You’re viewing a text-only version of this website that uses less data. View the main version of the website including all images and videos.
ਕਿਸ ਮੁੱਦੇ 'ਤੇ ਬੱਬੂ ਮਾਨ ਦਾ ਗੁਰਦਾਸ ਮਾਨ ਨੇ ਨਹੀਂ ਦਿੱਤਾ ਸਾਥ?
- ਲੇਖਕ, ਤਾਹਿਰਾ ਭਸੀਨ
- ਰੋਲ, ਬੀਬੀਸੀ ਪੰਜਾਬੀ ਪੱਤਰਕਾਰ
ਪੰਜਾਬੀ ਗਾਇਕ ਬੱਬੂ ਮਾਨ ਲੰਬੇ ਸਮੇਂ ਤੋਂ ਪਾਇਰਸੀ ਦਾ ਮੁੱਦਾ ਚੁੱਕਦੇ ਆਏ ਹਨ।
ਬੀਬੀਸੀ ਪੱਤਰਕਾਰ ਤਾਹਿਰਾ ਭਸੀਨ ਨਾਲ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਬੱਬੂ ਮਾਨ ਨੇ ਕਿਹਾ ਕਿ ਪਾਇਰੇਸੀ(ਡੁਪਲੀਕੇਟ ਮਿਊਜ਼ਕ ਵੇਚਣਾ) ਇੱਕ ਵੱਡਾ ਮੁੱਦਾ ਹੈ, ਜੋ ਅਜੇ ਵੀ ਬਣਿਆ ਹੋਇਆ ਹੈ ਪਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ,''ਪਾਇਰੇਸੀ ਇੱਕ ਅਜਿਹੀ ਚੀਜ਼ ਜਿਸ ਕਾਰਨ ਇੰਡਸਟਰੀ ਦੇ ਬਹੁਤੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਦੁਕਾਨਾਂ ਬੰਦ ਹੋ ਰਹੀਆਂ ਹਨ ਕਿਉਂਕਿ ਇਸੇ 'ਤੇ ਰੋਕ ਨਹੀਂ ਲੱਗਦੀ।''
ਬੱਬੂ ਮਾਨ ਨੇ ਪੰਜਾਬੀ ਇੰਡਸਟਰੀ ਲਈ ਇਸ 'ਤੇ ਇੱਕ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ,''ਅੱਜ ਤੋਂ ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਕਈ ਕਲਾਕਾਰਾਂ ਜਿਵੇਂ ਗੁਰਦਾਸ ਮਾਨ, ਸਰਦੂਲ ਸਿਕੰਦਰ ਨਾਲ ਮਿਲ ਕੇ ਇਸ ਖ਼ਿਲਾਫ਼ ਐਸੋਸੀਏਸ਼ਨ ਬਣਾਈ ਸੀ ਤੇ ਉਸ ਨੂੰ ਬਕਾਇਦਾ ਰਜਿਸਟਰਡ ਵੀ ਕਰਵਾਇਆ ਗਿਆ ਸੀ ਪਰ ਕੁਝ ਨਹੀਂ ਬਣਿਆ। ਇਸਦਾ ਵੱਡਾ ਕਾਰਨ ਪੰਜਾਬ ਦੇ ਕਲਾਕਾਰਾਂ ਵਿੱਚ ਇਕਜੁੱਟਤਾ ਦਾ ਨਾ ਹੋਣਾ ਹੈ।
ਮਾਨ ਨੇ ਕਿਹਾ,'' ਬਾਕੀ ਇੰਡਸਟਰੀ ਦੀ ਤਰ੍ਹਾਂ ਪੰਜਾਬ ਦੀ ਗਾਇਕੀ ਇੰਡਸਟਰੀ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ।''
ਪੰਜਾਬੀ ਫ਼ਿਲਮਾਂ ਦੀ ਕਮਾਈ ਉੱਤੇ ਪੁੱਛੇ ਗਏ ਸਵਾਲ 'ਤੇ ਬੱਬੂ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਫ਼ਿਲਮਾਂ ਵਧੇਰੇ ਚਲਦੀਆਂ ਨਹੀਂ। ਉਨ੍ਹਾਂ ਨੇ ਇਸਦਾ ਇੱਕ ਕਾਰਨ ਇਹ ਵੀ ਦੱਸਿਆ ਕਿ ਸ਼ਾਇਦ ਡਾਇਰੈਕਟਰ ਪ੍ਰਸ਼ੰਸਕਾਂ ਦੇ ਮਨ ਤੱਕ ਨਹੀਂ ਪਹੁੰਚ ਪਾਉਂਦੇ।
ਬੱਬੂ ਮਾਨ ਨੇ ਸਤਿੰਦਰ ਸਰਤਾਜ ਦੀ ਫ਼ਿਲਮ 'ਦਿ ਬਲੈਕ ਪ੍ਰਿੰਸ' ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਫ਼ਿਲਮ ਨੂੰ ਵੀ ਵਾਧੂ ਹੁੰਗਾਰਾ ਨਹੀਂ ਮਿਲਿਆ।
