#100Women: ਨਸਬੰਦੀ ਲਈ ਇੱਕ ਪੇਂਡੂ ਔਰਤ ਦੀ ਮੁਹਿੰਮ

ਨਿਰਮਾ ਦੇਵੀ ਨੇ ਨਸਬੰਦੀ ਲਈ 200 ਔਰਤਾਂ ਨੂੰ ਪ੍ਰੇਰਿਆ

ਤਸਵੀਰ ਸਰੋਤ, PFI

ਤਸਵੀਰ ਕੈਪਸ਼ਨ, ਨਿਰਮਾ ਦੇਵੀ ਨੇ ਨਸਬੰਦੀ ਲਈ 200 ਔਰਤਾਂ ਨੂੰ ਪ੍ਰੇਰਿਆ

ਭਾਰਤ ਵਿੱਚ ਨਸਬੰਦੀ ਵਿਸ਼ੇ 'ਤੇ ਗੱਲ ਕਰਨ ਦੀ ਸਮਾਜਿਕ ਮਨਾਹੀ ਹੈ। ਜਿਸ ਕਰਕੇ ਜਣਨ ਸ਼ਕਤੀ ਦੀ ਦਰ ਵਿੱਚ ਵਾਧਾ ਹੋਇਆ ਹੈ। ਬਿਹਾਰ ਵਿੱਚ ਇਹ ਦਰ ਸਭ ਤੋਂ ਬੁਰੀ ਹੈ। ਦੁਰ-ਦਰਾਡੇ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਇਸਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।

ਦੋ ਬੱਚਿਆਂ ਦੀ ਮਾਂ, 29 ਸਾਲਾ ਨਿਰਮਾ ਦੇਵੀ ਮੁਤਾਬਕ, "ਹਾਂ ਮੈਂ ਗਰਭ ਨਿਰੋਧਕ ਦੀ ਵਰਤੋਂ ਕਰਦੀ ਹਾਂ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)

"ਮੈਂ ਮਹਾਵਾਰੀ ਦੌਰਾਨ ਲਾਲ ਗੋਲੀਆਂ ਦੀ ਵਰਤੋਂ ਕਰਦੀ ਹਾਂ ਅਤੇ ਬਾਕੀ ਵਕਤ ਵਿੱਚ ਕਾਲੀ ਗੋਲੀਆਂ ਦਾ ਇਸਤੇਮਾਲ ਕਰਦੀ ਹਾਂ। ਮੈਂ ਜਾਣਦੀ ਹਾਂ ਇਨ੍ਹਾਂ ਦਾ ਕੋਈ ਬੁਰਾ ਪ੍ਰਭਾਅ ਨਹੀਂ ਹੈ।''

ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਾਰਾਚੱਤੀ ਪਿੰਡ ਦੀ ਇੱਕ ਔਰਤ ਦਾ ਇਹ ਸਨਸਨੀਖੇਜ਼ ਬਿਆਨ ਸੀ।

ਭਾਰਤ ਵਿੱਚ ਨਸਬੰਦੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ

ਤਸਵੀਰ ਸਰੋਤ, PFI

ਤਸਵੀਰ ਕੈਪਸ਼ਨ, ਭਾਰਤ ਵਿੱਚ ਨਸਬੰਦੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ

11 ਸਾਲ ਪਹਿਲਾਂ ਜਦੋਂ ਨਿਰਮਾ ਦੇਵੀ ਦਾ ਵਿਆਹ ਹੋਇਆ, ਉਸ ਵੇਲੇ ਉਸਦੇ ਸੁਹਰੇ ਘਰ ਵਿੱਚ ਨਸਬੰਦੀ ਬਾਰੇ ਕਿਸੇ ਵੀ ਤਰੀਕੇ ਦੀ ਗੱਲਬਾਤ ਦੀ ਮਨਾਹੀ ਸੀ।

