IPL ਦੇ 5 ਮੈਚ ਜਦੋਂ ਕ੍ਰਿਸ ਗੇਲ ਦੇ 'ਤੂਫਾਨ' ਨੇ ਪਲਟੀ ਬਾਜ਼ੀ

ਤਸਵੀਰ ਸਰੋਤ, Getty Images
ਆਈਪੀਐਲ 2018 ਵਿੱਚ ਖਿਡਾਰੀਆਂ ਦੀ ਨੀਲਾਮੀ ਦੌਰਾਨ ਕ੍ਰਿਸ ਗੇਲ ਲਈ ਤਿੰਨ ਵਾਰ ਆਵਾਜ਼ ਮਾਰੀ ਗਈ। ਪਹਿਲਾਂ ਦੋ ਵਾਰ ਤਾਂ ਕੋਈ ਨਹੀਂ ਆਇਆ ਫਿਰ ਕਿੰਗਸ ਇਲੈਵਨ ਪੰਜਾਬ ਨੇ ਕ੍ਰਿਸ ਗੇਲ ਨੂੰ 2 ਕਰੋੜ ਦੇ ਬੇਸ ਪ੍ਰਾਈਜ਼ 'ਤੇ ਖ਼ਰੀਦ ਲਿਆ।
ਹੁਣ ਸ਼ਾਇਦ ਬਾਕੀ ਟੀਮਾਂ ਅਫਸੋਸ ਜਤਾ ਰਹੀਆਂ ਹੋਣਗੀਆਂ ਕਿ ਆਖਰ ਉਨ੍ਹਾਂ ਨੇ ਕ੍ਰਿਕਟ ਮਾਹਿਰਾਂ ਵੱਲੋਂ 'ਯੂਨੀਵਰਸ ਦਾ ਬੌਸ' ਦੱਸੇ ਜਾਣ ਵਾਲੇ ਕ੍ਰਿਸ ਗੇਲ ਲਈ ਬੋਲੀ ਕਿਉਂ ਨਹੀਂ ਲਾਈ।
ਆਈਪੀਐਲ 2018 ਵਿੱਚ ਕਿੰਗਸ ਇਲੈਵਨ ਪੰਜਾਬ ਨੇ ਪਹਿਲੇ ਦੋ ਮੈਚਾਂ ਵਿੱਚ ਗੇਲ ਨੂੰ ਨਹੀਂ ਖਿਡਾਇਆ ਪਰ ਅਗਲੇ ਤਿੰਨ ਮੈਚਾਂ ਵਿੱਚ ਕਿੰਗਸ ਇਲੈਵਨ ਪੰਜਾਬ ਨੂੰ ਗੇਲ ਦੇ ਤੂਫਾਨ ਨੇ ਹੀ ਜਿੱਤ ਦੇ ਬੂਹੇ ਤੱਕ ਪਹੁੰਚਾਇਆ।
ਇਹ ਗੇਲ ਦਾ ਹੀ 'ਤੂਫਾਨ' ਹੈ ਕਿ ਬੀਤੇ 2 ਸੀਜ਼ਨਸਜ਼ ਤੋਂ ਅੱਠਵੇਂ ਨੰਬਰ 'ਤੇ ਰਹੀ ਕਿੰਗਸ ਇਲੈਵਨ ਪੰਜਾਬ ਦੀ ਟੀਮ ਇਸ ਵਾਰ ਪਹਿਲੀਆਂ ਦੋ ਟੀਮਾਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ।
'2-3 ਮੈਚਾਂ ਵਿੱਚ ਪੈਸਾ ਵਸੂਲ'
ਸੋਮਵਾਰ ਨੂੰ ਦਿੱਲੀ ਖਿਲਾਫ ਹੋਏ ਮੈਚ ਵਿੱਚ ਕ੍ਰਿਸ ਗੇਲ ਕਮਰ ਦੇ ਦਰਦ ਕਾਰਨ ਨਹੀਂ ਖੇਡ ਸਕੇ ਤੇ ਕ੍ਰਿਸ ਗੇਲ ਦੀ ਗੈਰ ਮੌਜੂਦਗੀ ਵਿੱਚ ਪੰਜਾਬ ਦੇ ਬੱਲੇਬਾਜ਼ ਆਪਣੀ ਕਮਰ ਸਿੱਧੀ ਨਹੀਂ ਕਰ ਸਕੇ ਤੇ 143 ਦੌੜਾਂ ਦਾ ਸਕੋਰ ਹੀ ਬਣਾ ਸਕੇ। ਗੇਂਦਬਾਜ਼ਾਂ ਨੇ ਪੰਜਾਬ ਦੀ ਇੱਜ਼ਤ ਬਚਾਈ ਤੇ ਦਿੱਲੀ ਨੂੰ 4 ਦੌੜਾਂ ਨਾਲ ਹਰਾਇਆ।
