ਟਰੰਪ ਦੀਆਂ ਨੀਤੀਆਂ ਦੇ ਡਰ ਤੋਂ ਕੈਨੇਡਾ ਵਿੱਚ 'ਸ਼ਰਨ' ਮੰਗ ਰਹੇ ਅਮਰੀਕੀ, ਜਾਣੋ ਉਨ੍ਹਾਂ ਸਾਹਮਣੇ ਕਿਹੜੀਆਂ ਵੱਡੀਆਂ ਚੁਣੌਤੀਆਂ ਹਨ

ਤਸਵੀਰ ਸਰੋਤ, Hannah Kreager
- ਲੇਖਕ, ਲੇਰ ਵੇਂਟਸ
- ਰੋਲ, ਬੀਬੀਸੀ ਪੱਤਰਕਾਰ
22 ਸਾਲ ਦੀ ਹੰਨਾਅ ਕ੍ਰੇਗਰ ਆਪਣੇ ਆਪ ਵਿੱਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਕਿਹਾ, "ਜਿੰਨੀ ਜਲਦੀ ਹੋ ਸਕੇ, ਇੱਥੋਂ ਨਿਕਲ ਜਾਣਾ ਚਾਹੀਦਾ ਹੈ।"
ਹੰਨਾਅ ਇੱਕ ਟਰਾਂਸਜੈਂਡਰ ਹਨ ਅਤੇ ਉਹ ਸੰਯੁਕਤ ਰਾਜ ਅਮਰੀਕਾ ਦੇ ਐਰੀਜ਼ੋਨਾ ਦੇ ਟਕਸਨ ਵਿੱਚ ਰਹਿੰਦਿਆਂ ਅਪ੍ਰੈਲ ਮਹੀਨੇ ਤੋਂ ਆਪਣਾ ਦੇਸ਼ ਛੱਡਣ ਦੀਆਂ ਸੋਚਾਂ ਵਿੱਚ ਹਨ।
ਉਨ੍ਹਾਂ ਨੂੰ ਅਮਰੀਕਾ ਵਿੱਚ ਕਾਰਕੁੰਨਾਂ ਅਤੇ ਸੰਗਠਨਾਂ ਵੱਲੋਂ ਐੱਲਜੀਬੀਟੀ ਭਾਈਚਾਰੇ ਲਈ ਵਧਦੇ ਵਿਰੋਧੀ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕ੍ਰੇਗਰ ਨੇ ਜਨਤਕ ਪਖਾਨਿਆਂ ਤੋਂ ਬਚਣਾ ਅਤੇ ਭੀੜ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਸੰਘੀ ਸਰਕਾਰ ਬਾਲਗਾਂ ਲਈ ਲਿੰਗਕ ਬਦਲਾਅ ਕਰਵਾਉਣ 'ਤੇ ਪਾਬੰਦੀ ਲਗਾ ਸਕਦੀ ਹੈ ਇਸ ਲਈ ਉਨ੍ਹਾਂ ਕੋਲ ਹਾਰਮੋਨ ਥੈਰੇਪੀ ਨਾਲ ਜੁੜੀਆਂ ਦਵਾਈਆਂ ਇਕੱਠੀਆਂ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਬੱਚਿਆਂ ਲਈ ਹਾਰਮੋਨ ਥੈਰੇਪੀ ਨੂੰ ਟਰੰਪ ਨੇ 'ਰਸਾਇਣਕ ਅਤੇ ਸਰਜੀਕਲ ਅੰਗ ਕੱਟਣਾ' ਕਿਹਾ ਹੈ ਅਤੇ ਇਸਦੀ ਵਰਤੋਂ ਨੂੰ ਸਖ਼ਤੀ ਨਾਲ ਸੀਮਤ ਕਰਨ ਲਈ ਕਦਮ ਚੁੱਕੇ ਗਏ ਹਨ।
ਪਰ ਜਿਸ ਗੱਲ ਨੇ ਕ੍ਰੇਗਰ ਦੀਆਂ ਯੋਜਨਾਵਾਂ ਨੂੰ ਤੇਜ਼ ਕੀਤਾ ਉਹ ਹੈ ਇੱਕ ਅਫ਼ਵਾਹ। ਦੇਸ਼ ਦੇ ਕਈ ਖਿੱਤਿਆਂ ਵਿੱਚ ਅਫ਼ਵਾਹ ਹੈ ਕਿ ਅਮਰੀਕੀ ਰਾਸ਼ਟਰਪਤੀ 1807 ਦੇ ਵਿਦਰੋਹ ਐਕਟ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਹੇ ਸਨ।
