ਤੂਫ਼ਾਨ ਦੀ ਚਿਤਾਵਨੀ ਜਾਂ ਆਸਮਾਨੀ ਬਿਜਲੀ ਡਿੱਗਣ 'ਤੇ ਕੀ ਕਰੀਏ?

ਤਸਵੀਰ ਸਰੋਤ, Getty Images
ਭਾਰਤ ਦੀ ਮੌਸਮੀ ਵਿਭਿੰਨਤਾ ਕਰਕੇ ਸਮੇਂ-ਸਮੇਂ 'ਤੇ ਵੱਖ-ਵੱਖ ਖ਼ੇਤਰਾਂ ਵਿੱਚ ਤੂਫ਼ਾਨ ਅਤੇ ਹੋਰ ਕੁਦਰਤੀ ਆਪਦਾਵਾਂ ਆਉਂਦੀਆਂ ਹਨ।
ਕੁਦਰਤੀ ਆਫਤਾਂ ਨਾਲ ਨਜਿੱਠਣ ਵਾਲੀ ਭਾਰਤ ਦੀ ਕੌਮੀ ਏਜੰਸੀ ਨੇ ਤੂਫ਼ਾਨ ਆਉਣ ਦੇ ਹਾਲਾਤ 'ਚ ਬਚਾਅ ਲਈ ਕੁਝ ਨਿਰਦੇਸ਼ ਦਿੱਤੇ ਹਨ।

ਤਸਵੀਰ ਸਰੋਤ, Getty Images
ਤੂਫ਼ਾਨ ਦੀ ਚਿਤਾਵਨੀ ਮਿਲੇ ਤਾਂ ਕੀ ਕਰੀਏ?
- ਸਥਾਨਕ ਮੌਸਮ ਬਾਰੇ ਤਾਜ਼ਾ ਜਾਣਕਾਰੀ ਰੱਖੋ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਚਿਤਾਵਨੀਆਂ ਦਾ ਧਿਆਨ ਰੱਖੋ।
- ਘਰ ਦੇ ਅੰਦਰ ਰਹੋ ਬਰਾਂਡੇ ਵਿੱਚ ਨਾ ਜਾਓ।
- ਸਾਰੇ ਬਿਜਲੀ ਦੇ ਉਪਕਰਨਾਂ ਦੇ ਪਲੱਗ ਕੱਢ ਦੇਵੋ। ਤਾਰ ਵਾਲੇ ਟੈਲੀਫੋਨ ਦੀ ਵਰਤੋਂ ਨਾ ਕਰੋ।
- ਪਲੰਬਿੰਗ ਜਾਂ ਲੋਹੇ ਦੀਆਂ ਪਾਈਪਾਂ ਨਾ ਛੇੜੋ। ਟੈਂਕੀ ਤੋਂ ਆਉਣ ਵਾਲੇ ਪਾਣੀ ਦੀ ਵਰਤੋਂ ਨਾ ਕਰੋ।
- ਟਿਨ ਦੀਆਂ ਛੱਤਾਂ ਜਾਂ ਮੈਟਲ ਰੂਫ ਵਾਲੀਆਂ ਇਮਾਰਤਾਂ ਤੋਂ ਦੂਰ ਰਹੋ।
- ਦਰਖਤਾਂ ਦੇ ਕੋਲ ਜਾਂ ਉਨ੍ਹਾਂ ਦੇ ਹੇਠਾਂ ਬਚਾਅ ਲਈ ਨਾ ਖੜੋ।
- ਜੇਕਰ ਤੁਸੀਂ ਕਾਰ ਜਾਂ ਬੱਸ ਦੇ ਅੰਦਰ ਹੋ ਤਾਂ ਵਾਹਨ ਉੱਥੇ ਹੀ ਰੋਕ ਲਵੋ।
- ਪਾਣੀ ਤੋਂ ਤੁਰੰਤ ਬਾਹਰ ਨਿਕਲ ਆਓ। ਸਵੀਮਿੰਗ ਪੂਲ, ਝੀਲ, ਛੋਟੀ ਕਿਸ਼ਤੀ ਤੋਂ ਬਾਹਰ ਆ ਜਾਓ ਅਤੇ ਸੁਰੱਖਿਅਤ ਥਾਂ ਵੱਲ ਰੁਖ ਕਰੋ।

