SOCIAL: ਤੁਸੀਂ ਇਸ ਕਸ਼ਮੀਰੀ ਮੁੰਡੇ ਦੇ ਵਿਆਹ 'ਚ ਜਾ ਰਹੇ ਹੋ?

ਤਸਵੀਰ ਸਰੋਤ, FACEBOOK
- ਲੇਖਕ, ਸਿੰਧੁਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
ਉਮੀਦ ਹੈ ਤੁਹਾਡੇ 'ਚੋਂ ਕਈ ਕਦੇ ਨਾ ਕਦੇ ਕਿਸੇ ਅਜਨਬੀ ਦੇ ਵਿਆਹ 'ਚ ਨੱਚੇ ਜ਼ਰੂਰ ਹੋਣਗੇ।
ਸ਼ਾਇਦ ਵਿਆਹ ਦੀ ਦਾਵਤ ਵੀ ਖਾਧੀ ਹੋਏਗੀ। ਕੀ ਕਦੇ ਕਿਸੇ ਅਜਨਬੀ ਨੇ ਤੁਹਾਨੂੰ ਕਿਸੇ ਵਿਆਹ 'ਚ ਆਉਣ ਦਾ ਸੱਦਾ ਦਿੱਤਾ ਹੈ?
ਸਵਾਲ ਕੁਝ ਅਜੀਬ ਹੈ। ਜੇ ਕੋਈ ਤੁਹਾਨੂੰ ਜਾਣਦਾ ਹੀ ਨਹੀਂ ਹੈ ਤਾਂ ਭਲਾ ਵਿਆਹ ਦਾ ਸੱਦਾ ਕਿਉਂ ਦੇਵੇਗਾ!
ਕਸ਼ਮੀਰ ਦੇ ਇੱਕ ਨੌਜਵਾਨ ਨੇ ਇਹ ਅਜੀਬ ਸਵਾਲ ਪੈਦਾ ਕਰ ਦਿੱਤਾ ਹੈ ਅਤੇ ਇਸ ਦਾ ਜਵਾਬ ਵੀ ਦੇ ਰਿਹਾ ਹੈ।
ਇਸ ਸ਼ਖ਼ਸ ਨੇ ਫੇਸਬੁੱਕ 'ਤੇ ਆਪਣੇ ਵਿਆਹ ਦਾ 'ਓਪਨ ਇਨਵੀਟੇਸ਼ਨ' - ਮਤਲਬ, 'ਖੁੱਲ੍ਹਾ ਸੱਦਾ' ਪੋਸਟ ਕੀਤਾ ਹੈ।
ਬੁਰਹਾਨ ਵਾਨੀ ਦੇ ਪਿੰਡ ਦਾ ਨੌਜਵਾਨ
ਵਿਆਹ 1 ਅਕਤੂਬਰ ਨੂੰ ਹੈ ਅਤੇ ਸਾਰੇ ਸਮਾਗਮ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਧਰਮ ਗੁੰਡ ਪਿੰਡ ਵਿੱਚ ਹੋਣਗੇ। ਮੁੰਡੇ ਦਾ ਨਾਮ ਹੈ ਜਤਿੰਦਰ ਪਾਲ ਸਿੰਘ।

ਤਸਵੀਰ ਸਰੋਤ, FACEBOOK
ਜਤਿੰਦਰ ਕਸ਼ਮੀਰ ਦੇ ਘੱਟ-ਗਿਣਤੀ ਸਿੱਖ ਸਮਾਜ ਨਾਲ ਸਬੰਧ ਰੱਖਦਾ ਹੈ। ਉਸ ਦੇ ਮਾਪੇ ਅਤੇ ਬਾਕੀ ਪਰਿਵਾਰ ਤਰਾਲ ਵਿੱਚ ਰਹਿੰਦੇ ਹਨ।
ਤਰਾਲ ਉਹੀ ਇਲਾਕਾ ਹੈ ਜਿੱਥੇ ਕੱਟੜਪੰਥੀ ਜਥੇਬੰਦੀ ਹਿਜ਼ਬੁਲ ਮੁਜਾਹੀਦੀਨ ਦਾ ਕਮਾਂਡਰ ਬੁਰਹਾਨ ਵਾਨੀ ਸੀ।
ਦਿਲਚਸਪ ਗੱਲ ਇਹ ਹੈ ਕਿ ਜਤਿੰਦਰ ਦੇ ਪਿਤਾ ਉਸੇ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਸਨ, ਜਿੱਥੇ ਬੁਰਹਾਨ ਵਾਨੀ ਦੇ ਪਿਤਾ ਪ੍ਰਿੰਸੀਪਲ ਸਨ।

