ਗੁੜਗਾਉਂ ਵਿੱਚ ਜੁੰਮੇ ਦੀ ਨਮਾਜ਼ ਦੇ ਝਗੜੇ ਦੀ ਅਸਲੀਅਤ: ਬੀਬੀਸੀ ਦੀ ਗਰਾਊਂਡ ਰਿਪੋਰਟ

ਤਸਵੀਰ ਸਰੋਤ, AFP/GETTY IMAGES
- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ, ਗੁੜਗਾਉਂ ਹਰਿਆਣਾ ਤੋਂ
ਪੂਰਾ ਮਾਮਲਾ ਸਮਝਣ ਤੋਂ ਪਹਿਲਾਂ ਹੇਠ ਲਿਖੇ ਤੱਥ ਧਿਆਨ ਵਿੱਚ ਰੱਖਣੇ ਜਰੂਰੀ ਹਨ-
- ਗੁੜਗਾਉਂ ਦੀ ਕੁੱਲ ਵਸੋਂ 15 ਲੱਖ ਵਿੱਚੋਂ 3 ਲੱਖ ਮੁਸਲਮਾਨ ਹਨ।
- ਗੁੜਗਾਉਂ ਵਿੱਚ ਕੁੱਲ 13 ਛੋਟੀਆਂ-ਵੱਡੀਆਂ ਮਸਜਿਦਾਂ ਹਨ, ਭਾਵ 32 ਹਜ਼ਾਰ ਮੁਸਲਮਾਨਾਂ ਪਿੱਛੇ 1 ਮਸਜਿਦ।
- ਹਰਿਆਣੇ ਦੇ ਵਕਫ਼ ਬੋਰਡ ਮੁਤਾਬਕ 9 ਮਸਜਿਦਾਂ 'ਤੇ ਨਾਜਾਇਜ਼ ਕਬਜ਼ੇ ਹਨ।
- ਮਸਜਿਦ ਲਈ ਜ਼ਮੀਨ ਮਿਲਣਾ ਮੁਸ਼ਕਿਲ ਹੈ।
- ਕਈ ਮਸਜਿਦਾਂ ਮੁੱਕਦਮੇਬਾਜ਼ੀ ਵਿੱਚ ਉਲਝੀਆਂ ਹੋਈਆਂ ਹਨ।

ਤਸਵੀਰ ਸਰੋਤ, AFP/GETTY IMAGES
ਦੋ ਦਹਾਕਿਆਂ ਤੋਂ ਹਰਿਆਣੇ ਦੇ ਗੁੜਗਾਉਂ ਵਿੱਚ ਜਿਸ ਤੇਜ਼ੀ ਨਾਲ ਦਫ਼ਤਰ ਅਤੇ ਅਪਾਰਟਮੈਂਟ ਬਣੇ ਹਨ ਅਤੇ ਇਨ੍ਹਾਂ ਨੂੰ ਬਣਾਉਣ ਅਤੇ ਚਲਾਉਣ ਵਿੱਚ ਲੱਖਾਂ ਲੋਕ ਲੱਗੇ ਹਨ ਪਰ ਉਸ ਤੋਂ ਕਿਤੇ ਵਧੇਰੇ ਗਿਣਤੀ ਕਾਮਿਆਂ-ਕਾਰੀਗਰਾਂ ਦੀ ਹੈ।
ਇਨ੍ਹਾਂ ਕਾਮਿਆਂ ਤੇ ਕਾਰੀਗਰਾਂ ਵਿੱਚੋਂ ਬਹੁਤੇ ਮੇਵਾਤ ਦੇ ਮੁਸਲਮਾਨ ਹਨ।
ਤਿੰਨ ਲੱਖ ਦੀ ਮੁਸਲਿਮ ਆਬਾਦੀ ਲਈ 13 ਛੋਟੀਆਂ ਵੱਡੀਆਂ ਮਸਜਿਦਾਂ ਹਨ ਪਰ ਕੋਈ ਵੀ ਇੰਨੀ ਵੱਡੀ ਨਹੀਂ ਹੈ ਕਿ ਜਿਸ ਵਿੱਚ ਹਜ਼ਾਰਾਂ ਲੋਕ ਨਮਾਜ਼ ਪੜ੍ਹ ਸਕਣ।
ਨਮਾਜ਼ ਵਿੱਚ ਖਲਲ ਦਾ ਮਾਮਲਾ
ਪਿਛਲੇ ਕਈ ਮਹੀਨਿਆਂ ਤੋਂ ਮੁਸਲਮਾਨਾਂ ਨੂੰ ਖਾਲੀ ਸਰਕਾਰੀ ਜ਼ਮੀਨਾਂ 'ਤੇ ਨਮਾਜ਼ ਪੜ੍ਹਨ ਤੋਂ ਰੋਕਣ ਲਈ ਧਮਕਾਇਆ ਜਾ ਰਿਹਾ ਹੈ। ਮੁਸਲਮਾਨ ਸੰਗਠਨਾਂ ਮੁਤਾਬਕ ਇਮਾਮਾਂ ਨੂੰ ਖ਼ਾਸ ਕਰਕੇ।