ਨਸਬੰਦੀ ਨੂੰ ਲੈ ਕੇ ਔਰਤਾਂ ਤੇ ਮਰਦਾਂ ਵਿੱਚ ਕਿਸੇ ਤਰੀਕੇ ਦੀ ਚਰਚਾ ਨੂੰ ਪ੍ਰਵਾਨਗੀ ਨਹੀਂ ਸੀ। ਅਤੇ ਔਰਤਾਂ ਇਸ ਮੁੱਦੇ ਬਾਰੇ ਬੰਦ ਦਰਵਾਜਿਆਂ ਦੇ ਪਿੱਛੇ ਹੀ ਗੱਲਾਂ ਕਰਦੀਆਂ ਸੀ।

ਬਿਹਾਰ ਵਿੱਚ ਸਭ ਤੋਂ ਵੱਧ ਜਣਨ ਦਰ ਕਿਉਂ?

ਭਾਰਤ ਦੇ ਤਾਜ਼ਾ ਕੌਮੀ ਪਰਿਵਾਰ ਸਿਹਤ ਸਰਵੇਖਣ ਮੁਤਾਬਕ ਜਿੱਥੇ ਕੌਮੀ ਜਣਨ ਦਰ 2 ਬੱਚਿਆਂ ਦੀ ਹੈ, ਉੱਥੇ ਬਿਹਾਰ ਵਿੱਚ ਇਹ ਦਰ 3 ਬੱਚਿਆਂ ਦੀ ਹੈ।

ਇੰਨੀ ਵੱਧੀ ਹੋਈ ਜਣਨ ਦਰ ਜ਼ਿਆਦਾਰ ਉਨ੍ਹਾਂ ਮੁਲਕਾਂ ਵਿੱਚ ਹੁੰਦੀ ਹੈ, ਜਿੱਥੇ ਨਸਬੰਦੀ ਦਾ ਇਸਤੇਮਾਲ ਕਾਫ਼ੀ ਘੱਟ ਹੁੰਦਾ ਹੈ।

ਬੱਚਿਆਂ ਵਿੱਚ ਫ਼ਰਕ ਰੱਖਣ ਨਾਲ ਔਰਤਾਂ ਦੀ ਸਿਹਤ 'ਤੇ ਸਕਾਰਾਤਮਕ ਅਸਰ

ਤਸਵੀਰ ਸਰੋਤ, PFI

ਨਸਬੰਦੀ ਬਾਰੇ ਨਾ ਸਿਰਫ ਚਾਹ 'ਤੇ ਚਰਚਾ ਕਰਨ ਦੀ ਮਨਾਹੀ ਹੈ, ਬਲਕਿ ਨਿੱਜੀ ਤੌਰ 'ਤੇ ਦੰਪਤੀ ਆਪਸ ਵਿੱਚ ਵੀ ਇਸ ਬਾਰੇ ਚਰਚਾ ਕਰਨ ਤੋਂ ਝਿਜਕਦੇ ਹਨ।

ਪਰ ਨਿਰਮਾ ਦੇਵੀ ਇਨ੍ਹਾਂ ਸਾਰਿਆਂ ਤੋਂ ਵੱਖਰੀ ਹੈ।

ਨਿਰਮਾ ਨੇ ਚਲਾਈ ਮੁਹਿੰਮ

ਨਿਰਮਾ ਨੇ ਨਾ ਸਿਰਫ਼ ਆਪਣੇ ਪਰਿਵਾਰ ਦੇ ਲਈ ਆਰਜ਼ੀ ਨਸਬੰਦੀ ਨੂੰ ਅਪਨਾਇਆ ਹੈ, ਇਸਦੇ ਨਾਲ ਹੀ ਪਿੰਡ ਦੀਆਂ 200 ਔਰਤਾਂ ਨੂੰ ਵੀ ਇਸ ਬਾਰੇ ਪ੍ਰੇਰਿਆ ਹੈ।

