ਮੱਕਾ ਮਸਜਿਦ ਕੇਸ 'ਚ ਬਰੀ ਹੋਣ ਵਾਲੇ ਤੇ ਆਰਐਸਐਸ 'ਚ ਰਹਿ ਚੁੱਕੇ ਅਸੀਮਾਨੰਦ ਬਾਰੇ ਤੁਸੀਂ ਕਿੰਨਾ ਜਾਣਦੇ ਹੋ?

ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਸਵਾਮੀ ਅਸੀਮਾਨੰਦ ਸਮੇਤ ਪੰਜ ਲੋਕਾਂ ਨੂੰ ਹੈਦਰਾਬਾਦ ਸਥਿਤ ਮੱਕਾ ਮਸਜਿਦ ਵਿੱਚ ਧਮਾਕੇ ਕਰਨ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।

ਕੋਰਟ ਨੇ ਕਿਹਾ ਕਿ ਐਨਆਈਏ ਅਸਮੀਨੰਦ ਖ਼ਿਲਾਫ਼ ਸਬੂਤਾਂ ਨੂੰ ਪੇਸ਼ ਕਰਨ ਵਿੱਚ ਨਾਕਾਮ ਸਾਬਤ ਰਹੀ।

ਹੈਦਰਾਬਾਦ ਦੀ ਇਤਿਹਾਸਕ ਮੱਕਾ ਮਸਜਿਦ ਵਿੱਚ ਹੋਏ ਧਮਾਕੇ 'ਚ ਅਸੀਮਾਨੰਦ ਮੁੱਖ ਮੁਲਜ਼ਮ ਸੀ, ਉਨ੍ਹਾਂ ਤੋਂ ਇਲਾਵਾ ਹੋਰ ਲੋਕਾਂ 'ਤੇ ਵੀ ਇਲਜ਼ਾਮ ਲੱਗੇ ਸੀ।

ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ (ਆਈਈਡੀ) ਨਾਲ ਕੀਤੇ ਗਏ ਇਸ ਧਮਾਕੇ ਵਿੱਚ 9 ਲੋਕਾਂ ਦੀ ਜਾਨ ਗਈ ਸੀ ਅਤੇ 50 ਤੋਂ ਵੱਧ ਜ਼ਖ਼ਮੀ ਹੋਏ ਸੀ।

ਆਰਐਸਐਸ ਨਾਲ ਸਬੰਧ

11 ਸਾਲ ਪਹਿਲਾਂ 18 ਮਈ ਨੂੰ ਮੱਕਾ ਮਸਜਿਦ ਧਮਾਕੇ ਵਿੱਚ ਪਹਿਲੀ ਵਾਰ ਕੱਟੜਪੰਥੀ ਹਿੰਦੂ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਦੇ ਨਾਮ ਸਾਹਮਣੇ ਆਏ ਸੀ।

ਸਵਾਮੀ ਅਸੀਮਾਨੰਦ ਖ਼ੁਦ ਨੂੰ ਸਾਧੂ ਕਹਿੰਦੇ ਸੀ ਅਤੇ ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਕਾਰਕੁੰਨ ਵੀ ਰਹਿ ਚੁੱਕੇ ਹਨ।

ਅਸੀਮਾਨੰਦ ਨੂੰ 2010 ਵਿੱਚ ਪਹਿਲੀ ਵਾਰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਅਸੀਮਾਨੰਦ ਦਾ ਅਸਲੀ ਨਾਮ ਨਬ ਕੁਮਾਰ ਸਰਕਾਰ ਸੀ। ਅਸੀਮਾਨੰਦ ਨੇ ਵਨਸਪਤੀ ਵਿਗਿਆਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਅਸੀਮਾਨੰਦ ਨੂੰ ਜੀਤੇਨ ਚਟਰਜੀ ਅਤੇ ਓਮਕਾਰਨਾਥ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