ਇਹ ਐਕਟ ਸੰਘੀ ਸਰਕਾਰ ਨੂੰ ਘਰੇਲੂ ਅਸ਼ਾਂਤੀ ਨੂੰ ਸ਼ਾਂਤ ਕਰਨ ਲਈ ਫ਼ੌਜ ਤਾਇਨਾਤ ਕਰਨ ਦੀ ਆਗਿਆ ਦਿੰਦਾ ਹੈ।
ਕ੍ਰੇਗਰ ਨੂੰ ਡਰ ਸੀ ਕਿ ਜੇਕਰ ਅਧਿਕਾਰੀਆਂ ਨੇ ਉਸਨੂੰ ਰੋਕਿਆ ਅਤੇ ਉਸਦੀ ਪਛਾਣ ਮੰਗੀ ਤਾਂ ਇਹ ਸੰਭਾਵਿਤ ਤੌਰ ਉੱਤੇ ਖ਼ਤਰਨਾਕ ਵੀ ਹੋ ਸਕਦਾ ਹੈ।
ਕ੍ਰੇਗਰ ਨੂੰ ਜਨਮ ਸਮੇਂ ਇੱਕ ਮਰਦ ਵਜੋਂ ਰਜਿਸਟਰ ਕੀਤਾ ਗਿਆ ਸੀ ਪਰ ਹੁਣ ਉਹ ਇੱਕ ਔਰਤ ਵਜੋਂ ਪਛਾਣੇ ਜਾਂਦੇ ਹਨ।
ਉਨ੍ਹਾਂ ਨੇ ਆਪਣੇ ਕਾਨੂੰਨੀ ਨਾਮ ਅਤੇ ਲਿੰਗ ਪਛਾਣ ਨਾਲ ਮੇਲ ਕਰਨ ਲਈ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਅਪਡੇਟ ਕੀਤਾ ਸੀ। ਪਰ ਉਨ੍ਹਾਂ ਦੇ ਪਾਸਪੋਰਟ ਵਿੱਚ ਅਜੇ ਵੀ ਉਸਦਾ ਪਰਿਵਰਤਨ ਤੋਂ ਪਹਿਲਾਂ ਦਾ ਨਾਮ ਦਰਜ ਹੈ।
ਜਦੋਂ ਪਾਸਪੋਰਟ ਬਣਿਆ ਉਸ ਸਮੇਂ, ਲਿੰਗ ਮਾਰਕ ਕਰਨ ਵਾਲੇ ਖਾਨੇ ਵਿੱਚ ਅੰਗਰੇਜ਼ੀ ਦਾ ਅੱਖਰ "ਐਕਸ" ਲਿਖਿਆ ਗਿਆ ਸੀ।
ਐੱਲਜੀਬੀਟੀ ਭਾਈਚਾਰੇ ਬਾਰੇ ਧਾਰਨਾ ’ਚ ਬਦਲਾਅ

ਤਸਵੀਰ ਸਰੋਤ, Stefani Reynolds/AFP via Getty Images
ਅਮਰੀਕਾ ਨੇ ਜਨਵਰੀ ਵਿੱਚ ਟਰੰਪ ਦੇ ਹੁਕਮ ਤੋਂ ਬਾਅਦ ਐਕਸ ਲਿਖੇ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਕਿਹਾ ਸੀ ਕਿ ਸਰਕਾਰ ਨੂੰ ਸਿਰਫ਼ ਮਰਦ ਅਤੇ ਔਰਤ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ।
ਉਹ ਕਹਿੰਦੇ ਹਨ, "ਮੈਂ ਫ਼ੈਸਲਾ ਕੀਤਾ ਕਿ ਮੈਂ ਕੋਈ ਜੋਖ਼ਮ ਲੈਣ ਲਈ ਤਿਆਰ ਨਹੀਂ ਹਾਂ, ਭਾਵੇਂ ਮਾਰਸ਼ਲ ਲਾਅ ਨਹੀਂ ਲਗਾਇਆ ਗਿਆ ਸੀ।"
