ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ

    • ਲੇਖਕ, ਸਤ ਸਿੰਘ ਤੇ ਮਨੋਜ ਢਾਕਾ
    • ਰੋਲ, ਬੀਬੀਸੀ ਪੰਜਾਬੀ ਲਈ

ਕੁਝ ਦਿਨ ਪਹਿਲਾ ਲਾਪਤਾ ਹੋਈ ਹਰਿਆਣਵੀ ਲੋਕ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਰੋਹਤਕ ਨੇੜਲੇ ਪਿੰਡ ਬਨਿਆਨੀ ਤੋਂ ਬਰਾਮਦ ਹੋਈ ਹੈ।

15 ਜਨਵਰੀ ਤੋਂ ਲਾਪਤਾ 40 ਸਾਲਾ ਮਮਤਾ ਸ਼ਰਮਾ ਜਗਰਾਤੇ ਲਾਉਂਦੀ ਸੀ ਅਤੇ ਵੀਰਵਾਰ ਨੂੰ ਉਸ ਦੀ ਲਾਸ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਜੱਦੀ ਪਿੰਡ ਦੇ ਖੇਤਾਂ 'ਚੋ ਬਰਾਮਦ ਹੋਈ ਹੈ।

ਰੋਹਤਕ ਦੇ ਐੱਸਪੀ ਪੰਕਜ ਨੈਨ ਮੁਤਾਬਕ ਲੋਕ ਗਾਇਕਾ ਦਾ ਗਲ਼ਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਪਤਾ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾ ਮ੍ਰਿਤਕਾ ਦੇ ਪੁੱਤਰ ਭਰਤ ਸ਼ਰਮਾਂ ਨੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਦੀ ਮਾਤਾ ਮੋਹਿਤ ਕੁਮਾਰ ਨਾਂ ਦੇ ਵਿਅਕਤੀ ਨਾਲ ਕਾਰ ਵਿੱਚ 15 ਜਨਵਰੀ ਨੂੰ ਗੋਹਾਣਾ ਵਿੱਚ ਸਟੇਜ ਪ੍ਰੋਗਰਾਮ ਕਰਨ ਗਈ ਸੀ।

ਮੋਹਿਤ ਮੁਤਾਬਕ ਉਸ ਦਿਨ ਤੋਂ ਉਸ ਦਾ ਕੁਝ ਪਤਾ ਨਹੀਂ ਲੱਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਕਸਬੇ ਕਲਾਨੌਰ ਪੁਲਿਸ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਵੀਰਵਾਰ ਨੂੰ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਦੀ ਜਾਂਚ ਟੀਮ ਤੇ ਫੌਰੈਂਸਿਕ ਮਾਹਰਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ, ਪਰ ਪੁਲਿਸ ਨੇ ਅਜੇ ਮਾਮਲਾ ਅਣ-ਪਛਾਤੇ ਵਿਅਕਤੀਆਂ ਖਿਲਾਫ਼ ਹੀ ਦਰਜ ਕੀਤਾ ਹੈ।

ਪੁਲਿਸ ਮੁਤਾਬਕ ਜਿਸ ਮੋਹਿਤ ਨਾਂ ਦੇ ਵਿਅਕਤੀ ਨਾਲ ਮਮਤਾ ਗਈ ਸੀ ਉਸ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਲਹਿਲੀ ਪਿੰਡ ਲਾਗੇ ਉਨ੍ਹਾਂ ਨੂੰ ਕੁਝ ਵਿਅਕਤੀ ਮਿਲੇ ਤੇ ਮਮਤਾ ਉਨ੍ਹਾਂ ਨਾਲ ਇਹ ਕਹਿ ਕੇ ਗੋਹਾਨਾ ਚਲੀ ਗਈ ਕਿ ਉਹ ਕੁਝ ਹੀ ਘੰਟਿਆ ਵਿੱਚ ਵਾਪਸ ਆ ਜਾਵੇਗੀ।

ਇੱਕ ਮਹੀਨੇ ਚ ਦੂਜੀ ਗਾਇਕਾ ਦਾ ਕਤਲ

ਚੇਤੇ ਰਹੇ ਕਿ ਇਸ ਤੋਂ ਪਹਿਲਾ 17 ਦਸੰਬਰ 2017 ਵਿੱਚ ਹਰਸ਼ਿਤਾ ਨਾਂ ਦੀ ਗਾਇਕਾ ਦਾ ਕਤਲ ਹੋ ਗਿਆ ਸੀ। ਉਸ ਨੂੰ ਚਾਰ ਵਿਅਕਤੀਆਂ ਨੇ ਪ੍ਰੋਗਰਾਮ ਕਰਕੇ ਵਾਪਸ ਆਉਂਦੇ ਸਮੇਂ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਉਸ ਨੂੰ ਉਸ ਦੇ ਰਿਸ਼ਤੇਦਾਰ ਨੇ ਕਤਲ ਕਰਵਾਇਆ ਸੀ।

ਇਸੇ ਮਹੀਨੇ ਇੱਕ ਹੋਰ ਰਾਗਿਨੀ ਗਾਇਕਾ ਨੇ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)