20 ਅਪ੍ਰੈਲ ਨੂੰ ਗੱਲ ਉਸ ਸਮੇਂ ਵਧ ਗਈ ਜਦੋਂ ਹਿੰਦੂਵਾਦੀ ਸੰਗਠਨਾਂ ਨਾਲ ਜੁੜੇ ਕਾਰਕੁਨਾਂ ਨੇ ਜੁੰਮੇਂ ਦੀ ਨਮਾਜ਼ ਦੌਰਾਨ "ਜਾ ਕੇ ਰੌਲਾ ਪਾਇਆ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਅਤੇ ਨਮਾਜ਼ੀਆਂ ਨੂੰ ਉੱਥੋਂ ਜਾਣ ਲਈ ਮਜਬੂਰ ਕੀਤਾ।"
ਪੁਲਿਸ ਨੇ ਸ਼ਹਜ਼ਾਦ ਖ਼ਾਨ ਦੀ ਰਿਪੋਰਟ 'ਤੇ 6 ਵਿਅਕਤੀਆਂ ਨੂੰ ਫੜਿਆ ਜੋ ਕਿ ਹੁਣ ਜ਼ਮਾਨਤ 'ਤੇ ਰਿਹਾਅ ਹਨ।
ਗੱਲ ਇੱਥੇ ਹੀ ਨਹੀਂ ਰੁਕੀ ਸਗੋਂ ਪਿਛਲੇ ਸ਼ੁੱਕਰਵਾਰ ਅਜਿਹੀ ਹੀ ਘਟਨਾ ਨਮਾਜ਼ੀਆਂ ਦੇ ਇੱਕ ਹੋਰ ਸਮੂਹ ਨਾਲ ਹੋਈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਸ ਸਮੇਂ ਪੁਲਿਸ ਉੱਥੇ ਮੌਜੂਦ ਸੀ।
ਗੁੜਗਾਉਂ ਦੇ ਪੁਲਿਸ ਕਮਿਸ਼ਨਰ ਸੰਦੀਪ ਅਹਿਰਵਾਰ ਕਹਿੰਦੇ ਹਨ, "ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਅਸੀਂ ਪਹਿਲਾਂ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਅਤੇ ਹਾਲੇ ਵੀ ਤਫ਼ਤੀਸ਼ ਜਾਰੀ ਹੈ ਅਤੇ ਜੋ ਲਾਜ਼ਮੀ ਹੋਵੇਗਾ ਉਸ ਮੁਤਾਬਕ ਕਦਮ ਚੁੱਕੇ ਜਾਣਗੇ।"
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੂਬੇ ਦੇ ਇੱਕ ਹੋਰ ਮੰਤਰੀ ਅਨਿਲ ਵਿੱਜ ਦੇ ਬਿਆਨਾਂ ਮਗਰੋਂ ਮਾਮਲੇ ਦਾ ਸਿਆਸੀਕਰਨ ਹੋ ਚੁੱਕਿਆ ਹੈ। ਖੱਟਰ ਨੇ ਸਲਾਹ ਦਿੱਤੀ ਸੀ ਕਿ ਮੁਸਲਮਾਨ ਜਨਤਕ ਥਾਵਾਂ 'ਤੇ ਨਮਾਜ਼ ਨਾ ਪੜ੍ਹਨ ਜਦ ਕਿ ਵਿੱਜ ਨੇ ਕਿਹਾ ਸੀ ਕਿ ਅਜਿਹਾ ਜ਼ਮੀਨ 'ਤੇ ਕਬਜ਼ੇ ਦੀ ਨੀਅਤ ਨਾਲ ਕੀਤਾ ਜਾ ਰਿਹਾ ਹੈ।
ਹਾਲਾਂਕਿ ਮੁੱਖ ਮੰਤਰੀ ਨੇ ਬਾਅਦ ਵਿੱਚ ਸਫ਼ਾਈ ਦਿੱਤੀ ਕਿ ਉਨ੍ਹਾਂ ਦਾ ਭਾਵ ਕਿਸੇ ਨੂੰ ਨਮਾਜ਼ ਪੜ੍ਹਨ ਤੋਂ ਰੋਕਣ ਦਾ ਨਹੀਂ ਸੀ।