ਉਨ੍ਹਾਂ ਕਿਹਾ,'' ਵਧੇਰੇ ਪੰਜਾਬੀ ਫ਼ਿਲਮਾਂ ਚੰਗੀ ਕਮਾਈ ਨਹੀਂ ਕਰ ਰਹੀਆਂ ਪਰ ਉਸ ਨੂੰ ਲੈ ਕੇ ਸੱਚ ਨਹੀਂ ਬੋਲਿਆ ਜਾਂਦਾ। ਉਸਦੀ ਕਮਾਈ ਬਾਰੇ ਲੁਕਾਇਆ ਜਾਂਦਾ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ।''
ਲੱਚਰ ਗਾਇਕੀ ਦੇ ਮੁੱਦੇ 'ਤੇ ਬੱਬੂ ਮਾਨ ਨੇ ਆਪਣਾ ਪੱਖ ਰੱਖਦਿਆਂ ਕਿਹਾ,''ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ ਤੇ ਕਿਸੇ ਦੇ ਪਾਬੰਦੀ ਲਗਾਉਣ ਨਾਲ ਛੇਤੀ ਕਿਤੇ ਰਾਹ ਨਹੀਂ ਬਦਲੇ ਜਾ ਸਕਦੇ।''
ਮਾਨ ਵੱਲੋਂ ਹੀ ਗਾਏ ਕੁਝ ਅਜਿਹੇ ਗਾਣਿਆਂ 'ਤੇ ਜਦੋਂ ਉਨ੍ਹਾਂ ਦੀ ਪ੍ਰਤੀਕਿਰਿਆ ਲਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸਦਾ ਕੋਈ ਅਫ਼ਸੋਸ ਨਹੀਂ ਕਿਉਂਕਿ ਉਨ੍ਹਾਂ ਨੇ ਇਹ ਗਾਣੇ ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਹੀ ਗਾਏ ਸੀ।''
ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਅਜਿਹੇ ਗਾਣੇ ਬੰਦ ਕਰਨ ਨਾਲ ਸੂਬੇ 'ਚ ਸ਼ਰਾਬੀ ਘੱਟ ਜਾਣਗੇ ਜਾਂ ਸੂਬਾ ਨਸ਼ਾ ਮੁਕਤ ਹੋਵੇਗਾ ਤਾਂ ਅਜਿਹਾ ਵੀ ਕਰਕੇ ਦੇਖ ਲੈਣਾ ਚਾਹੀਦਾ ਹੈ।
ਪੰਜਾਬ ਦੇ ਗਾਇਕਾਂ ਦੀ ਵੱਖਰੇ ਸੈਂਸਰ ਬੋਰਡ ਦੀ ਮੰਗ 'ਤੇ ਉਨ੍ਹਾਂ ਨੇ ਕਿਹਾ ਸੂਬੇ ਦਾ ਨਹੀਂ ਬਲਕਿ ਹਰ ਜ਼ਿਲ੍ਹੇ ਦਾ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਕਿਉਂਕਿ ਹਰ ਕੋਈ ਵੱਖਰੀ ਨਜ਼ਰ ਨਾਲ ਦੇਖਦਾ ਹੈ।
ਸਿਆਸਤ ਵਿੱਚ ਆਉਣ ਬਾਰੇ ਪੁੱਛੇ ਗਏ ਸਵਾਲ 'ਤੇ ਮਾਨ ਨੇ ਪਹਿਲਾਂ ਹੀ ਸਿਆਸਤ ਵਿੱਚ ਗਏ ਕਲਾਕਾਰਾਂ ਵੱਲ ਇਸ਼ਾਰਿਆਂ ਕਰਦਿਆਂ ਕਿਹਾ ਕਿ ਸਿਆਸਤ 'ਚ ਕੋਈ ਖਾਸਾ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਸਿਆਸਤ ਬਹੁਤ ਔਖੀ ਚੀਜ਼ ਹੈ ਅਤੇ ਉਨ੍ਹਾਂ ਦੀ ਸਮਝ ਤੋਂ ਬਾਹਰ ਵੀ।
ਬੱਬੂ ਮਾਨ ਨੇ ਖ਼ੁਦ ਨੂੰ ਕਿਸਾਨ ਅਤੇ ਮਜ਼ਦੂਰ ਹਿਤੈਸ਼ੀ ਦੱਸਿਆ।
ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿੱਚ ਉੱਠ ਰਹੀਆਂ ਆਵਾਜ਼ਾਂ 'ਤੇ ਬੱਬੂ ਮਾਨ ਨੇ ਕਿਹਾ,'' ਅਜਿਹੇ ਮੁੱਦਿਆਂ 'ਤੇ ਫੈ਼ਸਲਾ ਲੈਣ ਦਾ ਹੱਕ ਧਾਰਮਿਕ ਸੰਸਥਾਵਾਂ ਨੂੰ ਹੈ ਤੇ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।''