ਪੰਜਾਬ ਤੇ ਭਾਰਤ ਦੀਆਂ ਉਹ ਘਟਨਾਵਾਂ ਜੋ ਸਾਲ 2017 'ਚ ਰਹੀਆਂ ਚਰਚਿਤ

ਇੱਕ ਨਜ਼ਰ ਪੰਜਾਬ ਅਤੇ ਭਾਰਤ ਦੀਆਂ ਉਨ੍ਹਾਂ ਮੁੱਖ ਘਟਨਾਵਾਂ 'ਤੇ ਜੋ ਸਾਲ 2017 ਵਿੱਚ ਰਹੀਆਂ ਚਰਚਾ ਵਿੱਚ।
ਪੰਜਾਬ 'ਚ ਕਾਂਗਰਸ ਸਰਕਾਰ
ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਮੌਕਾ ਮਿਲਿਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਸਰਕਾਰ ਬਣਾਈ।
ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ 20 ਅਤੇ ਉਸਦੀ ਸਹਿਯੋਗੀ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ 2 ਸੀਟਾਂ ਹਾਲਸ ਕੀਤੀਆਂ।

ਤਸਵੀਰ ਸਰੋਤ, SUNIL JAKHAR/FACEBOOK
ਸ਼੍ਰੋਮਣੀ ਅਕਾਲੀ ਦਲ ਨੇ 15 ਅਤੇ ਸਹਿਯੋਗੀ ਪਾਰਟੀ ਭਾਜਪਾ ਨੇ 3 ਸੀਟਾਂ ਹਾਸਲ ਕੀਤੀਆਂ। ਇਸੇ ਸਾਲ ਗੁਰਦਾਸਪੁਰ ਦੇ ਲੋਕ ਸਭਾ ਸਾਂਸਦ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੇ ਜਿੱਤ ਹਾਸਲ ਕੀਤੀ।
ਕਿਸਾਨ ਕਰਜ਼ਾ ਮੁਆਫ਼ੀ ਅਤੇ ਸੰਘਰਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਸਿਆਸੀ ਮੰਚਾਂ ਤੋਂ ਕੀਤੇ ਸੀ, ਜਿਸ 'ਚ ਕਰਜਾ ਮੁਆਫ਼ੀ ਮੁੱਖ ਸੀ।
ਪੰਜਾਬ ਸਰਕਾਰ ਨੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਇੱਕ ਕਮੇਟੀ ਵੀ ਬਣਾਈ ਸੀ। ਅਕਤੂਬਰ 2017 ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਦੇ ਮੁਤਾਬਕ 10.22 ਲੱਖ ਕਰਜ਼ਾਈ ਕਿਸਾਨਾਂ ਦਾ 9,500 ਕਰੋੜ ਕਰਜ਼ਾ ਮੁਆਫ਼ ਹੋਣਾ ਸੀ।

ਤਸਵੀਰ ਸਰੋਤ, EPA WIRES
ਸਰਕਾਰ ਮੁਤਾਬਕ 31 ਮਾਰਚ 2017 ਤੱਕ ਪੰਜਾਬ ਦੇ ਕਿਸਾਨਾਂ 'ਤੇ ਬੈਂਕਾਂ ਦਾ 59,620 ਕਰੋੜ ਕਰਜ਼ਾ ਸੀ। ਕਿਸਾਨਾਂ ਦੀ ਮੰਗ ਇਹ ਹੈ ਕਿ ਕਰਜ਼ਾ ਮੁਕੰਮਲ ਤੌਰ 'ਤੇ ਮੁਆਫ਼ ਹੋਵੇ ਭਾਵੇਂ ਇਹ ਕਰਜ਼ਾ ਸ਼ਾਹੂਕਾਰ ਦਾ ਹੋਵੇ ਜਾਂ ਬੈਂਕਾਂ ਦਾ।
ਜੂਨ 2017 ਵਿੱਚ ਸੀਐੱਮ ਕਪੈਟਨ ਅਮਰਿੰਦਰ ਸਿਘ ਨੇ ਐਲਾਨ ਕੀਤਾ ਸੀ ਕਿ 2.5 ਏਕੜ ਜ਼ਮੀਨ ਦੇ ਮਾਲਕ ਕਿਸਾਨ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਸਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਪਟਿਆਲਾ 'ਚ ਪੰਜ ਦਿਨਾਂ ਦਾ ਅਦੋਲਨ ਚੱਲਿਆ ਸੀ।
ਡੇਰਾ ਸੱਚਾ ਸੌਦਾ ਮੁਖੀ ਨੂੰ ਜੇਲ੍ਹ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਇਲਾਜ਼ਾਮ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹਨ।
ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਪੰਚਕੂਲਾ ਪਹੁੰਚਣਾ ਸ਼ੁਰੂ ਹੋ ਗਏ ਸਨ। ਸਜ਼ਾ ਵਾਲੇ ਦਿਨ ਹਿੰਸਾ ਭੜਕ ਗਈ।