ਗੁੜਗਾਉਂ ਨਿਵਾਸੀ ਫ਼ਿਲਮ ਨਿਰਮਾਤਾ ਰਾਹੁਲ ਰਾਏ ਨੇ ਕਿਹਾ, "ਸੰਵਿਧਾਨਕ ਅਹੁਦਿਆਂ ਤੇ ਬੈਠੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬਿਆਨਾਂ ਦੇ ਲੋਕ ਭਾਂਤ-ਭਾਂਤ ਦੇ ਸਿੱਟੇ ਕੱਢਦੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੀ ਸਿਆਸੀ ਆਗੂਆਂ ਦੇ ਬਿਆਨਾਂ ਵਿੱਚ ਸੰਕੇਤ ਦੇਖਦਾ ਹੈ।"

ਤਸਵੀਰ ਸਰੋਤ, AFP/GETTY IMAGES
ਸਿਆਸੀ ਦਲ ਸਵਰਾਜ ਇੰਡੀਆ ਦੇ ਕੌਮੀ ਬੁਲਾਰੇ ਨੂੰ ਬਿਆਨਾਂ ਅਤੇ ਪੂਰੇ ਮਾਮਲੇ ਵਿੱਚ ਸੋਚੀ ਸਮਝੀ ਸਾਜਿਸ਼ ਨਜ਼ਰ ਆਉਂਦੀ ਹੈ।
ਉਨ੍ਹਾਂ ਦਾ ਕਹਿਣਾ ਹੈ,"ਇੱਕ ਮਸਲੇ ਦੇ ਸਿਆਸੀਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇੱਕ ਅਜਿਹੀ ਕਹਾਣੀ ਘੜਨ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਦੇ ਆਧਾਰ 'ਤੇ ਲੋਕਾਂ ਨੂੰ ਫਿਰਕੂ ਆਧਾਰ 'ਤੇ ਵੰਡਿਆ ਜਾ ਸਕੇ।" ਉਨ੍ਹਾਂ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਅਜਿਹੇ ਬਟਵਾਰੇ ਦਾ ਲਾਭ ਕਿਸ ਨੂੰ ਹੁੰਦਾ ਹੈ।
'ਜੁੰਮੇਂ ਦਾ ਇੱਕਠ ਸ਼ਕਤੀ ਪ੍ਰਦਰਸ਼ਨ'
ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਦੇ ਕੌਮੀ ਪ੍ਰਧਾਨ ਰਾਜੀਵ ਮਿੱਤਲ ਕਹਿੰਦੇ ਹਨ, "ਵਜੀਰਾਬਾਦ ਵਿੱਚ ਨਮਾਜ਼ ਪੜ੍ਹ ਰਹੇ ਲੋਕਾਂ ਚੋਂ ਕਿਸੇ ਨੇ 'ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ' ਦੇ ਨਾਅਰੇ ਲਾਏ, ਜਿਸ 'ਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਅਤੇ ਗੱਲ ਅਲਾਹ ਹੂ ਅਕਬਰ ਅਤੇ ਜੈ ਸ਼੍ਰੀ ਰਾਮ ਤੱਕ ਪਹੁੰਚ ਗਈ, ਵਿਵਾਦ ਹੋਰ ਵਧਿਆ, ਉਹ ਲੋਕ ਨਮਾਜ਼ ਛੱਡ ਕੇ ਚਲੇ ਗਏ।"
