You’re viewing a text-only version of this website that uses less data. View the main version of the website including all images and videos.
ਮੌਤ ਤੋਂ ਬਾਅਦ ਇੰਝ ਪੂਰਾ ਹੋਇਆ ਸ਼੍ਰੀਦੇਵੀ ਦਾ ਸੁਫ਼ਨਾ
- ਲੇਖਕ, ਪ੍ਰਦੀਪ ਸਰਦਾਨਾ
- ਰੋਲ, ਸੀਨੀਅਰ ਪੱਤਰਕਾਰ ਅਤੇ ਫਿਲਮ ਸਮੀਖਿਅਕ
ਸ਼੍ਰੀਦੇਵੀ ਨੂੰ ਫਿਲਮ 'ਮੌਮ' ਲਈ ਬੈਸਟ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਣ 'ਤੇ ਉਨ੍ਹਾਂ ਦਾ ਉਹ ਸੁਫ਼ਨਾ ਪੂਰਾ ਹੋ ਗਿਆ, ਜਿਸ ਨੂੰ ਉਹ ਕਈ ਸਾਲ ਪਹਿਲਾਂ ਵੇਖਿਆਂ ਕਰਦੀ ਸੀ। ਦੁੱਖ ਬਸ ਇਸ ਗੱਲ ਦਾ ਹੈ ਕਿ ਉਨ੍ਹਾਂ ਦਾ ਇਹ ਸਾਲਾਂ ਪੁਰਾਣਾਂ ਸੁਫ਼ਨਾ ਉਨ੍ਹਾਂ ਦੇ ਮਰਨ ਤੋਂ ਬਅਦ ਪੂਰਾ ਹੋਇਆ ਹੈ।
ਸ਼੍ਰੀਦੇਵੀ ਨੇ ਆਪਣੇ ਕਰੀਬ 50 ਸਾਲਾਂ ਦੇ ਕੈਰੀਅਰ ਵਿੱਚ ਬਾਲ ਕਲਾਕਾਰ ਤੋਂ ਲੈ ਕੇ ਬੱਚਿਆਂ ਦੀ 'ਮੌਮ' ਤੱਕ ਦੀਆਂ ਵੱਖ-ਵੱਖ ਭੂਮਿਕਾਵਾਂ ਨਿਭਾ ਇੱਕ ਤੋਂ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
ਪਰ ਉਨ੍ਹਾਂ ਬੈਸਟ ਫਿਲਮ ਅਦਾਕਾਰਾ ਦਾ ਪੁਰਸਕਾਰ ਉਨ੍ਹਾਂ ਦੀ 300ਵੀਂ ਅਤੇ ਆਖ਼ਰੀ ਫਿਲਮ 'ਮੌਮ' ਲਈ ਮਿਲਿਆ।
ਜਦ ਕਿ ਫਿਲਮੀ ਸਫ਼ਰ ਵਿੱਚ ਕਈ ਅਜਿਹੇ ਮੌਕੇ ਆਏ ਜਦੋਂ ਸ਼੍ਰੀਦੇਵੀ ਸਣੇ ਸਾਨੂੰ ਵੀ ਲੱਗਿਆ ਕਿ ਇਸ ਵਾਰ ਸ਼੍ਰੀਦੇਵੀ ਨੂੰ ਹੀ ਰਾਸ਼ਟਰੀ ਪੁਰਸਕਾਰ ਮਿਲੇਗਾ।
ਪਰ ਅਜਿਹਾ ਹੋ ਨਹੀਂ ਸਕਿਆ ਅਤੇ ਜਦੋਂ ਪੁਰਸਕਾਰਾਂ ਦਾ ਐਲਾਨ ਹੋਇਆ ਤਾਂ ਉਹ ਪੁਰਸਕਾਰ ਸ਼੍ਰੀਦੇਵੀ ਦੀ ਥਾਂ ਕਿਸੇ ਹੋਰ ਅਦਾਕਾਰਾ ਦੀ ਝੋਲੀ ਪੈ ਗਿਆ।
ਪਰ ਹੁਣ ਜਦ ਸ਼੍ਰੀਦੇਵੀ ਇਸ ਦੁਨੀਆਂ ਵਿੱਚ ਨਹੀਂ ਰਹੀ ਤਾਂ ਇਨ੍ਹਾਂ ਦੇ ਦੇਹਾਂਤ ਦੇ 48 ਦਿਨ ਬਾਅਦ ਉਨ੍ਹਾਂ ਨੂੰ ਬੈਸਟ ਫਿਲਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਣ ਨਾਲ ਸ਼੍ਰੀਦੇਵੀ ਦੀ ਆਤਮਾ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੰਤੁਸ਼ਟੀ ਮਿਲੇਗੀ ਕਿ ਆਖ਼ਰਕਾਰ ਅੱਜ ਉਨ੍ਹਾਂ ਉਹ ਸਨਮਾਨ ਮਿਲ ਹੀ ਗਿਆ ਜੋ ਉਨ੍ਹਾਂ ਨੂੰ ਸਾਲਾਂ ਪਹਿਲਾਂ ਮਿਲ ਜਾਣਾ ਚਾਹੀਦਾ ਸੀ।
