ਵਿੱਕੀ ਗੌਂਡਰ ਤੋਂ ਬਾਅਦ ਇਸ ਸ਼ਖਸ ਦੇ ਮਗਰ ਪੰਜਾਬ ਪੁਲਿਸ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ, ਚੰਡੀਗੜ੍ਹ

ਹਾਂਗ ਕਾਂਗ ਵਿੱਚ ਗਿਰਫ਼ਤਾਰ ਕੀਤੇ ਗਏ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਲਈ ਪੰਜਾਬ ਪੁਲਿਸ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਪੁਲਿਸ ਮੁਤਾਬਕ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਵਿੱਚ ਵੀ ਰੋਮੀ ਦੀ ਸ਼ਮੂਲੀਅਤ ਰਹੀ ਹੈ।

ਪੰਜਾਬ ਪੁਲਿਸ ਮੁਤਾਬਕ, ''ਗੈਂਗਸਟਰ ਵਿੱਕੀ ਗੌਂਡਰ ਨੂੰ ਜੇਲ੍ਹ ਤੋਂ ਭਜਾਉਣ ਵਾਲੇ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਲਈ ਕੂਟਨੀਤਕ ਤੌਰ 'ਤੇ ਕੋਸ਼ਿਸ਼ ਸ਼ੁਰੂ ਹੋ ਗਈ ਹੈ।''

ਪੁਲਿਸ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਰਮਨਜੀਤ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।

ਉਹ ਹਾਲਹੀ ਵਿੱਚ ਹਾਂਗ ਕਾਂਗ ਦੇ ਕੋਵਲੂਨ ਵਿੱਚ ਇੱਕ ਚੋਰੀ ਦੇ ਕੇਸ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ।

ਪੰਜਾਬ ਪੁਲਿਸ ਨੂੰ ਰੋਮੀ ਦੀ ਗਿਰਫ਼ਤਾਰੀ ਦੀ ਜਾਣਕਾਰੀ ਇੰਟਰਪੋਲ ਨੇ ਦਿੱਤੀ। ਪੁਲਿਸ ਨੇ ਰੋਮੀ ਦਾ ਪਾਕਿਸਤਾਨ ਕਨੈਕਸ਼ਨ ਹੋਣ ਦਾ ਵੀ ਦਾਅਵਾ ਕੀਤਾ ਹੈ।

ਪੁਲਿਸ ਮੁਤਾਬਕ, ''ਰਮਨਜੀਤ ਸਿੰਘ ਰੋਮੀ ਪੰਜਾਬ ਦੇ ਗੈਂਗਸਟਰਾਂ ਤੇ ਪਾਕਿਸਤਾਨ 'ਚ ਬੈਠੇ ਵੱਖਵਾਦੀਆਂ ਵਿਚਾਲੇ ਕੜੀ ਦਾ ਕੰਮ ਕਰਦਾ ਸੀ। ਉਹ ਆਪਣੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਅੰਜਾਮ ਦਿੰਦਾ ਸੀ।''

ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ ਰੋਮੀ ਜੂਨ 2016 ਵਿੱਚ ਨਾਭਾ ਜੇਲ੍ਹ ਵਿੱਚ ਹੀ ਬੰਦ ਸੀ।

ਇੱਕ ਮਹੀਨੇ ਬਾਅਦ ਉਸ ਨੂੰ ਜ਼ਮਾਨਤ ਮਿਲੀ ਅਤੇ ਉਹ ਹਾਂਗ ਕਾਂਗ ਭੱਜ ਗਿਆ ਜਿੱਥੇ ਉਸ ਨੇ ਜੇਲ੍ਹ ਬ੍ਰੇਕ ਦੀ ਪੂਰੀ ਸਾਜਿਸ਼ ਘੜੀ।

'ਜਗਤਾਰ ਜੌਹਲ ਨਾਲ ਸਬੰਧ'

ਪੰਜਾਬ ਪੁਲਿਸ ਮੁਤਾਬਕ ਰਮਨਜੀਤ ਸਿੰਘ ਰੋਮੀ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨਾਲ ਵੀ ਸੰਪਰਕ ਵਿੱਚ ਸੀ।

ਉਹੀ ਜਗਤਾਰ ਸਿੰਘ ਜੌਹਲ ਜਿਸ 'ਤੇ ਪੰਜਾਬ ਵਿੱਚ ਹਿੰਦੂ ਲੀਡਰਾਂ ਦੇ ਕਤਲਾਂ ਲਈ ਸਾਜਿਸ਼ ਘੜਨ ਦਾ ਇਲਜ਼ਾਮ ਹੈ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਰਮਨਜੀਤ ਸਿੰਘ ਰੋਮੀ 'ਤੇ ਨਾਭਾ ਜੇਲ੍ਹ ਬ੍ਰੇਕ, ਸਿਆਸੀ ਕਤਲਾਂ ਤੋਂ ਇਲਾਵਾ ਅੱਤਵਾਦੀ ਗਤੀਵਿਧੀਆਂ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਫੰਡ ਟਰਾਂਸਫ਼ਰ, ਕਿਡਨੈਪਿੰਗ ਤੇ ਹਥਿਾਰਾਂ ਦੀ ਸਮਗਲਿੰਗ ਦੇ ਵੀ ਇਲਜ਼ਾਮ ਹਨ।

ਰਮਨਜੀਤ ਸਿੰਘ ਰੋਮੀ 'ਤੇ ਕਿਹੜੇ ਕੇਸ?

ਪੰਜਾਬ ਪੁਲਿਸ ਮੁਤਾਬਕ:

  • 27 ਨਵੰਬਰ 2016 ਨੂੰ ਅੱਤ ਸੁਰੱਖਿਅਤ ਨਾਭਾ ਜੇਲ੍ਹ ਤੋੜੀ ਗਈ ਸੀ।
  • ਗੈਂਗਸਟਰ ਵਿੱਕੀ ਗੌਂਡਰ ਨੂੰ ਸਾਥੀਆਂ ਸਣੇ ਭਜਾਉਣ ਦਾ ਇਲਜ਼ਾਮ।
  • ਪਟਿਆਲਾ ਜ਼ਿਲ੍ਹੇ ਦੀ ਨਾਭਾ ਕੋਤਵਾਲੀ ਵਿੱਚ ਮਾਮਲਾ ਦਰਜ
  • 4 ਅਪਰੈਲ 2016 ਨੂੰ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਨਾਭਾ ਵਿੱਚ ਸਾਥੀ ਸਮੇਤ ਕਾਬੂ।
  • ਰੋਮੀ 'ਤੇ ਫ਼ਰਜ਼ੀ ਕਰੈਡਿਟ ਕਾਰਡ ਬਣਾਉਣ ਦਾ ਇਲਜ਼ਾਮ ਸੀ।
  • ਨਾਭਾ ਜੇਲ੍ਹ ਵਿੱਚ ਬੰਦ ਰੋਮੀ ਜ਼ਮਾਨਤ 'ਤੇ ਬਾਹਰ ਆਇਆ ਅਤੇ ਉਸ ਵੇਲੇ ਤੋਂ ਹੀ ਭਗੌੜਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)