ਤਸਵੀਰ ਸਰੋਤ, FACEBOOK
28 ਸਾਲ ਦੇ ਜਤਿੰਦਰ ਪੇਸ਼ੇ ਤੋਂ ਸਾਫ਼ਟਵੇਅਰ ਇੰਜੀਨੀਅਰ ਹਨ ਅਤੇ ਫਿਲਹਾਲ ਗੁਰੂਗ੍ਰਾਮ ਵਿੱਚ ਨੌਕਰੀ ਕਰਦੇ ਹਨ।
'ਮੈਂ 'ਸ਼ੇਪਿਓਸੇਕਸੁਅਲ' ਹਾਂ'
ਇੰਨ੍ਹਾਂ ਦੀ ਹੋਣ ਵਾਲੀ ਪਤਨੀ ਵਿਪਿਨ ਕੌਰ ਵੀ ਕਸ਼ਮੀਰੀ ਸਿੱਖ ਹੈ ਅਤੇ ਨੋਇਡਾ 'ਚ ਕੰਮ ਕਰਦੀ ਹੈ।

ਤਸਵੀਰ ਸਰੋਤ, FACEBOOK
ਜਤਿੰਦਰ ਫੇਸਬੁੱਕ 'ਤੇ ਖੁਦ ਨੂੰ 'ਸ਼ੇਪਿਓਸੇਕਸੁਅਲ' (ਬੁੱਧੀ ਅਤੇ ਵਿਚਾਰਾਂ ਨਾਲ ਖਿੱਚਣ ਵਾਲਾ ਸ਼ਖ਼ਸ) ਅਤੇ ਅਜ਼ਾਦ ਖਿਆਲਾਂ ਵਾਲੇ ਦੱਸਦੇ ਹਨ.
ਉਹਨਾਂ ਨੂੰ ਵਿਗਿਆਨ ਅਤੇ ਇਤਿਹਾਸ ਵਿੱਚ ਰੁਚੀ ਹੈ।

ਤਸਵੀਰ ਸਰੋਤ, FACEBOOK
ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ
ਉਨ੍ਹਾਂ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ- "ਮੈਂ 1 ਅਕਤੂਬਰ ਨੂੰ ਵਿਆਹ ਕਰ ਰਿਹਾ ਹਾਂ।
ਵਿਆਹ ਕਸ਼ਮੀਰ ਦੇ ਇੱਕ ਖੂਬਸੂਰਤ ਪਿੰਡ ਵਿੱਚ ਕਸ਼ਮੀਰੀ ਅਤੇ ਸਿੱਖ ਰੀਤੀ-ਰਿਵਾਜਾਂ ਨਾਲ ਮੁਤਾਬਕ ਹੋਵੇਗਾ।
ਜੇ ਤੁਸੀਂ ਵਿਆਹ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਮੈਨੂੰ ਮੈਸੇਜ ਕਰੋ।"
ਖੁੱਲ੍ਹੇ ਸੱਦੇ ਦਾ ਵਿਚਾਰ ਕਿਵੇਂ ਆਇਆ?
ਪੋਸਟ ਵਿੱਚ ਅੱਗੇ ਕਿਹਾ ਗਿਆ ਹੈ, "ਜ਼ਰੂਰੀ ਨਹੀਂ ਕਿ ਅਸੀਂ ਇੱਕ-ਦੂਜੇ ਨੂੰ ਜਾਣਦੇ ਹੋਈਏ ਜਾਂ ਪਹਿਲਾਂ ਕਦੇ ਮਿਲੇ ਹੋਈਏ। ਮੇਰੇ ਪਰਿਵਾਰ ਨੂੰ ਤੁਹਾਡੀ ਮੇਜ਼ਬਾਨੀ ਕਰਕੇ ਖੁਸ਼ੀ ਹੋਵੇਗੀ। ਤੁਹਾਨੂੰ ਲੈ ਕੇ ਜਾਣ ਦੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਮੈਂ ਜ਼ੋਰ ਦੇ ਕੇ ਕਹਿ ਰਿਹਾ ਹਾਂ ਕਿ ਤੁਹਾਨੂੰ ਇਹ ਮਿਸ ਨਹੀਂ ਕਰਨਾ ਚਾਹੀਦਾ।"