ਹਾਲਾਂਕਿ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਕਿਸੇ ਅਦਾਕਾਰ ਨੂੰ ਮਰਨ ਤੋਂ ਬਾਅਦ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲੇਗਾ।
ਰਾਸ਼ਟਰੀ ਫਿਲਮ ਪੁਰਸਕਾਰ ਦੀ ਚਾਹਤ ਹਰੇਕ ਕਲਾਕਾਰ ਨੂੰ ਹੁੰਦੀ ਹੈ। ਬੇਸ਼ੱਕ ਉਨ੍ਹਾਂ ਦੇ ਜੀਵਨ ਵਿੱਚ ਕੋਈ ਵੱਡਾ ਬਦਲਾਅ ਆਵੇ ਜਾਂ ਨਾ ਆਵੇ। ਉਹ ਪੁਰਸਕਾਰ ਚੰਗੇ ਪੱਦਰਸ਼ਨ 'ਤੇ ਸਰਕਾਰੀ ਮੁਹਰ ਲਗ ਕੇ ਉਸ ਕਲਾਕਾਰ ਨੂੰ ਵਿਸ਼ੇਸ਼ ਪਛਾਣ ਅਤੇ ਮਾਨਤਾ ਪ੍ਰਦਾਨ ਕਰਦਾ ਹੈ।
'ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ'
ਸ਼੍ਰੀਦੇਵੀ ਨਾਲ ਸਾਲ 1991 ਵਿੱਚ ਮੈਂ ਰਾਸ਼ਟਰੀ ਪੁਰਸਕਾਰ ਬਾਰੇ ਗੱਲ ਕੀਤੀ ਸੀ। ਉਹ ਉਦੋਂ ਜੈਪੁਰ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ।
ਮੈਂ ਪੁੱਛਿਆ ਸੀ ਕਿ ਤੁਹਾਨੂੰ ਇੰਨੀ ਲੋਕਪ੍ਰਿਯਤਾ ਅਤੇ ਸਫਲਤਾ ਮਿਲ ਗਈ ਹੈ ਪਰ ਤੁਹਾਨੂੰ ਅਜੇ ਤੱਕ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਨਹੀਂ ਮਿਲਿਆ, ਕੀ ਇਸ ਗੱਲ ਦਾ ਅਫ਼ਸੋਸ ਰਹਿੰਦਾ ਹੈ।
ਇਸ 'ਤੇ ਸ਼੍ਰੀਦੇਵੀ ਨੇ ਜਵਾਬ ਦਿੱਤਾ ਸੀ, "ਮੈਂ ਵੀ ਚਾਹੁੰਦੀ ਹਾਂ ਮੈਨੂੰ ਰਾਸ਼ਟਰੀ ਪੁਰਸਕਾਰ ਮਿਲੇ। ਇਹ ਤਾਂ ਹਰੇਕ ਕਲਾਕਾਰ ਦਾ ਸੁਫ਼ਨਾ ਹੁੰਦਾ ਹੈ। ਮੇਰਾ ਵੀ ਇਹ ਸੁਫ਼ਨਾ ਹੈ। ਅਜੇ ਤੱਕ ਨਹੀਂ ਮਿਲਿਆ, ਇਸ ਦਾ ਦੁੱਖ ਤਾਂ ਰਹਿੰਦਾ ਹੈ ਪਰ ਕੀ ਕਹਿ ਸਕਦੇ ਹਾਂ, ਇਨਸਾਨ ਦੀਆਂ ਸਾਰੀਆਂ ਇਛਾਵਾਂ ਤਾਂ ਪੂਰੀਆਂ ਨਹੀਂ ਹੋ ਸਕਦੀਆਂ।"
