26/11 ਮੁੰਬਈ ਹਮਲਾ: ਮੁੰਬਈ ਹਮਲੇ ਦੇ ਮਾਮਲੇ ਵਿੱਚ ਕਸਾਬ ਖਿਲਾਫ਼ ਗਵਾਹੀ ਦੇਣ ਵਾਲੀ ਕੁੜੀ ਦੀ ਜ਼ਿੰਦਗੀ ਕਿਵੇਂ ਬਦਲੀ

    • ਲੇਖਕ, ਜਾਨ੍ਹਵੀ ਮੁੱਲੇ ਅਤੇ ਮਿਉਰੇਸ਼ ਕੋਣੂਰ
    • ਰੋਲ, ਬੀਬੀਸੀ ਪੱਤਰਕਾਰ, ਮੁੰਬਈ

18 ਸਾਲਾ ਦੇਵਿਕਾ ਰੋਟਾਵਨ ਹੋਰਨਾਂ ਕੁੜੀਆਂ ਵਾਂਗ ਚੁਲਬੁਲੀ ਹੈ ਪਰ ਇਸ ਮੁਸਕੁਰਾਉਂਦੇ ਚਿਹਰੇ ਪਿੱਛੇ ਇੱਕ ਦਰਦਨਾਕ ਹਾਦਸੇ ਦੀ ਕਹਾਣੀ ਲੁਕੀ ਹੋਈ ਹੈ।

26 ਨਵੰਬਰ 2008 ਨੂੰ ਮੁੰਬਈ 'ਤੇ ਹੋਏ ਕੱਟੜਵਾਦੀ ਹਮਲੇ ਦੌਰਾਨ ਦੇਵਿਕਾ ਦੇ ਪੈਰ ਵਿੱਚ ਗੋਲੀ ਲੱਗੀ ਸੀ।

ਦੇਵਿਕਾ ਕਹਿੰਦੀ ਹੈ, ''ਉਹ ਜ਼ਖਮ ਮੈਨੂੰ ਹਰ ਪਲ ਦਿਖਦਾ ਹੈ, ਮਹਿਸੂਸ ਹੁੰਦਾ ਹੈ। ਉਹ ਦਿਨ ਮੈਨੂੰ ਅੱਜ ਵੀ ਯਾਦ ਆਉਂਦਾ ਹੈ। ਮੈਂ ਮਰਦੇ ਦਮ ਤੱਕ ਉਹ ਦਿਨ ਨਹੀਂ ਭੁੱਲ ਸਕਦੀ।''

13 ਸਾਲ ਪਹਿਲਾ ਦੀ ਉਸ ਰਾਤ 10 ਹਮਲਾਵਰਾਂ ਨੇ ਸਮੁੰਦਰ ਰਸਤੇ ਮੁੰਬਈ 'ਚ ਵੜ ਕੇ 2 ਪੰਜ ਤਾਰਾ ਹੋਟਲਾਂ, ਸੀਐਸਟੀ ਸਟੇਸ਼ਨ ਅਤੇ ਇੱਕ ਯਹੁਦੀ ਸੈਂਟਰ ਨਰਿਮਨ ਹਾਊਸ 'ਤੇ ਹਮਲਾ ਕੀਤਾ ਸੀ।

ਹਮਲੇ ਵਿੱਚ 166 ਲੋਕਾਂ ਦੀ ਗਈ ਸੀ ਜਾਨ

60 ਘੰਟਿਆਂ ਤੱਕ ਚੱਲੀ ਇਸ ਮੁਠਭੇੜ ਵਿੱਚ 166 ਲੋਕਾਂ ਦੀ ਮੌਤ ਹੋਈ ਸੀ। ਇਸ ਹਮਲੇ ਨਾਲ ਦੇਸ਼ ਭਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।

