ਗੁਰਦਾਸਪੁਰ ਜ਼ਿਮਨੀ ਚੋਣ ਦੀ ਜਿੱਤ ਦਾ ਮਤਲਬ

ਤਸਵੀਰ ਸਰੋਤ, SUNIL JAHKAR /FB
- ਲੇਖਕ, ਖ਼ੁਸ਼ਹਾਲ ਲਾਲੀ
- ਰੋਲ, ਬੀਬੀਸੀ ਪੰਜਾਬੀ
ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਮੁੱਖ ਟੱਕਰ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ, ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਵਿਚਾਲੇ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਅਗਰ ਜਿੱਤ ਗਏ ਤਾਂ ਇਹ ਹੈਰਾਨੀਜਨਕ ਵੱਡਾ ਉਥਲ-ਪੁਥਲ ਹੋ ਸਕਦਾ ਹੈ ।
ਤਿੰਨੇ ਧਿਰਾਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਇਸ ਜਿੱਤ ਦੇ ਕਿਸ ਪਾਰਟੀ ਲਈ ਕੀ ਮਾਇਨੇ ਹਨ। ਮਾਰਦੇ ਹਾਂ ਇੱਕ ਪੰਛੀ ਝਾਤ
ਕਾਂਗਰਸ
ਜੇਕਰ ਕਾਂਗਰਸ ਇਹ ਚੋਣ ਜਿੱਤ ਜਾਂਦੀ ਹੈ ਤਾਂ ਪਾਰਟੀ ਇਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਦੇ ਹੱਕ ਵਿੱਚ ਲੋਕ ਫ਼ਤਵੇ ਵਜੋਂ ਪੇਸ਼ ਕਰੇਗੀ।
ਕੌਮੀ ਪੱਧਰ 'ਤੇ ਕਾਂਗਰਸ ਲਈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਰਾਏਸ਼ੁਮਾਰੀ ਹੋਵੇਗੀ ।
ਕਾਂਗਰਸ ਦੀ ਜਿੱਤ ਸੁਨੀਲ ਜਾਖੜ ਦੇ ਸਿਆਸੀ ਕਰੀਅਰ ਨੂੰ ਹੁਲ਼ਾਰਾ ਦੇਣ ਅਤੇ ਕੇਂਦਰੀ ਸਿਆਸਤ ਵਿੱਚ ਥਾਂ ਬਣਾਉਣ ਦਾ ਮੌਕਾ ਹੋਵੇਗੀ।

ਤਸਵੀਰ ਸਰੋਤ, SWARAN SALARIA/ FB
ਜਿਸ ਨੂੰ ਕੈਪਟਨ ਕੈਂਪ ਪ੍ਰਤਾਪ ਬਾਜਵੇ ਨੂੰ ਉਸ ਦੇ ਗੜ੍ਹ 'ਚ ਹੀ ਖੂਜੇ ਲਾਉਣ ਤੇ ਸੁਨੀਲ ਜਾਖੜ ਦਾ ਪੱਤਾ ਸੂਬਾਈ ਸਿਆਸਤ ਤੋਂ ਸਾਫ਼ ਕਰਨ ਵਜੋਂ ਵੀ ਲੈ ਸਕਦਾ ਹੈ।
ਅਕਾਲੀ-ਭਾਜਪਾ
ਜੇਕਰ ਅਕਾਲੀ-ਭਾਜਪਾ ਇਹ ਚੋਣ ਜਿੱਤ ਜਾਂਦੀ ਹੈ ਤਾਂ ਪਾਰਟੀ ਇਸ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਹੱਕ ਵਿੱਚ ਲੋਕ ਫ਼ਤਵੇ ਵਜੋਂ ਪੇਸ਼ ਕਰੇਗੀ।
ਅਕਾਲੀ-ਭਾਜਪਾ ਇਸ ਜਿੱਤ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨੀਤੀਆਂ ਨੂੰ ਰੱਦ ਕਰਨ ਵਾਲੀ ਜਿੱਤ ਕਰਾਰ ਦੇਵੇਗੀ।
ਕੌਮੀ ਪੱਧਰ ਉੱਤੇ ਭਾਜਪਾ ਇਸ ਜਿੱਤ ਨੂੰ ਕਾਂਗਰਸ ਮੁਕਤ ਭਾਰਤ ਦੇ ਆਪਣੇ ਨਾਅਰੇ ਨੂੰ ਪੂਰਾ ਕਰਨ ਵੱਲ ਇੱਕ ਹੋਰ ਸਫ਼ਲ ਕਦਮ ਸਮਝੇਗੀ।
ਜੋੜ-ਤੋੜ ਨਾਲ ਟਿਕਟ ਹਾਸਲ ਕਰਨ ਵਾਲੇ ਸਵਰਨ ਸਲਾਰੀਆ ਲਈ ਇਹ ਜਿੱਤ ਅੱਗੇ ਲਈ ਵੀ ਪਾਰਟੀ ਟਿਕਟ ਪੱਕੀ ਕਰਨ ਵਾਲੀ ਹੋਵੇਗੀ।
ਪੰਜਾਬ ਭਾਜਪਾ ਲਈ ਇਹ ਜਿੱਤ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੱਗੇ ਹਾਰ ਦੇ ਝਟਕੇ ਤੋਂ ਬਾਅਦ ਜਸ਼ਨ ਦਾ ਸਬੱਬ ਬਣੇਗੀ।
ਆਮ ਆਦਮੀ ਪਾਰਟੀ
ਜੇਕਰ ਆਮ ਆਦਮੀ ਪਾਰਟੀ ਇਹ ਚੋਣ ਜਿੱਤ ਜਾਂਦੀ ਹੈ ਤਾਂ ਪਾਰਟੀ ਇਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖ਼ਿਲਾਫ਼ ਲੋਕ ਫ਼ਤਵੇ ਵਜੋਂ ਪੇਸ਼ ਕਰੇਗੀ।

