ਆਂਧਰਾ ਪ੍ਰਦੇਸ਼: ਉਹ ਪਿੰਡ ਜਿੱਥੇ ਹਰ ਘਰ ਅੱਗੇ ਹੈ ਕਬਰ

ਤਸਵੀਰ ਸਰੋਤ, Shyam Mohan
- ਲੇਖਕ, ਸ਼ਾਮ ਮੋਹਨ
- ਰੋਲ, ਬੀਬੀਸੀ ਲਈ
ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਦੇ ਅਇਆ ਕੋਂਡਾ ਪਿੰਡ ਵਿੱਚ ਪਹੁੰਚਦਿਆਂ ਹੀ ਇੱਕ ਸਵਾਲ ਜ਼ਹਿਨ ਵਿੱਚ ਸਹਿਜੇ ਹੀ ਆ ਜਾਂਦਾ ਹੈ, "ਕੀ ਕਿਸੇ ਕਬਰਿਸਤਾਨ ਵਿੱਚ ਆ ਗਏ ਜਿੱਥੇ ਕਈ ਘਰ ਵੀ ਹਨ ਜਾਂ ਉਸ ਪਿੰਡ ਵਿੱਚ ਜੋ ਕਬਰਿਸਤਾਨ ਬਣਿਆ ਪਿਆ ਹੈ।"
ਬੇਲਾਰੀ ਤੋਂ ਕਰੀਬ 100 ਕਿਲੋਮੀਟਰ ਦੂਰ ਅਇਆ ਕੋਂਡਾ ਅਜਿਹਾ ਪਿੰਡ ਹੈ ਜਿੱਥੇ ਹਰ ਘਰ ਦੇ ਸਾਹਮਣੇ ਇੱਕ ਕਬਰਿਸਤਾਨ ਹੈ।
ਇਹ ਪਿੰਡ ਕੁਰਨੂਲ ਜ਼ਿਲਾ ਮੁੱਖ ਦਫ਼ਤਰ ਤੋਂ 66 ਕਿਲੋਮੀਟਰ ਦੂਰ ਗੋਨੇਗੰਦਲ ਮੰਡਲ ਵਿਚੋਂ ਇੱਕ ਪਹਾੜੀ 'ਤੇ ਵਸਿਆ ਹੋਇਆ ਹੈ।

ਤਸਵੀਰ ਸਰੋਤ, Shyam Mohan
ਮਾਲਾ ਦਾਸਰੀ ਭਾਈਚਾਰੇ ਦੇ ਕੁੱਲ 150 ਪਰਿਵਾਰਾਂ ਵਾਲੇ ਇਸ ਪਿੰਡ ਦੇ ਲੋਕ ਆਪਣੇ ਸਕੇ ਸਬੰਧੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਨੂੰ ਘਰ ਦੇ ਸਾਹਮਣੇ ਦਫ਼ਨਾ ਦਿੰਦੇ ਹਨ ਕਿਉਂਕਿ ਇੱਥੇ ਕੋਈ ਕਬਰਿਸਤਾਨ ਨਹੀਂ ਹੈ।
ਇਸ ਪਿੰਡ ਦੇ ਹਰੇਕ ਘਰ ਦੇ ਸਾਹਮਣੇ ਇੱਕ ਜਾਂ ਦੋ ਕਬਰਾਂ ਦੇਖਣ ਨੂੰ ਮਿਲਦੀਆਂ ਹਨ। ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਆਪਣੇ ਰੋਜ਼ਮਰਾਂ ਦੇ ਕੰਮਾਂ ਲਈ ਵੀ ਇਨ੍ਹਾਂ ਕਬਰਾਂ ਵਿੱਚੋਂ ਹੀ ਲੰਘਣਾ ਪੈਂਦਾ ਹੈ।
ਔਰਤਾਂ ਇਸ ਨੂੰ ਪਾਰ ਕਰਕੇ ਪਾਣੀ ਲੈਣ ਜਾਂਦੀਆਂ ਹਨ ਅਤੇ ਬੱਚੇ ਇਨ੍ਹਾਂ ਦੇ ਆਲੇ-ਦੁਆਲੇ ਹੀ ਖੇਡਦੇ ਹਨ।