ਤਸਵੀਰ ਸਰੋਤ, Getty Images
ਬਿਜਲੀ ਡਿੱਗਣ 'ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਜੇਕਰ ਕਿਸੇ 'ਤੇ ਆਸਮਾਨੀ ਬਿਜਲੀ ਡਿੱਗ ਜਾਵੇ ਤਾਂ ਤੁਰੰਤ ਡਾਕਟਰ ਦੀ ਮਦਦ ਮੰਗੋ। ਅਜਿਹੇ ਲੋਕਾਂ ਨੂੰ ਛੂਹਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
- ਜੇਕਰ ਕਿਸੇ 'ਤੇ ਬਿਜਲੀ ਡਿੱਗਦੀ ਹੈ ਤਾਂ ਤੁਰੰਤ ਉਸਦੀ ਨਬਜ਼ ਦੀ ਜਾਂਚ ਕਰੋ। ਜੇਕਰ ਤੁਸੀਂ ਮੁੱਢਲੀ ਮੈਡੀਕਲ ਮਦਦ ਦੇਣਾ ਜਾਣਦੇ ਹੋ ਤਾਂ ਜ਼ਰੂਰ ਦਿਓ।
- ਬਿਜਲੀ ਡਿੱਗਣ ਨਾਲ ਅਕਸਰ ਦੋ ਥਾਵਾਂ 'ਤੇ ਸੜਨ ਦੀ ਸੰਭਾਵਨਾ ਹੁੰਦੀ ਹੈ। ਇੱਕ ਤਾਂ ਉਹ ਜਗ੍ਹਾਂ ਜਿੱਥੋਂ ਬਿਜਲੀ ਦਾ ਝਟਕਾ ਸਰੀਰ ਅੰਦਰ ਦਾਖਲ ਹੋਇਆ ਹੈ, ਦੂਜੀ ਉਹ ਥਾਂ ਜਿੱਥੋਂ ਬਿਜਲੀ ਦੇ ਝਟਕੇ ਦਾ ਨਿਕਾਸ ਹੋਇਆ ਹੈ ਜਿਵੇਂ ਕਿ ਪੈਰ ਦੀਆਂ ਤਲੀਆਂ।
- ਅਜਿਹਾ ਵੀ ਹੋ ਸਕਦਾ ਹੈ ਕਿ ਬਿਜਲੀ ਡਿੱਗਣ ਨਾਲ ਸ਼ਖਸ ਦੀਆਂ ਹੱਡੀਆਂ ਟੁੱਟ ਗਈਆਂ ਹੋਣ ਜਾਂ ਉਸਨੂੰ ਸੁਣਨਾ ਜਾਂ ਦਿਖਾਈ ਦੇਣਾ ਬੰਦ ਹੋ ਗਿਆ ਹੋਵੇ। ਇਸਦੀ ਜਾਂਚ ਕਰੋ।
- ਬਿਜਲੀ ਡਿੱਗਣ ਤੋਂ ਬਾਅਦ ਤੁਰੰਤ ਬਾਹਰ ਨਾ ਨਿਕਲੋ। ਵਧੇਰੇ ਮੌਤਾਂ ਤੂਫ਼ਾਨ ਗੁਜ਼ਰ ਜਾਣ ਦੇ 30 ਮਿੰਟਾਂ ਤੱਕ ਬਿਜਲੀ ਡਿੱਗਣ ਨਾਲ ਹੁੰਦੀਆਂ ਹਨ।
- ਜੇਕਰ ਬੱਦਲ ਗਰਜ ਰਹੇ ਹੋਣ ਅਤੇ ਤੁਹਾਡੇ ਰੌਂਗਟੇ ਖੜੇ ਹੋ ਰਹੇ ਹੋਣ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ਵਿੱਚ ਹੇਠਾਂ ਪੈਰਾਂ ਦੇ ਭਾਰ ਬੈਠ ਜਾਓ। ਆਪਣੇ ਹੱਥ ਗੋਡਿਆਂ 'ਤੇ ਰੱਖੋਂ ਅਤੇ ਸਿਰ ਦੋਹਾਂ ਘੁਟਨਿਆਂ ਦੇ ਵਿਚਾਲੇ। ਇਸ ਤਰ੍ਹਾਂ ਤੁਹਾਡਾ ਜ਼ਮੀਨ ਨਾਲ ਘੱਟ ਤੋਂ ਘੱਟ ਸੰਪਰਕ ਹੋਵੇਗਾ।
- ਛਤਰੀ ਜਾਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਧਾਤੂ ਦੇ ਜ਼ਰੀਏ ਬਿਜਲੀ ਤੁਹਾਡੇ ਸਰੀਰ ਵਿੱਚ ਵੜ ਸਕਦੀ ਹੈ। ਬ੍ਰਿਟਿਸ਼ ਜਰਨਲ ਵਿੱਚ ਛਪਿਆ ਹੈ ਕਿ ਕਿਵੇਂ 15 ਸਾਲ ਦੀ ਇੱਕ ਕੁੜੀ 'ਤੇ ਬਿਜਲੀ ਡਿੱਗ ਗਈ ਜਦੋਂ ਉਹ ਮੋਬਾਈਲ ਦੀ ਵਰਤੋਂ ਕਰ ਰਹੀ ਸੀ। ਉਸਨੂੰ ਦਿਲ ਦਾ ਦੌਰਾ ਪਿਆ ਸੀ।
- ਇਹ ਮਿੱਥ ਹੈ ਕਿ ਬਿਜਲੀ ਇੱਕ ਥਾਂ 'ਤੇ ਦੋ ਵਾਰ ਨਹੀਂ ਡਿੱਗ ਸਕਦੀ।