ਤਸਵੀਰ ਸਰੋਤ, AAP
ਪੰਜਾਬ ਵਿੱਚ ਸਿਆਸੀ ਜ਼ਮੀਨ ਤਲਾਸ਼ ਰਹੀ ਆਮ ਆਦਮੀ ਪਾਰਟੀ ਲਈ ਇਹ ਜਿੱਤ ਵਿਧਾਨ ਸਭਾ ਚੋਣਾਂ 'ਚ ਲੱਗੇ ਹਾਰ ਦੇ ਝਟਕੇ ਤੋਂ ਬਾਅਦ ਸਿਆਸੀ ਸੰਜੀਵਨੀ ਦਾ ਕੰਮ ਕਰੇਗੀ।
ਇਹ ਜਿੱਤ ਆਮ ਆਦਮੀ ਪਾਰਟੀ ਨੂੰ ਪੈਰਾਂ ਸਿਰ ਕਰਨ ਲਈ ਲੱਗੇ ਵਿਧਾਨ ਸਭਾ 'ਚ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖ਼ਹਿਰਾ ਨੂੰ ਬਤੌਰ ਪਾਰਟੀ ਦੇ ਸਰਬਪ੍ਰਵਾਨਿਤ ਆਗੂ ਵਜੋਂ ਮਾਨਤਾ ਦੁਆ ਸਕਦੀ ਹੈ।
ਪ੍ਰਚਾਰ ਦੌਰਾਨ ਕਿਹੜੇ ਮੁੱਦੇ ਰਹੇ ਭਾਰੂ ?
- ਗੁਰਦਾਸਪੁਰ ਜ਼ਿਮਨੀ ਚੋਣ ਨੂੰ ਇੱਕ ਅਜਿਹੀ ਚੋਣ ਵਜੋਂ ਯਾਦ ਕੀਤਾ ਜਾਵੇਗਾ ਜਿਸ ਵਿੱਚ ਸਾਰੀਆਂ ਪਾਰਟੀਆਂ ਇੱਕ-ਦੂਜੇ ਉੱਤੇ ਨਿੱਜੀ ਵਾਰ ਕਰਦੀਆਂ ਨਜ਼ਰ ਆਈਆਂ।
- ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਇਤਰਾਜ਼ਯੋਗ ਵੀਡੀਓ ਕਲਿੱਪ ਜਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਬਲਾਤਕਾਰ, ਜ਼ਬਰਦਸਤੀ ਅਤੇ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਹੋਇਆ।

ਤਸਵੀਰ ਸਰੋਤ, FACEBOOK
- ਸਵਰਨ ਸਲਾਰੀਆ ਦੀਆਂ ਮੁੰਬਈ ਦੀ ਇੱਕ ਔਰਤ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਜਿਸ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ।
- ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਮੁੱਦਾ ਕਾਫ਼ੀ ਗਰਮ ਰਿਹਾ।ਕਿਸਾਨਾਂ ਨੇ ਇਨ੍ਹਾਂ ਦਿਨਾਂ ਵਿੱਚ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ
- ਨਸ਼ੇ ਦਾ ਮੁੱਦਾ ਵੀ ਪਾਰਟੀਆਂ ਨੇ ਕਾਫ਼ੀ ਛੇੜਿਆ। ਖ਼ਾਸ ਤੌਰ 'ਤੇ ਕਾਂਗਰਸ ਦਾ ਦਾਅਵਾ ਸੀ ਕਿ ਉਹ ਸਰਕਾਰ ਬਣਨ ਤੋਂ ਬਾਅਦ 4 ਹਫ਼ਤਿਆਂ ਵਿੱਚ ਹੀ ਨਸ਼ਾ ਖ਼ਤਮ ਕਰ ਦਵੇਗੀ। ਪਰ ਵਿਰੋਧੀ ਪਾਰਟੀਆਂ ਇਸ ਨੂੰ ਖੋਖਲਾ ਵਾਅਦਾ ਦੱਸ ਰਹੀਆਂ ਹਨ।
- ਵਿਕਾਸ ਦੇ ਮੁੱਦੇ ਨੂੰ ਸਾਰੀਆਂ ਪਾਰਟੀਆਂ ਨੇ ਲਗਾਤਾਰ ਚੁੱਕਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਹੋਰ ਵਿਕਾਸ ਲਈ ਸੁਨੀਲ ਜਾਖੜ ਨੂੰ ਵੋਟ ਦੇਣ।
- ਭਾਜਪਾ ਨੇ ਕਿਹਾ ਕਿ ਉਹ ਸਲਾਰੀਆ ਨੂੰ ਜਿਤਾ ਕੇ ਮੋਦੀ ਦੇ ਵਿਕਾਸ ਦੇ ਸੁਪਨੇ ਨੂੰ ਯਕੀਨੀ ਬਣਾਉਣ।
- ਮਰਹੂਮ ਸਾਂਸਦ ਅਤੇ ਬਾਲੀਵੁੱਡ ਸੁਪਰਸਟਾਰ ਵਿਨੋਦ ਖੰਨਾ ਦੇ ਨਾਂ ਤੇ ਬੀਜੇਪੀ ਨੇ ਜਨਤਾ ਤੋਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਜਿੱਤ ਖੰਨਾ ਨੂੰ ਸ਼ਰਧਾਂਜਲੀ ਹੋਵੇਗੀ।