ਤਸਵੀਰ ਸਰੋਤ, FACEBOOK
ਪੰਚਕੂਲਾ ਤੇ ਹਰਿਆਣਾ ਦੇ ਸਿਰਸਾ ਵਿੱਚ ਸੁਰੱਖਿਆ ਦਸਤਿਆਂ ਨਾਲ ਭਿੜੰਤ ਤੋਂ ਬਾਅਦ ਘੱਟੋ ਘੱਟ ਤਿੰਨ ਦਰਜਨ ਲੋਕਾਂ ਦੀ ਮੌਤ ਹੋ ਗਈ।
ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ 'ਤੇ ਹਿੰਸਾ ਭੜਕਾਉਣ ਅਤੇ ਦੇਸ਼ ਧ੍ਰੋਅ ਦਾ ਮਾਮਲਾ ਦਰਜ ਹੋਇਆ। ਪੁਲਿਸ ਭੱਜਦੀ ਫਿਰਦੀ ਹਨੀਪ੍ਰੀਤ ਇੱਕ ਮਹੀਨੇ ਬਾਅਦ ਪੁਲਿਸ ਦੇ ਅੜਿੱਕੇ ਚੜ੍ਹੀ।
ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਬਾਅਦ ਨਵੰਬਰ 2017 ਵਿੱਚ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ 42ਵੇਂ ਪ੍ਰਧਾਨ ਚੁਣੇ ਗਏ। ਸੰਤ ਰਹਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਪੈਰੋਕਾਰ ਵਜੋਂ ਜਾਣੇ ਜਾਂਦੇ ਹਨ ਗੋਬਿੰਦ ਸਿੰਘ ਲੌਂਗੋਵਾਲ।

ਤਸਵੀਰ ਸਰੋਤ, RAVINDER SINGH ROBIN
ਸੰਗਰੂਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੋਟਿੰਗ ਵਿੱਚ 154 ਵੋਟਾਂ ਪਈਆਂ। ਗੋਬਿੰਦ ਸਿੰਘ ਲੌਂਗੋਵਾਲ ਸਾਲ 2011 'ਚ ਹਲਕਾ ਲੌਂਗੋਵਾਲ ਜਨਰਲ ਤੋਂ ਐਸ.ਜੀ.ਪੀ.ਸੀ ਮੈਂਬਰ ਬਣੇ।
ਕਿੱਥੇ ਹੈ ਵਿੱਕੀ ਗੌਂਡਰ?
27 ਨਵੰਬਰ 2016 ਨੂੰ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਤੋੜ੍ਹ ਕੇ ਸਾਥੀਆਂ ਨਾਲ ਭੱਜਣ ਵਾਲੇ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਹਾਲੇ ਵੀ ਨਹੀਂ ਫੜ੍ਹ ਸਕੀ ਹੈ।

