ਜਗਮੀਤ ਖ਼ਿਲਾਫ਼ ਕਾਂਗਰਸ ਤੇ ਭਾਜਪਾ ਹੋਏ ਇੱਕਸੁਰ

ਤਸਵੀਰ ਸਰੋਤ, jagmeet /FB
ਕੈਨੇਡਾ ਦੀ 'ਨਿਊ ਡੈਮੋਕ੍ਰੇਟਿਕ ਪਾਰਟੀ' ਦੇ ਨਵੇਂ ਚੁਣੇ ਲੀਡਰ ਜਗਮੀਤ ਸਿੰਘ ਦੇ 'ਖ਼ੁਦ ਮੁਖ਼ਤਿਆਰੀ' ਤੇ 'ਬੁਨਿਆਦੀ ਅਧਿਕਾਰ' ਵਾਲੇ ਬਿਆਨ ਨੇ ਪੰਜਾਬ ਸਿਆਸਤ ਵਿੱਚ ਗਰਮੀ ਲਿਆ ਦਿੱਤੀ ਹੈ।
ਪੰਜਾਬ ਦੀ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਜਗਮੀਤ ਦੇ ਪੰਜਾਬ, ਕਿਊਬੇਕ ਤੇ ਕੈਟੇਲੋਨੀਆ ਵਰਗੇ ਸੂਬਿਆਂ ਦੇ ਲੋਕਾਂ ਲਈ 'ਖ਼ੁਦ ਮੁਖ਼ਤਿਆਰੀ' ਵਾਲੇ ਬਿਆਨ ਤੇ ਤਿੱਖੀ ਟਿੱਪਣੀ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜਗਮੀਤ ਭਾਰਤ ਦੀ ਜ਼ਮੀਨੀ ਹਕੀਕਤ ਤੋਂ ਬਿਲਕੁਲ ਵੀ ਜਾਣੂ ਨਹੀਂ ਹਨ, ਜਿੱਥੇ ਸਿੱਖਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੀ ਖ਼ਾਸ ਥਾਂ ਬਣਾਈ ਹੈ।''

ਤਸਵੀਰ ਸਰੋਤ, PTI
ਜਗਮੀਤ ਸਿੰਘ 'ਤੇ ਕੈਪਟਨ ਨੇ ਇਲਜ਼ਾਮ ਲਾਇਆ, ''ਜਗਮੀਤ ਸਿੰਘ ਆਪਣੀ ਬਿਆਨਬਾਜ਼ੀ ਨਾਲ ਪੰਜਾਬ 'ਚ ਅਸਥਿਰਤਾ ਲਿਆਉਣਾ ਚਾਹੁੰਦੇ ਹਨ।''
ਕੈਪਟਨ ਨੇ ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਪੱਕਾ ਕਰਨ ਕਿ ਉਨ੍ਹਾਂ ਦੇ ਮੁਲਕ ਦੀ ਧਰਤੀ ਭਾਰਤ ਦੀ ਸੁਰੱਖਿਆ ਤੇ ਇਕਸਾਰਤਾ ਨੂੰ ਖ਼ਤਰਾ ਪਹੁੰਚਾਉਣ ਲਈ ਨਾ ਵਰਤੀ ਜਾਵੇ।
ਉੱਧਰ ਜਗਮੀਤ ਸਿੰਘ ਦੇ ਬਿਆਨ ਦਾ ਵਿਰੋਧ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ ਨੇ ਕਿਹਾ, ਜਗਮੀਤ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਨਾ ਕਰੇ।'
ਕਮਲ ਸ਼ਰਮਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਇਹ ਭਾਰਤ ਦੀ ਅਖੰਡਤਾ ਦਾ ਮਾਮਲਾ ਹੈ ਇਸ ਉੱਤੇ ਕੋਈ ਵੀ ਬਹਿਸ ਨਹੀਂ ਹੋ ਸਕਦੀ।
ਜਗਮੀਤ ਸਿੰਘ ਨੇ ਕੀ ਕਿਹਾ ਸੀ?
ਹਫਿੰਗਟਨ ਪੋਸਟ ਨੇ ਲਿਖਿਆ, ਪਿਛਲੇ ਹਫ਼ਤੇ ਓਟਾਵਾ 'ਚ ਜਗਮੀਤ ਨੇ ਸਿੰਘ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆ ਕਿਹਾ, ''ਚਾਹੇ ਉਹ ਪੰਜਾਬ ਹੋਵੇ, ਕੈਟੇਲੋਨੀਆ ਹੋਵੇ, ਬਾਸਕ ਹੋਵੇ ਜਾਂ ਫ਼ਿਰ ਕਿਊਬੇਕ ਹੀ ਕਿਉਂ ਨਾ ਹੋਵੇ। ਇਹ ਬੁਨਿਆਦੀ ਅਧਿਕਾਰ ਹੈ, ਹਰ ਇੱਕ ਨੂੰ ਮਿਲਣਾ ਚਾਹੀਦਾ।''

ਤਸਵੀਰ ਸਰੋਤ, Reuters
ਕੌਣ ਹਨ ਜਗਮੀਤ ਸਿੰਘ?
- ਕਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਸਿੱਖ ਸਿਆਸਤਦਾਨ ਜਗਮੀਤ ਸਿੰਘ ਨੂੰ ਆਪਣਾ ਕੌਮੀ ਆਗੂ ਚੁਣਿਆ ਹੈ।
- 38 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ।
- ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਜਗਮੀਤ ਸਿੰਘ ਪਾਰਟੀ ਦੇ ਆਗੂ ਬਣੇ।
- ਪਾਰਟੀ ਦੀ ਅਗਵਾਈ ਦੀ ਚੋਣ ਲਈ ਜਗਮੀਤ ਨੂੰ 53.6% ਫੀਸਦ ਵੋਟ ਹਾਸਿਲ ਹੋਏ ਸੀ।
- ਐਨ.ਡੀ.ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿੱਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿੱਕ ਤੇ ਸਾਡੇ ਨਾਲ ਜੁੜੋ।)












