ਕਿਉਂ ਰੱਖਿਆ ਇਸ ਬੰਦੇ ਨੇ ਆਪਣਾ ਨਾਂ 'ਅਫ਼ਸੋਸ'?

ਮਾਪਿਆਂ ਨੇ ਉਸ ਦਾ ਨਾਂ ਸੱਤਿਆਨਰਾਇਣ ਅਈਅਰ ਰੱਖਿਆ ਸੀ। ਪਰ ਉਸ ਨੇ ਇਸ ਨੂੰ ਬਦਲ ਕੇ ਰਿਗਰੇਟ (ਅਫ਼ਸੋਸ) ਅਈਅਰ ਕਰ ਲਿਆ।

ਬੀਬੀਸੀ ਪੱਤਰਕਾਰ ਗੀਤਾ ਪਾਂਡੇ ਉਸ ਨੂੰ ਬੰਗਲੌਰ ਵਿੱਚ ਇਹ ਪਤਾ ਕਰਨ ਲਈ ਮਿਲੇ ਕਿ ਕੀ ਉਸ ਨੂੰ ਕਦੇ ਆਪਣੇ ਫ਼ੈਸਲੇ 'ਤੇ 'ਅਫ਼ਸੋਸ' (ਰਿਗਰੇਟ) ਹੋਇਆ।

ਅਈਅਰ ਆਪਣੇ ਆਪ ਨੂੰ ਇੱਕ ਲੇਖਕ, ਪ੍ਰਕਾਸ਼ਕ, ਫੋਟੋਗ੍ਰਾਫਰ, ਪੱਤਰਕਾਰ, ਕਾਰਟੂਨਿਸਟ ਅਤੇ ਹੋਰ ਬਹੁਤ ਸਾਰੀਆਂ ਹੁਨਰਾਂ ਨਾਲ ਜੋੜਦੇ ਹਨ।

ਜਦੋਂ ਮੈਂ ਇਸ ਮਹੀਨੇ ਦੇ ਸ਼ੁਰੂ ਵਿਚ 67 ਸਾਲਾ ਅਈਅਰ ਨੂੰ ਉਸ ਦੇ ਘਰ ਮਿਲੀ ਤਾਂ ਉਸ ਨੇ ਮੈਨੂੰ ਦੱਸਿਆ ਕਿ ਉਹ ਬਚਪਨ ਤੋਂ ਹੀ ਪੱਤਰਕਾਰ ਬਣਨਾ ਚਾਹੁੰਦਾ ਸੀ, ਤੇ ਇਹ ਇੱਛਾ ਉਸ ਨੂੰ ਆਪਣਾ ਨਾਮ ਬਦਲਣ ਤੱਕ ਲੈ ਗਈ।

ਲੇਖਕ ਬਣਨ ਦੇ ਕੀੜੇ ਨੇ ਉਸ ਨੂੰ ਬਚਪਨ ਵਿੱਚ ਹੀ ਡੰਗ ਲਿਆ ਸੀ। 1970 ਦੇ ਦਹਾਕੇ ਦੇ ਅਖੀਰ ਵਿਚ ਇੱਕ ਕਾਲਜ ਦੇ ਵਿਦਿਆਰਥੀ ਵਜੋਂ, ਉਸ ਨੇ ਇੱਕ ਲੇਖ ਲਿਖਿਆ ਸੀ ਜਿਸ ਵਿਚ ਬਹੁਤ ਸਾਰੇ ਨੌਜਵਾਨ ਪੁੱਛਦੇ ਹਨ, "ਮੈਂ ਕੌਣ ਹਾਂ?"

ਇਹ ਕਾਲਜ ਮੈਗਜ਼ੀਨ ਵਿੱਚ ਛਾਪਿਆ ਗਿਆ ਸੀ ਅਤੇ ਇਹ ਉਸ ਲਈ ਉਤਸ਼ਾਹਜਨਕ ਸੀ।

ਉਸ ਨੇ ਸੰਪਾਦਕ ਨੂੰ ਪੱਤਰ ਲਿਖਣਾ ਸ਼ੁਰੂ ਕੀਤਾ - ਅੱਜ ਦੇ ਡਿਜੀਟਲ ਸੰਸਾਰ ਵਿੱਚ, ਉਹ ਇੱਕ ਆਨਲਾਈਨ ਲੇਖ ਉੱਤੇ ਇੱਕ ਟਿੱਪਣੀ ਦੇ ਸਮਾਨ ਹੋਵੇਗਾ - ਅਤੇ ਕਈ ਪ੍ਰਕਾਸ਼ਿਤ ਵੀ ਹੋਏ।

