ਪ੍ਰੈਸ ਰਿਵੀਊ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜੱਜ ਖ਼ਿਲਾਫ਼ ਕੀ ਬੋਲੇ ਬਾਦਲ

ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਅਗਵਾਈ ਹੇਠ ਬਣਾਏ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦੇ ਖੁਲਾਸਿਆਂ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਸਵਾਲ ਖੜ੍ਹੇ ਕਰਕੇ ਇਸ ਨੂੰ ਬਦਲੇ ਦੀ ਰਾਜਨੀਤੀ ਦੱਸਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ (ਬਾਦਲਾਂ) ਖ਼ਿਲਾਫ ਆਪਣੀ ਪੁਰਾਣੀ ਸਿਆਸੀ ਅਤੇ ਨਿੱਜੀ ਬਦਲਾਖੋਰੀ ਵਾਲੀ ਨੀਤੀ ਉੱਤੇ ਚੱਲ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਇਹ ਅਖੌਤੀ ਰਿਪੋਰਟ ਅਤੇ ਇਸ ਦੇ ਲੇਖਕ ਦੀ ਮਾਨਸਿਕਤਾ ਦਾ ਕਿੰਨਾ ਸਿਆਸੀਕਰਨ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਪੜਤਾਲੀਆ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਗਏ ਹਨ।

ਪਾਕਿਸਤਾਨ ਦੇ ਸਾਬਕਾ ਹਾਕੀ ਖਿਡਾਰੀ ਨੂੰ ਭਾਰਤੀ ਹਸਪਤਾਲਾਂ ਨੇ ਕੀਤੀ ਮੁਫਤ ਇਲਾਜ ਕਰਨ ਦੀ ਪੇਸ਼ਕਸ਼।

ਪਾਕਿਸਤਾਨ ਦੀ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫੌਰਟਿਸ ਗਰੁੱਪ ਆਫ ਹਾਸਪਿਟਲਜ਼ ਨੇ ਪਾਕਿਸਤਾਨ ਦੇ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੋਲਕੀਪਰ ਮਨਸੂਰ ਅਹਿਮਦ ਦਾ ਇੱਕ ਹਫਤੇ ਤੋਂ ਘੱਟ ਸਮੇਂ ਵਿੱਚ ਟਰਾਂਸਪਲਾਂਟ ਕਰਨ ਲਈ ਨਾਮ ਦਰਜ ਕਰਨ ਦੀ ਪੇਸ਼ਕਸ਼ ਕੀਤੀ।

ਅਖ਼ਬਾਰ ਦੀ ਰਿਪੋਰਟ ਮੁਤਾਬਕ 49 ਸਾਲਾ ਮਨਸੂਰ ਨੇ ਭਾਰਤ ਸਰਕਾਰ ਨੂੰ ਮੈਡੀਕਲ ਵੀਜ਼ੇ ਲਈ ਇੱਕ ਦਰਖ਼ਾਸਤ ਪਾਈ ਗਈ ਸੀ।

1994 'ਚ ਪਾਕਸਿਤਾਨ ਲਈ ਸਿਡਨੀ ਵਿੱਚ ਹੋਏ ਹਾਕੀ ਵਿਸ਼ਵ ਕੱਪ ਜਿੱਤਣ ਦਾ ਸਿਹਰਾ ਮਨਸੂਰ ਦੇ ਸਿਰ ਬੰਨ੍ਹਿਆ ਜਾਂਦਾ ਹੈ। ਉਨ੍ਹਾਂ ਇਸ ਦੌਰਾਨ ਨੀਦਰਲੈਂਡ ਦੇ ਖ਼ਿਲਾਫ਼ ਪੈਨਲਟੀ ਸਟ੍ਰੋਕ ਖਏਡ ਇਹ ਮੈਚ ਜਿੱਤਿਆ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਨੰਗਲ ਪੁਲਿਸ ਨੇ ਪੰਜਾਬੀ ਗਾਇਕਾ ਮਿਸ ਪੂਜਾ ਖ਼ਿਲਾਫ਼ ਕਥਿਤ ਤੌਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ 'ਤੇ ਇੱਕ ਗਾਣੇ ਵਿੱਚ ਯਮਰਾਜ ਨੂੰ ਇੱਕ ਪੋਸਟਰ ਵਿੱਚ ਸ਼ਰਾਬੀ ਦਿਖਾਏ ਜਾਣ 'ਤੇ ਹਿੰਦੂਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕਥਿਤ ਤੌਰ 'ਤੇ ਇਲਜ਼ਾਮ ਲੱਗਾ ਹੈ।

ਐੱਸਐੱਚਓ ਸੰਨੀ ਖੰਨਾ ਨੇ ਦੱਸਿਆ ਕਿ ਮਿਸ ਪੂਜਾ, ਹਰੀਸ਼ ਵਰਮਾ, ਬੀਡੀਓਵਾਲੇ ਫਰੇਮ ਸਿੰਘ, ਵੀਡੀਓ ਪ੍ਰੋਡਕਸ਼ਨ ਟੀਮ ਅਤੇ ਸਪੀਡ ਰਿਕਾਰਡਜ਼ ਮਿਊਜ਼ੀਕਲ ਕੰਪਨੀ ਖਿਲਾਫ਼ ਆਈਪੀਐੱਸ ਦੀ ਧਾਰਾ 295ਏ, 499 ਅਤੇ 500 ਤਹਿਤ ਕੇਸ ਦਰਜ ਕੀਤਾ ਹੈ।

ਲੰਡਨ ਦੀ ਅਦਾਲਤ ਨੇ ਵਿਜੈ ਮਾਲਿਆ ਖ਼ਿਲਾਫ਼ ਸੀਬੀਆਈ ਵੱਲੋਂ ਮੁਹੱਈਆ ਕਰਵਾਏ ਸਾਰੇ ਸਬੂਤ ਸਵੀਕਾਰ ਕਰ ਲਏ ਗਏ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੀਬੀਆਈ ਲਈ ਇੱਕ ਵੱਡੀ ਉਪਲਬਧੀ ਹੈ ਕਿ ਲੰਡਨ ਦੀ ਅਦਾਲਤ ਨੇ ਸੁਣਵਾਈ ਦੌਰਾਨ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਸੀਬੀਆਈ ਦੇ ਸਾਰੇ ਸਬੂਤ ਸਵੀਕਾਰ ਕਰ ਲਏ ਹਨ।

ਅਗਲੇ ਦੋ ਮਹੀਨਿਆਂ ਵਿੱਚ ਅਗਲੀ ਸੁਣਵਾਈ ਦੌਰਾਨ ਵੈਸਟਮਿਨੀਸਟਰ ਮੈਜਿਸਟ੍ਰੇਟ ਦੀ ਅਦਾਲਤ ਦੀ ਜੱਜ ਏਮਾ ਅਰਬਥਨਟ ਨੂੰ ਇਹ ਜ਼ਿਰਹਾ ਲਿਖਤੀ ਰੂਪ ਵਿੱਚ ਦਿੱਤੀ ਜਾਵੇਗੀ।

ਆਸ ਜਤਾਈ ਜਾ ਰਹੀ ਹੈ 11 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਮਾਮਲੇ ਦੇ ਦੋਸ਼ੀ ਖ਼ਿਲਾਫ਼ ਸਜ਼ਾ ਦੇ ਸੰਕੇਤ ਦਿੱਤੇ ਜਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)