You’re viewing a text-only version of this website that uses less data. View the main version of the website including all images and videos.
ਸ਼੍ਰੀਦੇਵੀ ਦੇ ਟਵਿੱਟਰ ਹੈਂਡਲ ਤੋਂ ਆਖਰੀ ਟਵੀਟ- 'ਮੇਰਾ ਪਿਆਰ....'
28 ਫਰਵਰੀ ਦੀ ਰਾਤ ਉਸ ਵੇਲੇ ਲੋਕ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਮਰਹੂਮ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਹੋਇਆ।
ਇਸ ਟਵੀਟ ਨਾਲ ਜਾਰੀ ਸੁਨੇਹੇ ਨੂੰ ਲੋਕਾਂ ਨੇ ਪੂਰਾ ਪੜ੍ਹਿਆ ਤਾਂ ਪਤਾ ਲੱਗਿਆ ਕਿ ਇਹ ਉਨ੍ਹਾਂ ਦੇ ਫ਼ਿਲਮ ਪ੍ਰੋਡਿਊਸਰ ਪਤੀ ਬੋਨੀ ਕਪੂਰ ਦਾ ਇੱਕ ਸੁਨੇਹਾ ਸੀ।
ਸ਼੍ਰੀਦੇਵੀ ਦੇ ਟਵਿੱਟਰ ਹੈਂਡਲ ਤੋਂ ਬੋਨੀ ਕਪੂਰ ਨੇ ਲਿਖਿਆ ਕਿ ਇਹ ਉਨ੍ਹਾਂ ਲਈ ਕਿੰਨਾ ਮਾਇਨੇ ਰੱਖਦੀ ਸੀ। ਉਨ੍ਹਾਂ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ।
ਪੜ੍ਹੋ ਬੋਨੀ ਕਪੂਰ ਨੇ ਕੀ ਲਿਖਿਆ:
"ਇੱਕ ਦੋਸਤ, ਪਤਨੀ ਅਤੇ ਆਪਣੀਆਂ ਦੋ ਜਵਾਨ ਧੀਆਂ ਦੀ ਮਾਂ ਨੂੰ ਗਵਾਉਣਾ ਅਜਿਹਾ ਨੁਕਸਾਨ ਹੈ, ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।"
"ਮੈਂ ਆਪਣੇ ਪਰਿਵਾਰ, ਦੋਸਤਾਂ, ਸਹਿਯੋਗੀਆਂ, ਸ਼ੁਭਚਿੰਤਕਾਂ ਅਤੇ ਸ਼੍ਰੀਦੇਵੀ ਦੇ ਅਣਗਿਣਤ ਪ੍ਰਸ਼ੰਸਕਾਂ ਦਾ ਧੰਨਵਾਦੀ ਹਾਂ ਜੋ ਚੱਟਾਨ ਵਾਂਗ ਸਾਡੇ ਨਾਲ ਖੜ੍ਹੇ ਰਹੇ। ਮੈਂ ਕਿਸਮਤ ਵਾਲਾ ਹਾਂ ਕਿ ਮੇਰੇ ਨਾਲ ਅਰਜੁਨ ਅਤੇ ਅੰਸ਼ੁਲਾ ਦਾ ਸਹਿਯੋਗ ਅਤੇ ਪਿਆਰ ਹੈ ਜੋ ਮੇਰੇ, ਖੁਸ਼ੀ ਅਤੇ ਜਾਹਨਵੀ ਦੇ ਲਈ ਮਜ਼ਬੂਤੀ ਦੇ ਥੰਮ ਰਹੇ ਹਨ। ਅਸੀਂ ਇਕੱਠੇ ਬਤੌਰ ਇੱਕ ਪਰਿਵਾਰ ਨਾ ਸਹਿਣ ਕਰ ਪਾਉਣ ਵਾਲੀ ਘਟਨਾ ਨੂੰ ਝੱਲਣ ਦੀ ਕੋਸ਼ਿਸ਼ ਕੀਤੀ ਹੈ।"