ਤਸਵੀਰ ਸਰੋਤ, FACEBOOK
ਇਹ ਸਵਾਲ ਬੀਬੀਸੀ ਨੇ ਉਨ੍ਹਾਂ ਨੂੰ ਕੀਤਾ ਤਾਂ ਜਵਾਬ ਸੀ, "ਮੇਰਾ ਬਚਪਨ ਕਸ਼ਮੀਰ 'ਚ ਬੀਤਿਆ ਹੈ ਅਤੇ ਮੇਰੇ ਦਿਲ 'ਚ ਉੱਥੋਂ ਦੀਆਂ ਯਾਦਾਂ ਅਜੇ ਵੀ ਤਾਜ਼ੀਆਂ ਹਨ।
ਹਿੰਸਾ ਅਤੇ ਅਸਥਿਰਤਾ ਨੇ ਕਸ਼ਮੀਰ ਦੇ ਖ਼ੂਬਸੂਰਤ ਅਕਸ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਅਜੇ ਵੀ ਉਵੇਂ ਹੀ ਹੈ। ਖ਼ੂਬਸੂਰਤ ਅਤੇ ਪਿਆਰੇ ਲੋਕਾਂ ਦੀ ਥਾਂ ਹੈ ਕਸ਼ਮੀਰ।"
ਕੀ ਲਾੜੀ ਤੇ ਪਰਿਵਾਰ ਉਸ ਦੇ ਇਸ ਫ਼ੈਸਲੇ ਨਾਲ ਖੁਸ਼ ਹਨ?
ਉਨ੍ਹਾਂ ਨੇ ਕਿਹਾ, "ਮੈਂ ਲੋਕਾਂ ਨੂੰ ਆਪਣੇ ਵੱਲ ਸੱਦ ਰਿਹਾ ਹਾਂ, ਇਸ ਲਈ ਮਹਿਮਾਨਾਂ ਦੇ ਸਵਾਗਤ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ।"
ਉਂਝ, ਲਾੜੀ ਦੇ ਪਰਿਵਾਰ ਨੂੰ ਵੀ ਇਹ ਆਈਡੀਆ ਕਾਫ਼ੀ ਪਸੰਦ ਆਇਆ ਹੈ।

ਤਸਵੀਰ ਸਰੋਤ, FACEBOOK
ਧਰਮ ਗੁੰਡ ਦੇ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਤੋਂ ਦੂਰ ਹੀ ਹਨ, ਇਸ ਲਈ ਉਨ੍ਹਾਂ ਨੂੰ ਅਜੇ ਪਤਾ ਨਹੀਂ ਹੈ ਕਿ ਉੱਥੇ ਆਉਣ ਵਾਲੇ ਕਈ ਮਹਿਮਾਨਾਂ ਦੇ ਚੇਹਰੇ ਨਵੇਂ ਵੀ ਹੋਣਗੇ।
ਜਤਿੰਦਰ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦਾ ਪਿੰਡ ਖੁਸ਼ੀ-ਖੁਸ਼ੀ ਸਭ ਦਾ ਸਵਾਗਤ ਕਰੇਗਾ। ਕਾਰਪੋਰੇਟ ਨੌਕਰੀ ਦੇ ਰੁਝੇਵਿਆਂ ਦੇ ਬਾਵਜੂਦ ਜਤਿੰਦਰ ਸਾਲ 'ਚ ਦੋ ਵਾਰੀ ਕਸ਼ਮੀਰ ਜ਼ਰੂਰ ਜਾਂਦੇ ਹਨ।
'ਸਾਡਾ ਪਿੰਡ ਇੱਕ ਸ਼ਾਂਤ ਥਾਂ ਹੈ'
ਉਸ ਨੇ ਕਿਹਾ, "ਸਾਡਾ ਪਿੰਡ ਇੱਕ ਸ਼ਾਂਤ ਥਾਂ ਹੈ, ਜਿੱਥੇ ਸਾਰੇ ਲੋਕ ਪਿਆਰ ਨਾਲ ਰਹਿੰਦੇ ਹਨ। ਸਾਡੇ ਗੁਆਂਢੀ ਵੀ ਪਰਿਵਾਰ ਦੇ ਮੈਂਬਰਾਂ ਵਰਗੇ ਹਨ। ਮੈਂ ਚਾਹੇ ਗੁੜਗਾਓਂ ਹਾਂ, ਪਰ ਮੇਰਾ ਦਿਲ ਕਸ਼ਮੀਰ 'ਚ ਹੀ ਹੈ। ਇਹੀ ਕਾਰਨ ਹੈ ਕਿ ਮੈਂ ਲੋਕਾਂ ਨੂੰ ਵੀ ਉੱਥੇ ਲੈ ਕੇ ਜਾਣਾ ਚਾਹੁੰਦਾ ਹਾਂ।"
ਮਹਿਮਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਹ ਕਿਵੇਂ ਲੈ ਸਕਦੇ ਹਨ?
ਇਸ ਦੇ ਜਵਾਬ ਵਿੱਚ ਜਤਿੰਦਰ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਅਸੀਂ ਪਹਿਲੀ ਵਾਰੀ ਪਿੰਡ 'ਚ ਕੋਈ ਸਮਾਗਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਅਸੀਂ ਲੋਕਾਂ ਨੂੰ ਕਈ ਵਾਰੀ ਪਿੰਡ ਬੁਲਾ ਚੁੱਕੇ ਹਾਂ।"