ਉਹ ਜ਼ਿਆਦਾ ਅਭਿਲਾਸ਼ੀ ਬਣ ਗਏ ਅਤੇ ਬੀਜਾਪੁਰ ਸ਼ਹਿਰ ਦੇ ਇਤਿਹਾਸ ਉੱਤੇ ਇੱਕ ਕੰਨੜ ਭਾਸ਼ਾ ਦੇ ਮਸ਼ਹੂਰ ਸਾਹਿਤ ਦੇ ਸ਼ਾਮ ਦੇ ਅਖ਼ਬਾਰ ਜਨਵਾਨੀ ਨੂੰ ਇੱਕ ਲੇਖ ਭੇਜਿਆ।

ਕੁਝ ਦਿਨ ਬਾਅਦ, ਉਸ ਨੇ ਇਸ ਨੂੰ " ਰਿਗਰੇਟ (ਅਫ਼ਸੋਸ) ਕਰਨ ਵਾਲੇ ਪੱਤਰ" ਨਾਲ ਵਾਪਸ ਉਸ ਕੋਲ ਭੇਜ ਦਿੱਤਾ ਗਿਆ। ਅਖ਼ਬਾਰ ਦੇ ਸੰਪਾਦਕ ਉਨ੍ਹਾਂ ਦੀ ਦਿਲਚਸਪੀ ਲਈ ਉਨ੍ਹਾਂ ਦਾ ਧੰਨਵਾਦ ਕਰਦੇ, ਪਰ ਕਹਾਣੀ ਨੂੰ ਨਾ ਛਾਪਣ ਕਰ ਕੇ ਰਿਗਰੇਟ ਵੀ ਪ੍ਰਗਟ ਕਰਦੇ।

ਉਸ ਨੇ ਮੈਨੂੰ ਕਿਹਾ, "ਮੈਂ ਨਿਰਾਸ਼ ਸੀ, ਪਰ ਹੌਸਲਾ ਨਹੀਂ ਛੱਡਿਆ"

ਅਗਲੇ ਕੁਝ ਸਾਲਾਂ ਵਿੱਚ, ਉਸ ਨੇ ਅਚਨਚੇਤ ਚਿੱਠੀਆਂ, ਲੇਖ, ਕਾਰਟੂਨ, ਫ਼ੋਟੋਆਂ ਅਤੇ ਇੱਥੋਂ ਤੱਕ ਕਿ ਕਵਿਤਾਵਾਂ ਅੰਗਰੇਜ਼ੀ ਅਤੇ ਕੰਨੜ ਅਖ਼ਬਾਰਾਂ ਵਿੱਚ ਭੇਜੀਆਂ। ਉਨ੍ਹਾਂ ਦੇ ਪੱਤਰਾਂ 'ਚ ਜਨਤਕ ਸ਼ਿਕਾਇਤਾਂ, ਬੱਸਾਂ ਦੀਆਂ ਮਾੜੀਆਂ ਸੇਵਾਵਾਂ ਅਤੇ ਕੂੜੇ ਦੇ ਢੇਰਾਂ ਬਾਰੇ ਸ਼ਿਕਾਇਤਾਂ ਵੀ ਸਨ।

ਸੀਨੀਅਰ ਪੱਤਰਕਾਰ, ਜੋ 1970 ਅਤੇ 80 ਦੇ ਦਹਾਕੇ ਵਿੱਚ ਉਨ੍ਹਾਂ ਦੇ ਪੱਤਰਾਂ ਨਾਲ ਨਿਪਟਦੇ ਸਨ, ਦਾ ਕਹਿਣਾ ਹੈ ਕਿ " ਉਨ੍ਹਾਂ ਦੇ ਪੱਤਰ, ਸੰਪਾਦਕ ਲਈ ਇੱਕ ਬੁਰੇ ਸੁਪਨੇ ਵਾਂਗ ਸਨ।" ਉਨ੍ਹਾਂ ਦੀਆਂ ਕੁਝ ਰਚਨਾਵਾਂ ਛਾਪੀਆਂ ਗਈਆਂ ਸਨ, ਪਰ ਜ਼ਿਆਦਾਤਰ ਰੱਦ ਹੋ ਗਈਆਂ।