ਇਸ ਲਈ ਉਸਨੇ ਟਕਸਨ ਵਿੱਚ ਦੋਸਤਾਂ ਨੂੰ ਅਲਵਿਦਾ ਕਿਹਾ, ਆਪਣਾ ਸਮਾਨ ਪੈਕ ਕੀਤਾ ਅਤੇ, ਆਪਣੇ ਪਰਿਵਾਰ ਦੇ ਸਮਰਥਨ ਨਾਲ, ਉੱਤਰ ਵੱਲ ਕੈਨੇਡੀਅਨ ਸਰਹੱਦ ਵੱਲ ਗੱਡੀ ਚਲਾ ਗਈ, ਜਿੱਥੇ ਉਸਨੇ ਸ਼ਰਣ ਦੀ ਬੇਨਤੀ ਕੀਤੀ।
ਉਹ ਹੁਣ ਕੈਲਗਰੀ, ਅਲਬਰਟਾ ਵਿੱਚ ਆਪਣੇ ਕੇਸ ਦੇ ਨਤੀਜੇ ਦੀ ਉਡੀਕ ਵਿੱਚ ਹਨ।
ਉਨ੍ਹਾਂ ਦੀ ਕਾਨੂੰਨੀ ਪ੍ਰਤੀਨਿਧੀ, ਯਾਮੇਨਾ ਅਸਾਰੀ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਸੁਰੱਖਿਆ ਦਾ ਦਰਜਾ ਦਿੱਤਾ ਜਾਂਦਾ ਹੈ, ਤਾਂ ਕ੍ਰੇਗਰ ਦਾ ਮਾਮਲਾ ਇੱਕ ਮਿਸਾਲ ਕਾਇਮ ਕਰ ਸਕਦਾ ਹੈ।

ਅਸਾਰੀ ਅਤੇ ਹੋਰ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਰਿਪੋਰਟ ਕਰਦੇ ਹਨ ਕਿ ਅਮਰੀਕਾ ਤੋਂ ਕ੍ਰੇਗਰ ਦੇ ਰਸਤੇ 'ਤੇ ਚੱਲਣ ਵਿੱਚ ਦਿਲਚਸਪੀ ਰੱਖਣ ਵਾਲੇ ਨਾਗਰਿਕਾਂ ਦੀ ਗਿਣਤੀ ਵੱਧ ਰਹੀ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪੂਰੇ ਸਮੇਂ ਨਾਲੋਂ 2025 ਦੇ ਪਹਿਲੇ ਅੱਧ ਵਿੱਚ ਜ਼ਿਆਦਾ ਅਮਰੀਕੀਆਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ।
ਜਦੋਂ ਕਿ ਉਹ ਕੁੱਲ ਸ਼ਰਣ ਦਾਅਵਿਆਂ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹਨ ਤਕਰੀਬਨ 55,000 ਵਿੱਚੋਂ 245 ਅਮਰੀਕੀ ਸ਼ਰਨ ਲਈ ਅਰਜ਼ੀ ਦਿੰਦੇ ਹਨ।
ਵੱਡੀਆਂ ਚੁਣੌਤੀਆਂ

ਤਸਵੀਰ ਸਰੋਤ, Getty Images
ਕ੍ਰੇਗਰ ਦੀ ਪ੍ਰੋਫ਼ਾਈਲ ਦੇਖਿਆ ਜਾਵੇ ਤਾਂ ਉਹ ਇੱਕ ਹਾਈ ਸਕੂਲ ਗ੍ਰੈਜੂਏਟ ਹੈ ਅਤੇ ਸਾਬਕਾ ਪੀਜ਼ਾ ਦੁਕਾਨ ਕਰਮਚਾਰੀ ਹੈ। ਉਨ੍ਹਾਂ ਲਈ ਬਹੁਤ ਹੁਨਰਮੰਦ ਵਿਅਕਤੀਆਂ ਲਈ ਕੈਨੇਡੀਅਨ ਵੀਜ਼ਾ ਇੱਕ ਯਥਾਰਥਵਾਦੀ ਵਿਕਲਪ ਨਹੀਂ ਸੀ।
