You’re viewing a text-only version of this website that uses less data. View the main version of the website including all images and videos.
ਜੇ ਤੁਹਾਡੇ ATM 'ਚ ਕੈਸ਼ ਨਹੀਂ ਤਾਂ ਇਹ 5 ਗੱਲਾਂ ਪੜ੍ਹੋ
ਦੇਸ ਦੇ ਕਈ ਸੂਬਿਆਂ ਵਿੱਚ ਏਟੀਐਮ 'ਚ ਕੈਸ਼ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਅਜਿਹੇ ਵਿੱਚ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ।
ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਏਟੀਐਮ ਵਿੱਚ ਅਸਥਾਈ ਰੂਪ ਨਾਲ ਕੈਸ਼ ਦੀ ਕਮੀ ਕੁਝ ਖ਼ਾਸ ਇਲਾਕਿਆਂ ਵਿੱਚ ਹੈ ਅਤੇ ਜਲਦੀ ਹੀ ਇਸਦਾ ਹੱਲ ਹੋ ਜਾਵੇਗਾ।
ਜੇਤਲੀ ਨੇ ਟਵੀਟ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ,''ਦੇਸ ਵਿੱਚ ਨਕਦੀ ਦੀ ਉਪਲਬਧਤਾ ਦਾ ਜਾਇਜ਼ਾ ਲਿਆ ਗਿਆ ਹੈ। ਇਸ ਸਮੇਂ ਦੇਸ ਵਿੱਚ ਲੋੜ ਅਨੁਸਾਰ ਨਕਦੀ ਬਾਜ਼ਾਰ ਅਤੇ ਬੈਂਕਾਂ ਵਿੱਚ ਮੌਜੂਦ ਹੈ। ਕਰੰਸੀ ਵਿੱਚ ਅਸਥਾਈ ਕਮੀ ਦਾ ਕਾਰਨ ਕੁਝ ਇਲਾਕਿਆਂ ਵਿੱਚ ਅਚਾਨਕ ਇਸਦੀ ਮੰਗ 'ਚ ਆਇਆ ਵਾਧਾ ਹੈ।''
ਆਰਥਿਕ ਮਾਮਲਿਆਂ ਦੇ ਸਕੱਤਰ ਨੇ ਇਸ ਬਾਰੇ ਕੁਝ ਖ਼ਾਸ ਜਾਣਕਾਰੀ ਦਿੱਤੀ।
- ਆਮ ਤੌਰ 'ਤੇ ਇੱਕ ਮਹੀਨੇ ਵਿੱਚ 20 ਹਜ਼ਾਰ ਕਰੋੜ ਨਕਦੀ ਦੀ ਸਪਲਾਈ ਹੁੰਦੀ ਹੈ ਪਰ ਇਸ ਮਹੀਨੇ 15 ਦਿਨਾਂ 'ਚ 45 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਸਪਲਾਈ ਹੋਈ ਹੈ।
- ਸਰਕਾਰ ਕਰੰਸੀ ਦਾ 1/6 ਹਿੱਸਾ ਲੈਣ-ਦੇਣ ਦੀ ਪ੍ਰਕਿਰਿਆ ਲਈ ਰੱਖਦੀ ਹੈ ਅਤੇ ਅਸੀਂ ਇਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਵਰਤ ਰਹੇ ਹਾਂ।
- ਸਰਕਾਰ ਕੋਲ ਸੈਂਟਰਲ ਬੈਂਕ ਵਿੱਚ ਦੋ ਲੱਖ ਕਰੋੜ ਦੀ ਕਰੰਸੀ ਹੈ ਜੋ ਨਕਦੀ ਦੀ ਤੰਗੀ ਨੂੰ ਪੂਰਾ ਕਰਨ ਲਈ ਕਾਫ਼ੀ ਹੈ।
- 500 ਰੁਪਏ ਦੇ 500 ਕਰੋੜ ਨੋਟਾਂ ਦੀ ਛਪਾਈ ਰੋਜ਼ਾਨਾ ਹੁੰਦੀ ਹੈ ਅਤੇ ਹੁਣ ਇਸਦੀ ਛਪਾਈ ਦਰ 5 ਗੁਣਾ ਵਧਾ ਦਿੱਤੀ ਗਈ ਹੈ। ਬਹੁਤ ਜਲਦ ਸਾਡੇ ਕੋਲ 2500 ਕਰੋੜ ਦੀ ਕੀਮਤ ਦੇ 500 ਦੇ ਨੋਟ ਹੋਣਗੇ।
- ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇੱਕ ਸਾਂਝਾ ਪੈਨਲ ਬਣਾਇਆ ਜਾਵੇਗਾ ਜਿਹੜਾ ਨੋਟਾਂ ਦੀ ਲੈਣ-ਦੇਣ ਪ੍ਰਕਿਰਿਆ 'ਤੇ ਆਰਬੀਆਈ ਨਾਲ ਮਿਲ ਕੇ ਕੰਮ ਕਰੇਗਾ।
ਬਿਹਾਰ, ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਕੈਸ਼ ਦੀ ਕਿੱਲਤ ਦੀਆਂ ਵੱਧ ਸ਼ਿਕਾਇਤਾਂ ਆ ਰਹੀਆਂ ਹਨ।