ਪ੍ਰੈੱਸ ਰਿਵੀਊ: ਮੋਦੀ ਮੈਨੂੰ ਦਿੱਤੀ ਆਪਣੀ ਸਲਾਹ ਮੰਨਣ, ਥੋੜ੍ਹਾ ਹੋਰ ਬੋਲਣ: ਡਾ. ਮਨਮੋਹਨ ਸਿੰਘ

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ 8 ਸਾਲਾ ਬੱਚੀ ਦੇ ਨਾਲ ਰੇਪ ਅਤੇ ਕਤਲ ਦੀ ਵਾਰਦਾਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਿੱਤਾ ਸੁਝਾਅ ਮੋਦੀ ਨੂੰ ਖੁਦ ਲਾਗੂ ਕਰਨਾ ਚਾਹੀਦਾ ਹੈ ਅਤੇ ਹੋਰ ਬੋਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮੀਡੀਆ ਦੀਆਂ ਰਿਪੋਰਟਾਂ ਤੋਂ ਮੈਨੂੰ ਪਤਾ ਲਗਦਾ ਰਿਹਾ ਹੈ ਕਿ ਮੇਰੇ ਨਾ ਬੋਲਣ 'ਤੇ ਉਹ ਮੇਰੀ ਅਲੋਚਨਾ ਕਰਦੇ ਰਹੇ ਹਨ। ਮੈਨੂੰ ਲਗਦਾ ਹੈ ਕਿ ਜੋ ਸੁਝਾਅ ਉਹ ਮੈਨੂੰ ਦਿੰਦੇ ਆਏ ਹਨ ਉਨ੍ਹਾਂ ਨੂੰ ਖੁਦ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।"

ਟਾਈਮਜ਼ ਆਫ਼ ਇੰਡੀਆ ਮੁਤਾਬਕ ਯੂਆਈਡੀਏਆਈ ਨੇ ਸੁਪਰੀਮ ਕੋਰਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਗੂਗਲ ਅਤੇ ਸਮਾਰਟ ਕਾਰਡ ਕੰਪਨੀਆਂ ਨਹੀਂ ਚਾਹੁੰਦੇ ਕਿ ਆਧਾਰ ਸਫ਼ਲ ਹੋਵੇ ਕਿਉਂਕਿ ਜੇ ਆਧਾਰ ਹੀ ਪਛਾਣ ਦਾ ਇੱਕ ਜ਼ਰੀਆ ਬਣ ਗਿਆ ਤਾਂ ਉਨ੍ਹਾਂ ਦਾ ਵਪਾਰ ਫੇਲ੍ਹ ਹੋ ਜਾਵੇਗਾ।

ਯੂਆਈਡੀ ਦੇ ਸੀਨੀਅਰ ਵਕੀਲ ਰਾਕੇਸ਼ ਦਵਿਵੇਦੀ ਨੇ ਕਿਹਾ, "ਜੇ ਆਧਾਰ ਕਾਰਡ ਸਫ਼ਲ ਹੋ ਜਾਂਦੇ ਹਨ ਤਾਂ ਸਮਾਰਟ ਕਾਰਡ ਦੀ ਵਰਤੋਂ ਕੋਈ ਨਹੀਂ ਕਰੇਗਾ। ਗੂਗਲ ਅਜਿਹਾ ਨਹੀਂ ਚਾਹੁੰਦਾ। ਸਮਾਰਟ ਕਾਰਡ ਸਨਅਤਕਾਰ ਨਹੀਂ ਚਾਹੁੰਦੇ ਕਿ ਆਧਾਰ ਸਫ਼ਲ ਹੋਵੇ।"

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਭਾਰਤੀ ਕੂਟਨੀਤਿਕਾਂ ਨੂੰ ਲਾਹੌਰ ਦੇ ਧਾਰਮਿਕ ਅਸਥਾਨਾਂ 'ਤੇ ਨਾ ਜਾਣ ਦੀ ਇਜਾਜ਼ਤ ਕਾਰਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਕੱਟੜਪੰਥੀ ਗੋਪਾਲ ਸਿੰਘ ਚਾਵਲਾ ਦੀ ਤਸਵੀਰ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫਿਜ਼ ਸਈਦ ਨਾਲ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਦਾ ਮੁੱਦਾ ਉੱਠ ਗਿਆ ਹੈ।

ਸੂਤਰਾਂ ਮੁਤਾਬਕ ਚਾਵਲਾ ਨੇ ਪਾਕਸਤਾਨੀ ਅਧਿਕਾਰੀਆਂ ਦੇ ਨਿਰਦੇਸ਼ 'ਤੇ ਭਾਰਤੀ ਅਧਿਕਾਰੀਆਂ ਨੂੰ ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਦਾਖਿਲ ਹੋਣ ਤੋਂ ਵਰਜਿਆ।

ਦਿ ਟ੍ਰਿਬਿਊਨ ਅਨੁਸਾਰ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਟਕਰਾਅ ਵੱਧ ਗਿਆ ਹੈ। ਦਿੱਲੀ ਸਰਕਾਰ ਦੇ ਮੰਤਰੀਆਂ ਦੇ 9 ਐਡਵਾਈਜ਼ਰਾਂ ਨੂੰ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਹੈ।

ਗ੍ਰਹਿ ਮੰਤਰਾਲੇ ਦੇ ਪੱਤਰ ਵਿੱਚ ਲਿਖਿਆ ਹੈ, "ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਲਈ ਪ੍ਰਵਾਨ ਸੂਚੀ 'ਤੇ ਇਹ 9 ਅਹੁਦੇ ਨਹੀਂ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)