ਕੁਝ ਸਾਲਾਂ ਦੇ ਅੰਦਰ, ਉਨ੍ਹਾਂ ਨੇ ਹਰ ਤਰ੍ਹਾਂ ਦੇ ਸੰਗਠਨਾਂ - "ਨਾ ਕਿ ਸਿਰਫ਼ ਭਾਰਤੀ, ਸਗੋਂ ਅੰਤਰਰਾਸ਼ਟਰੀ" - ਤੋਂ 375 ਅਫ਼ਸੋਸ ਪੱਤਰ ਇਕੱਠੇ ਕੀਤੇ।

ਉਨ੍ਹਾਂ ਕਿਹਾ, "ਮੈ ਅਫ਼ਸੋਸ ਕਰਨ ਵਾਲੇ ਪੱਤਰਾਂ ਨਾਲ ਬੱਝਿਆ ਹੋਇਆ ਸੀ। ਮੈਨੂੰ ਪਤਾ ਨਹੀਂ ਸੀ ਕਿ ਮੇਰੀਆਂ ਲਿਖਤਾਂ ਕਿਉਂ ਖ਼ਾਰਜ ਹੋ ਰਹੀਆਂ ਸਨ। ਲੇਖਕਾਂ ਜਾਂ ਫੋਟੋਗ੍ਰਾਫਰਾਂ ਨੂੰ ਦੱਸਣ ਲਈ ਸੰਪਾਦਕਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਨ੍ਹਾਂ ਦੀ ਸਮੱਗਰੀ ਨਾਲ ਸਮੱਸਿਆ ਕੀ ਸੀ?"

ਸਾਬਕਾ ਪੱਤਰਕਾਰ ਨਾਗੇਸ਼ ਹੇਗੜੇ ਨੇ ਕਿਹਾ ਅਈਅਰ ਦੀਆਂ ਭੱਦੀਆਂ ਲਿਖਤਾਂ ਹੀ ਉਸ ਦੇ ਨਵੇਂ ਨਾਮ ਲਈ ਜ਼ਿੰਮੇਵਾਰ ਹਨ।

ਹੇਗੜੇ ਨੇ ਮੈਨੂੰ ਹਾਲ ਹੀ ਵਿੱਚ ਦੱਸਿਆ, "ਉਹ ਇੱਕ ਵਧੀਆ ਖ਼ਬਰਾਂ ਇਕੱਠੀਆਂ ਕਰਨ ਵਾਲੇ ਸਨ - ਉਸ ਕੋਲ ਕਹਾਣੀਆਂ ਦੀ ਪਛਾਣ ਕਰਨ ਦੀ ਪ੍ਰਤਿਭਾ ਸੀ, ਪਰ ਉਹ ਵਧੀਆ ਲਿਖਾਰੀ ਨਹੀਂ ਸਨ।"

ਹੇਗੜੇ ਨੇ ਕਿਹਾ, "ਕਦੇ-ਕਦੇ ਮੈਂ ਉਸ ਤੋਂ ਖਹਿੜਾ ਛਡਾਉਣ ਲਈ ਉਸ ਦੀਆਂ ਇੱਕ-ਦੋ ਛਾਪ ਵੀ ਦਿੰਦਾ।"

ਫਿਰ 1980 ਵਿਚ ਇੱਕ ਦਿਨ ਅਈਅਰ ਨੇ ਮੇਰੇ (ਪ੍ਰਜਵਾਨੀ) ਦਫ਼ਤਰ ਦਾ ਦੌਰਾ ਕੀਤਾ ਅਤੇ ਉਸ ਦੀ ਇੱਕ ਹੋਰ ਲਿਖਤ ਖ਼ਾਰਜ ਕਰ ਦਿੱਤੀ ਗਈ। ਫਿਰ ਉਨ੍ਹਾਂ ਨੇ ਹੇਗੜੇ ਨੂੰ ਅਫ਼ਸੋਸਨਾਕ ਪੱਤਰਾਂ ਦੇ ਸੰਗ੍ਰਹਿ ਦੇ ਬਾਰੇ ਵਿਚ ਦੱਸਿਆ।

"ਮੈਂ ਉਸ ਨੂੰ ਸਬੂਤ ਲਈ ਪੁੱਛਿਆ। ਅਗਲੇ ਦਿਨ ਉਹ ਸੈਂਕੜੇ ਅਫ਼ਸੋਸਨਾਕ ਪੱਤਰਾਂ ਨਾਲ ਵਾਪਸ ਆਏ।"