ਤਸਵੀਰ ਸਰੋਤ, Shyam Mohan
ਪਿੰਡਵਾਸੀਆਂ ਦਾ ਕਹਿਣਾ ਹੈ ਕਿ ਇਹ ਕਬਰਾਂ ਉਨ੍ਹਾਂ ਦੇ ਪੁਰਖਿਆਂ ਦੀਆਂ ਹਨ, ਜਿਨ੍ਹਾਂ ਦੀ ਉਹ ਰੋਜ਼ ਪੂਜਾ ਕਰਦੇ ਹਨ, ਪ੍ਰਸ਼ਾਦ ਚੜਾਉਂਦੇ ਹਨ ਅਤੇ ਆਪਣੇ ਰੀਤੀ ਰਿਵਾਜਾਂ ਦਾ ਪਾਲਣ ਕਰਦੇ ਹਨ।
ਘਰ ਵਿੱਚ ਪਕਾਏ ਜਾਣ ਵਾਲੇ ਖਾਣੇ ਪਰਿਵਾਰ ਦੇ ਮੈਂਬਰ ਉਦੋਂ ਤੱਕ ਹੱਥ ਨਹੀਂ ਲਾਉਂਦੇ ਜਦ ਤੱਕ ਉਨ੍ਹਾਂ ਦੇ ਮ੍ਰਿਤਕਾਂ ਦੀਆਂ ਕਬਰਾਂ 'ਤੇ ਨਾ ਚੜਾਇਆ ਜਾਵੇ।

ਤਸਵੀਰ ਸਰੋਤ, Shyam Mohan
ਇਸ ਰਿਵਾਜ ਬਾਰੇ ਪਿੰਡ ਦੇ ਸਰਪੰਚ ਸ਼੍ਰੀਨਿਵਾਸੁਲੂ ਨੇ ਬੀਬੀਸੀ ਨੂੰ ਦਸਿਆ, "ਅਧਿਆਤਮਕ ਗੁਰੂ ਨੱਲਾ ਰੈਡੀ ਅਤੇ ਉਨ੍ਹਾਂ ਦੇ ਚੇਲੇ ਮਾਲਾ ਦਸ਼ਾਰੀ ਚਿੰਤਲਾ ਮੁਨੀਸੁਆਮੀ ਨੇ ਪਿੰਡ ਦੇ ਵਿਕਾਸ ਲਈ ਆਪਣੀ ਪੂਰੀ ਸ਼ਕਤੀ ਅਤੇ ਧਨ ਲਾ ਦਿੱਤਾ ਸੀ। ਉਨ੍ਹਾਂ ਵੱਲੋਂ ਕੀਤੇ ਕੰਮਾਂ ਦੇ ਸਤਿਕਾਰ ਵਜੋਂ ਪਿੰਡ ਵਾਲਿਆਂ ਨੇ ਇੱਥੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਮੰਦਰ ਸਥਾਪਿਤ ਕੀਤਾ ਅਤੇ ਉਨ੍ਹਾਂ ਦੀ ਪੂਜਾ ਕਰਨ ਲੱਗੇ। ਠੀਕ ਓਸੇ ਤਰ੍ਹਾਂ ਆਪਣੇ ਪਰਿਵਾਰ ਵੱਡਿਆਂ ਦੇ ਸਨਮਾਨ ਵਜੋਂ ਪਿੰਡ ਵਾਲੇ ਘਰ ਦੇ ਬਾਹਰ ਹੀ ਉਨ੍ਹਾਂ ਦੀ ਕਬਰ ਬਣਾਉਂਦੇ ਹਨ।"
ਉਹ ਰਿਵਾਜ ਕੇਵਲ ਭੋਗ ਲਾਉਣ ਅਤੇ ਪੂਜਾ ਕਰਨ ਤੱਕ ਹੀ ਸੀਮਤ ਨਹੀਂ ਹੈ ਬਲਕਿ ਜਦੋਂ ਉਹ ਨਵੇਂ ਗੈਜੇਟਸ (ਮੋਬਾਈਲ, ਪੈਡਸ, ਲੈਪਟੌਪ, ਸਮਾਰਟ ਘੜੀਆਂ ਆਦਿ) ਖਰੀਦਦੇ ਹਨ ਤਾਂ ਪਹਿਲਾਂ ਇਨ੍ਹਾਂ ਕਬਰਾਂ ਦੇ ਅੱਗੇ ਰੱਖਦੇ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਦਾ ਇਸਤੇਮਾਲ ਕਰਦੇ ਹਨ।