ਪਰ ਕ੍ਰੇਗਰ ਨੇ ਮਹਿਸੂਸ ਕੀਤਾ ਕਿ ਅਮਰੀਕੀ ਸ਼ਰਣ ਲੈਣ ਲਈ ਦਰਖ਼ਾਸਤ ਦੇਣਾ ਉਨ੍ਹਾਂ ਲਈ ਇੱਕੋ ਇੱਕ ਰਸਤਾ ਹੈ, ਜਿਸਨੂੰ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਟਰਾਂਸ-ਵਿਰੋਧੀ ਕਾਨੂੰਨ ਅਤੇ ਐੱਲਜੀਬੀਟੀ ਸੁਰੱਖਿਆ ਦੇ ਸੰਘੀ ਰੋਲਬੈਕ ਲਈ ਸਮਰਥਨ ਦੇ ਟਰੈਕ-ਰਿਕਾਰਡ ਵਜੋਂ ਦੇਖਿਆ।
ਅਸਾਰੀ ਕਹਿੰਦੇ ਹਨ, "ਸ਼ਰਣ ਮੰਗਣਾ ਸ਼ਾਇਦ ਹੀ ਪਹਿਲਾ ਵਿਕਲਪ ਹੁੰਦਾ ਹੈ।"
"ਇਸ ਵਿੱਚ ਬਹੁਤ ਸਮਾਂ ਲੱਗਦਾ ਹੈ, ਦੋ ਸਾਲ ਤੱਕ ਲੱਗ ਸਕਦੇ ਹਨ ਅਤੇ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਮਨਜ਼ੂਰ ਹੋ ਜਾਵੇਗਾ। ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਅਤੇ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕੋਗੇ।"

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਸ਼ਰਣ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰਾਂ ਨੂੰ ਨਸਲ, ਧਰਮ, ਕੌਮੀਅਤ, ਸਮਾਜਿਕ ਸਮੂਹ ਜਾਂ ਸਿਆਸੀ ਵਿਚਾਰਧਾਰਾ ਦੇ ਆਧਾਰ 'ਤੇ ਤਸ਼ੱਦਦ ਹੋਣ ਦੀ ਸੰਭਾਵਨਾ ਨੂੰ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਦਿਖਾਉਣਾ ਪੈਂਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਸੁਰੱਖਿਅਤ ਢੰਗ ਨਾਲ ਨਿਵਾਸ ਨਹੀਂ ਕਰ ਸਕਦੇ ਜਾਂ ਸੁਰੱਖਿਆ ਪ੍ਰਾਪਤ ਨਹੀਂ ਕਰ ਸਕਦੇ।
ਇਸ ਦੌਰਾਨ ਟਰੰਪ ਨੇ ਟਰਾਂਸਜੈਂਡਰ ਅਤੇ ਗ਼ੈਰ-ਬਾਈਨਰੀ ਨਾਗਰਿਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਜਕਾਰੀ ਹੁਕਮਾਂ 'ਤੇ ਦਸਤਖ਼ਤ ਕੀਤੇ ਹਨ।
ਇਨ੍ਹਾਂ ਵਿੱਚ ਬੱਚਿਆਂ ਨੂੰ ਰਸਾਇਣਕ ਅਤੇ ਸਰਜੀਕਲ ਅੰਗ ਕੱਟਣ ਤੋਂ ਬਚਾਉਣ ਦੇ ਕਾਰਜਕਾਰੀ ਹੁਕਮ ਦੇ ਨਾਲ-ਨਾਲ ਲਿੰਗ ਵਿਚਾਰਧਾਰਾ ਕੱਟੜਪੰਥੀ ਤੋਂ ਔਰਤਾਂ ਦਾ ਬਚਾਅ ਅਤੇ ਸੰਘੀ ਸਰਕਾਰ ਦੇ ਹੁਕਮ ਵਿੱਚ ਜੈਵਿਕ ਸੱਚਾਈ ਨੂੰ ਬਹਾਲ ਕਰਨਾ ਸ਼ਾਮਲ ਹੈ।
