'ਕੋਈ ਮੈਨੂੰ ਦੇਵੀ ਸਮਝਦਾ ਹੈ ਅਤੇ ਕੋਈ ਵੇਸਵਾ'

ਜਦੋਂ ਮੈਂ ਸੜਕ 'ਤੇ ਖੜ੍ਹੀ ਹੁੰਦੀ ਹਾਂ ਤਾਂ ਡਰ ਲਗਦਾ ਹੈ ਕਿ ਕੋਈ ਮੁੰਡਾ ਸੀਟੀ ਮਾਰੇਗਾ ਅਤੇ ਕਹੇਗਾ ਤੇਰਾ ਰੇਟ ਕੀ ਹੈ, ਚਲ...

ਕਦੀ ਲਗਦਾ ਕਿ ਕੋਈ ਮੇਰੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਮੰਗੇਗਾ।

ਕੋਈ ਮੈਨੂੰ ਮੇਰੇ ਪਰਿਵਾਰ ਲਈ ਕਲੰਕ ਦੱਸਦਾ ਤੇ ਕੋਈ ਮੈਨੂੰ ਦੇਵੀ ਕਹਿੰਦਾ ਸੀ। ਲੋਕ ਮੈਨੂੰ ਵੇਸਵਾ ਹੋਣ ਦਾ ਮਿਹਣਾ ਵੀ ਮਾਰ ਦਿੰਦੇ ਹਨ।

ਪਰ ਮੈਨੂੰ 'ਰੁਪੇਸ਼' ਤੋਂ 'ਰੁਦਰਾਣੀ' ਬਣਨ ਦੀ ਕੋਈ ਸ਼ਰਮਿੰਦਗੀ ਨਹੀਂ ਹੈ।

ਮੈਂ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ ਪਰ ਮੈਨੂੰ ਆਪਣੇ ਸਰੀਰ ਵਿੱਚ ਕਦੇ ਕੋਈ ਸਹਿਜਤਾ ਮਹਿਸੂਸ ਨਹੀਂ ਹੋਈ। ਮੈਂ ਖ਼ੁਦ ਨੂੰ ਮੁੰਡੇ ਦੇ ਸਰੀਰ ਵਿੱਚ ਕੈਦ ਸਮਝਦੀ ਸੀ। ਮੇਰੀਆਂ ਭਾਵਨਾਵਾਂ ਕੁੜੀਆਂ ਵਰਗੀਆਂ ਸਨ। ਮੈਨੂੰ ਕੁੜੀਆਂ ਵਾਂਗ ਤਿਆਰ ਹੋਣਾ ਬਹੁਤ ਚੰਗਾ ਲਗਦਾ ਸੀ।

ਮੇਰੇ ਲਈ ਉਸ ਸਰੀਰ ਵਿੱਚ ਰਹਿਣਾ ਮੈਨੂੰ ਪਾਗਲ ਕਰ ਰਿਹਾ ਸੀ, ਪਰ ਮੈਂ ਹਾਰ ਨਹੀਂ ਮੰਨਣਾ ਚਾਹੁੰਦੀ ਸੀ।

ਮੈਂ ਆਪਣੇ ਪਰਿਵਾਰ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ ਅਤੇ ਇਹ ਖੁਸ਼ਕਿਸਮਤੀ ਹੈ ਕਿ ਮੇਰੇ ਮਾਤਾ-ਪਿਤਾ ਅਤੇ ਭਰਾ ਨੇ ਇਸ ਗੱਲ ਨੂੰ ਸਮਝ ਲਿਆ ਤੇ ਮੈਨੂੰ ਮੇਰੇ ਹਿਸਾਬ ਨਾਲ ਜਿਊਣ ਦੀ ਆਜ਼ਾਦੀ ਦਿੱਤੀ।

ਪਰ ਇਹ ਆਜ਼ਾਦੀ ਸਿਰਫ਼ ਘਰ ਤੱਕ ਹੀ ਸੀਮਤ ਸੀ।

ਦੁਨੀਆਂ ਸਾਹਮਣੇ ਮੁੰਡਾ

ਮੈਂ ਕੌਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ। ਮੈਂ ਸਕੂਲ ਵਿੱਚ ਮੁੰਡਿਆ ਦੀ ਵਰਦੀ ਪਾ ਕੇ ਜਾਂਦੀ ਸੀ। ਮੈਨੂੰ ਪੈਂਟ-ਸ਼ਰਟ ਜਾਂ ਜੀਨ ਪਾਉਣਾ ਕਾਫ਼ੀ ਅਸਹਿਜ ਲਗਦਾ ਸੀ।

