨੇ ਰੋਚਕ ਤੇ ਇਤਿਹਾਸਕ ਤੱਥ ਸਾਂਝੇ ਕਰਦਿਆਂ ਦੱਸਿਆ, ''ਸੁਖਦੇਵ ਅਸਲ 'ਚ ਸਾਰੀ ਲਹਿਰ ਦਾ ਦਿਮਾਗ ਸੀ ਪਰ ਉਸ ਖ਼ਿਲਾਫ਼ ਅੰਗਰੇਜ਼ ਹਕੂਮਤ ਕੋਲ ਕਿਸੇ ਵਾਰਦਾਤ 'ਚ ਸਿੱਧੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਸੀ। ਜਿਨ੍ਹਾਂ ਦੋਸ਼ਾਂ ਤਹਿਤ ਭਗਤ ਸਿੰਘ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਨ੍ਹਾਂ 'ਚ ਸੁਖਦੇਵ ਦੀ ਕੋਈ ਸ਼ਮੂਲੀਅਤ ਹੀ ਨਹੀਂ ਸੀ। ਪਰ ਅੰਗਰੇਜ਼ ਹਕੂਮਤ ਦੀ ਸੋਚ ਇਸ ਲਹਿਰ ਪਿੱਛੇ ਕੰਮ ਕਰਦੀ ਸੋਚ ਨੂੰ ਮਾਰਨ ਦੀ ਸੀ ਜਿਸ ਕਰਕੇ ਸੁਖਦੇਵ ਨੂੰ ਵੀ ਨਾਲ ਹੀ ਫਾਂਸੀ ਦਿੱਤੀ ਗਈ।''

ਆਜ਼ਾਦੀ ਘੁਲਾਟੀਏ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ

ਤਸਵੀਰ ਸਰੋਤ, Getty Images

''ਇਸ ਤਰ੍ਹਾਂ ਤਿੰਨਾਂ ਦੀ ਦੋਸਤੀ ਫਾਂਸੀ ਦੇ ਰੱਸੇ ਤੱਕ ਨਿਭੀ। ਇੰਨੀ ਗੂੜ੍ਹੀ ਦੋਸਤੀ ਸਦਕਾ ਹੀ ਕੁਰਬਾਨੀ ਦੇਣ ਵਾਲੇ ਤਿੰਨੇ ਆਜ਼ਾਦੀ ਘੁਲਾਟੀਏ ਮੌਤ ਦੇ ਕਈ ਦਹਾਕੇ ਬਾਅਦ ਵੀ 'ਇਕੱਠੇ' ਹਨ। ਲੋਕ ਚੇਤਿਆਂ 'ਚ ਇਨ੍ਹਾਂ ਨੂੰ ਇਕੱਲੇ-ਇਕੱਲੇ ਚਿਤਵਿਆ ਹੀ ਨਹੀਂ ਜਾ ਸਕਦਾ। ਪਹਿਲਾਂ ਹੋਈਆਂ ਅਜਿਹੀਆਂ ਕੋਸ਼ਿਸ਼ਾਂ ਲੋਕਾਂ ਨੇ ਨਾਕਾਮ ਕੀਤੀਆਂ ਹਨ ਅਤੇ ਭਵਿੱਖ 'ਚ ਵੀ ਲੋਕ ਅਜਿਹੀ ਕਿਸੇ ਕੋਸ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)