ਪਦਮਾਵਤ ਵਿਵਾਦ: ਕਰਣੀ ਸੈਨਾ ਕੀ ਹੈ ਤੇ ਕਿਵੇਂ ਕਰਦੀ ਹੈ ਕੰਮ?

    • ਲੇਖਕ, ਨਾਰਾਇਣ ਬਾਰੇਠ
    • ਰੋਲ, ਜੈਪੁਰ ਤੋਂ ਬੀਬੀਸੀ ਹਿੰਦੀ ਲਈ

ਜੇ ਤੁਸੀਂ ਗੂਗਲ 'ਤੇ ਦੇਖੋਂ ਤਾਂ ਪਤਾ ਲਗਦਾ ਹੈ ਕਿ ਜਨਵਰੀ 2017 ਤੋਂ ਪਹਿਲਾਂ ਲੋਕਾਂ ਨੂੰ ਕਰਣੀ ਸੈਨਾ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਸੀ।

ਪਦਮਾਵਤ ਫ਼ਿਲਮ ਦੇ ਵਿਰੋਧ ਵਿੱਚ ਦੀਪਿਕਾ ਪਾਦੂਕੋਣ ਦਾ ਨੱਕ ਵੱਢਣ ਦੀਆਂ ਧਮਕੀਆਂ ਦੇਣ ਕਰਕੇ ਲੋਕਾਂ ਨੂੰ ਇਸ ਵਿੱਚ ਦਿਲਚਸਪੀ ਪੈਦਾ ਹੋਈ ਹੈ।

ਪੂਰੇ ਦੇਸ ਦੇ ਨਾਗਰਿਕ ਹੁਣ ਜਾਣਨਾ ਚਾਹੁੰਦੇ ਹਨ ਕਿ ਇਹ ਕਰਣੀ ਸੈਨਾ ਕੀ ਹੈ? ਇਹ ਕਿਵੇਂ ਕੰਮ ਕਰਦੀ ਹੈ? ਇਸਦਾ ਉਦੇਸ਼ ਕੀ ਹੈ? ਇਹ ਪਦਮਾਵਤ ਫ਼ਿਲਮ ਦਾ ਵਿਰੋਧ ਕਿਉਂ ਕਰ ਰਹੀ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਜੈਪੁਰ ਦੇ ਇੱਕ ਮਲਟੀਪਲੈਕਸ ਸਾਹਮਣੇ ਖੜੇ ਇਸ ਦੇ ਨੌਜਵਾਨ ਹਮਾਇਤੀਆਂ ਤੋਂ ਲੈਣ ਦੀ ਕੋਸ਼ਿਸ਼ ਕੀਤੀ।

ਇਹ ਕੋਈ ਸਿਆਸੀ ਜਥੇਬੰਦੀ ਨਹੀਂ ਹੈ ਪਰ ਸਿਆਸੀ ਪਾਰਟੀਆਂ ਇਸ ਮਗਰ ਹੱਥ ਬੰਨ੍ਹ ਕੇ ਤੁਰਦੀਆਂ ਹਨ।

ਗਰਮ ਭਾਸ਼ਣਾਂ ਤੇ ਰੋਸਮਈ ਟਿੱਪਣੀਆਂ

ਜੋਸ਼ੀਲੇ ਭਾਸ਼ਣਾਂ ਤੇ ਰੋਸਮਈ ਟਿੱਪਣੀਆਂ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਸਰੋਤਿਆਂ ਦੀਆਂ ਅੱਖਾਂ ਵਿੱਚ ਬੀਤੇ ਸਮੇਂ ਦੇ ਕਿਲ੍ਹਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਭੀੜ੍ਹ ਵਿੱਚ ਰਾਜਸਥਾਨ ਦੇ ਕਿਸੇ ਕਾਲਜ ਤੋਂ ਨਿਕਲਿਆ ਤੇ ਕੋਈ ਹਾਲੇ ਵਿਦਿਆਰਥੀ ਵੀ ਸੀ।

ਜੈਪੁਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਦਲਪਾਲ ਸਿੰਘ ਦਾ ਕਹਿਣਾ ਹੈ, "ਕਰਣੀ ਸੈਨਾ ਨਾ ਸਿਰਫ਼ ਰਾਜਪੂਤਾਂ ਦੇ ਗੌਰਵ ਦੀ ਰਾਖੀ ਕਰ ਰਹੀ ਹੈ ਬਲਕਿ ਇਹ ਸਮਾਜ ਦੇ ਹਿੱਤਾਂ ਦੀ ਫ਼ਿਕਰ ਵੀ ਕਰਦੀ ਹੈ।