ਤਸਵੀਰ ਸਰੋਤ, Shyam Mohan
ਸ਼੍ਰੀਨਿਵਾਸੁਲੂ ਨੇ ਬੀਬੀਸੀ ਨੂੰ ਦੱਸਿਆ, "ਪਿੰਡਵਾਸੀਆਂ ਵਿੱਚ ਅੰਧ ਵਿਸ਼ਵਾਸ਼ ਦੀਆਂ ਡੂੰਘੀਆਂ ਜੜ੍ਹਾਂ ਨੂੰ ਹਟਾਉਣਾ ਬੇਹੱਦ ਮੁਸ਼ਕਿਲ ਹੈ ਅਤੇ ਹੁਣ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਬੇੜਾ ਚੁੱਕਿਆ ਹੈ ਕਿਉਂਕਿ ਉਹ ਹੀ ਭਵਿੱਖ ਵਿੱਚ ਬਦਲਾਅ ਲਿਆ ਸਕਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਬੱਚਿਆਂ ਵਿੱਚ ਕੁਪੋਸ਼ਣ ਪਿੰਡ ਦੀ ਇੱਕ ਹੋਰ ਚਿੰਤਾ ਹੈ ਅਤੇ ਆਂਗਨਵਾੜੀ ਕੇਂਦਰ ਲਈ ਤੇ ਪਹਾੜੀਆਂ 'ਤੇ ਘਰ ਬਣਾਉਣ ਲਈ ਪਿੰਡਵਾਸੀਆਂ ਨੂੰ ਜ਼ਮੀਨਾਂ ਵੰਡਣ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ।
ਇਸ ਪਿੰਡ ਵਿੱਚ ਕੁਝ ਹੋਰ ਵੀ ਪ੍ਰਥਾਵਾਂ ਮੌਜੂਦ ਹਨ ਜਿਵੇਂ ਇੱਥੋਂ ਦੇ ਲੋਕ ਪਿੰਡ ਤੋਂ ਬਾਹਰ ਵਿਆਹ ਨਹੀਂ ਕਰਦੇ ਅਤੇ ਰਵਾਇਤੀ ਮੰਜਿਆਂ 'ਤੇ ਵੀ ਨਹੀਂ ਸੌਂਦੇ।

ਤਸਵੀਰ ਸਰੋਤ, Shyam Mohan
ਪਿੰਡ ਵਾਲਿਆਂ ਦਾ ਮੁੱਖ ਪੇਸ਼ਾ ਖੇਤੀ ਹੈ। ਇੱਥੇ ਇਹ ਅਨਾਜ ਤੋਂ ਇਲਾਵਾ ਪਿਆਜ਼, ਮੂੰਗਫਲੀ ਅਤੇ ਮਿਰਚ ਦੀ ਖੇਤੀ ਕਰਦੇ ਹਨ।
ਅਇਆ ਕੋਂਡਾ ਨੂੰ ਇਸ ਇਲਾਕੇ ਵਿੱਚ ਖਰਗੋਸ਼ਾਂ ਦੀ ਵੱਡੀ ਆਬਾਦੀ ਕਰਕੇ ਪਹਿਲਾਂ 'ਕੁੰਡੇਲੂ ਪੜਾ' (ਖਰਗੋਸ਼ਾਂ ਲਈ ਘਰ) ਦੇ ਨਾਮ ਵਜੋਂ ਜਾਣਿਆ ਜਾਂਦਾ ਸੀ। ਹਾਲਾਂਕਿ ਬਾਅਦ ਵਿੱਚ ਇਸ ਦਾ ਅਇਆ ਕੋਂਡਾ ਰੱਖਿਆ ਗਿਆ।
ਪਿੰਡ ਵਾਲਿਆਂ ਨੂੰ ਆਪਣੇ ਰਾਸ਼ਨ, ਪੈਨਸ਼ਮ ਜਾਂ ਰੋਜਮਰਾਂ ਦੀਆਂ ਜਰੂਰਤਾਂ ਲਈ ਪਹਾੜੀ ਤੋਂ ਹੇਠਾਂ ਗੰਜ਼ਿਹਲੀ ਜਾਣਾ ਪੈਂਦਾ ਹੈ।