ਨਿਰਮਾ ਦੇਵੀ ਮੁਤਾਬਕ ਉਹ ਟੈਲੀਵਿਜ਼ਨ ਸੀਰੀਜ਼ 'ਮੈਂ ਕੁਝ ਭੀ ਕਰ ਸਕਤੀ ਹੂੰ' ਤੋਂ ਪ੍ਰਭਾਵਿਤ ਹੋਈ ਹੈ।

ਭਾਰਤ ਵਿੱਚ ਔਰਤਾਂ ਟੀਵੀ ਸੀਰੀਜ਼ ਤੋਂ ਪ੍ਰਭਾਵਿਤ ਹੋ ਰਹੀਆਂ ਹਨ

ਤਸਵੀਰ ਸਰੋਤ, YOUTUBE

ਇਹ ਟੀਵੀ ਸੀਰੀਜ਼ ਮੁੰਬਈ ਦੀ ਇੱਕ ਡਾਕਟਰ ਸਨੇਹਾ ਬਾਰੇ ਹੈ। ਜੋ ਪੇਂਡੂ ਔਰਤਾਂ ਨੂੰ ਲਿੰਗ ਭੇਦ ਦੀਆਂ ਬੀਮਾਰੀਆਂ, ਨਸਬੰਦੀ ਤੇ ਦੂਜੇ ਸਮਾਜਿਕ ਮਨਾਹੀ ਵਾਲੇ ਵਿਸ਼ਿਆਂ ਬਾਰੇ ਜਾਗਰੂਕ ਕਰਦੀ ਹੈ।

ਸ਼ੋਅ ਦੇਖਣ ਤੋਂ ਬਾਅਦ ਨਿਰਮਾ ਨੇ ਸਨੇਹਾ ਦਾ ਕਿਰਦਾਰ ਖੁਦ ਅਸਲ ਜ਼ਿੰਦਗੀ ਵਿੱਚ ਧਾਰਨ ਕਰਨ ਦਾ ਫੈਸਲਾ ਲਿਆ।

ਜਨਾਨੀਆਂ ਨੂੰ ਕੀਤਾ ਲਾਮਬੰਦ

ਨਿਰਮਾ ਨੇ ਕਿਹਾ, ਇੱਕ ਐਪੀਸੋਡ ਵਿੱਚ ਇੱਕ ਔਰਤ ਨੂੰ ਚੌਥਾ ਬੱਚਾ ਜੰਮਣ ਵੇਲੇ ਮਰਦਿਆਂ ਦੇਖਿਆ।

ਉਹ ਔਰਤ ਤਿੰਨ ਸਾਲ ਵਿੱਚ ਤਿੰਨ ਬੱਚਿਆਂ ਦੀ ਮਾਂ ਬਣੀ ਸੀ। ਸਪੱਸ਼ਟ ਤੌਰ 'ਤੇ ਉਸ ਦਾ ਸਰੀਰ ਚੌਥੇ ਬੱਚੇ ਲਈ ਤਿਆਰ ਨਹੀਂ ਸੀ।

ਟੈਲੀਵਿਜ਼ਨ ਲੜੀ ਨੇ ਨਿਰਮਾ ਨੂੰ ਖੁਦ ਦੀ ਮੁਹਿੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ 20 ਔਰਤਾਂ ਦਾ ਗਰੁੱਪ ਬਣਾਇਆ। ਇਹ ਗਰੁੱਪ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮ ਕੇ ਨਸਬੰਦੀ ਬਾਰੇ ਔਰਤਾਂ ਨੂੰ ਜਾਗਰੂਕ ਕਰਦਾ ਸੀ।

ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਕ ਭਾਰਤ 'ਚ ਘਰ ਘੰਟੇ ਵਿੱਚ 5 ਔਰਤਾਂ ਦੀ ਮੌਤ ਬੱਚੇ ਨੂੰ ਜਨਮ ਦੇਣ ਵੇਲੇ ਹੁੰਦੀ ਹੈ।