ਅੱਜ ਰਾਜਪੂਤ ਪੜ੍ਹ-ਲਿਖ ਕੇ ਬੇਰੁਜ਼ਗਾਰ ਘੁੰਮ ਰਹੇ ਹਨ। ਕਰਣੀ ਸੈਨਾ ਹਿੰਦੂ ਸੱਭਿਆਚਾਰ ਬਚਾਉਣ ਲਈ ਕੰਮ ਕਰ ਰਹੀ ਹੈ।"

ਕੁਝ ਨੌਜਵਾਨ ਰਾਖਵੇਂਕਰਨ ਦਾ ਆਧਾਰ ਆਰਥਿਕ ਬਣਾਉਣ ਦੀ ਗੱਲ ਕਰ ਰਹੇ ਸਨ। ਜੈਸਲਮੇਰ ਦੇ ਤਿਰਲੋਕ ਵੀ ਨਾਅਰੇ ਮਾਰ ਰਹੇ ਸਨ।

ਉਨ੍ਹਾਂ ਕਿਹਾ, "ਅੱਜ ਰਾਜਪੂਤ ਪੜ੍ਹ ਵੀ ਰਿਹਾ ਹੈ ਤੇ ਅੱਗੇ ਵੀ ਵਧ ਰਿਹਾ ਹੈ ਪਰ ਰਾਖਵੇਂਕਰਨ ਨਾਲ ਰਾਹ ਰੁਕ ਜਾਂਦਾ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਰਾਖਵਾਂਕਰਨ ਬੰਦ ਭਾਵੇਂ ਨਾ ਕੀਤਾ ਜਾਵੇ ਪਰ ਇਸ ਵਿੱਚ ਸੁਧਾਰ ਜ਼ਰੂਰ ਕੀਤਾ ਜਾਵੇ।"

ਸੈਨਾ ਨੇ ਰਾਜਸਥਾਨ ਦੇ ਰਾਜਪੂਤ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਪੈਰ ਪਸਾਰੇ ਹਨ।

ਹੁਣ ਇਸ ਦੇ ਸੱਦੇ 'ਤੇ ਨੌਜਵਾਨ ਝਟ ਇੱਕਠੇ ਹੋ ਜਾਂਦੇ ਹਨ।

ਕਰਣੀ ਸੈਨਾ ਦੇ ਅਹੁਦੇਦਾਰ ਸ਼ੇਰ ਸਿੰਘ ਕਹਿੰਦੇ ਹਨ,"ਜੈਪੁਰ ਵਿੱਚ ਉਨ੍ਹਾਂ ਦੀ ਹੋਂਦ ਮਜ਼ਬੂਤ ਹੈ। ਜੈਪੁਰ ਵਿੱਚ ਝੋਟਵਾੜਾ, ਖਾਤੀਪੁਰਾ, ਵੈਸ਼ਾਲੀ ਅਤੇ ਮੁਰਲੀਪੁਰਾ ਅਜਿਹੇ ਰਾਜਪੂਤ ਬਹੁਗਿਣਤੀ ਵਾਲੇ ਇਲਾਕੇ ਹਨ ਜਿੱਥੇ ਸੈਨਾ ਦਾ ਬੋਲ ਝੱਟ ਸੁਣਿਆ ਜਾਂਦਾ ਹੈ।

ਨੌਜਵਾਨ ਭੱਜੇ ਆਉਂਦੇ ਹਨ। ਪਿਛਲੇ ਕੁੱਝ ਸਮੇਂ ਦੌਰਾਨ ਕਰਣੀ ਸੈਨਾ ਨੇ ਆਪਣਾ ਖੇਤਰ ਵਧਾਇਆ ਹੈ ਤੇ ਸੂਬੇ ਦੇ ਬਾਹਰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ।"

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਰਾਜਪੂਤ ਸਮਾਜ ਦੇ ਇੱਕ ਜਾਣਕਾਰ ਦੱਸਦੇ ਹਨ, "ਪਿਛਲੇ ਕੁੱਝ ਸਾਲਾਂ ਵਿੱਚ ਰਾਜਪੂਤ ਸਮਾਜ ਦੇ ਲੋਕਾਂ ਨੇ ਵਪਾਰ ਤੇ ਨੌਕਰੀਆਂ ਕਰਕੇ ਦੂਸਰੇ ਸੂਬਿਆਂ ਵਿੱਚ ਵੀ ਥਾਂ ਬਣਾਈ ਹੈ।

