16 ਸਾਲਾ ਕੁੜੀ ਨਾਲ ਗੈਂਗਰੇਪ ਕੀਤਾ, ਫਿਰ ਜ਼ਿੰਦਾ ਸਾੜਿਆ

ਤਸਵੀਰ ਸਰੋਤ, RAVI PARKASH/BBC
- ਲੇਖਕ, ਰਵੀ ਪ੍ਰਕਾਸ਼
- ਰੋਲ, ਚਤਰਾ ਤੋਂ ਬੀਬੀਸੀ ਦੇ ਲਈ
ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਰਾਜਾਕੇਂਦੁਆ ਪਿੰਡ ਵਿੱਚ ਸਮੂਹਕ ਬਲਾਤਕਾਰ ਤੋਂ ਬਾਅਦ ਇੱਕ 16 ਸਾਲਾ ਕੁੜੀ ਨੂੰ ਜ਼ਿੰਦਾ ਸਾੜਨ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਪੰਚਾਇਤ ਕਰਨ ਵਾਲੇ ਮੁਖੀਆ ਅਤੇ ਹੋਰ 13 ਲੋਕ ਵੀ ਗ੍ਰਿਫ਼ਤਾਰ ਕੀਤੇ ਗਏ ਹਨ।
ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਂਚ ਕਰ ਰਹੀ ਹੈ।
ਪੁਲਿਸ ਦੇ ਅਫ਼ਸਰ ਅਤੇ ਜਵਾਨ ਪਿੰਡ ਵਿੱਚ ਕੈਂਪ ਲਾ ਕੇ ਰੁਕੇ ਹੋਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੁੜੀ ਨੂੰ ਸਾੜਨ ਵਾਲੇ ਮੁੱਖ ਮੁਲਜ਼ਮ ਨੂੰ ਹਜ਼ਾਰੀਬਾਗ ਦੇ ਚੌਪਾਰਨ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਹੁਣ ਸਿਰਫ ਤਿੰਨ ਲੋਕ ਫਰਾਰ ਹਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਮਾਮਲੇ ਦਾ ਸਪੀਡ ਟ੍ਰਾਇਲ ਵੀ ਕਰਵਾਇਆ ਜਾਵੇਗਾ।
ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਸੁਰੱਖਿਆ ਉਪਲਬਧ ਕਰਾ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਨਾਲ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ।
ਕਦੋਂ ਦੀ ਹੈ ਘਟਨਾ?
ਇਹ ਵਾਰਦਾਤ ਉਸੇ ਵੇਲੇ ਹੋਈ ਜਦੋਂ ਪੀੜਤ ਕੁੜੀ ਗੁਆਂਢ ਦੇ ਪਿੰਡ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ।
ਉੱਥੇ ਹੀ ਪਾਣੀ ਭਰਨ ਦੌਰਾਨ ਵੀਰਵਾਰ ਦੀ ਰਾਤ ਕੁੜੀ ਨੂੰ ਉਸਦੇ ਕਥਿਤ ਪ੍ਰੇਮੀ ਨੇ ਅਗਵਾ ਕਰ ਲਿਆ ਅਤੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸਦਾ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਨੂੰ ਕਿਹਾ ਪਰ ਕੁੜੀ ਨੇ ਘਰ ਪਰਤਦੇ ਹੀ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ।

ਤਸਵੀਰ ਸਰੋਤ, RAVI PRAKASH/BBC
ਚਤਰਾ ਦੇ ਐਸਪੀ ਅਖਿਲੇਸ਼ ਵਰਿਅਰ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਕੁੜੀ ਦੇ ਪਿੰਡ ਰਾਜਾਕੇਂਦੂਆ ਵਿੱਚ ਪੰਚਾਇਤ ਬੈਠੀ।
ਪਿੰਡ ਦੇ ਮੁਖੀਆ ਅਤੇ ਦੂਜੇ ਲੋਕਾਂ ਨੇ ਮੁੰਡੇ 'ਤੇ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਅਤੇ ਕੰਨ ਫੜ੍ਹ ਕੇ ਜਨਤਕ ਤੌਰ 'ਤੇ ਉਠਕ-ਬੈਠਕ ਅਤੇ ਪੀੜਤ ਤੋਂ ਮੁਆਫ਼ੀ ਮੰਗਣ ਦਾ ਫੈਸਲਾ ਸੁਣਾਇਆ।
ਮੁੰਡੇ ਨੇ ਇਹ ਸਜ਼ਾ ਨਹੀਂ ਮੰਨੀ ਅਤੇ ਪੰਚਾਇਤ ਦੇ ਵਿਚਾਲੇ ਹੀ ਉੱਚ ਕੇ ਕੁੜੀ ਦੇ ਘਰ ਵੜ੍ਹ ਗਿਆ ਅਤੇ ਕੈਰੋਸੀਨ ਪਾ ਕੇ ਕੁੜੀ ਨੂੰ ਅੱਗ ਲਾ ਦਿੱਤੀ।