ਘਟਨਾ ਦੌਰਾਨ ਦੇਵਿਕਾ ਸਿਰਫ਼ 9 ਸਾਲ ਦੀ ਛੋਟੀ ਬੱਚੀ ਸੀ।

ਉਹ ਆਪਣੇ ਪਿਤਾ ਨਟਵਰਲਾਲ ਰੋਟਾਵਨ ਅਤੇ ਭਰਾ ਜਇਸ਼ ਨਾਲ ਪੂਣੇ ਜਾਣ ਲਈ ਛੱਤਰਪਤੀ ਸ਼ਿਵਾਜੀ ਟਰਮੀਨਲ ਯਾਨਿ ਸੀਐਸਟੀ ਪਹੁੰਚੀ। ਉੱਥੇ ਹੋਏ ਅੱਤਵਾਦੀ ਹਮਲੇ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਰਾਤ ਕਰੀਬ ਸਾਢੇ 9 ਵਜੇ 2 ਹਮਲਾਵਰ ਅਜਮਲ ਕਸਾਬ ਅਤੇ ਇਸਮਾਇਲ ਖਾਨ ਨੇ ਸੀਐਸਟੀ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਉਸ ਦੌਰਾਨ ਕਸਾਬ ਦੀ ਬੰਦੂਕ 'ਚੋਂ ਨਿਕਲੀ ਗੋਲੀ ਦੇਵਿਕਾ ਦੇ ਸੱਜੇ ਪੈਰ 'ਤੇ ਲੱਗੀ। ਉਹ ਪਲ ਦੇਵਿਕਾ ਨੂੰ 9 ਸਾਲ ਬਾਅਦ ਵੀ ਯਾਦ ਹੈ।

''ਗੋਲੀ ਦੀ ਅਵਾਜ਼ ਆਈ, ਸਾਰੇ ਇੱਧਰ-ਉੱਧਰ ਭੱਜਣ ਲੱਗੇ। ਅਸੀਂ ਵੀ ਭੱਜਣ ਦੀ ਕੋਸ਼ਿਸ਼ ਕੀਤੀ। ਉਸੇ ਵੇਲੇ ਕਸਾਬ ਦੀ ਗੋਲੀ ਆ ਕੇ ਮੇਰੇ ਪੈਰ 'ਤੇ ਲੱਗੀ। ਮੈਂ ਬੇਹੋਸ਼ ਹੋ ਗਈ।''

ਇਹ ਵੀ ਪੜ੍ਹੋ-

ਸਭ ਤੋਂ ਛੋਟੀ ਉਮਰ ਦੀ ਗਵਾਹ ਬਣੀ ਸੀ ਦੇਵਿਕਾ

ਉਸ ਜ਼ਖ਼ਮ ਤੋਂ ਉਭਰਣ ਲਈ ਦੇਵਿਕਾ ਨੂੰ ਸਮਾਂ ਲੱਗਿਆ। ਤਿੰਨ ਮਹੀਨਿਆਂ ਬਾਅਦ ਉਹ ਆਪਣੇ ਪੈਰਾਂ ਤੇ ਮੁੜ ਖੜ੍ਹੀ ਹੋਈ।

ਐਨਾ ਹੀ ਨਹੀਂ ਦੇਵਿਕਾ ਨੇ ਹਿੰਮਤ ਕੀਤੀ ਤੇ ਮੁੰਬਈ ਦੀ ਅਦਾਲਤ 'ਚ ਅਜਮਲ ਕਸਾਬ ਖ਼ਿਲਾਫ ਗਵਾਹੀ ਵੀ ਦਿੱਤੀ।

26/11 ਦੇ ਹਮਲੇ ਵਿੱਚ ਗ੍ਰਿਫ਼ਤਾਰ ਇਕਲੌਤੇ ਹਮਲਾਵਰ ਕਸਾਬ ਦੇ ਖ਼ਿਲਾਫ ਕੋਰਟ ਵਿੱਚ ਬਿਆਨ ਦੇਣ ਵਾਲੀ ਦੇਵਿਕਾ ਸਭ ਤੋਂ ਛੋਟੀ ਉਮਰ ਦੀ ਗਵਾਹ ਬਣੀ ਸੀ।

ਕੋਰਟ ਵਿੱਚ ਗਵਾਹੀ ਦੇਣ ਦੇ ਫੈ਼ਸਲੇ 'ਤੇ ਦੇਵਿਕਾ ਅਤੇ ਉਨ੍ਹਾਂ ਦੇ ਪਿਤਾ ਨਟਵਰਲਾਲ ਨੂੰ ਕੋਈ ਪਛਤਾਵਾ ਨਹੀਂ ਹੈ।

ਦੇਵਿਕਾ ਕਹਿੰਦੀ ਹੈ, ''ਬਚਪਨ ਤਾਂ ਉਸ ਦਿਨ ਹੀ ਖ਼ਤਮ ਹੀ ਹੋ ਗਿਆ ਸੀ ਜਿਸ ਦਿਨ ਗੋਲੀ ਲੱਗੀ ਸੀ। ਇਹ ਵੀ ਲੱਗਿਆ ਕਿ ਚਲੋ ਕੁਝ ਚੰਗਾ ਹੋਇਆ, ਮੈਂ ਦੇਸ ਲਈ ਖੜ੍ਹੀ ਹੋਈ ਹਾਂ।''