ਮੈਂ 12ਵੀਂ ਤੱਕ ਕੌਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ। ਉੱਥੇ ਵੀ ਛੇੜਛਾੜ ਅਤੇ ਮਜ਼ਾਕ ਦਾ ਸਾਹਮਣਾ ਕਰਨਾ ਪਿਆ ਇਸ ਲਈ ਕਾਲਜ ਜਾਣ ਦਾ ਦਿਲ ਨਹੀਂ ਕੀਤਾ। ਇਸ ਤੋਂ ਬਾਅਦ ਮੈਂ ਘਰ ਵਿੱਚ ਹੀ ਪੜ੍ਹਾਈ ਕੀਤੀ।

ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਮੈਂ ਮੁੰਡਿਆ ਵੱਲ ਆਕਰਸ਼ਿਤ ਹੋਣ ਲੱਗੀ। ਪਰ, ਮੈਂ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਕੁੜੀ ਤਾਂ ਸਿਰਫ਼ ਘਰ ਵਿੱਚ ਹੀ ਸੀ ਪਰ ਦੁਨੀਆਂ ਲਈ ਮੈਂ ਅਜੇ ਵੀ 'ਰੁਪੇਸ਼' ਸੀ। ਇਹ ਗੱਲ ਮੈਨੂੰ ਵਾਰ-ਵਾਰ ਪ੍ਰੇਸ਼ਾਨ ਕਰਦੀ।

ਇਸ ਤੋਂ ਬਾਅਦ ਮੈਂ ਸੈਕਸ ਬਦਲਣ ਦਾ ਮਨ ਬਣਾ ਲਿਆ ਜਿਹੜਾ ਸੌਖਾ ਨਹੀਂ ਸੀ। ਹਾਲਾਂਕਿ ਮੇਰਾ ਪਰਿਵਾਰ ਮੇਰੇ ਨਾਲ ਸੀ ਪਰ ਪਹਿਲਾਂ ਮਨੋਵਿਗਿਆਨੀ ਨੇ ਮੇਰੇ ਨਾਲ ਲੰਬੀ ਗੱਲ ਕੀਤੀ ਤਾਂਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਮੈਂ ਇੱਕ ਕੁੜੀ ਬਣਨਾ ਚਾਹੁੰਦੀ ਹਾਂ ਕਿ ਨਹੀਂ।

ਡਾਕਟਰ ਨਾਲ ਮਿਲ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਕੁੜੀ ਵਾਂਗ ਦਿਖਣ ਲਗਾਂਗੀ, ਸਰੀਰ ਵੀ ਕੁੜੀ ਦੀ ਤਰ੍ਹਾਂ ਹੋਵੇਗਾ ਪਰ ਕਈ ਲਹਿਜ਼ਿਆਂ ਤੋਂ ਮੈਂ ਪੂਰੀ ਕੁੜੀ ਅਜੇ ਵੀ ਨਹੀਂ ਬਣ ਸਕਾਂਗੀ।

ਮਨੋਵਿਗਿਆਨੀ ਨੇ ਮੇਰੇ ਪਰਿਵਾਰ ਵਾਲਿਆਂ ਨੂੰ ਇਸ ਲਈ ਸਹਿਮਤੀ ਦੇ ਦਿੱਤੀ ਜਿਸ ਤੋਂ ਬਾਅਦ ਮੈਂ ਸਾਲ 2007 ਵਿੱਚ ਆਪਣੀ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਜਦੋਂ ਬਦਲਾਅ ਸ਼ੁਰੂ ਹੋਇਆ...

ਬਦਲਾਅ ਦੀ ਪ੍ਰਕਿਰਿਆ ਵਿੱਚ ਕਈ ਟੈਸਟ ਅਤੇ ਸਰਜਰੀ ਤੋਂ ਲੰਘਣ ਤੋਂ ਬਾਅਦ ਵੀ ਮੇਰੇ ਅੰਦਰ ਇਹ ਡਰ ਬੈਠਾ ਰਹਿੰਦਾ ਕਿ ਇਹ ਸਰੀਰਕ ਦਰਦ ਤਾਂ ਮੈਂ ਸਹਿ ਲਵਾਂਗੀ ਪਰ ਜੇਕਰ ਮੈਨੂੰ 'ਰੁਦਰਾਣੀ' ਦੇ ਰੂਪ ਵਿੱਚ ਲੋਕਾਂ ਨੇ ਨਹੀਂ ਅਪਣਾਇਆ ਤਾਂ ਕੀ ਹੋਵੇਗਾ?

