ਮੱਕਾ ਮਸਜਿਦ ਕੇਸ: ਸਵਾਮੀ ਅਸੀਮਾਨੰਦ ਸਣੇ 5 ਮੁਲਜ਼ਮ ਬਰੀ, ਜੱਜ ਦਾ ਅਸਤੀਫ਼ਾ

ਚਰਚਿਤ ਮੱਕਾ ਮਸਜਿਦ ਕੇਸ ਵਿੱਚ ਸਪੈਸ਼ਲ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਦੀ ਹੈਦਰਾਬਾਦ ਅਦਾਲਤ ਨੇ ਸਾਰੇ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

ਜੱਜ ਰਵਿੰਦਰ ਰੈੱਡੀ, ਜਿਨ੍ਹਾਂ ਨੇ ਇਹ ਫੈਸਲਾ ਸੁਣਾਇਆ, ਨੇ ਅਸਤੀਫਾ ਦੇ ਦਿੱਤਾ ਹੈ। ਬੀਬੀਸੀ ਪੱਤਰਕਾਰ ਦੀਪਥੀ ਬਥੀਨੀ ਦੇ ਮੁਤਾਬਕ ਉਨ੍ਹਾਂ ਨੇ ਆਪਣਾ ਅਸਤੀਫਾ ਹਾਈ ਕੋਰਟ ਫੈਕਸ ਕਰ ਦਿੱਤਾ ਹੈ। ਅਸਤੀਫਾ ਦੇਣ ਦਾ ਕਾਰਨ ਅਜੇ ਪਤਾ ਨਹੀਂ ਚੱਲਿਆ ਹੈ।

ਮੱਕਾ ਮਸਜਿਦ ਵਿੱਚ 11 ਸਾਲ ਪਹਿਲਾਂ 18 ਮਈ 2007 ਨੂੰ ਸੱਜੇ ਪੱਖੀ ਕਾਰਕੁਨਾਂ ਉੱਤੇ ਬੰਬ ਧਮਾਕਾ ਕਰਨ ਦੇ ਦੋਸ਼ ਲੱਗੇ ਸਨ।

ਇਹ ਧਮਾਕਾ ਸ਼ਹਿਰ ਦੇ ਚਾਰ ਮੀਨਾਰ ਇਲਾਕੇ ਦੇ ਨੇੜੇ ਸਥਿਤ ਮਸਜਿਦ ਦੇ ਵਜ਼ੂਖ਼ਾਨਾ ਵਿੱਚ ਹੋਇਆ ਸੀ, ਜਿਸ ਵਿੱਚ 16 ਲੋਕ ਮਾਰੇ ਗਏ ਸਨ ਅਤੇ 58 ਜਣੇ ਜ਼ਖ਼ਮੀ ਹੋਏ ਸਨ।

ਇਨ੍ਹਾਂ ਵਿੱਚ ਉਹ 5 ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੌਤ ਘਟਨਾ ਤੋਂ ਬਾਅਦ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਗੋਲੀ ਨਾਲ ਹੋਈ ਸੀ।

ਇਸ ਮਾਮਲੇ ਵਿੱਚ 10 ਜਣਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਪਹਿਲਾਂ ਸੀਬੀਆਈ ਕੋਲ ਸੀ ਪਰ 2011 ਵਿੱਚ ਇਹ ਕੇਸ ਸਪੈਸ਼ਲ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਨੂੰ ਸੌਂਪ ਦਿੱਤਾ ਗਿਆ।

ਇਸ ਮਾਮਲੇ ਵਿੱਚ ਕੁੱਲ 10 ਮੁਲਜ਼ਮ ਸਨ ਪਰ ਉਨ੍ਹਾਂ ਵਿੱਚੋਂ ਸਿਰਫ਼ 5 ਹੀ ਗ੍ਰਿਫ਼ਤਾਰ ਕੀਤੇ ਗਏ ਸਨ।

ਸ਼ੁਰੂਆਤ ਵਿੱਚ ਇਸ ਧਮਾਕੇ ਨੂੰ ਲੈ ਕੇ ਕੱਟੜਪੰਥੀ ਸੰਗਠਨ ਹਰਕਤੁਲ ਜਮਾਤ-ਏ-ਇਸਲਾਮੀ ਯਾਨਿ ਹੂਜੀ 'ਤੇ ਸ਼ੱਕ ਹੋ ਰਿਹਾ ਸੀ।

ਕਰੀਬ 50 ਤੋਂ ਵਧ ਮੁਸਲਮਾਨ ਨੌਜਵਾਨਾਂ ਨੂੰ ਇਸ ਧਮਾਕੇ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ।

'ਅਭਿਨਵ ਭਾਰਤ'

ਆਂਧਰਾ ਪ੍ਰਦੇਸ਼ ਦੀ ਅੱਤਵਾਦ ਵਿਰੋਧੀ ਟੀਮ ਸਣੇ, ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨਆਈਏ) ਅਤੇ ਸੀਬੀਆਈ ਨੇ ਮਾਮਲੇ ਦੀ ਵੱਖ-ਵੱਖ ਜਾਂਚ ਕੀਤੀ।

ਪਰ 3 ਸਾਲ ਬਾਅਦ 2010 ਵਿੱਚ ਪੁਲਿਸ ਨੇ 'ਅਭਿਨਵ ਭਾਰਤ' ਨਾਮ ਦੇ ਸੰਗਠਨ ਨਾਲ ਜੁੜੇ ਸੁਆਮੀ ਅਸੀਮਾਨੰਦ ਨੂੰ ਗ੍ਰਿਫ਼ਤਾਰ ਕੀਤਾ।