ਮਿੱਤਲ ਦਾ ਕਹਿਣਾ ਹੈ "ਇਹ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਮਾਜ਼ ਰੋਕ ਦਿੱਤੀ ਗਈ ਪਰ ਨਮਾਜ਼ ਰੋਕਣਾ ਵਿਸ਼ਾ ਹੀ ਨਹੀਂ ਹੈ।" ਇਸ ਮਗਰੋਂ ਉਹ ਕਹਿੰਦੇ ਹਨ ਕਿ ਸਰਕਾਰੀ ਜ਼ਮੀਨ 'ਤੇ ਬਿਨਾਂ ਆਗਿਆ ਨਮਾਜ਼ ਪੜ੍ਹਨਾ ਗੈਰ ਕਾਨੂੰਨੀ ਹੈ।
ਬਜਰੰਗ ਦਲ ਦੇ ਜਿਲ੍ਹਾ ਸੰਯੋਜਕ ਅਭਿਸ਼ੇਕ ਗੌੜ ਕਹਿੰਦੇ ਹਨ,"ਮੁਸਲਮਾਨਾਂ ਵਿੱਚ ਕੁਝ ਅਜਿਹੇ ਲੋਕ ਹਨ ਜੋ ਖਾਲੀ ਸਰਕਾਰੀ ਜ਼ਮੀਨਾਂ ਦੀ ਭਾਲ ਕਰਦੇ ਹਨ ਅਤੇ ਦੂਸਰੀਆਂ ਥਾਵਾਂ ਤੋਂ ਲੋਕਾਂ ਨੂੰ ਨਮਾਜ਼ ਪੜ੍ਹਨ ਭੇਜ ਦਿੰਦੇ ਹਨ।"

ਗੁੜਗਾਉਂ ਨਿਵਾਸੀ ਰਾਜ ਕਰਣ ਯਾਦਵ ਇਸ ਨੂੰ ਜ਼ਮੀਨਾਂ 'ਤੇ ਕਬਜ਼ੇ ਦੀ ਖੇਡ ਦੱਸਦੇ ਹਨ ਅਤੇ ਜਨਤਕ ਤੌਰ ਤੇ ਨਮਾਜ਼ ਪੜ੍ਹਨ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਦੇ ਹਨ।
ਅਸਲ ਵਿੱਚ ਨਾਜਾਇਜ਼ ਕਬਜ਼ਾ ਮਸਜਿਦਾਂ 'ਤੇ
ਜਿਹੜੇ ਗਾਜ਼ੀਆਬਾਦ ਵਿੱਚ ਮੁਸਲਮਾਨਾਂ ਵੱਲੋਂ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਗੱਲ ਚੱਲ ਰਹੀ ਹੈ ਅਸਲ ਵਿੱਚ ਉਸੇ ਸ਼ਹਿਰ ਵਿੱਚ ਇੱਕ ਮਸਜਿਦ 'ਤੇ ਸਥਾਨਕ ਨਿਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿੱਥੇ ਮੁਸਲਮਾਨ ਨਮਾਜ਼ ਨਹੀਂ ਪੜ੍ਹ ਸਕਦੇ।
ਵਕਫ਼ ਬੋਰਡ ਮੁਤਾਬਕ ਸ਼ਹਿਰ ਵਿੱਚ ਲਗਪਗ ਨੌਂ ਮਸਜਿਦਾਂ 'ਤੇ ਨਾਜਾਇਜ਼ ਕਬਜ਼ੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਮੁਸਲਮਾਨਾਂ ਨੂੰ ਹਿੰਦੂ ਬਹੁਗਿਣਤੀ ਇਲਾਕਿਆਂ ਵਿੱਚ ਨਮਾਜ਼ ਪੜ੍ਹਨ ਦੀ ਆਗਿਆ ਨਾ ਦਿੱਤੀ ਜਾਵੇ।