"ਇਸ ਦੁਨੀਆਂ ਲਈ ਉਹ ਉਨ੍ਹਾਂ ਦੀ ਚਾਂਦਨੀ ਸੀ। ਇੱਕ ਚੰਗੀ ਅਦਾਕਾਰਾ। ਪਰ ਮੇਰੇ ਲਈ ਉਹ ਮੇਰਾ ਪਿਆਰ, ਮੇਰੀ ਦੋਸਤ ਅਤੇ ਮੇਰੀਆਂ ਧੀਆਂ ਦੀ ਮਾਂ ਸੀ। ਮੇਰੀ ਪਾਰਟਨਰ ਸੀ। ਸਾਡੀਆਂ ਧੀਆਂ ਲਈ ਉਹ ਉਨ੍ਹਾਂ ਦਾ ਸਭ ਕੁਝ ਸੀ। ਉਨ੍ਹਾਂ ਦੀ ਜ਼ਿੰਦਗੀ ਸੀ। ਉਹ ਧੁਰੀ ਸੀ ਜਿਸ ਦੇ ਆਲੇ-ਦੁਆਲੇ ਸਾਡਾ ਪਰਿਵਾਰ ਘੁੰਮਦਾ ਸੀ।"
"ਹੁਣ ਅਸੀਂ ਉਨ੍ਹਾਂ ਨੂੰ ਅਲਵਿਦਾ ਕਹਿ ਰਹੇ ਹਾਂ ਤਾਂ ਮੇਰੀ ਤੁਹਾਨੂੰ ਇੱਕ ਬੇਨਤੀ ਹੈ। ਨਿੱਜੀ ਤੌਰ 'ਤੇ ਸੋਗ ਮਨਾਉਣ ਦੀ ਸਾਡੀ ਲੋੜ ਦਾ ਸਨਮਾਨ ਕਰੋ। ਜੇ ਤੁਸੀਂ ਸ਼੍ਰੀਦੇਵੀ ਬਾਰੇ ਗੱਲ ਕਰਨੀ ਹੋਵੇ ਤਾਂ ਉਹ ਉਨ੍ਹਾਂ ਖਾਸ ਯਾਦਾਂ ਬਾਰੇ ਹੋਵੇ ਜੋ ਤੁਹਾਡੇ ਵਿੱਚੋਂ ਹਰ ਕਿਸੇ ਨੂੰ ਉਨ੍ਹਾਂ ਨਾਲ ਜੋੜਦੀ ਹੈ।"
"ਉਹ ਇੱਕ ਅਜਿਹੀ ਅਦਾਕਾਰਾ ਸੀ ਅਤੇ ਹੈ ਜਿਸ ਦਾ ਕੋਈ ਬਦਲ ਨਹੀਂ ਹੈ। ਇਸ ਲਈ ਉਨ੍ਹਾਂ ਦਾ ਬਹੁਤ ਪਿਆਰ ਅਤੇ ਸਨਮਾਨ। ਕਿਸੇ ਅਦਾਕਾਰਾ ਦੀ ਜ਼ਿੰਦਗੀ 'ਤੇ ਕਦੇ ਪਰਦਾ ਨਹੀਂ ਪੈਂਦਾ ਕਿਉਂਕਿ ਉਹ ਹਮੇਸ਼ਾ ਰੂਪਹਿਲੇ ਪਰਦੇ 'ਤੇ ਚਮਕਦੀ ਰਹਿੰਦੀ ਹੈ।"
"ਮੇਰੀ ਇੱਕੋ ਫ਼ਿਕਰ ਇਸ ਵੇਲੇ ਆਪਣੀਆਂ ਧੀਆਂ ਦੀ ਹਿਫ਼ਾਜ਼ਤ ਕਰਨਾ ਅਤੇ ਸ਼੍ਰੀਦੇਵੀ ਦੇ ਬਿਨਾਂ ਅੱਗੇ ਵਧਣ ਦੀ ਰਾਹ ਲੱਭਣਾ ਹੈ। ਉਹ ਸਾਡੀ ਜ਼ਿੰਦਗੀ ਸੀ, ਸਾਡੀ ਤਾਕਤ ਸੀ ਅਤੇ ਸਾਡੇ ਹਮੇਸ਼ਾਂ ਮੁਸਕਰਾਉਣ ਦੀ ਵਜ੍ਹਾ ਸੀ। ਅਸੀਂ ਉਸ ਨਾਲ ਬੇਹਿਸਾਬ ਮੁਹੱਬਤ ਕਰਦੇ ਹਾਂ।"
"ਰੈੱਸਟ ਇਨ ਪੀਸ ਮਾਏ ਲਵ। ਸਾਡੀਆਂ ਜ਼ਿੰਦਗੀਆਂ ਦੁਬਾਰਾ ਪਹਿਲਾਂ ਵਰਗੀਆਂ ਨਹੀਂ ਹੋਣਗੀਆਂ।"
-ਬੋਨੀ ਕਪੂਰ