ਇਨ੍ਹਾਂ ਪਰਵਾਸੀ ਰਾਜਪੂਤਾਂ ਨੂੰ ਬਹੁਤ ਵਧੀਆ ਲਗਦਾ ਹੈ ਜਦੋਂ ਕੋਈ ਰਾਜਸਥਾਨ ਤੋਂ ਜਾ ਕੇ ਹਿੰਦੂ ਗੌਰਵ ਦੀ ਗੱਲ ਕਰਦਾ ਹੈ। ਇਸੇ ਕਰਕੇ ਪਦਮਾਵਤ ਬਾਰੇ ਜਦੋਂ ਵੀ ਕੋਈ ਅਹੁਦੇਦਾਰ ਕਿਤੇ ਵੀ ਗਿਆ ਉਸ ਨੂੰ ਸਮਰਥਨ ਮਿਲਿਆ।

ਉਨ੍ਹਾਂ ਕਿਹਾ, "ਵੈਸੇ ਤਾਂ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਰਾਜਪੂਤ ਸਭਾ ਕੰਮ ਕਰਦੀ ਹੈ ਤੇ ਕਸ਼ੱਤਰੀ ਯੁਵਕ ਸੰਘ ਕਈ ਦਹਾਕਿਆਂ ਤੋਂ ਸੰਗਠਿਤ ਹੋ ਕੇ ਕੰਮ ਕਰ ਰਿਹਾ ਹੈ ਪਰ ਕਰਣੀ ਸੈਨਾ ਨੇ ਵੱਖਰਾ ਰਾਹ ਅਪਣਾਇਆ ਤੇ ਆਪਣੇ-ਆਪ ਨੂੰ ਨੌਜਵਾਨਾਂ 'ਤੇ ਕੇਂਦਰਿਤ ਕੀਤਾ।"

ਅਸਲੀ ਕਰਣੀ ਸੈਨਾ ਕਿਹੜੀ ਹੈ?

ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਰਾਜਪੂਤ ਸਮਾਜ ਦੇ ਇੱਕ ਮੈਂਬਰ ਨੇ ਦੱਸਿਆ ਕਿ ਕਰਣੀ ਸੈਨਾ ਪਹਿਲਾਂ ਸੰਗਠਨ ਹੈ ਜਿਹੜਾ ਜਾਤੀ ਗੌਰਵ ਵਰਗੇ ਭਾਵੁਕ ਮਸਲਿਆਂ ਨੂੰ ਲੈ ਕੇ ਗਲੀਆਂ ਅਤੇ ਸੜਕਾਂ 'ਤੇ ਉੱਤਰੀ।

ਇਹ ਇੱਕ ਨੌਜਵਾਨ ਨੂੰ ਵਧੀਆ ਲਗਦਾ ਹੈ ਕਿ ਇਹ ਉਸ ਨੂੰ ਇਤਿਹਾਸ ਨਾਲ ਜੋੜ ਰਹੀ ਹੈ।

ਉਹ ਕਹਿੰਦੇ ਹਨ ਕਿ ਬੇਰੁਜ਼ਗਾਰੀ ਵੀ ਇੱਕ ਵੱਡਾ ਮਸਲਾ ਹੈ। ਸ਼ਹਿਰਾਂ ਵਿੱਚ ਜਦੋਂ ਪਹਿਲੀ ਪੀੜ੍ਹੀ ਆਈ ਤਾਂ ਉਸ ਨੂੰ ਰੁਜ਼ਗਾਰ ਮਿਲ ਗਿਆ।

ਹੁਣ ਦੂਜੀ ਪੀੜ੍ਹੀ ਹੈ ਤੇ ਉਹ ਰੁਜ਼ਗਾਰ ਤੋਂ ਦੂਰ ਹੈ। ਹਿੰਦੂ ਪੈਰੋਕਾਰਾਂ ਨੂੰ ਵੀ ਇਸਦੇ ਨਾਅਰੇ ਤੇ ਮਸਲੇ ਢੁਕਵੇਂ ਲਗਦੇ ਹਨ।

ਸਮੇਂ ਦੌਰਾਨ ਕਰਣੀ ਸੈਨਾ ਤਿੰਨ ਹਿੱਸਿਆਂ ਵਿੱਚ ਵੰਡੀ ਗਈ। ਹੁਣ ਇਹ ਤਿੰਨੇ ਧੜੇ ਆਪਣੇ-ਆਪ ਨੂੰ ਅਸਲੀ ਕਰਣੀ ਸੈਨਾ ਦੱਸਦੇ ਹਨ।