ਦੂਸਰੇ ਪਾਸੇ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਨੇ ਕੂਲੈਕਟਰ ਨੂੰ ਮੈਮੋਰੈਂਡਮ ਦਿੱਤਾ ਹੈ ਕਿ ਹਿੰਦੂ ਸੰਗਠਨਾਂ ਦੀ "ਇਹ ਮੰਗ ਸੰਵਿਧਾਨ ਵਿੱਚ ਮਿਲੇ ਮੌਲਿਕ ਅਧਿਕਾਰਾਂ ਖ਼ਾਸ ਕਰਕੇ ਧਾਰਮਿਕ ਆਜ਼ਾਦੀ ਦਾ ਉਲੰਘਣ ਹੈ।"
ਨਾਗਰਿਕਾਂ ਨੂੰ ਉਮੀਦ ਹੈ ਕਿ ਸਰਕਾਰੀ ਜ਼ਮੀਨਾਂ ਦੀ ਵਰਤੋਂ ਬਾਰੇ ਪ੍ਰਸ਼ਾਸ਼ਨ ਸੰਵਿਧਾਨ ਸੰਗਤ ਵਿਹਾਰ ਕਰੇਗਾ।
ਵਧਦੀ ਆਬਾਦੀ ਅਤੇ ਥਾਂ ਦੀ ਕਮੀ
ਕਦੇ 50 ਹਜ਼ਾਰ ਦੀ ਵਸੋਂ ਵਾਲੇ ਗੁੜਗਾਉਂ ਦੀ ਹੁਣ 15 ਲੱਖ ਆਬਾਦੀ ਹੈ ਜਿਸ ਵਿੱਚੋਂ 3 ਲੱਖ ਮੁਸਲਮਾਨ ਹਨ।
ਜੁੰਮੇਂ ਦੀ ਨਮਾਜ਼ ਸਮੂਹਿਕ ਰੂਪ ਵਿੱਚ ਪੜ੍ਹਨ ਦੀ ਰਵਾਇਤ ਹੈ ਜਦ ਕਿ ਸ਼ਹਿਰ ਦੀਆਂ ਮਸਜਿਦਾਂ ਵਿੱਚ 18-20 ਹਜ਼ਾਰ ਤੋਂ ਵੱਧ ਲੋਕ ਨਮਾਜ਼ ਨਹੀਂ ਪੜ੍ਹ ਸਕਦੇ।
ਗੁੜਗਾਉਂ ਦੇ ਸੈਕਟਰ-57 ਵਿੱਚ ਬਣ ਰਹੀ ਅੰਜੁਮਨ ਮਸਜਿਦ ਵਿੱਚ ਕਈ ਸਮੂਹ ਨਮਾਜ਼ ਪੜ੍ਹ ਸਕਣਗੇ ਪਰ ਇਹ ਕਈ ਸਾਲਾਂ ਤੋਂ ਅਧੂਰੀ ਲਟਕ ਰਹੀ ਹੈ।
ਇਸ ਲਈ ਥਾਂ ਭਾਵੇਂ ਹਰਿਆਣਾ ਡਿਵੈਲਪਮੈਂਟ ਅਥਾਰਟੀ (ਹੁੱਡਾ) ਤੋਂ ਖ਼ਰੀਦੀ ਗਈ ਹੈ ਪਰ ਇਹ ਮੁਕੱਦਮੇਬਾਜ਼ੀ ਵਿੱਚ ਉਲਝੀ ਹੋਈ ਹੈ ਅਤੇ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ।
ਇਸ ਦੇ ਪ੍ਰਬੰਧ ਨਾਲ ਜੁੜੇ ਇੱਕ ਵਿਅਕਤੀ ਨੇ ਕਿਹਾ ਕਿ ਅਦਾਲਤਾਂ ਮਸਜਿਦ ਦੇ ਪੱਖ ਵਿੱਚ ਫੈਸਲੇ ਦਿੰਦੀਆਂ ਰਹੀਆਂ ਹਨ ਪਰ ਫੇਰ ਕੋਈ ਨਾ ਕੋਈ ਵਿਅਕਤੀ ਕੇਸ ਕਰ ਦਿੰਦਾ ਹੈ।
ਕੇਸ ਕਰਨ ਵਾਲਿਆਂ ਵਿੱਚੋਂ ਬਹੁਤੇ ਪ੍ਰਾਪਰਟੀ ਡੀਲਰ ਦੱਸੇ ਜਾਂਦੇ ਹਨ।

ਤਸਵੀਰ ਸਰੋਤ, ANJUMAN JAMA MASJID
ਧਿਆਨਯੋਗ ਹੈ ਕਿ ਗੁੜਗਾਉਂ ਵਿੱਚ ਅਜਿਹੇ ਸੈਂਕੜੇ ਅਪਾਰਟਮੈਂਟ ਹਨ ਜਿੱਥੇ ਮੰਦਿਰ ਹਨ ਪਰ ਮਸਜਿਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਹੁੱਡਾ ਵੀ ਕਟਹਿਰੇ ਵਿੱਚ