ਤਸਵੀਰ ਸਰੋਤ, FACEBOOK
ਉਨ੍ਹਾਂ ਨੇ ਕਿਹਾ, "ਸਥਾਨਕ ਲੋਕਾਂ ਅਤੇ ਗੁਆਂਢੀਆਂ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ। ਜੇ ਗੱਲ ਮਹਿਮਾਨਾਂ ਦੀ ਸੁਰੱਖਿਆ ਦੀ ਹੈ ਤਾਂ ਸਾਡੇ ਘਰ ਤੋਂ ਸਿਰਫ਼ 500 ਮੀਟਰ ਦੀ ਦੂਰੀ 'ਤੇ ਇੱਕ ਪੁਲਿਸ ਸਟੇਸ਼ਨ ਹੈ ਅਤੇ ਨੇੜੇ ਹੀ ਇੱਕ ਫੌਜੀ ਕੈਂਪ ਵੀ ਹੈ।"

ਤਸਵੀਰ ਸਰੋਤ, FACEBOOK
ਜੇ ਵਿਆਹ ਵਿੱਚ ਬਹੁਤ ਜ਼ਿਆਦਾ ਮਹਿਮਾਨ ਆ ਗਏ ਤਾਂ ਉਨ੍ਹਾਂ ਦੇ ਸਵਾਗਤ ਅਤੇ ਖਰਚੇ ਦਾ ਪ੍ਰਬੰਧ ਕਿਵੇਂ ਹੋਵੇਗਾ?
ਜਤਿੰਦਰ ਨੇ ਕਿਹਾ, "ਜਦੋਂ ਮੈਂ ਫੇਸਬੁੱਕ 'ਤੇ ਪੋਸਟ ਪਾਈ ਸੀ ਤਾਂ ਮੈਨੂੰ ਇੰਨੇ ਚੰਗੇ ਪ੍ਰਤੀਕਰਮ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ, ਪਰ ਜਦੋਂ ਮੈਨੂੰ ਫਟਾਫਟ ਮੈਸੇਜ ਆਉਣ ਲੱਗੇ ਤਾਂ ਮੈਂ ਸੋਚਣ 'ਤੇ ਮਜਬੂਰ ਹੋ ਗਿਆ। ਮੈਂ ਲੋਕਾਂ ਨੂੰ ਦੱਸਿਆ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ 600-700 ਅਨਜਾਣ ਮਹਿਮਾਨਾਂ ਦਾ ਪ੍ਰਬੰਧ ਕਰ ਸਕਦਾ ਹਾਂ।"

ਤਸਵੀਰ ਸਰੋਤ, FACEBBOK
"ਖੁੱਲ੍ਹਾ ਸੱਦਾ" ਹੈ ਤਾਂ ਫਿਰ ਇਹ ਸੀਮਾ ਕਿਉਂ?
ਇਸ ਸਵਾਲ ਦੇ ਜਵਾਬ 'ਚ ਜਤਿੰਦਰ ਕਹਿੰਦੇ ਹਨ, "ਮੈਂ ਚਾਹੁੰਦਾਂ ਹਾਂ ਕਿ ਜਿੰਨੇ ਲੋਕ ਵਿਆਹ 'ਚ ਆਉਣ, ਉਹ ਪੂਰਾ ਮਜ਼ਾ ਲੈ ਸਕਣ। ਬਹੁਤ ਜ਼ਿਆਦਾ ਭੀੜ ਵਿੱਚ ਮਜ਼ਾ ਖ਼ਰਾਬ ਹੋਣ ਦਾ ਡਰ ਵੀ ਹੈ।"