ਸ਼੍ਰੀਦੇਵੀ ਨੇ 1967 ਵਿੱਚ ਦੱਖਣੀ ਭਾਰਤੀ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਪਰ ਜਦ 1978 ਵਿੱਚ ਬਤੌਰ ਨਾਇਕਾ ਫਿਲਮ 'ਸੋਲਵਾਂ ਸਾਵਨ' ਤੋਂ ਉਹ ਹਿੰਦੀ ਫਿਲਮਾਂ ਵਿੱਚ ਆਈ ਤਾਂ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਪਰ ਜਦੋਂ 1983 ਵਿੱਚ ਉਨ੍ਹਾਂ ਦਾ ਫਿਲਮਾਂ 'ਸਦਮਾ' ਅਤੇ 'ਹਿੰਮਤਵਾਲਾ' ਆਈਆਂ ਤਾਂ ਉਹ ਦੇਖਦੇ-ਦੇਖਦੇ ਹਿੰਦੀ ਫਿਲਮਾਂ ਦੀ ਵੀ ਸਟਾਰ ਬਣ ਗਈ।
ਵਾਰ-ਵਾਰ ਟਲਦਾ ਰਿਹਾ ਮੌਕਾ
'ਹਿੰਮਤਵਾਲਾ' ਨੇ ਜਿੱਥੇ ਵਪਾਰਕ ਪੱਖੋਂ ਜ਼ਬਰਦਸਤ ਸਫਲਤਾ ਹਾਸਿਲ ਕੀਤੀ ਉੱਥੇ 'ਸਦਮਾ' ਨੇ ਦਿਖਾ ਦਿੱਤਾ ਕਿ ਉਹ ਇੱਕ ਸ਼ਾਨਦਾਰ ਅਦਾਕਾਰ ਹੈ।
ਮੈਂ ਇੱਕ ਕੌਮਾਂਤਰੀ ਫਿਲਮ ਸਮਾਗਮ ਵਿੱਚ ਇਹੀ ਸੋਚ ਕੇ 'ਸਦਮਾ' ਦੇਖਣ ਗਿਆ ਸੀ ਇਸ ਵਿੱਚ ਕਮਲ ਹਾਸਨ ਵਰਗੇ ਅਦਾਕਾਰ ਹਨ।
ਪਰ ਜਦੋਂ ਮੈਂ ਫਿਲਮ ਦੇਖ ਕੇ ਬਾਹਰ ਨਿਕਲਿਆ ਤਾਂ ਸ਼੍ਰੀਦੇਵੀ ਦਾ ਦਿਲਕਸ਼ ਪ੍ਰਦਰਸ਼ਨ ਮੇਰੇ ਨਾਲ ਹੀ ਤੁਰ ਪਿਆ ਸੀ।
ਉਦੋਂ ਹੀ ਲੱਗਾ ਸੀ ਕਿ ਸ਼੍ਰੀਦੇਵੀ ਨੂੰ ਇਸ ਵਾਰ ਰਾਸ਼ਟਰੀ ਪੁਰਸਕਾਰ ਮਿਲੇਗਾ ਪਰ 1983 ਦਾ ਬੈਸਟ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਉਸ ਸਾਲ ਸ਼੍ਰੀਦੇਵੀ ਨੂੰ ਨਾ ਮਿਲ ਕੇ 'ਖੰਡਰ' ਲਈ ਸ਼ਬਾਨਾ ਆਜ਼ਮੀ ਨੂੰ ਮਿਲ ਗਿਆ।
ਸਾਲ 1987 ਵਿੱਚ ਜਦੋਂ ਸ਼੍ਰੀਦੇਵੀ ਦੀ ਫਿਲਮ 'ਮਿਸਟਰ ਇੰਡੀਆ' ਆਈ ਤਾਂ ਵੀ ਲੱਗਾ ਕਿ ਇਸ ਵਾਰ ਦਾ ਰਾਸ਼ਟਰੀ ਪੁਰਸਕਾਰ ਇਹ 'ਹਵਾ ਹਵਾਈ ਗਰਲ' ਹੀ ਲੈ ਕੇ ਜਾਵੇਗੀ ਪਰ ਉਸ ਸਾਲ ਵੀ ਇਹ ਸ਼੍ਰਈਦੇਵੀ ਨੂੰ ਨਾ ਮਿਲ ਕੇ ਤਮਿਲ ਫਿਲਮ 'ਵਿਡੂ' ਲਈ ਅਦਾਕਾਰ ਅਰਚਨਾ ਦੀ ਝੋਲੀ ਵਿੱਚ ਚਲਾ ਗਿਆ।
ਪਰ ਜਦੋਂ 1989 ਵਿੱਚ ਸ਼੍ਰਈਦੇਵੀ ਦੀ ਇੱਕ ਨਹੀਂ ਦੋ ਦੋ ਸ਼ਾਨਦਾਰ ਫਿਲਮਾਂ ਆਈਆਂ 'ਚਾਂਦਨੀ' ਅਤੇ 'ਚਾਲਬਾਜ਼' ਤਾਂ ਇੱਕ ਲਹਿਰ ਜਿਹੀ ਸੀ, ਇਸ ਸਾਲ ਬੇਮਿਸਾਲ ਅਦਾਕਾਰਾ ਰਾਸ਼ਟਰੀ ਪੁਰਸਕਾਰ ਜ਼ਰੂਰ ਜਿੱਤੇਗੀ।
