'ਕੀ ਹਕੂਮਤ ਸਭ ਦੇ ਹੱਥਾਂ 'ਚ ਬੰਦੂਕਾਂ ਫੜਾਉਣਾ ਚਾਹੁੰਦੀ ਹੈ?'

"ਉਨ੍ਹਾਂ ਕਿਹਾ ਸੀ ਤੁਸੀਂ ਮੁਠਭੇੜ ਵਾਲੀ ਥਾਂ 'ਤੇ ਪਹੁੰਚੋ ਪਰ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ।"

ਇਹ ਦਾਅਵਾ ਹੈ ਸ਼ੋਪੀਆਂ ਵਿੱਚ ਮਾਰੇ ਗਏ ਇੱਕ ਅਸਿਸਟੈਂਟ ਪ੍ਰੋਫੈੱਸਰ ਡਾ. ਮੁਹੰਮਦ ਰਫ਼ੀ ਬੱਟ ਦੀ ਪਤਨੀ ਦਾ ਹੈ।

ਬੀਬੀਸੀ ਲਈ ਰਿਆਜ਼ ਮਸਰੂਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਮੈਂ ਸੁਰੱਖਿਆ ਮੁਲਾਜ਼ਮਾਂ ਨੂੰ ਦਰਖਾਸਤ ਕੀਤੀ ਸੀ ਕਿ ਜੇ ਉਹ ਮੈਨੂੰ ਡਾ. ਬੱਟ ਨੂੰ ਮਿਲਣ ਦੇਣ ਤਾਂ ਉਹ ਆਤਮ-ਸਮਰਪਣ ਕਰ ਦੇਵੇਗਾ ਪਰ ਪ੍ਰਸ਼ਾਸਨ ਨੇ ਮੈਨੂੰ ਝੂਠ ਬੋਲਿਆ।''

ਉਨ੍ਹਾਂ ਅਨੁਸਾਰ ਉਹ ਮਿਲਣ ਜਾ ਹੀ ਰਹੇ ਸਨ ਕਿ ਰਾਹ ਵਿੱਚ ਹੀ ਪਤੀ ਦੀ ਮੌਤ ਦੀ ਖ਼ਬਰ ਆ ਗਈ।

ਭਾਰਤ ਸ਼ਾਸ਼ਿਤ ਕਸ਼ਮੀਰ ਦੇ ਜ਼ਿਲ੍ਹਾ ਗਾਂਦਰਬਲ ਨਿਵਾਸੀ ਬੱਟ ਕਸ਼ਮੀਰ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਪੜ੍ਹਾਉਂਦੇ ਸਨ ਅਤੇ ਤਿੰਨ ਸਾਲ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ।

ਉਹ ਕੁਝ ਦਿਨਾਂ ਪਹਿਲਾਂ ਗਾਇਬ ਹੋ ਗਏ ਸਨ। ਸੁਰੱਖਿਆ ਮੁਲਾਜ਼ਮਾਂ ਨੇ ਸਿਰਫ 40 ਘੰਟਿਆਂ ਬਾਅਦ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਕੱਟੜਪੰਥੀਆਂ ਦੇ ਨਾਲ ਉਨ੍ਹਾਂ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਘੇਰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

ਹੁਰੀਅਤ ਦੇ ਸਵਾਲ

ਡਾ. ਬੱਟ ਦੀ ਮੌਤ ਤੋਂ ਬਾਅਦ ਵੱਖਵਾਦੀਆਂ ਨੇ ਮੁਜ਼ਾਹਰਾ ਕੀਤਾ। ਹੁਰੀਅਤ ਆਗੂ ਮੀਰਵਾਇਜ਼ ਉਮਰ ਫਾਰੁਕ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਹਕੂਮਤ ਦੀਆਂ ਕਸ਼ਮੀਰ ਵਿਰੋਧੀ ਨੀਤੀਆਂ ਹਨ।

ਉਨ੍ਹਾਂ ਅੱਗੇ ਸਵਾਲ ਪੁੱਛਿਆ, "ਕੀ ਹਕੂਮਤ ਸਭ ਦੇ ਹੱਥਾਂ ਵਿੱਚ ਬੰਦੂਕਾਂ ਫੜਾਉਣਾ ਚਾਹੁੰਦੀ ਹੈ? ਕੀ ਉਹ ਅਫ਼ਗਾਨਿਸਤਾਨ ਬਣਾਉਣਾ ਚਾਹੁੰਦੇ ਹਨ?"

ਸਵਾਲ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਪੁੱਛ ਰਹੇ ਹਨ।

'ਅਸੀਂ ਆਪਣੇ ਮਹਿਮਾਨ ਦਾ ਕਤਲ ਕਰ ਦਿੱਤਾ'

ਬੜਗਾਮ ਵਿੱਚ ਪੱਥਰਬਾਜ਼ੀ ਦੌਰਾਨ ਇੱਕ ਸੈਲਾਨੀ ਦੇ ਮਾਰੇ ਜਾਣ 'ਤੇ ਉਮਰ ਅਬਦੁੱਲਾ ਨੇ ਦੁੱਖ ਪ੍ਰਗਟਾਇਆ ਹੈ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਅਸੀਂ ਇੱਕ ਸੈਲਾਨੀ ਦੀ ਗੱਡੀ 'ਤੇ ਪੱਥਰ ਸੁੱਟ ਕੇ ਉਸ ਨੂੰ ਮਾਰਿਆ ਹੈ। ਅਸੀਂ ਮੰਨ ਲਈਏ ਕਿ ਅਸੀਂ ਇੱਕ ਸੈਲਾਨੀ 'ਤੇ ਪੱਥਰਬਾਜ਼ੀ ਕੀਤੀ ਅਤੇ ਅਸੀਂ ਇੱਕ ਮਹਿਮਾਨ ਦਾ ਕਤਲ ਕਰ ਦਿੱਤਾ ਹੈ, ਪਰ ਅਸੀਂ ਇਨ੍ਹਾਂ ਪੱਥਰਬਾਜ਼ਾਂ ਦੀ ਸ਼ਲਾਘਾ ਕਰਦੇ ਹਾਂ।"

ਦਰਅਸਲ ਇਹ ਹਾਦਸਾ ਸ਼੍ਰੀਨਗਰ ਤੋਂ ਤਕਰੀਬਨ 15 ਕਿਲੋਮੀਟਰ ਦੂਰ ਨਰਬਲ ਇਲਾਕੇ ਵਿੱਚ ਵਾਪਰਿਆ। ਸੋਮਵਾਰ ਨੂੰ ਸਵੇਰੇ 11 ਵਜੇ ਗੁਲਮਰਗ ਜਾ ਰਹੀ ਇੱਕ ਗੱਡੀ 'ਤੇ ਅਚਾਨਕ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ।

ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 23 ਸਾਲਾ ਥਿਰੂਮਣੀ ਨਾਮ ਦੇ ਸ਼ਖ਼ਸ ਦੀ ਮੌਤ ਹੋ ਗਈ। ਤਮਿਲਨਾਡੂ ਦੇ ਥਿਰੂਮਣੀ ਇੱਕ ਦਲ ਨਾਲ ਗੁਲਮਰਗ ਜਾ ਰਹੇ ਸਨ।

ਜੰਮੂ-ਕਸ਼ਮੀਰ ਦੇ ਡੀਜੀਪੀ ਐੱਸਪੀ ਵੈਦ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)