ਇਸ ਨੂੰ ਲੈ ਕੇ ਕੋਰਟ ਕਚਹਿਰੀ ਤੱਕ ਗੱਲ ਜਾ ਚੁੱਕੀ ਹੈ।ਇਨ੍ਹਾਂ ਵਿੱਚ ਇੱਕ ਕਰਣੀ ਸੈਨਾ ਲੋਕੇਂਦਰ ਕਾਲਵੀ ਦੀ ਹੈ।

ਦੂਸਰੀ ਸ਼੍ਰੀ ਰਾਜਪੂਤ ਕਰਣੀ ਸੇਵਾ ਸਮਿਤੀ ਅਜੀਤ ਮਾਮਡੋਲੀ ਦੀ ਹੈ।

ਤੀਸਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਸੁਖਦੇਵ ਸਿੰਘ ਗੋਗਾਮੋੜੀ ਦੀ ਹੈ।

ਕਰਣੀ ਸੈਨਾ ਦੇ ਮਹੀਪਾਲ ਸਿੰਘ ਕਹਿੰਦੇ ਹਨ ਕਿ ਸ਼੍ਰੀ ਕਾਲਵੀ ਨੇ ਇਸ ਸੰਗਠਨ ਨੂੰ ਖੜਾ ਕੀਤਾ ਹੈ ਤੇ ਇਹੀ ਅਸਲੀ ਕਰਣੀ ਸੈਨਾ ਹੈ।

ਇਹ ਨੌਜਵਾਲ ਕੇਂਦਰਿਤ ਸੰਗਠਨ ਹੈ। ਬਾਕੀ ਦੇ ਸੰਗਠਨਾਂ ਵਿੱਚ ਜ਼ਿਆਦਾਤਰ ਅਧੇੜ ਤੇ ਬਜ਼ੁਰਗ ਹਨ।

ਇਹ ਪੂਰੀ ਤਰ੍ਹਾਂ ਨੌਜਵਾਨ ਵਰਗ ਦਾ ਸੰਗਠਨ ਹੈ। ਇਨ੍ਹਾਂ ਤਿੰਨਾਂ ਦੇ ਆਪਣੇ-ਆਪਣੇ ਦਫ਼ਤਰ ਤੇ ਪੈਸਾ ਕਿੱਥੋਂ ਆਉਂਦਾ ਹੈ?"

"ਨਾ ਤਾਂ ਕੋਈ ਫ਼ੰਡ ਹੈ ਨਾ ਕੋਈ ਖਜ਼ਾਨਚੀ, ਅਸੀਂ ਚੰਦਾ ਨਹੀਂ ਲੈਂਦੇ। ਲੋਕ ਆਪਸੀ ਸਹਿਯੋਗ ਨਾਲ ਹੀ ਸੰਗਠਨ ਚਲਾਉਂਦੇ ਹਨ।"

ਕਰਣੀ ਸੈਨਾ ਦਾ ਉਦੇਸ਼ ਕੀ ਹੈ?

ਸ਼੍ਰੀ ਰਾਜਪੂਤ ਕਰਣੀ ਸੇਵਾ ਸਮਿਤੀ ਦੇ ਮਾਮਡੋਲੀ ਕਹਿੰਦੇ ਹਨ,"ਉਨ੍ਹਾਂ ਦਾ ਸੰਗਠਨ ਹੀ ਮੂਲ ਸੰਗਠਨ ਹੈ। ਉਹ ਇਸ ਲਈ ਅਦਾਲਤ 'ਚ ਗਏ। ਇਸ ਨੂੰ ਗਿਆਰਾਂ ਸਾਲ ਹੋ ਗਏ ਹਨ।

ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੇਨਾ ਦੇ ਗੋਗਾਮੋੜੀ ਜਾਤੀ ਗੌਰਵ ਦੇ ਨਾਲ ਹਿੰਦੂਤਵ ਦੇ ਨਾਅਰੇ ਵੀ ਲਾਉਂਦੇ ਹਨ।"

ਗੋਗਾਮੋੜੀ ਕਹਿੰਦੇ ਹਨ,"ਹਾਂ ਉਨ੍ਹਾਂ ਖਿਲਾਫ਼ ਕੁੱਝ ਮੁਕੱਦਮੇ ਸਨ ਜੋ ਇਸੇ ਤਰ੍ਹਾਂ ਸੰਘਰਸ਼ ਕਰਦਿਆਂ ਦਰਜ ਹੋਏ ਜਿਨ੍ਹਾਂ ਵਿੱਚੋਂ ਦੋ ਵਿੱਚੋਂ ਬਰੀ ਹੋ ਗਏ ਹਨ।