ਪਰ ਉਦੋਂ ਵੀ ਸਾਰੀਆਂ ਧਾਰਨਾਵਾਂ ਐਂਵੇ ਹੀ ਰਹਿ ਗਈਆਂ ਅਤੇ ਉਸ ਸਾਲ ਪੁਰਸਕਾਰ ਬੰਗਲਾ ਅਦਾਕਾਰਾ ਸ਼੍ਰੀਲੇਖਾ ਮੁਖਰਜੀ ਦੇ ਖਾਤੇ ਵਿੱਚ ਚਲਿਆ ਗਿਆ।
ਅਜਿਹਾ ਹੀ ਇੱਕ ਹੋਰ ਮੌਕਾ ਆਇਆ ਜਦੋਂ 1991 ਵਿੱਚ ਸ਼੍ਰੀਦੇਵੀ ਦੀ ਇੱਕ ਹੋਰ ਯਾਦਗਾਰ ਫਿਲਮ 'ਲਮਹੇ' ਆਈ ਪਰ ਉਦੋਂ ਵੀ ਬਾਜ਼ੀ ਸ਼੍ਰੀਦੇਵੀ ਦੇ ਹੱਥ ਨਾ ਲੱਗ ਕੇ ਅਸਮਿਆ ਅਦਾਕਾਰ ਮੋਲੋਆ ਗੋਸਵਾਮੀ ਕੋਲ ਗਈ।
1997 ਵਿੱਚ ਜਦੋਂ ਫਿਲਮ 'ਜੁਦਾਈ' ਆਈ ਤਾਂ ਫੇਰ ਲੱਗਿਆ ਕਿ ਸ਼੍ਰੀਦੇਵੀ ਦਾ ਅਰਮਾਨ ਪੂਰਾ ਹੋਵੇਗਾ ਪਰ ਉਸ ਸਾਲ ਵੀ ਇਹ ਪੁਰਸਕਾਰ ਬੰਗਲਾ ਫਿਲਮ 'ਦਹਿਨ' ਲਈ ਸੰਯੁਕਤ ਰੂਪ ਨਾਲ ਦੋ ਅਦਾਕਾਰਾਂ ਇੰਦਰਾਣੀ ਹਲਧਰ ਅਤੇ ਸ਼੍ਰਿਤੁਪਰਣੋ ਸੇਨਗੁਪਤਾ ਕੋਲ ਚਲਾ ਗਿਆ।
'ਮੌਮ' ਨੇ ਦਿਵਾਇਆ ਪੁਰਸਕਾਰ
ਇਸ ਦੌਰਾਨ ਸ਼੍ਰੀਦੇਵੀ ਨੂੰ 'ਚਾਲਬਾਜ਼' ਅਤੇ 'ਲਮਹੇ' ਲਈ ਬੈਸਟ ਅਦਾਕਾਰ ਦਾ ਫਿਲਮਫੇਅਰ ਐਵਾਰਡ ਤਾਂ ਮਿਲਿਆ। ਦੱਖਣ ਦੀਆਂ ਫਿਲਮਾਂ ਲਈ ਵੀ ਉਨ੍ਹਾਂ ਫਿਲਮਫੇਅਰ ਸਹਿਤ ਕੁਝ ਹੋਰ ਐਵਾਰਡ ਵੀ ਮਿਲਦੇ ਰਹੇ।
ਸਾਲ 2013 ਵਿੱਚ ਸਰਕਾਰ ਨੇ ਸ਼੍ਰੀਦੇਵੀ ਨੂੰ ਪਦਮਸ਼੍ਰੀ ਵੀ ਦਿੱਤਾ ਪਰ ਉਦੋਂ ਵੀ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾ ਮਿਲਣਾ ਕਈ ਲੋਕਾਂ ਨੂੰ ਖਟਕਦਾ ਸੀ।
ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨਾਲ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਪੁਰਸਕਾਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, "ਸ਼੍ਰੀਦੇਵੀ ਨੂੰ ਇਸ ਤੋਂ ਪਹਿਲਾਂ 1970 ਵਿੱਚ ਬਾਲ ਕਲਾਕਾਰ ਰੂਪ ਵਿੱਚ ਫਿਲਮ 'ਕੋਮਬਾਟਾ' ਲਈ ਕੇਰਲ ਸਰਕਾਰ ਦਾ ਸਟੇਟ ਐਵਾਰਡ ਤਾਂ ਮਿਲਿਆ ਪਰ ਰਾਸ਼ਟਰੀ ਪੁਰਸਕਾਰ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਹੈ।"
ਜਿਸ ਫਿਲਮ 'ਮੌਮ' ਲਈ ਸ਼੍ਰੀਦੇਵੀ ਨੂੰ ਇਹ ਪੁਰਸਕਾਰ ਮਿਲਿਆ ਹੈ, ਉਸ ਦੇ ਮੁੱਖ ਨਿਰਮਾਤਾ ਬੋਨੀ ਕਪੂਰ ਹੀ ਹਨ।