ਮਰਦਾਂ ਦਾ ਘੱਟ ਸਹਿਯੋਗ

ਮੌਤਾਂ ਦਾ ਸਭ ਤੋਂ ਵੱਧ ਕਾਰਨ ਜਣੇਪੇ ਦੌਰਾਨ ਵੱਧ ਖ਼ੂਨ ਵਹਿਣਾ ਹੈ। ਇੱਕ ਸਮਾਜ ਜਿੱਥੇ ਔਰਤਾਂ ਖੁਦ ਨੂੰ ਗਰਭਵਤੀ ਹੋਣ ਤੋਂ ਨਹੀਂ ਰੋਕ ਸਕਦੀਆਂ, ਉੱਥੇ ਔਰਤਾਂ ਸਾਲ-ਸਾਲ ਦੇ ਅੰਤਰਾਲ ਵਿੱਚ ਬੱਚੇ ਜੰਮਦੀਆਂ ਹਨ। ਇਸ ਕਰਕੇ ਅਜਿਹੀਆਂ ਦਿੱਕਤਾਂ ਹੁੰਦੀਆਂ ਹਨ।

ਭਾਰਤ ਵਿੱਚ ਨਸਬੰਦੀ ਦਾ ਸਭ ਤੋਂ ਵੱਧ ਤਰੀਕਾ ਔਰਤਾਂ ਨੂੰ ਬਾਂਝ ਕਰਨ ਦਾ ਵਰਤਿਆ ਜਾਂਦਾ ਹੈ।

ਭਾਰਤ ਵਿੱਚ ਨਸਬੰਦੀ ਬਾਰੇ ਅੰਕੜੇ

ਪਰਿਵਾਰ ਦੀ ਯੋਜਨਾਬੰਦੀ ਦੀ ਜ਼ਿੰਮੇਵਾਰੀ ਸਿਰਫ਼ ਪਤਨੀਆਂ 'ਤੇ ਹੁੰਦੀ ਹੈ, ਪਤੀ ਇਸ ਵਿੱਚ ਘੱਟ ਹੀ ਸਹਿਯੋਗ ਕਰਦੇ ਹਨ।

ਨਸਬੰਦੀ ਲਈ ਗੋਲੀਆਂ ਜਾਂ ਕੰਡੋਮ ਦਾ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਜਿਸ ਕਰਕੇ ਪੇਂਡੂ ਔਰਤਾਂ ਆਪਣੇ ਬੱਚਿਆਂ ਵਿੱਚ ਫ਼ਰਕ ਨਹੀਂ ਰੱਖ ਸਕਦੀਆਂ।

ਸਰਕਾਰ ਵੱਲੋਂ ਵੀ ਜਾਗਰੂਕਤਾ

ਨਿਰਮਾ ਦਾ ਪੁੱਤਰ 10 ਸਾਲ ਦਾ ਹੈ ਅਤੇ ਉਸਦੀ ਧੀ 7 ਸਾਲ ਦੀ ਹੈ। ਦੋਹਾਂ ਵਿਚਾਲੇ ਤਿੰਨ ਸਾਲ ਦਾ ਫ਼ਰਕ ਹੈ। ਇਸ ਪਰਿਵਾਰਕ ਯੋਜਨਾਬੰਦੀ ਦਾ ਸਿਹਰਾ ਉਹ ਸਥਾਨਕ ਸਿਹਤ ਕਾਰਕੁਨ ਪੂਨਮ ਨੂੰ ਦਿੰਦੀ ਹੈ।

ਪੂਨਮ ਕੌਮੀ ਪੇਂਡੂ ਸਿਹਤ ਮਿਸ਼ਨ ਦੀ ਸਮਾਜਿਕ ਸਿਹਤ ਕਾਰਕੁਨਾਂ ਦੀ ਟੀਮ ਵਿੱਚ ਹੈ। ਅਜਿਹੇ ਕਾਰਕੁਨ ਨਸਬੰਦੀ ਤੇ ਹੋਰ ਜੁੜੇ ਵਿਸ਼ਿਆਂ ਬਾਰੇ ਪੇਂਡੂ ਔਰਤਾਂ ਨੂੰ ਜਾਗਰੂਕ ਕਰਦੀਆਂ ਹਨ, ਤੇ ਜਣੇਪੇ ਵੇਲੇ ਹਸਪਤਾਲ ਜਾਣ ਲਈ ਪ੍ਰੇਰਿਤ ਕਰਦੀਆਂ ਹਨ।

