ਚੰਡੀਗੜ੍ਹ: 10 ਸਾਲਾ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਦੋਵੇਂ ਮਾਮੇ ਦੋਸ਼ੀ

ਤਸਵੀਰ ਸਰੋਤ, iStock
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ
ਚੰਡੀਗੜ੍ਹ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਇਸ ਸਾਲ ਅਗਸਤ ਵਿਚ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਚੰਡੀਗੜ੍ਹ ਦੀ 10 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਲਈ ਕੁੜੀ ਦੇ ਦੋਵਾਂ ਮਾਮਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਜੱਜ ਨੇ ਕਿਹਾ ਕਿ ਇਸ ਕੇਸ ਵਿੱਚ ਸਜ਼ਾ 2 ਨਵੰਬਰ ਸੁਣਾਈ ਜਾਵੇਗੀ।
ਜਦੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਦੋਵੇਂ ਮਾਮੇ ਅਦਾਲਤ ਵਿੱਚ ਹੀ ਸਨ। ਇੱਕ ਨੇ ਲਾਲ ਟੀ-ਸ਼ਰਟ ਪਾਈ ਹੋਈ ਸੀ ਜਦਕਿ ਦੂਸਰਾ ਨੀਲੇ ਰੰਗ ਦੀ ਟੀ-ਸ਼ਰਟ ਵਿੱਚ ਸੀ।

ਆਖ਼ਰੀ ਦਲੀਲਾਂ ਸੋਮਵਾਰ ਨੂੰ ਬਚਾਅ ਪੱਖ ਵੱਲੋਂ ਪੂਰੀਆਂ ਕੀਤੀਆਂ ਗਈਆਂ ਸਨ। ਕੇਸ ਮੰਗਲਵਾਰ ਨੂੰ ਸੁਣਵਾਈ ਲਈ ਰੱਖਿਆ ਗਿਆ ਸੀ। ਉਮਰ 'ਚ ਛੋਟੇ ਦੋਸ਼ੀ ਮਾਮੇ ਦੀ ਸੁਣਵਾਈ ਕੇਵਲ 18 ਦਿਨਾਂ ਵਿਚ ਪੂਰੀ ਕੀਤੀ ਗਈ।
ਕੀ ਹੈ ਮਾਮਲਾ?
ਚੰਡੀਗੜ੍ਹ ਦੇ ਇੱਕ ਪਰਿਵਾਰ ਨੂੰ ਬੱਚੀ ਦੇ ਗਰਭਵਤੀ ਹੋਣ ਦਾ ਉਸ ਵੇਲੇ ਪਤਾ ਲੱਗਿਆ ਸੀ, ਜਦੋਂ ਉਸ ਨੇ ਢਿੱਡ ਵਿੱਚ ਪੀੜ ਹੋਣ ਦੀ ਗੱਲ ਕਹੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਲਜ਼ਾਮ ਲੱਗੇ ਕਿ ਬੱਚੀ ਦੇ ਵੱਡੇ ਮਾਮੇ ਵੱਲੋਂ 7 ਮਹੀਨੇ ਲਗਾਤਾਰ ਤੱਕ ਬੱਚੀ ਦਾ ਸ਼ੋਸ਼ਣ ਕੀਤਾ ਗਿਆ ।
ਇਸ ਤੋਂ ਬਾਅਦ ਵੱਡੇ ਮਾਮੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪਰ ਉਸ ਦੇ ਡੀਐਨਏ ਸੈਂਪਲ ਬੱਚੇ ਨਾਲ ਮਿਲੇ ਨਹੀਂ ਸਨ।
ਉਹ ਸੈਂਪਲ ਛੋਟੇ ਮਾਮੇ ਨਾਲ ਮਿਲ ਗਏ ਸਨ, ਜਿਸ ਕਾਰਨ 18 ਦਿਨ ਪਹਿਲਾਂ ਛੋਟੇ ਮਾਮੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।