ਹਰਿਆਣਾ ਵਿਕਾਸ ਅਥਾਰਟੀ ਕੁਝ ਨਿਯਮਾਂ ਦੇ ਆਧਾਰ 'ਤੇ ਧਾਰਮਿਕ ਥਾਵਾਂ ਲਈ ਸਸਤੀਆਂ ਕੀਮਤਾਂ 'ਤੇ ਜ਼ਮੀਨ ਦਿੰਦਾ ਰਿਹਾ ਹੈ।
ਹਾਂ, ਕਈ ਵਾਰ ਸੰਯੋਗ ਵੱਸ ਜਾਂ ਜਾਣੇ-ਅਨਜਾਣ ਹੁੱਡਾ ਅਜਿਹੇ ਫੈਸਲੇ ਲੈ ਲੈਂਦਾ ਹੈ ਜੋ ਵਕਫ਼ ਦੇ ਵਿਰੋਧ ਵਿੱਚ ਭੁਗਤ ਜਾਂਦੇ ਹਨ।
ਮਿਸਾਲ ਵਜੋਂ ਹੰਸ ਇਨਕਲੇਵ ਕਾਲੋਨੀ ਵਿੱਚ ਮਸਜਿਦ ਲਈ ਵਕਫ਼ ਬੋਰਡ ਜ਼ਰੀਏ ਖ਼ਰੀਦੀ ਗਈ ਜ਼ਮੀਨ ਚਾਰ ਦਹਾਕਿਆਂ ਤੱਕ ਫਸੀ ਰਹੀ, ਇਸ ਜ਼ਮੀਨ 'ਤੇ ਕੋਈ ਉਸਾਰੀ ਨਹੀਂ ਹੋ ਸਕੀ। ਕਿਉਂਕਿ ਇਸ ਨੂੰ ਹੁੱਡਾ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ।
ਇਸੇ ਤਰ੍ਹਾਂ ਚੋਮਾ ਪਿੰਡ ਵਿੱਚ ਮਸਜਿਦ ਦੀ ਜ਼ਮੀਨ ਕਿਸੇ ਹੋਰ ਕੰਮ ਲਈ ਲਏ ਜਾਣ ਦੇ ਹੁੱਡਾ ਦੇ ਫੈਸਲੇ ਦਾ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਦਾਲਤ ਨੇ ਜ਼ਮੀਨ ਵਕਫ਼ ਬੋਰਡ ਨੂੰ ਦੇਣ ਦੇ ਹੁਕਮ ਕੀਤੇ ਹਨ।
ਵਕਫ਼ ਬੋਰਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਹੁੱਡਾ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ।

ਤਸਵੀਰ ਸਰੋਤ, AFP/GETTY IMAGES
ਜਾਇਦਾਦ ਅਧਿਕਾਰੀ ਪ੍ਰਸ਼ਾਸ਼ਨ ਨੇ ਕਿਹਾ ਹੈ,"ਜੇ ਪ੍ਰਸ਼ਾਸ਼ਨ ਇਨ੍ਹਾਂ ਮਸਜਿਦਾਂ ਵਿੱਚੋਂ ਕਬਜ਼ੇ ਹਟਵਾ ਕੇ ਪੁਲਿਸ ਸੁਰੱਖਿਆ ਦਿੰਦਾ ਹੈ ਤਾਂ ਵਕਫ਼ ਬੋਰਡ ਇਨ੍ਹਾਂ ਦੀ ਮੁਰੰਮਤ ਕਰਾ ਕੇ ਆਪਣੇ ਖ਼ਰਚੇ 'ਤੇ ਇਮਾਮਾਂ ਦੀ ਨਿਯੁਕਤੀ ਕਰਨ ਲਈ ਤਿਆਰ ਹੈ ਤਾਂ ਕਿ ਨਮਾਜ਼ ਹੋ ਸਕੇ।"
ਖੁੱਲ੍ਹੇ ਵਿੱਚ ਨਮਾਜ਼ ਪੜ੍ਹਨੀ ਚਾਹੀਦੀ ਹੈ ?