ਜਿਵੇਂ ਹੀ ਮੇਰਾ ਸੈਕਸ ਬਦਲਿਆ, ਮੇਰਾ ਸਵੈ-ਭਰੋਸਾ ਵਧਿਆ ਅਤੇ ਮੈਂ ਇੱਕ ਸੰਸਥਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਹੁਣ ਮੈਂ ਆਪਣੇ ਪਰਿਵਾਰ ਨਾਲ ਨਹੀਂ ਰਹਿੰਦੀ। ਮੇਰੀ ਜ਼ਿੰਦਗੀ ਹੀ ਬਦਲ ਗਈ।

ਦੋਸਤਾਂ ਨੇ ਮੇਰਾ ਸਾਥ ਦਿੱਤਾ ਪਰ ਲੋਕਾਂ ਨੇ ਹਮੇਸ਼ਾ ਮੇਰੀ ਦਿਖ ਦਾ ਮਜ਼ਾਕ ਉਡਾਇਆ। ਮੈਂ ਇਸ ਨੂੰ ਚੁਣੌਤੀ ਦੇ ਤੌਰ 'ਤੇ ਲਿਆ।

ਮੈਂ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ। ਹੌਲੀ-ਹੌਲੀ ਮੇਰਾ ਸਰਕਲ ਵਧਣ ਲੱਗਾ ਅਤੇ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਮੈਂ ਟਰਾਂਸਜੈਂਡਰ ਹਾਂ ਮੈਨੂੰ ਮਾਡਲਿੰਗ ਦੇ ਆਫ਼ਰ ਆਉਣ ਲੱਗੇ। ਮੈਂ ਐਕਟਿੰਗ ਵੀ ਕਰਦੀ ਹਾਂ।

ਮੈਨੂੰ ਵਿਦੇਸ਼ ਤੋਂ ਵੀ ਮਾਡਲਿੰਗ ਦੇ ਆਫ਼ਰ ਮਿਲਦੇ ਹਨ। ਛੋਟਾ ਹੀ ਸਹੀ ਪਰ ਹੁਣ ਮੇਰਾ ਖ਼ੁਦ ਦਾ ਘਰ ਹੈ ਜਿਸ ਨੂੰ ਮੈਂ ਆਪਣੇ ਹੱਥਾਂ ਨਾਲ ਸਜਾਇਆ ਹੈ।

ਅੱਜ 'ਰੁਦਰਾਣੀ' ਆਪਣੀ ਪਛਾਣ ਬਣਾ ਚੁੱਕੀ ਹੈ। ਕਦੇ ਭੇਦਭਾਵ ਕਰਨ ਵਾਲਾ ਸਮਾਜ ਵੀ ਸਨਮਾਨ ਦਿੰਦਾ ਹੈ, ਮੇਰੇ ਵਰਤਾਰੇ ਨੂੰ ਪਸੰਦ ਕਰਦਾ ਹੈ।

ਮੈਂ ਹੁਣ ਆਪਣੇ ਵਰਗੇ ਲੋਕਾਂ ਦੀ ਵੀ ਮਦਦ ਕਰ ਰਹੀ ਹਾਂ। ਇੱਕ ਮਾਡਲਿੰਗ ਏਜੰਸੀ ਦੀ ਮਾਡਲ ਹਾਂ।

ਸੈਕਸ ਬਦਲਾਅ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਵਿੱਚ ਇੱਕ ਖਾਲੀਪਣ ਹੈ।

ਲੋਕ ਮੇਰੀ ਜ਼ਿੰਦਗੀ ਵਿੱਚ ਆਉਂਦੇ ਹਨ ਤੇ ਚਲੇ ਜਾਂਦੇ ਹਨ। ਕੋਈ ਮੇਰਾ ਜੀਵਨ-ਸਾਥੀ ਬਣਨ ਨੂੰ ਤਿਆਰ ਨਹੀਂ ਕਿਉਂਕਿ ਮੈਂ 'ਮਾਂ' ਨਹੀਂ ਬਣ ਸਕਦੀ।

(ਬੀਬੀਸੀ ਦੀ ਵੀਡੀਓ ਜਰਨਲਿਸਟ ਬੁਸ਼ਰਾ ਸ਼ੇਖ ਦੀ ਰੁਦਰਾਣੀ ਨਾਲ ਗੱਲਬਾਤ 'ਤੇ ਆਧਾਰਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)