ਤਸਵੀਰ ਸਰੋਤ, Shyam Mohan
ਮੰਡਲ ਕੌਂਸਲ ਖੇਤਰੀ ਚੋਣ ਖੇਤਰ ਦੇ ਮੈਂਬਰ ਖਾਜਾ ਨਵਾਬ ਕਹਿੰਦੇ ਹਨ ਕਿ ਕਬਰਿਸਤਾਨ ਦੇ ਨਿਰਮਾਣ ਲਈ ਜੇਕਰ ਸਰਕਾਰ ਜ਼ਮੀਨ ਦੇ ਦਵੇ ਤਾਂ ਇਹ ਅੰਧਵਿਸ਼ਵਾਸ਼ ਨੂੰ ਦੂਰ ਕਰਨ ਦੇ ਹੱਲ ਵਜੋਂ ਕੰਮ ਕਰ ਸਕਦਾ ਹੈ।
ਪਿੰਡ ਦੇ ਮੁੱਖ ਰੰਗਾਸੁਆਮੀ ਨੇ ਕਿਹਾ, "ਪੀੜੀਆਂ ਤੋਂ ਜਿਨ੍ਹਾਂ ਰਿਵਾਜਾਂ ਦਾ ਅਸੀਂ ਪਾਲਣ ਕਰਦੇ ਆ ਰਹੇ ਹਾਂ, ਉਨ੍ਹਾਂ ਨੂੰ ਰੋਕਣ ਨਾਲ ਸਾਨੂੰ ਨੁਕਸਾਨ ਪਹੁੰਚ ਸਕਦਾ ਹੈ। ਅਸੀਂ ਇਸ ਗੱਲ ਨੂੰ ਲੈ ਕੇ ਵੀ ਚਿੰਤਾ 'ਚ ਹਾਂ ਕਿ ਭਵਿੱਖ ਵਿੱਚ ਕਬਰ ਬਣਾਉਣ ਲਈ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣਗੀਆਂ। ਸਾਡੇ ਪਿੰਡ ਵਿੱਚ ਨੇਤਾ ਚੋਣਾਂ ਤੋਂ ਪਹਿਲਾਂ ਝਾਤੀ ਵੀ ਨਹੀਂ ਮਾਰਨ ਆਉਂਦੇ।"

ਤਸਵੀਰ ਸਰੋਤ, Shyam Mohan
ਕੁਰਨੂਲ ਤੋਂ ਸੰਸਦ ਮੈਂਬਰ ਬੁੱਟਾ ਰੇਣੁਕਾ ਕੋਲੋਂ ਜਦੋਂ ਬੀਬੀਸੀ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚੱਲਦੀ ਅਜਿਹੀ ਪ੍ਰਥਾ ਦੀ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਲ ਇਸ ਬਾਰੇ ਬੀਬੀਸੀ ਕੋਲੋਂ ਸੁਣ ਰਹੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡਵਾਸੀਆਂ ਨੂੰ ਸਹਾਇਤਾ ਪਹੁੰਚਾਈ ਜਾਵੇਗੀ ਅਤੇ ਨਾਲ ਹੀ ਦੱਸਿਆ ਕਿ ਉਨ੍ਹਾਂ ਨੇ ਜ਼ਿਲਾ ਕਲੈਕਟਰ ਕੋਲੋਂ ਪਿੰਡ ਦੇ ਹਾਲਾਤ ਬਾਰੇ ਰਿਪੋਰਟ ਤਲਬ ਕੀਤੀ ਹੈ।