ਪੇਸ਼ੇ ਤੋਂ ਅਕਾਊਂਟੈਂਟ ਅਤੇ ਮੁਸਲਿਮ ਸੰਗਠਨ ਇੰਡੀਆ ਇਸਲਾਮਿਕ ਰਿਸਰਚ ਸੈਂਟਰ ਦੇ ਮੈਂਬਰ ਮੁਹੰਮਦ ਅਰਸ਼ਾਨ ਕਹਿੰਦੇ ਹਨ,"ਕਿਸਨੂੰ ਲੱਗਦਾ ਹੈ ਕਿ ਅਸੀਂ ਖੁੱਲ੍ਹੇ ਵਿੱਚ ਨਮਾਜ਼ ਪੜ੍ਹਨੀ ਚਾਹੁੰਦੇ ਹਾਂ?"
"ਤੁਸੀਂ ਜੂਨ ਜੁਲਾਈ ਵਿੱਚ ਆ ਕੇ ਦੇਖੋ ਕਿ ਤੇਜ਼ ਗਰਮੀ ਵਿੱਚ ਜੁੰਮੇਂ ਦੀ ਨਮਾਜ਼ ਅਦਾ ਕਰਨ ਵਿੱਚ ਲੋਕਾਂ ਦੀ ਕੀ ਹਾਲਤ ਹੁੰਦੀ ਹੈ, ਹੁਣ ਤਾਂ ਕੁਝ ਦਿਨਾਂ ਤੱਕ ਰੋਜ਼ੇ ਸ਼ੁਰੂ ਹੋਣ ਵਾਲੇ ਹਨ ਅਤੇ ਗਰਮੀ ਸਿਖਰ 'ਤੇ ਹੈ।"
ਉਨ੍ਹਾਂ ਕਿਹਾ ਕਿ ਮਸਜਿਦਾਂ ਲਈ ਜ਼ਮੀਨ ਮਿਲਣਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋ ਸੰਗਠਨਾਂ ਨੇ ਜ਼ਮੀਨ ਲਈ ਹੁੱਡਾ ਨੂੰ ਦੋ ਸਾਲ ਪਹਿਲਾਂ ਅਰਜ਼ੀ ਦਿੱਤੀ ਸੀ ਪਰ ਉਹ ਰੱਦ ਹੋ ਗਈ।

ਗੁੜਗਾਉਂ ਦੇ ਕਮਿਸ਼ਨਰ ਡੀ. ਸੁਰੇਸ਼ ਕਹਿੰਦੇ ਹਨ ਕਿ ਕਈ ਅਰਜੀਆਂ ਇਸ ਲਈ ਰੱਦ ਹੋ ਜਾਂਦੀਆਂ ਹਨ ਕਿਉਂਕ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ। ਜਿਵੇਂ ਧਾਰਮਿਕ ਥਾਵਾਂ ਲਈ ਥਾਂ ਲੈਣ ਲਈ ਅਰਜੀ ਦੇਣ ਵਾਲੇ ਸੰਗਠਨ ਦਾ ਧਾਰਮਿਕ ਸੰਗਠਨ ਹੋਣਾ ਜਰੂਰੀ ਹੈ ਅਤੇ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਦੇਖਿਆ ਜਾਂਦਾ ਹੈ।
ਉਹ ਅਹੁਦੇ ਵਜੋਂ ਹੁੱਡਾ ਦੀ ਧਾਰਮਿਕ ਥਾਵਾਂ ਲਈ ਜ਼ਮੀਨ ਦੇਣ ਵਾਲੀ ਕਮੇਟੀ ਦੇ ਮੈਂਬਰ ਹਨ।
ਉਨ੍ਹਾਂ ਕਿਹਾ ਕਿ ਇਸ ਸਾਲ ਵੀ ਅਸੀਂ ਇਸ਼ਤਿਹਾਰ ਦਿੱਤਾ ਹੈ ਪਰ ਕਿਸੇ ਮੁਸਲਿਮ ਸੰਗਠਨ ਨੇ ਅਰਜੀ ਨਹੀਂ ਦਿੱਤੀ।
ਕੀ ਹੈ ਰਾਹ...