1977 ਵਿੱਚ ਉਨ੍ਹਾਂ ਨੇ ਬੀਰਭੂਮ ਵਿੱਚ ਆਰਐਸਐਸ ਦੇ ਬਨਵਾਸੀ ਕਲਿਆਣ ਆਸ਼ਰਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਪੁਰੁਲੀਆ ਵਿੱਚ ਕੰਮ ਕੀਤਾ, ਕਰੀਬ ਦੋ ਦਹਾਕੇ ਤੱਕ ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਸਰਗਰਮ ਰਹੇ।

ਪੁਲਿਸ ਮੁਤਾਬਿਕ ਅਸੀਮਾਨੰਦ ਸਾਲ 1995 ਵਿੱਚ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਮੁੱਖ ਦਫ਼ਤਰ ਆਹਵਾ ਆਏ ਹਿੰਦੂ ਸੰਗਠਨਾਂ ਨਾਲ 'ਹਿੰਦੂ ਧਰਮ ਜਾਗਰਣ ਅਤੇ ਸ਼ੁੱਧੀਕਰਣ' ਦਾ ਕੰਮ ਸ਼ੁਰੂ ਕੀਤਾ।

ਇੱਥੇ ਹੀ ਉਨ੍ਹਾਂ ਨੇ ਸ਼ਬਰੀ ਮਾਤਾ ਦਾ ਮੰਦਿਰ ਬਣਾਇਆ ਅਤੇ ਸ਼ਬਰੀ ਧਾਮ ਸਥਾਪਿਤ ਕੀਤਾ।

ਅਸੀਮਾਨੰਦ ਆਦਿਵਾਸੀ ਬਹੁਲ ਇਲਾਕਿਆਂ ਵਿੱਚ ਹਿੰਦੂ ਧਰਮ ਦਾ ਪ੍ਰਸਾਰ ਕਰਨ ਅਤੇ 'ਆਦਿਵਾਸੀਆਂ ਨੂੰ ਇਸਾਈ ਬਣਨ' ਤੋਂ ਰੋਕਣ ਵਿੱਚ ਲੱਗੇ ਸੀ।

ਮੱਕਾ ਮਸਜਿਦ ਧਮਾਕੇ ਦੀ ਜਾਂਚ ਦੇ ਘੇਰੇ ਵਿੱਚ ਆਉਣ ਤੋਂ ਇਲਾਵਾ ਅਸੀਮਾਨੰਦ ਦਾ ਨਾਮ ਅਜਮੇਰ, ਮਾਲੇਗਾਂਓ ਅਤੇ ਸਮਝੌਤਾ ਐਕਸਪ੍ਰੈੱਸ ਧਮਾਕੇ ਵਿੱਚ ਵੀ ਮੁਲਜ਼ਮ ਦੇ ਤੌਰ 'ਤੇ ਆਇਆ ਸੀ।

ਕਬੂਲੀਆ ਬਿਆਨ

ਮਾਰਚ 2017 ਵਿੱਚ ਐਨਆਈਏ ਦੀ ਅਦਾਲਤ ਨੇ 2007 ਦੇ ਅਜਮੇਰ ਵਿਸਫੋਟ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਅਸੀਮਾਨੰਦ ਨੂੰ ਬਰੀ ਕਰ ਦਿੱਤਾ ਸੀ।

ਦਿੱਲੀ ਦੀ ਤੀਸਹਜ਼ਾਰੀ ਕੋਰਟ ਵਿੱਚ 2010 'ਚ ਇੱਕ ਮੈਟਰੋਪੋਲੀਟਨ ਜੱਜ ਦੇ ਸਾਹਮਣੇ ਅਸੀਮਾਨੰਦ ਨੇ ਧਮਾਕਾ ਕਰਨ ਦੀ ਗੱਲ ਮੰਨੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਹੋਰਾਂ ਸਾਥੀਆਂ ਨਾਲ ਅਜਮੇਰ ਸ਼ਰੀਫ਼, ਹੈਦਰਾਬਾਦ ਦੀ ਮੱਕਾ ਮਸਜਿਦ, ਸਮਝੌਤਾ ਐਕਸਪ੍ਰੈੱਸ ਅਤੇ ਮਾਲਗਾਂਓ ਧਮਾਕੇ ਵਿੱਚ ਸ਼ਾਮਲ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਇਹ ਹਿੰਦੂਆਂ 'ਤੇ ਮੁਸਲਮਾਨਾਂ ਦੇ ਹਮਲਾ ਦਾ ਬਦਲਾ ਸੀ।