ਗ੍ਰਿਫ਼ਤਾਰੀ ਤੋਂ ਬਾਅਦ ਸੁਆਮੀ ਅਸੀਮਾਨੰਦ ਨੇ ਅਜਿਹਾ ਬਿਆਨ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਉਨ੍ਹਾਂ ਨੇ ਧਮਾਕਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਸਲਮਾਨ ਮੁੰਡਿਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਾਰੇ ਨੌਜਵਾਨ ਬੇਕਸੂਰ ਹਨ।

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਜਾਗੀਰਦਾਰ, ਅਬਦੁਲ ਨਈਮ, ਮੁਹੰਮਦ ਇਮਰਾਨ ਖ਼ਾਨ, ਸਈਦ ਇਮਰਾਨ, ਜੁਨੈਦ ਅਤੇ ਰਫੀਉਦੀਨ ਅਹਿਮਦ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਬੇਗ਼ੁਨਾਹੀ ਦੇ ਸਰਟੀਫਿਕੇਟ

ਬਾਅਦ ਵਿੱਚ ਆਂਧਰਾ ਪ੍ਰਦੇਸ਼ ਦੇ ਘੱਟ ਗਿਣਤੀ ਕਮਿਸ਼ਨ ਨੇ 61 ਮੁਸਲਮਾਨ ਨੌਜਵਾਨਾਂ ਨੂੰ ਬਾਅਦ ਵਿੱਚ ਉਨ੍ਹਾਂ ਦੀ ਬੇਗ਼ੁਨਾਹੀ ਦੇ ਸਰਟੀਫਿਕੇਟ ਵੀ ਦਿੱਤੇ।

ਸੁਆਮੀ ਅਸੀਮਾਨੰਦ ਤੋਂ ਇਲਾਵਾ 'ਅਭਿਨਵ ਭਾਰਤ' ਨਾਲ ਜੁੜੇ ਲੋਕੇਸ਼ ਸ਼ਰਮਾ, ਦਵਿੰਦਰ ਗੁਪਤਾ ਅਤੇ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ਵੀ ਇਸ ਧਮਾਕੇ ਦਾ ਮੁਲਜ਼ਮ ਬਣਾਇਆ ਗਿਆ।

ਇਨ੍ਹਾਂ ਮੁਲਜ਼ਮਾਂ ਵਿੱਚ ਕੁਝ ਸਮਝੌਤਾ ਐਕਸਪ੍ਰੈੱਸ ਅਤੇ ਮਾਲੇਗਾਓਂ ਧਮਾਕਿਆਂ ਦੇ ਵੀ ਮੁਲਜ਼ਮ ਬਣੇ ਸਨ।

ਹਾਲਾਂਕਿ ਐੱਨਆਈਏ ਨੇ ਅਦਾਲਤ ਵਿੱਚ ਕਿਹਾ ਹੈ ਕਿ ਉਸ ਨੂੰ ਲੋਕੇਸ਼ ਸ਼ਰਮਾ ਅਤੇ ਦਵਿੰਦਰ ਗੁਪਤਾ ਖ਼ਿਲਾਫ਼ ਵਧ ਸਬੂਤ ਨਹੀਂ ਮਿਲੇ ਸਕੇ।

ਮੱਕਾ ਮਸਜਿਦ ਦਾ ਰਾਜ ਮਿਸਤਰੀ ਹਿੰਦੂ ਸੀ

ਭਾਰਤ ਵਿੱਚ ਸਭ ਤੋਂ ਵੱਡੇ ਵਿਹੜੇ ਵਾਲੀ ਮੱਕਾ ਮਸਜਿਦ ਕੁਤੁਬ ਸ਼ਾਹੀ ਦਾ ਇੱਕ ਹੋਕ ਇਤਿਹਾਸਕ ਚਿੰਨ੍ਹ ਮੰਨੀ ਜਾਂਦੀ ਹੈ।

ਚਾਰ ਮੀਨਾਰ ਨੇ ਕਰੀਬ ਬਣੀ ਇਸ ਮਸਜਿਦ ਦੀ ਨੀਂਹ ਵੀ 7ਵੇਂ ਕੁਤੁਬ ਸ਼ਾਹੀ ਸੁਲਤਾਨ ਮੁਹੰਮਦ ਕੁਤੁਬ ਨੇ 1616-17 ਵਿੱਚ ਰੱਖੀ ਸੀ।

ਇਸ ਦਾ ਨਕਸ਼ਾ ਇੰਜੀਨੀਅਰ ਫ਼ੈਜਉਲਾਹ ਬੇਗ਼ ਨੇ ਤਿਆਰ ਕੀਤਾ ਸੀ ਪਰ ਔਰੰਗਜ਼ੇਬ ਦੇ ਹਮਲੇ ਕਾਰਨ ਇਸ ਮਸਜਿਦ ਦਾ ਕੰਮ ਅੱਧ ਵਿੱਚ ਹੀ ਰੋਕਣਾ ਪਿਆ ਸੀ।

ਇਤਿਹਾਸਕਾਰ ਇਸ ਮਸਜਿਦ ਨਾਲ ਜੁੜੀ ਇੱਕ ਦਿਲਚਸਪ ਗੱਲ ਦੱਸਦੇ ਹਨ ਕਿ ਇਸ ਦਾ ਰਾਜ ਮਿਸਤਰੀ ਇੱਕ ਹਿੰਦੂ ਸੀ, ਜਿਸ ਦੀ ਨਿਗਰਾਨੀ ਹੇਠ 8 ਹਜ਼ਾਰ ਮਜ਼ਦੂਰਾਂ ਨੇ ਮਿਲ ਕੇ ਇਸ ਨੂੰ ਬਣਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)