ਕ੍ਰਿਸ ਗੇਲ ਲਈ ਬੋਲੀ ਲਾਏ ਜਾਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇ ਵੀਰੇਂਦਰ ਸਹਿਵਾਗ ਨੇ ਕਿਹਾ ਸੀ, "ਜੇ ਕ੍ਰਿਸ ਗੇਲ ਸਾਨੂੰ 2-3 ਮੈਚ ਵੀ ਜਿਤਾ ਦੇਵੇ ਤਾਂ ਸਾਡੀ ਕੀਮਤ ਵਸੂਲ ਹੋ ਜਾਵੇਗੀ।''

ਤਸਵੀਰ ਸਰੋਤ, Getty Images
ਕੌਮਾਂਤਰੀ ਪੱਧਰ 'ਤੇ ਵੈਸਟ ਇੰਡੀਜ਼ ਦੀ ਨੁਮਾਇੰਦਗੀ ਕਰਦੇ ਕ੍ਰਿਸ ਗੇਲ ਦੁਨੀਆਂ ਦੀਆਂ ਵੱਖ-ਵੱਖ ਟੀ-20 ਟੀਮਾਂ ਲਈ ਖੇਡਦੇ ਹਨ।
ਉਂਜ ਤਾਂ ਆਈਪੀਐਲ ਵਿੱਚ ਕ੍ਰਿਸ ਗੇਲ ਨੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਪਰ ਕ੍ਰਿਸ ਗੇਲ ਦੀ ਇਸ ਵਾਰ ਦੇ ਸੀਜ਼ਨ ਤੇ ਬਾਕੀ ਸੀਜ਼ਨਜ਼ ਤੋਂ 5 ਖਾਸ ਪਾਰੀਆਂ ਬਾਰੇ ਜ਼ਿਕਰ ਕਰਾਂਗੇ।

ਤਸਵੀਰ ਸਰੋਤ, Getty Images
1. ਚੇੱਨਈ ਖਿਲਾਫ ਖੇਡੀ 63 ਦੌੜਾਂ ਦੀ ਪਾਰੀ
- ਆਈਪੀਐੱਲ-2018 ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਕ੍ਰਿਸ ਗੇਲ ਨੇ ਚੇੱਨਈ ਖਿਲਾਫ ਦੱਸ ਦਿੱਤਾ ਕਿ ਗੇਲ ਦਾ ਤੂਫਾਨ ਹੁਣ ਪੰਜਾਬ ਨਾਲ ਹੈ। ਗੇਲ ਨੇ ਇਸ ਮੈਚ ਵਿੱਚ 33 ਗੇਂਦਾਂ 'ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
- ਇਸ ਪਾਰੀ ਵਿੱਚ ਗੇਲ ਨੇ 7 ਚੌਕੇ ਤੇ 4 ਛਿੱਕੇ ਲਾਏ। ਹਰਭਜਨ ਵਰਗੇ ਸੀਨੀਅਰ ਖਿਡਾਰੀ ਦੀਆਂ ਗੇਂਦਾਂ ਨੂੰ ਕ੍ਰਿਸ ਗੇਲ ਨੇ ਮੈਦਾਨ ਤੋਂ ਬਾਹਰ ਪਹੁੰਚਾਇਆ।
2. ਸਨਰਾਈਜ਼ਰਜ਼ ਖਿਲਾਫ ਨਾਬਾਦ 104 ਦੌੜਾਂ ਦੀ ਪਾਰੀ
- ਇਸ ਮੈਚ ਨੂੰ ਸਰਰਾਈਜ਼ਰਸਜ਼ ਹੈਦਰਾਬਾਦ ਦੇ ਰਾਸ਼ਿਦ ਜ਼ਰੂਰ ਭੁੱਲਣਾ ਚਾਹੁਣਗੇ ਕਿਉਂਕਿ ਕ੍ਰਿਸ ਗੇਲ ਨੇ ਇਸ ਮੈਚ ਵਿੱਚ ਉਨ੍ਹਾਂ ਦੀਆਂ ਗੇਂਦਾਂ 'ਤੇ 6 ਛੱਕੇ ਲਾਏ ਜਿਨ੍ਹਾਂ ਵਿੱਚ 4 ਛੱਕੇ ਤਾਂ ਇੱਕੋ ਹੀ ਓਵਰ ਵਿੱਚ ਲਾਏ ਸੀ।