ਅਗਲੇ ਹਫ਼ਤੇ ਦੇ ਆਪਣੇ ਕਾਲਮ ਵਿਚ, ਹੇਗੜੇ ਨੇ "ਰਿਗਰੇਟ ਅਈਅਰ" ਬਾਰੇ ਲਿਖਿਆ।

ਹੇਗੜੇ ਨੇ ਦੱਸਿਆ, "ਕੋਈ ਹੋਰ ਵਿਅਕਤੀ ਤਾਂ ਇਨ੍ਹਾਂ ਪੱਤਰਾਂ ਲਈ ਸ਼ਰਮਿੰਦਾ ਹੁੰਦਾ ਅਤੇ ਇਨ੍ਹਾਂ ਨੂੰ ਲੁਕਾਉਂਦਾ, ਪਰ ਅਈਅਰ ਨੂੰ ਤਾਂ ਇਨ੍ਹਾਂ 'ਤੇ ਮਾਣ ਸੀ।"

ਅਈਅਰ ਕਹਿੰਦੇ ਹਨ, "ਸੰਪਾਦਕ ਨੇ ਕਿਹਾ ਕਿ ਉਸ ਨੇ ਮੇਰੇ ਲਈ ਕਈ ਨਾਂ ਸੋਚੇ ਸਨ ਅਤੇ ਅਖੀਰ ਵਿਚ 'ਰਿਗਰੇਟ ਅਈਅਰ' ਨੂੰ ਚੁਣਿਆ। ਉਨ੍ਹਾਂ ਨੇ ਕਿਹਾ, "ਜਦੋਂ ਮੈਨੂੰ ਨਵਾਂ ਨਾਮ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਕਲਮ ਤਲਵਾਰ ਨਾਲੋਂ ਵਧੇਰੇ ਤਾਕਤਵਰ ਹੈ।"

ਫਿਰ ਉਹ ਅਦਾਲਤ ਗਏ ਅਤੇ ਅਧਿਕਾਰਕ ਤੌਰ 'ਤੇ ਆਪਣਾ ਨਾਮ ਬਦਲਣ ਲਈ ਹਲਫ਼ੀਆ ਬਿਆਨ ਪ੍ਰਾਪਤ ਕੀਤਾ।

ਉਨ੍ਹਾਂ ਕਿਹਾ, "ਮੈਂ ਆਪਣੇ ਪਾਸਪੋਰਟ ਅਤੇ ਬੈਂਕ ਖਾਤਿਆਂ ਵਿੱਚ ਵੀ ਆਪਣਾ ਨਾਮ ਬਦਲ ਲਿਆ। ਆਪਣੇ ਵਿਆਹ ਦੇ ਸੱਦਾ ਪੱਤਰਾਂ ਵਿੱਚ ਵੀ ਮੈਂ ਆਪਣਾ ਨਵਾਂ ਨਾਮ ਵਰਤਿਆ।

ਉਨ੍ਹਾਂ ਕਿਹਾ, "ਪਹਿਲਾਂ ਤਾਂ ਲੋਕ ਮੇਰੇ 'ਤੇ ਹੱਸਦੇ ਸਨ, ਮੈਨੂੰ ਮੂਰਖ ਵੀ ਕਹਿੰਦੇ। ਇਹ ਕਾਫ਼ੀ ਨਮੋਸ਼ੀ ਵਾਲਾ ਸੀ। ਪਰ ਮੇਰੇ ਪਿਤਾ ਜੀ ਨੇ ਮੈਨੂੰ ਹੌਸਲਾ ਦਿੱਤਾ। ਮੈਨੂੰ ਲੱਗਦਾ ਹੈ ਕਿ ਮੈਂ ਸਭ ਤੋਂ ਖ਼ੁਸ਼ਕਿਸਮਤ ਹਾਂ, ਕਿਉਂਕਿ ਮੇਰੇ ਪਰਿਵਾਰ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ।"

ਉਸ ਦੇ ਬਾਲਗ ਜੀਵਨ ਦੇ ਬਹੁਤਾ ਸਮਾਂ, ਆਪਣੇ ਪਿਤਾ ਦੇ ਪੈਸੇ 'ਤੇ ਬਿਤਾਇਆ। ਅਈਅਰ ਕਹਿੰਦੇ ਹਨ ਉਨ੍ਹਾਂ ਨੇ ਸਾਡੀ ਸਹਾਇਤਾ ਕੀਤੀ। ਮੇਰੇ ਪਿਤਾ ਨੇ ਮੇਰੇ ਬੱਚਿਆਂ ਦੇ ਸਕੂਲ ਅਤੇ ਕਾਲਜ ਦਾ ਖਰਚਾ ਚੁੱਕਿਆ।"