ਜਦੋਂ ਤੁਸੀਂ ਕਿਸੇ ਪੀੜਤ ਲਈ ਆਵਾਜ਼ ਬੁਲੰਦ ਕਰਦੇ ਹੋਂ ਤਾਂ ਮੁਕੱਦਮੇ ਦਰਜ ਹੋ ਹੀ ਜਾਂਦੇ ਹਨ। ਇਨ੍ਹਾਂ ਸੰਗਠਨਾਂ ਨੇ ਪਹਿਲਾਂ ਰਾਖਵੇਂਕਰਨ ਦੀ ਮੰਗ ਚੁੱਕੀ ਤੇ ਸੰਘਰਸ਼ ਕੀਤਾ।

ਫੇਰ ਇਹ ਸੰਗਠਨ ਹਰ ਭਾਰਤੀ ਗੌਰਵ ਦੇ ਨਾਲ ਜੁੜੇ ਹਰ ਮੌਕੇ ਤੇ ਮਸਲੇ 'ਤੇ ਪਹੁੰਚਣ ਲੱਗੇ।"

ਮਾਮਡੋਲੀ ਕਹਿੰਦੇ ਹਨ, "ਜਦੋਂ ਫ਼ਿਲਮਾਂ ਵਿੱਚ ਰਾਜਪੂਤਾਂ ਦੀ ਪੇਸ਼ਕਾਰੀ ਗਲਤ ਤਰੀਕੇ ਨਾਲ ਹੋਣ ਲੱਗ ਪਈ ਤਾਂ ਸੰਗਠਨ ਸਰਗਰਮ ਹੋਇਆ।

ਇਸੇ ਲੜੀ ਵਿੱਚ ਜੋਧਾ-ਅਕਬਰ ਦਾ ਵਿਰੋਧ ਕੀਤਾ ਗਿਆ। ਪਿਛਲੇ ਸਾਲ ਆਨੰਦਪਾਲ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਨੇ ਕਰਣੀ ਸੈਨਾ ਨੂੰ ਹਰਕਤ ਵਿੱਚ ਲਿਆਂਦਾ ਤੇ ਲਗਦੇ ਹੱਥ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਨੇ ਇਸ ਨੂੰ ਇੱਕ ਮੰਚ ਮੁਹੱਈਆ ਕਰਾ ਦਿੱਤਾ।"

ਰਾਸ਼ਟਰੀ ਰਾਜਪੂਤ ਕਰਣੀ ਸੇਨਾ ਦੇ ਗੋਗਾਮੋੜੀ ਕਹਿੰਦੇ ਹਨ," ਜਦੋਂ ਸਾਡੇ ਸਮਾਜ ਦੇ ਕਿਸੇ ਵਿਅਕਤੀ ਜਾਂ ਅਧਿਕਾਰੀ ਨਾਲ ਨਾਇਨਸਾਫ਼ੀ ਹੁੰਦੀ ਹੈ ਤੇ ਸਿਆਸੀ ਦਲ ਚੁੱਪ ਰਹੇ ਤਾਂ ਕਰਣੀ ਸੈਨਾ ਦਾ ਮੈਦਾਨ ਵਿੱਚ ਉਤਰਨਾ ਜ਼ਰੂਰੀ ਹੋ ਜਾਂਦਾ ਹੈ।

ਰਾਜਪੂਤ ਸਮਾਜ ਵਿੱਚ ਐਸੇ ਕਈ ਲੋਕ ਹਨ ਜੋ ਬਦਲਦੇ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹਨ।"

ਕੁਝ ਓਬਜ਼ਰਵਰ ਕਹਿੰਦੇ ਹਨ, "ਕੁੱਝ ਸਿਆਸੀ ਦਲਾਂ ਨੇ ਆਪਣੇ-ਆਪ ਨੂੰ ਚੋਣਾਂ ਲੜਨ ਤੇ ਜਿੱਤ ਕੇ ਸਰਕਾਰ ਚਲਾਉਣ ਤੱਕ ਮਹਿਦੂਦ ਕਰ ਲਿਆ ਹੈ। ਇਹ ਕਾਰਨ ਹੈ ਕਿ ਜਾਤੀਆਂ ਨਾਲ ਜੁੜੇ ਸੰਗਠਨ ਤੇਜ਼ੀ ਨਾਲ ਉੱਭਰ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)