42 ਪੰਨਿਆਂ ਦੇ ਕਬੂਲੀਆ ਬਿਆਨ ਵਿੱਚ ਅਸੀਮਾਨੰਦ ਨੇ ਇਸ ਧਮਾਕੇ 'ਚ ਕਈ ਉਗਰ ਹਿੰਦੂ ਨੇਤਾਵਾਂ ਦੇ ਨਾਲ ਹੋਣ ਦੀ ਗੱਲ ਕਹੀ ਸੀ।

ਇਸ ਵਿੱਚ ਉਨ੍ਹਾਂ ਨੇ ਆਰਐਸਐਸ ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ, ਸੰਘ ਦੇ ਪ੍ਰਚਾਰਕ ਸੁਨੀਲ ਜੋਸ਼ੀ ਅਤੇ ਸਾਧਵੀ ਪ੍ਰਗਿਆ ਠਾਕੁਰ ਦਾ ਨਾਂ ਲਿਆ ਸੀ।

ਸੁਨੀਲ ਜੋਸ਼ੀ ਦਾ 29 ਦਸੰਬਰ, 2007 ਵਿੱਚ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਅਸੀਮਾਨੰਦ ਨੇ ਕਿਹਾ ਸੀ ਕਿ ਸਾਰਿਆਂ ਇਸਲਾਮੀ ਅੱਤਵਾਦੀ ਹਮਲਿਆਂ ਵਿੱਚ 'ਬੰਬ ਦਾ ਜਵਾਬ ਬੰਬ' ਹੋਣਾ ਚਾਹੀਦਾ ਹੈ।

ਆਪਣੇ ਜ਼ੁਰਮ ਕਬੂਲਣ ਦੌਰਾਨ ਅਸੀਮਾਨਦ ਨੇ ਕਿਹਾ ਸੀ ਕਿ ਉਨ੍ਹਾਂ ਨੇ ਹੈਦਰਾਬਾਦ ਦੀ ਮੱਕਾ ਮਸਜਿਦ ਨੂੰ ਇਸ ਲਈ ਚੁਣਿਆ ਸੀ ਕਿਉਂਕਿ ਉੱਥੋਂ ਦੇ ਨਿਜ਼ਾਮ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਸੀ।

ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਐਨਆਈਏ ਦੀ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ ਇਸ ਲਈ ਡਰ ਦੇ ਮਾਰੇ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਸੀ।

ਦੋ ਮਾਮਲਿਆਂ ਵਿੱਚ ਬਰੀ ਹੋ ਜਾਣ ਤੋਂ ਬਾਅਦ ਅਸੀਮਾਨੰਦ ਹੁਣ ਸਿਰਫ਼ ਸਮਝੌਤਾ ਐਕਸਪ੍ਰੈੱਸ ਧਮਾਕੇ ਵਿੱਚ ਹੀ ਮੁਲਜ਼ਮ ਹਨ।

ਸਮਝੌਤਾ ਐਕਸਪ੍ਰੈੱਸ ਦੇ ਦੋ ਕੋਚਾਂ ਵਿੱਚ 19 ਫਰਵਰੀ 2007 ਨੂੰ ਧਮਾਕਾ ਹੋਇਆ ਸੀ ਜਿਸ ਵਿੱਚ 68 ਲੋਕ ਮਾਰੇ ਗਏ ਸੀ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਸੀ ਜਿਹੜੇ ਨਵੀਂ ਦਿੱਲੀ ਤੋਂ ਲਾਹੌਰ ਜਾ ਰਹੇ ਸੀ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਕਰੋਟ ਨੇ 2014 ਵਿੱਚ ਅਸੀਮਾਨੰਦ ਨੂੰ ਜ਼ਮਾਨਤ ਦੇ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)