ਦੇਵਿਕਾ ਦੇ ਇਸ ਹੌਸਲੇ ਦੀ ਮੀਡੀਆ ਅਤੇ ਜਨਤਾ ਨੇ ਖੂਬ ਤਾਰੀਫ਼ ਕੀਤੀ। ਉਹ ਮੁਕੱਦਮਾ ਕਸਾਬ ਨੂੰ ਫਾਸੀ ਤੱਕ ਲੈ ਗਿਆ ਪਰ ਉਸ ਗਵਾਹੀ ਨੇ ਦੇਵਿਕਾ ਦੀ ਜ਼ਿੰਦਗੀ ਬਦਲ ਦਿੱਤੀ।

ਲੋਕ ਦਹਿਸ਼ਤਗਰਦਾਂ ਦੇ ਡਰ ਤੋਂ ਉਨ੍ਹਾਂ ਦੇ ਪਰਿਵਾਰ ਤੋਂ ਦੂਰੀ ਬਣਾਉਣ ਲੱਗੇ।

ਦੇਵਿਕਾ ਕਹਿੰਦੀ ਹੈ, ਲੋਕ ਮੈਨੂੰ ਮੇਣੇ ਮਾਰਨ ਲੱਗ ਗਏ ਸੀ। ''ਮੈਨੂੰ ਕਸਾਬ ਦੀ ਕੁੜੀ ਕਹਿਣ ਲੱਗੇ ਤੇ ਹੋਰ ਕਈਆਂ ਨਾਂਵਾਂ ਨਾਲ ਬੁਲਾਉਣ ਲੱਗ ਗਏ ਸੀ।''

ਦੇਵਿਕਾ ਦੇ ਪਰਿਵਾਰ ਨੂੰ ਅਪਣਾ ਘਰ ਵੀ ਬਦਲਣਾ ਪਿਆ। ਫਿਲਹਾਲ ਉਹ ਆਪਣੇ ਪਿਤਾ ਅਤੇ ਭਰਾ ਨਾਲ ਬਾਂਦਰਾ ਦੇ ਸੁਭਾਸ਼ ਨਗਰ 'ਚ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੀ ਹੈ।

ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਪਿੰਡ ਵਿੱਚ ਰਹਿਣ ਵਾਲੇ ਰਿਸ਼ਤੇਦਾਰਾਂ ਨਾਲ ਹੁਣ ਉਨ੍ਹਾਂ ਦਾ ਰਿਸ਼ਤਾ ਵੀ ਟੁੱਟ ਗਿਆ ਹੈ।

ਦੇਵਿਕਾ ਦੱਸਦੀ ਹੈ, ''ਕੋਈ ਪ੍ਰੋਗ੍ਰਾਮ ਹੋਵੇ ਜਾਂ ਕਿਸੇ ਰਿਸ਼ਤੇਦਾਰ ਦਾ ਵਿਆਹ ਕੋਈ ਉਨ੍ਹਾਂ ਨੂੰ ਨਹੀਂ ਬੁਲਾਉਂਦਾ। ਲੋਕਾਂ ਨੂੰ ਡਰ ਲੱਗਦਾ ਹੈ ਕਿ ਅੱਤਵਾਦੀ ਆਉਣਗੇ ਤੇ ਉਨ੍ਹਾਂ ਨੂੰ ਮਾਰ ਦੇਣਗੇ।''

ਉਹ ਦੱਸਦੀ ਹੈ, ''ਅਸੀਂ ਪਿੰਡ ਵੀ ਜਾਂਦੇ ਹਾਂ ਤੇ ਹੋਟਲ ਵਿੱਚ ਰੁਕਣਾ ਪੈਂਦਾ ਹੈ, ਕੋਈ ਰਿਸ਼ਤੇਦਾਰ ਆਪਣੇ ਘਰ ਨਹੀਂ ਬੁਲਾਉਂਦਾ।''