ਤਸਵੀਰ ਸਰੋਤ, FACEBOOK/ VICKY GOUNDER
ਸਾਲ 2017 ਵਿੱਚ ਪੰਜਾਬ ਦੇ ਬਨੂੜ ਵਿੱਚ ਕੈਸ਼ ਵੈਨ ਲੁੱਟਣ ਅਤੇ ਉਸਤੋਂ ਬਾਅਦ ਮੁਕਤਸਰ ਦੇ ਸਰਾਵਾਂ ਬੋਦਲਾ ਵਿੱਚ ਬੈਂਕ ਡਕੈਤੀ ਵਿੱਚ ਕਥਿਤ ਤੌਰ 'ਤੇ ਗੌਂਡਰ ਦਾ ਨਾਮ ਆਇਆ।
ਗੁਰਦਾਸਪੁਰ ਦੇ ਕਾਹਨੂੰਵਾਨ ਵਿੱਚ ਗੈਂਗਵਾਰ ਅਤੇ ਹੋਰ ਕਈ ਵਾਰਦਾਤਾਂ ਵਿੱਚ ਗੌਂਡਰ ਦਾ ਨਾਮ ਆਇਆ। ਪੁਲਿਸ ਨੇ ਸਾਲ ਦੇ ਅੰਤ ਵਿੱਚ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਪਰ ਹੱਥ ਖਾਲੀ ਰਹੇ।
ਪੰਜਾਬ 'ਚ ਹਿੰਦੂ ਲੀਡਰਾਂ ਦੇ ਕਤਲ
ਅਕਤੂਬਰ 2017 ਵਿੱਚ ਲੁਧਿਆਣਾ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਆਗੂ ਰਵਿੰਦਰ ਗੋਸਾਈਂ ਤੇ ਜੂਨ 'ਚ ਪਾਦਰੀ ਸੁਲਤਾਨ ਮਸੀਹ ਦੀ ਇੱਕ ਚਰਚ ਦੇ ਬਾਹਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਤਸਵੀਰ ਸਰੋਤ, PAL SINGH NAULI
ਫਰਵਰੀ ਵਿੱਚ ਡੇਰਾ ਸੱਚਾ ਸੌਦਾ ਦੇ ਸੱਤਰ ਸਾਲਾ ਪੈਰੋਕਾਰ ਸੱਤਪਾਲ ਸ਼ਰਮਾ ਦਾ ਉਨ੍ਹਾਂ ਦੇ ਪੁੱਤਰ ਦਾ ਲੁਧਿਆਣਾ- ਮਲੇਰਕੋਟਲਾ ਸ਼ਾਹ ਰਾਹ 'ਤੇ ਪੈਂਦੇ ਪਿੰਡ ਜਗੇਰਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਨਵਰੀ ਵਿੱਚ ਹਿੰਦੂ ਤਖ਼ਤ ਦੇ ਜਿਲ੍ਹਾ ਪ੍ਰਧਾਨ ਅਮਿਤ ਸ਼ਰਮਾ ਦਾ ਕਤਲ ਹੋਇਆ।
ਹਿੰਦੂ ਲੀਡਰਾਂ ਦੇ ਕਤਲ ਮਾਮਲੇ ਵਿੱਚ ਬਾਕੀ ਦੋਸ਼ੀਆਂ ਦੇ ਨਾਲ ਨਾਲ ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਗਤਾਰ 'ਤੇ ਕਤਲਾਂ ਲਈ ਫੰਡ ਮੁਹੱਈਆ ਕਰਵਾਉਣ ਦੇ ਇਲਾਜ਼ਾਮ ਹਨ।
ਕਨੇਡਾ ਦੇ ਰੱਖਿਆ ਮੰਤਰੀ ਦੀ ਭਾਰਤ ਫੇਰੀ
ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਪਰੈਲ ਮਹੀਨੇ ਵਿੱਚ ਸੱਤ ਦਿਨਾਂ ਦੀ ਭਾਰਤ ਫੇਰੀ 'ਤੇ ਆਏ। ਉਨ੍ਹਾਂ ਦਾ ਦਿੱਲੀ ਵਿੱਚ ਸ਼ਾਨਦਾਰ ਸੁਆਗਤ ਹੋਇਆ।

ਤਸਵੀਰ ਸਰੋਤ, AFP/GETTY IMAGES
ਆਪਣੇ ਜੱਦੀ ਪਿੰਡ ਤੋਂ ਬਾਅਦ ਹਰਜੀਤ ਸਿੰਘ ਸੱਜਣ ਅਮ੍ਰਿਤਸਰ ਸਥਿਤ ਹਰਿਮੰਦਿਰ ਸਾਹਿਬ ਮੱਥਾ ਟੇਕਣ ਗਏ ਗਏ।
ਹਰਜੀਤ ਸਿੰਘ ਸੱਜਣ ਨੇ ਮੁੰਬਈ ਵਿੱਚ ਕਈ ਵਪਾਰਕ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕੀਤੀਆਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਨਹੀਂ ਮਿਲੇ। ਉਨ੍ਹਾਂ ਦਾ ਇਲਜ਼ਾਮ ਸੀ ਕਿ ਹਰਜੀਤ ਸਿੰਘ ਸੱਜਣ 'ਖ਼ਾਲਿਸਤਾਨੀ ਸਮਰਥਕ' ਹਨ।
ਹਿਮਾਚਲ ਤੇ ਗੁਜਰਾਤ 'ਚ ਭਾਜਪਾ
ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਤ ਹਾਸਲ ਹੋਈ। ਗੁਜਰਾਤ ਮੁੱਖ ਮੰਤਰੀ ਵਿਜੈ ਰੁਪਾਣੀ ਅਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਬਣਾਏ ਗਏ।

ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਸੀਟ ਹਾਰ ਗਏ ਜਿਸ ਤੋਂ ਬਾਅਦ ਜੈ ਰਾਮ ਠਾਕੁਰ ਨੂੰ ਭਾਜਪਾ ਹਾਈ ਕਮਾਨ ਨੇ ਹਿਮਾਚਲ ਦਾ ਮੁੱਖ ਮੰਤਰੀ ਚੁਣਿਆ।
ਯੂਪੀ 'ਚ ਯੋਗੀ
ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੇ ਵੱਡੇ ਬਹੁਮਤ ਨਾਲ ਸਰਕਾਰ ਬਣਾਈ। ਇੱਕ ਹਫ਼ਤੇ ਦੇ ਮੰਥਨ ਤੋਂ ਬਾਅਦ ਆਖਿਰਕਾਰ ਯੋਗੀ ਆਤਿਯਨਾਥ ਨੂੰ ਮੁੱਖ ਮੰਤਰੀ ਚੁਣਿਆ ਗਿਆ।

ਤਸਵੀਰ ਸਰੋਤ, TWITTER @NARENDRAMODI
ਬਿਹਾਰ ਵਿੱਚ ਨਿਤੀਸ਼ ਕੁਮਾਰ ਨੇ ਆਰਜੇਡੀ ਨਾਲ ਗਠਜੋੜ ਤੋੜ ਲਿਆ ਅਤੇ ਭਾਜਪਾ ਨਾਲ ਮੁੜ ਆ ਗਏ। ਨਿਤਿਸ਼ ਕੁਮਾਰ ਮੁੜ ਮੁੱਖ ਮੰਤਰੀ ਬਣੇ ਅਤੇ ਭਾਜਪਾ ਦੇ ਸੁਸ਼ੀਲ ਮੋਦੀ ਉੱਪ ਮੁੱਖ ਮੰਤਰੀ ਬਣੇ।
ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ
ਰਾਮਨਾਥ ਕੋਵਿੰਦ ਜੁਲਾਈ ਮਹੀਨੇ ਵਿੱਚ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣ ਲਏ ਗਏ। ਐੱਨਡੀਏ ਉਮੀਦਵਾਰ ਕੋਵਿੰਦ ਨੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ ਨੂੰ ਹਰਾ ਦਿੱਤਾ।

ਤਸਵੀਰ ਸਰੋਤ, Reuters
ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਸੀ। ਕੋਵਿੰਦ ਕੇ.ਆਰ. ਨਾਰਾਇਣਨ ਤੋਂ ਬਾਅਦ ਦੂਜੇ ਦਲਿਤ ਰਾਸ਼ਟਰਪਤੀ ਹਨ।
ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ 1 ਅਕਤੂਬਰ 1945 ਨੂੰ ਹੋਇਆ। 1991 ਵਿੱਚ ਭਾਜਪਾ ਨਾਲ ਜੁੜੇ।
ਬੀਬੀਸੀ ਦਾ ਵੱਡਾ ਵਿਸਥਾਰ
ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਸਾਲ 2017 ਵਿੱਚ ਭਾਰਤ 'ਚ ਪੰਜਾਬੀ ਸਣੇ ਗੁਜਰਾਤੀ, ਤੇਲਗੂ ਅਤੇ ਮਰਾਠੀ ਦੀ ਸ਼ੁਰੂਆਤ ਕੀਤੀ।

ਇਸ ਤੋਂ ਇਲਾਵਾ ਨਾਈਜੀਰੀਆ ਵਿੱਚ ਇਗਬੋ, ਪਿਜਿਨ ਅਤੇ ਯੋਰੂਬਾ। ਇਥੋਪੀਆ ਅਤੇ ਏਰਿਟ੍ਰੀਆ ਵਿੱਚ ਅਮਹਾਰਿਕ, ਓਰੋਮੋ ਅਤੇ ਟਿਗਰਿਨਿਆ।
ਬੀਬੀਸੀ ਨੇ ਕੋਰੀਅਨ ਭਾਸ਼ਾ ਵਿੱਚ ਵੀ ਆਪਣੀ ਸਰਵਿਸ ਸ਼ੁਰੂ ਕੀਤੀ। ਇਹ ਬੀਬੀਸੀ ਵਰਲਡ ਸਰਵਿਸ ਦੇ ਵਿਸਥਾਰ ਲਈ ਬ੍ਰਿਟਿਸ਼ ਸਰਕਾਰ ਨੇ 289 ਮਿਲੀਅਨ ਪਾਉਂਡ ਦਾ ਫੰਡ ਦਿੱਤਾ। ਇਹ ਸਾਲ 1940 ਤੋਂ ਬਾਅਦ ਸਭ ਤੋਂ ਵੱਡਾ ਵਿਸਥਾਰ ਹੈ।