ਇਹ ਫਿਲਮ 7 ਜੁਲਾਈ 2017 ਨੂੰ ਹਿੰਦੀ ਸਹਿਤ ਤਮਿਲ, ਤੇਲੁਗੂ ਅਤੇ ਮਲਿਆਲਮ ਯਾਨਿ ਕਿ 4 ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਹੋਈ ਸੀ।
ਇਸ ਫਿਲਮ ਵਿੱਚ ਸ਼੍ਰੀਦੇਵੀ ਨੇ ਇੱਕ ਅਜਿਹੀ ਅਧਿਆਪਕ ਦੇਵਕੀ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਮਤਰੇਈ ਕੁੜੀ ਦਾ ਬਲਾਤਕਾਰ ਹੋਣ 'ਤੇ ਉਸ ਨੂੰ ਇਨਸਾਫ ਦਿਵਾਉਣ ਲਈ ਲੰਮੀ ਜੰਗ ਲੜਦੀ ਹੈ।
ਫਿਲਮ ਵਿੱਚ ਸ਼੍ਰੀਦੇਵੀ ਦੀ ਜ਼ਬਰਦਸਤ ਪੇਸ਼ਕਾਰੀ ਧੁਰ ਅੰਦਰ ਤੱਕ ਹਿਲਾ ਦਿੰਦੀ ਹੈ।
ਉਹ ਕੁਦਰਤ ਦਾ ਖੇਡ ਹੈ ਜਾਂ ਕਿਸਮਤ ਕਿ ਸ਼੍ਰੀਦੇਵੀ ਵਰਗੀ ਲਾਜਵਾਬ ਅਦਾਕਾਰ ਕੋਈ ਰਾਸ਼ਟਰੀ-ਅੰਤਰਰਾਸ਼ਚਰੀ ਪੁਰਸਕਾਰ ਪਾਉਣ ਦੇ ਸੁਫ਼ਨੇ ਦੇਖਦੀ ਰਹੀ ਪਰ ਮੌਤ ਤੋਂ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਸਨਮਾਨ ਮਿਲ ਰਹੇ ਹਨ।
ਬੀਤੀ 24 ਫਰਵਰੀ ਨੂੰ ਦੁਬਈ ਵਿੱਚ ਹੋਈ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ 28 ਫਰਵਰੀ ਨੂੰ ਮੁੰਬਈ ਦੇ ਵਿਲੇ ਪਾਰਲੇ ਵਿੱਚ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੇ ਸਰੀਰ ਨੂੰ ਰਾਸ਼ਟਰੀ ਝੰਡੇ ਵਿੱਚ ਲਪੇਟ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਹ ਪਹਿਲੀ ਭਾਰਤੀ ਅਦਾਕਾਰਾ ਸੀ ਜਿਨ੍ਹਾਂ ਅਜਿਹਾ ਸਨਮਾਨ ਦਿੱਤਾ ਗਿਆ।
ਇਸ ਦੇ ਨਾਲ ਹੀ ਪਿਛਲੇ ਦਿਨੀਂ ਓਸਕਰ ਫਿਲਮ ਸਮਾਗਮ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਫਿਲਮੀ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਕੇ ਸ਼੍ਰੀਦੇਵੀ ਨੂੰ ਵੱਡਾ ਸਨਮਾਨ ਦਿੱਤਾ ਗਿਆ।
ਹੁਣ ਉਨ੍ਹਾਂ ਨੂੰ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਣਾ ਇਨ੍ਹਾਂ ਵੱਡੇ ਸਨਮਾਨਾਂ ਦਾ ਅਗਲਾ ਪੜਾਅ ਹੈ।