ਪਰ ਹੌਲੀ-ਹੌਲੀ, ਸਮਾਂ ਉਸ ਲਈ ਬਦਲ ਗਿਆ - ਉਸ ਦੇ ਵਧੇਰੇ ਪੱਤਰ ਅਤੇ ਫ਼ੋਟੋ ਪ੍ਰਕਾਸ਼ਿਤ ਹੋਣੇ ਸ਼ੁਰੂ ਹੋ ਗਏ। ਉਸ ਨੇ ਚੀਜ਼ਾਂ ਸਹੀ ਤਰੀਕੇ ਨਾਲ ਕਰਨਾ ਸਿੱਖ ਲਿਆ। ਕਰਨਾਟਕ ਦੇ ਸਾਰੇ ਪ੍ਰਮੁੱਖ ਅੰਗਰੇਜ਼ੀ ਅਤੇ ਕੰਨੜ ਅਖ਼ਬਾਰਾਂ ਨੇ ਉਸ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ।

"ਮੈਂ ਇਕੱਲਾ ਹੀ ਸੀ ਜਿਸ ਦੇ ਕੈਮਰਾ, ਪੈੱਨ, ਸਕੂਟਰ, ਹੈਲਮਟ ਅਤੇ ਇੱਥੋਂ ਤੱਕ ਕਿ ਕਮੀਜ਼ ਤੇ ਵੀ ਰਿਗਰੇਟ ਅਈਅਰ ਦਾ ਲੋਗੋ ਛਪਿਆ ਸੀ।"

ਸਮੇਂ ਦੇ ਬੀਤਣ ਨਾਲ, ਉਸ ਦੀ ਪਤਨੀ ਅਤੇ ਦੋ ਬੱਚਿਆਂ ਨੇ 'ਰਿਗਰੇਟ' ਆਪਣੇ ਮੱਧ-ਨਾਮਾਂ ਦੇ ਰੂਪ ਵਿੱਚ ਲੈ ਲਿਆ।

ਹੇਗੜੇ ਕਹਿੰਦੇ ਹਨ ਕਿ "ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਲਗਨ ਸੀ। ਹੋਰ ਪੱਤਰਕਾਰ ਕੰਮ ਨੂੰ ਕਰ ਕੇ ਵਾਪਸ ਆ ਜਾਂਦੇ ਸਨ, ਪਰ ਅਈਅਰ ਕਹਾਣੀ ਲਈ ਕਿਸੇ ਵੀ ਹੱਦ ਤੱਕ ਜਾਂਦੇ।

"ਉਹ ਕੈਮਰਾ ਹਰ ਵੇਲੇ ਕੋਲ ਰੱਖਦੇ। ਉਨ੍ਹਾਂ ਨੇ ਜਾਅਲੀ ਭਿਖਾਰੀ, ਡਿੱਗਣ ਵਾਲੇ ਰੁੱਖਾਂ, ਪੁਲਿਸ ਦੇ ਜ਼ੁਲਮ, ਅਤੇ ਸੜਕਾਂ 'ਤੇ ਕੂੜਾ-ਕਰਕਟ ਦੀਆਂ ਤਸਵੀਰਾਂ ਲੈ ਲੈਂਦੇ।"

ਫ਼ੇਲ੍ਹ ਹੋਣ ਦੀ ਲੰਬੀ ਸੂਚੀ ਦੇ ਬਾਵਜੂਦ, ਅਈਅਰ ਨੇ ਕਿਹਾ ਕਿ ਉਹ ਕਦੇ ਵੀ ਝੁਕੇ ਨਹੀਂ ਸੀ ਕਿਉਂਕਿ ਉਨ੍ਹਾਂ ਦਾ 'ਇਨਕਾਰ' ਨਾਲ ਲੰਮਾ ਰਿਸ਼ਤਾ ਰਿਹਾ ਹੈ।

ਮੈਂ ਉਸ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਆਪਣਾ ਨਾਮ ਬਦਲਣ 'ਤੇ ਪਛਤਾਵਾ ਹੈ?

ਉਸ ਨੇ ਕਿਹਾ, "ਨਹੀਂ", ਉਹ ਅਫ਼ਸੋਸ ਜਨਕ ਪੱਤਰਾਂ ਦੇ ਕੁਲੈਕਟਰ ਦੇ ਤੌਰ 'ਤੇ ਇਤਿਹਾਸ ਵਿਚ ਹਮੇਸ਼ਾ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)