ਪ੍ਰਸ਼ਾਸ਼ਨ ਨੇ ਮੁਸਲਿਮ ਸਮੂਹਾਂ ਤੋਂ ਉਨ੍ਹਾਂ ਥਾਵਾਂ ਦੀ ਲਿਸਟ ਮੰਗੀ ਹੈ ਜਿੱਥੇ ਉਹ ਨਮਾਜ਼ ਪੜ੍ਹਨਾ ਚਾਹੁੰਦੇ ਹਨ। ਉਹ ਹਿੰਦੂ ਸੰਗਠਨਾਂ ਨਾਲ ਵੀ ਗੱਲ ਕਰ ਰਹੇ ਹਨ।
ਇਸਲਾਮੁਦੀਨ ਨੇ ਦੱਸਿਆ,"ਮੁਸਲਮਾਨਾਂ ਨੇ ਅਜਿਹੀਆਂ 70 ਛੋਟੀਆਂ-ਵੱਡੀਆਂ ਥਾਵਾਂ ਦੀ ਲਿਸਟ ਤਿਆਰ ਕੀਤੀ ਹੈ। ਜਿੱਥੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜਨਤਕ ਥਾਵਾਂ 'ਤੇ ਨਮਾਜ਼ ਪੜ੍ਹੀ ਜਾ ਸਕਦੀ ਹੈ।"
ਕੁਝ ਲੋਕਾਂ ਮੁਤਾਬਕ ਇਸ ਨਾਲ ਗੁੜਗਾਉਂ ਬਾਰੇ ਦੁਨੀਆਂ ਭਰ ਵਿੱਚ ਗਲਤ ਸੰਕੇਤ ਜਾ ਰਿਹਾ ਹੈ। ਜਿਸਦਾ ਨੁਕਸਾਨ ਵਪਾਰ ਨੂੰ ਹੋਵੇਗਾ।
ਭਾਰਤ ਦੀ ਮਿਲੇਨੀਅਮ ਸਿਟੀ ਕਹੇ ਜਾਂਦੇ ਗੁੜਗਾਉਂ ਵਿੱਚ ਫਾਰਚੂਨ 500 ਕੰਪਨੀਆਂ ਵਿੱਚੋਂ 250 ਕੰਪਨੀਆਂ ਦੇ ਦਫ਼ਤਰ ਹਨ। ਇਹ ਦੁਨੀਆਂ ਵਿੱਚ ਮੈਡੀਕਲ ਸੇਵਾ ਕੇਂਦਰ ਵਜੋਂ ਦੁਨੀਆਂ ਵਿੱਚ ਉਭਰਿਆ ਹੈ।
ਗੁੜਗਾਉਂ ਨਿਵਾਸੀ ਫੈਸ਼ਨ ਡਿਜ਼ਾਈਨਰ ਸਿੰਮੀ ਚਾਵਲਾ ਦਾ ਮਸ਼ਵਰਾ ਹੈ ਕਿ ਕੰਪਨੀਆਂ ਨੂੰ ਆਪ ਹੀ ਇਹ ਬੰਦੋਬਸਤ ਕਰਨਾ ਚਾਹੀਦਾ ਹੈ ਕਿ ਮੁਸਲਮਾਨ ਕਾਮੇ ਕੰਪਲੈਕਸ ਦੇ ਅੰਦਰ ਹੀ ਜੁੰਮੇਂ ਦੀ ਨਮਾਜ਼ ਪੜ੍ਹ ਸਕਣ।
ਸਿੰਮੀ ਦਾ ਕਹਿਣਾ ਹੈ,"ਮੈਂ ਇਹ ਮਸ਼ਵਰਾ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਹੈ ਅਤੇ ਉਹ ਇਸ ਲਈ ਤਿਆਰ ਹਨ।"