ਪੂਨਮ ਪਹਿਲੀ ਮਹਿਲਾ ਸਨ ਜਿੰਨ੍ਹਾਂ ਨੇ ਨਿਰਮਾ ਤੋਂ ਨਸਬੰਦੀ ਬਾਰੇ ਗੱਲ ਕੀਤੀ।

ਕਈ ਚੁਣੌਤੀਆਂ ਵੀ ਆਈਆਂ

ਨਸਬੰਦੀ ਬਾਰੇ ਜਾਣਨਾ ਹੀ ਨਿਰਮਾ ਲਈ ਕਾਫ਼ੀ ਨਹੀਂ ਸੀ। ਉਸ ਨੂੰ ਅਮਲੀ ਰੂਪ ਦੇਣ ਲਈ ਕਾਫ਼ੀ ਦਿੱਕਤਾਂ ਸੀ।

ਉਸ ਨੇ ਕਿਹਾ ਜਦੋਂ ਮੈਂ ਆਪਣੇ ਪਤੀ ਨੂੰ ਗਰਭ ਨਿਰੋਧਕ ਗੋਲੀਆਂ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਸਾਫ਼ ਮਨ੍ਹਾ ਕਰ ਦਿੱਤਾ। ਉਸਨੇ ਕਿਹਾ, "ਮੈਂ ਕਿਵੇਂ ਕਰ ਸਕਦਾ ਹਾਂ? ਪਿੰਡ ਵਿੱਚ ਲੋਕ ਕੀ ਕਹਿਣਗੇ?

ਕਾਫ਼ੀ ਜ਼ੋਰ ਦੇਣ ਤੋਂ ਬਾਅਦ ਨਿਰਮਾ ਨੂੰ ਉਸਦਾ ਪਤੀ ਹਸਪਤਾਲ ਲੈ ਕੇ ਗਿਆ, ਜਿੱਥੋਂ ਉਸ ਨੂੰ ਮੁਫ਼ਤ ਵਿੱਚ ਆਰਜ਼ੀ ਨਸਬੰਦੀ ਦੀਆਂ ਗੋਲੀਆਂ ਮਿਲੀਆਂ।

ਨਿਰਮਾ ਦੇਵੀ ਨੂੰ ਨਸਬੰਦੀ ਲਈ ਪਤੀ ਨੂੰ ਮਨਾਉਣ ਵਿੱਚ ਮੁਸ਼ੱਕਤ ਕਰਨੀ ਪਈ

ਤਸਵੀਰ ਸਰੋਤ, PFI

ਨਿਰਮਾ ਬਾਕੀ ਔਰਤਾਂ ਨੂੰ ਵੀ ਪ੍ਰੇਰਿਤ ਕਰਨ ਵਿੱਚ ਕਾਮਯਾਬ ਹੋਈ। ਇਹ ਇੱਕ ਮੁਸ਼ਕਲ ਲੜਾਈ ਹੈ, ਪਰ ਨਿਰਮਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

ਨਿਰਮਾ ਮੰਨਦੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਮਾਜ ਵਿੱਚ ਨਸਬੰਦੀ ਨੂੰ ਲੈ ਕੇ ਖੁੱਲੀ ਗੱਲਬਾਤ ਹੋ ਸਕੇ।

ਨਾਲ ਹੀ ਉਹ ਉਮੀਦ ਕਰਦੀ ਹੈ ਕਿ ਮਰਦ ਵੀ ਇਸ ਮੁਹਿੰਮ ਵਿੱਚ ਹਿੱਸੇਦਾਰੀ ਕਰਨਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)