ਦੇਵਿਕਾ ਦੇ ਪਿਤਾ ਨਟਵਰਲਾਲ ਇਸ ਗੱਲ ਤੋਂ ਬਹੁਤ ਦੁਖੀ ਹਨ। ਉਹ ਕਹਿੰਦੇ ਹਨ,''ਮੇਰੀ ਮਾਂ ਦੀ ਮੌਤ ਹੋ ਗਈ, ਪਰ ਸਾਨੂੰ ਕਿਸੇ ਨੇ ਇਸ ਬਾਰੇ ਨਹੀਂ ਦੱਸਿਆ। ਜਦੋਂ ਅਸੀਂ ਉੱਥੇ ਗਏ, ਤਾਂ ਸਾਨੂੰ ਕਿਸੇ ਨੇ ਜ਼ਿਆਦਾ ਦਿਨ ਰੁਕਣ ਵੀ ਨਹੀਂ ਦਿੱਤਾ।''

ਹੁਣ ਨਟਵਰਲਾਲ ਨੂੰ ਆਪਣੀ ਕੁੜੀ ਦੇ ਵਿਆਹ ਦੀ ਚਿੰਤਾ ਹੈ।

ਨਟਵਰਲਾਲ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਫੋਨ ਤੇ ਧਮਕੀ ਵੀ ਮਿਲੀ ਸੀ। ਉਨ੍ਹਾਂ ਦਾ ਡਰਾਇਫਰੂਟ ਦਾ ਕਾਰੋਬਾਰ ਹੁਣ ਬੰਦ ਹੋ ਗਿਆ ਹੈ।

ਇੱਕ ਗਵਾਹੀ ਨੇ ਬਦਲੀ ਜ਼ਿੰਦਗੀ

ਕੁਝ ਰਿਸ਼ਤੇਦਾਰ ਅਤੇ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਰਿਹਾ ਹੈ। ਦੇਵਿਕਾ ਨੂੰ ਪੜ੍ਹਾਈ ਵਿੱਚ ਕਈ ਮੁਸੀਬਤਾਂ ਝੱਲਣੀਆਂ ਪਈਆਂ।

ਹਮਲੇ ਤੋਂ ਪਹਿਲਾਂ ਦੇਵਿਕਾ ਨੂੰ ਉਸ ਦੀ ਮਾਂ ਦੀ ਮੌਤ ਦਾ ਸਦਮਾ ਝੱਲਣਾ ਪਿਆ ਸੀ। ਉਨ੍ਹਾਂ ਦੀ ਸਕੂਲੀ ਪੜ੍ਹਾਈ ਠੀਕ ਤਰ੍ਹਾਂ ਸ਼ੁਰੂ ਵੀ ਨਹੀਂ ਹੋ ਸਕੀ ਸੀ।

ਕੋਰਟ ਵਿੱਚ ਗਵਾਹੀ ਦੇਣ ਤੋਂ ਬਾਅਦ ਸਕੂਲ ਵਿੱਚ ਦਾਖ਼ਲਾ ਮਿਲਣਾ ਮੁਸ਼ਕਿਲ ਹੋ ਗਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮੁਸ਼ਕਿਲਾਂ ਦੇ ਬਾਵਜੂਦ ਦੇਵਿਕਾ ਡਟ ਕੇ ਪੜ੍ਹਾਈ ਕਰ ਰਹੀ ਹੈ, ਉਹ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ।

ਬੜੇ ਹੀ ਹੌਸਲੇ ਨਾਲ ਉਹ ਕਹਿੰਦੀ ਹੈ, ''ਮੈਂ ਪੜ੍ਹ ਲਿਖ ਕੇ ਆਈਪੀਐਸ ਅਫ਼ਸਰ ਬਣਨਾ ਚਾਹੁੰਦੀ ਹਾਂ, ਕਸਾਬ ਵਰਗੇ ਦਹਿਸ਼ਤਗਰਦਾਂ ਨੂੰ ਮੈਂ ਖ਼ਤਮ ਕਰਨਾ ਚਾਹੁੰਦੀ ਹਾਂ।''

ਦੇਵਿਕਾ ਨੂੰ ਉਮੀਦ ਹੈ ਕਿ 26/11 ਹਮਲੇ ਦੇ ਬਾਕੀ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਸ ਲਈ ਉਹ ਉਨ੍ਹਾਂ ਜ਼ਖਮਾਂ ਨੂੰ ਭੁੱਲਣਾ ਨਹੀਂ ਚਾਹੁੰਦੀ।''

''ਜੇਕਰ ਅਸੀਂ ਭੁੱਲ ਜਾਵਾਂਗੇ ਤਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਦਹਿਸ਼ਤਗਰਦਾਂ ਨੂੰ ਮਾਫ਼ ਕਰ ਦਿੱਤਾ। ਮੈਂ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਮਾਫ਼ ਨਹੀਂ ਕਰ ਸਕਦੀ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)