- ਇਸ ਮੈਚ ਵਿੱਚ ਗੇਲ ਨੇ 63 ਗੇਂਦਾਂ ਤੇ 104 ਦੌੜਾਂ ਬਣਾਈਆਂ ਅਤੇ ਪਾਰੀ ਵਿੱਚ ਕੁੱਲ ਮਿਲਾ ਕੇ 11 ਛਿੱਕੇ ਜੜੇ।

ਤਸਵੀਰ ਸਰੋਤ, Getty Images
3. ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ 63 ਦੌੜਾਂ ਦੀ ਪਾਰੀ
- 21 ਅਪ੍ਰੈਲ 2018 ਨੂੰ ਕੋਲਕਤਾ ਨੇ ਪਹਿਲਾਂ ਬੱਲੇਬਾਜ਼ੀ ਕਰਕੇ 191 ਦੌੜਾਂ ਦਾ ਟੀਚਾ ਰੱਖਿਆ ਸੀ।
- ਇਸ ਵੱਡੇ ਟੀਚੇ ਨੂੰ ਮੀਂਹ ਨੇ 125 ਦੌੜਾਂ ਵਿੱਚ ਬਦਲ ਦਿੱਤਾ।
- ਪਰ ਗੇਲ ਨੇ ਇਸ ਟੀਚੇ ਨੂੰ ਹੋਰ ਛੋਟਾ ਜਿਹਾ ਬਣਾ ਦਿੱਤਾ। ਗੇਲ ਨੇ 38 ਗੇਂਦਾਂ ਵਿੱਚ 63 ਦੌੜਾਂ ਦੀ ਪਾਰੀ ਖੇਡੀ।
- ਇਸ ਪਾਰੀ ਵਿੱਚ ਗੇਲ ਨੇ 6 ਛਿੱਕੇ ਲਾਏ।
4. ਪੂਣੇ ਖਿਲਾਫ਼ ਖੇਡੀ 175 ਦੌੜਾਂ ਦਾ ਪਾਰੀ(2013)
- ਕ੍ਰਿਸ ਗੇਲ ਵੱਲੋਂ 66 ਗੇਂਦਾਂ ਵਿੱਚ 175 ਦੌੜਾਂ ਦਾ ਬਣਾਇਆ ਇਹ ਸਕੋਰ ਅੱਜ ਦੀ ਤਰੀਖ ਵਿੱਚ ਵੀ ਆਈਪੀਐੱਲ ਦਾ ਸਭ ਤੋਂ ਵੱਡਾ ਸਕੋਰ ਹੈ।
- ਕ੍ਰਿਸ ਗੇਲ ਨੇ ਇਸ ਮੈਚ ਵਿੱਚ 17 ਛਿੱਕੇ ਅਤੇ 13 ਚੌਕੇ ਲਾਏ ਅਤੇ ਆਖਿਰ ਤੱਕ ਨਾਬਾਦ ਰਹੇ।
- ਪੂਣੇ ਦੀ ਪੂਰੀ ਟੀਮ ਵੀ ਕ੍ਰਿਸ ਗੇਲ ਦੇ ਬਰਾਬਰ ਦਾ ਸਕੋਰ ਨਹੀਂ ਬਣਾ ਸਕੀ ਤੇ 133 ਦੌੜਾਂ ਦਾ ਸਕੋਰ ਹੀ ਬਣਾਇਆ।
5. ਦਿੱਲੀ ਖਿਲਾਫ਼ ਖੇਡੀ 128 ਦੌੜਾਂ ਦੀ ਪਾਰੀ(2012)
- ਕ੍ਰਿਸ ਗੇਲ ਦੀ ਇਸ ਪਾਰੀ ਨੇ ਰੌਇਲ ਚੈਲੇਂਜਰਜ਼ ਬੈਂਗਲੋਰ ਨੂੰ ਇੱਕ ਸ਼ਾਨਦਾਰ ਜਿੱਤ ਦੁਆਈ ਸੀ।
- ਗੇਲ ਨੇ 62 ਦੌੜਾਂ ਵਿੱਚ 128 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਗੇਲ ਨੇ 7 ਚੌਕੇ ਤੇ 13 ਛਿੱਕੇ ਲਾਏ।
- ਕ੍ਰਿਸ ਗੇਲ ਦੇ ਇਸੇ ਸਕੋਰ ਨੇ ਰੌਇਲ ਚੈਂਲੇਜਰਜ਼ ਬੈਂਗਲੌਰ ਨੂੰ 215 ਦੇ ਵੱਡੇ ਸਕੋਰ ਤੱਕ ਪਹੁੰਚਾਇਆ ਸੀ।