ਤਸਵੀਰ ਸਰੋਤ, RAVI PRAKASH/BBC
ਕੁੜੀ ਦੀ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ । ਇਸ ਤੋਂ ਬਾਅਦ 20 ਲੋਕਾਂ ਅਤੇ 10 ਅਣਪਛਾਤੇ ਲੋਕਾਂ ਖਿਲਾਫ ਰਿਪੋਰਟ ਦਰਜ ਕਰਵਾਈ ਗਈ ਹੈ।
ਚਤਰਾ ਦੇ ਡੀਸੀ ਜਿਤੇਂਦਰ ਕੁਮਾਰ ਨੇ ਸ਼ਨੀਵਾਰ ਨੂੰ ਰਾਜਾਕੇਂਦਆ ਵਿੱਚ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਤਤਕਾਲ ਇੱਕ ਲੱਖ ਰੁਪਏ ਨੂੰ ਆਰਥਿਕ ਸਹਾਇਤਾ ਉਪਲਬਧ ਕਰਵਾਈ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਰਘੁਵਾਰ ਦਾਸ ਖਉਦ ਇਸ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੇ ਹੁਕਮਾਂ 'ਤੇ ਐਸਆਈਟੀ ਇਸਦੀ ਜਾਂਚ ਕਰ ਰਹੀ ਹੈ।
"ਅਸੀਂ ਇਸ ਮਾਮਲੇ ਵਿੱਚ ਚੌਕਸੀ ਵਰਤ ਰਹੇ ਹਾਂ ਕਿਉਂਕਿ ਮੁੰਡੇ ਅਤੇ ਕੁੜੀ ਦੇ ਘਰ ਇੱਕ ਹੀ ਟੋਲੇ ਵਿੱਚ ਹਨ।
ਬਾਈਕ ਤੋਂ ਅਗਵਾ, ਜੰਗਲ ਵਿੱਚ ਗੈਂਗਰੇਪ
ਕੁੜੀ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਲੋਕ ਗੁਆਂਢ ਦੇ ਪਿੰਡ ਵਿੱਚ ਗਏ ਸੀ। ਉੱਥੇ ਮੇਰੀ ਚਚੇਰੀ ਭੈਣ ਦਾ ਵਿਆਹ ਸੀ। ਵੀਰਵਾਰ ਦੀ ਰਾਤ ਕਰੀਬ ਅੱਠ ਵਜੇ ਉੱਥੋਂ ਮੇਰੇ ਪਿੰਡ ਦੇ ਇੱਕ ਲੜਕੇ ਨੇ ਆਪਣੇ ਚਾਰ ਦੋਸਤਾਂ ਦੇ ਨਾਲ ਮੇਰੀ ਧੀ ਅਗਵਾ ਕਰ ਲਈ।''
"ਉਹ ਜ਼ਬਰਨ ਮੇਰੀ ਧੀ ਨੂੰ ਜੰਗਲ ਵੱਲ ਲੈ ਜਾਣ ਲੱਗੇ ਉਸ ਵੇਲੇ ਮੇਰੇ ਭਤੀਜੇ ਨੇ ਉਨ੍ਹਾਂ ਨੂੰ ਵੇਖ ਲਿਆ।''

ਤਸਵੀਰ ਸਰੋਤ, RAVI PRAKASH/BBC
"ਰਾਤ 11 ਵਜੇ ਰੋਂਦੀ ਹੋਈ ਉਹ ਵਾਪਸ ਪਰਤੀ ਅਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਉਸੇ ਵੇਲੇ ਸਾਨੂੰ ਪਤਾ ਲੱਗਿਆ। ਸ਼ੁੱਕਰਵਾਰ ਨੂੰ ਦੁਪਹਿਰ ਇਸ ਮਾਮਲੇ ਦੀ ਪੰਚਾਇਤ ਦੌਰਾਨ ਕੁੜੀ ਦੀ ਮਾਂ ਨੇ ਮੁੰਡੇ ਨੂੰ ਕੁੜੀ ਨਾਲ ਵਿਆਹ ਕਰਨ ਲਈ ਕਿਹਾ।''
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਇਸ ਮਤੇ ਤੋਂ ਮੁੰਡੇ ਵਾਲੇ ਪਾਸੇ ਦੇ ਲੋਕ ਭੜਕ ਗਏ। ਪੰਚਾਇਤ ਵਿੱਚ ਹੀ ਸਾਡੇ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਪਾਕੁੜ ਜ਼ਿਲ੍ਹੇ ਵਿੱਚ ਵੀ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਝਾਰਖੰਡ ਪੁਲਿਸ ਕਰ ਰਹੀ ਹੈ।
ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੀੜਤਾ ਨੂੰ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।