ਟਰਾਂਸ ਲੈਜੀਸਲੇਸ਼ਨ ਟ੍ਰੈਕਰ, ਇੱਕ ਸੰਸਥਾ ਜੋ ਅਮਰੀਕਾ ਵਿੱਚ ਟਰਾਂਸ ਅਤੇ ਲਿੰਗ-ਵਿਭਿੰਨ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਦੀ ਨਿਗਰਾਨੀ ਕਰਦੀ ਹੈ। ਇਸ ਦੇ ਅਨੁਸਾਰ 2025 ਵਿੱਚ ਹੁਣ ਤੱਕ 121 ਐਂਟੀ-ਟਰਾਂਸ ਕਾਨੂੰਨ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 981 ਹੋਰ ਵਿਚਾਰ ਅਧੀਨ ਹਨ।
2024 ਵਿੱਚ ਅਜਿਹੇ 88 ਕਾਨੂੰਨ ਪਾਸ ਕੀਤੇ ਗਏ ਸਨ।
ਦਰਅਸਲ, ਗੇਅ ਐਂਡ ਲੈਸਬੀਅਨ ਅਲਾਇੰਸ ਅਗੇਂਸਟ ਡੈਫੇਮੇਸ਼ਨ (ਜੀਐੱਲਏਏਡੀ) ਨੇ ਟਰੰਪ ਦੇ ਪਹਿਲੇ 100 ਦਿਨਾਂ ਦੇ ਕਾਰਜਕਾਲ ਦੌਰਾਨ 225 ਐਂਟੀ- ਐੱਲਜੀਬੀਟੀ ਕਾਰਵਾਈਆਂ ਦਾ ਦਸਤਾਵੇਜ਼ੀਕਰਨ ਕੀਤਾ।
ਤਸ਼ੱਦਦ ਦਾ ਭਰੋਸੇਯੋਗ ਖ਼ਤਰਾ

ਤਸਵੀਰ ਸਰੋਤ, Getty Images
ਕ੍ਰੇਗਰ ਅਮਰੀਕਾ ਵਿੱਚ ਇੱਕ ਹੋਰ ਐੱਲਜੀਬੀਟੀ-ਅਨੁਕੂਲ ਸੂਬੇ ਵਿੱਚ ਜਾ ਵਸਣ ਦੇ ਵਿਚਾਰ ਨੂੰ ਰੱਦ ਕਰਦੇ ਹਨ।
ਉਹ ਕਹਿੰਦੇ ਹਨ, "ਕੋਈ ਵੀ ਸੂਬਾ ਸੁਰੱਖਿਅਤ ਨਹੀਂ ਹੈ।"
ਕੈਲੀਫੋਰਨੀਆ ਜਾਂ ਨਿਊਯਾਰਕ ਵਰਗੇ ਸੂਬਿਆਂ ਵਿੱਚ ਵੀ ਸੰਘੀ ਸੇਵਾਵਾਂ ਤੱਕ ਪਹੁੰਚ ਔਖੀ ਹੈ। ਜਿਵੇਂ ਕਿ ਪਾਸਪੋਰਟ ਅਪਡੇਟ ਕਰਵਾਉਣਾ ਇੱਕ ਮਸਲਾ ਹੈ, ਕਿਉਂਕਿ ਉਹ ਇੱਕ ਅਜਿਹੇ ਦਸਤਾਵੇਜ਼ ਲਈ ਅਰਜ਼ੀ ਨਹੀਂ ਦੇ ਸਕਣਗੇ ਜੋ ਉਨ੍ਹਾਂ ਨੂੰ ਐਕਸ ਨਾਲ ਆਪਣਾ ਲਿੰਗ ਚਿੰਨ੍ਹਿਤ ਕਰਨ ਲਈ ਕਹਿੰਦਾ ਹੈ।
ਉਨ੍ਹਾਂ ਦੇ ਵਕੀਲ ਦਾ ਮੰਨਣਾ ਹੈ ਕਿ ਕ੍ਰੇਗਰ ਦਾ ਮਾਮਲਾ ਮਜ਼ਬੂਤ ਹੈ, ਉਹ ਪੱਛਮੀ ਅਫ਼ਰੀਕਾ ਅਤੇ ਅਰਬ ਦੇਸ਼ਾਂ ਦੇ ਸ਼ਰਨ ਮੰਗਣ ਵਾਲਿਆਂ ਨਾਲ ਸਮਾਨਤਾਵਾਂ ਦਿਖਾਉਂਦੇ ਹਨ।
ਪਰ ਉਹ ਚੁਣੌਤੀਆਂ ਨੂੰ ਸਵੀਕਾਰ ਕਰਦੇ ਹਨ, ਜਿਸ ਵਿੱਚ ਅਮਰੀਕੀ ਸਮਾਜਿਕ-ਸਿਆਸੀ ਗਤੀਸ਼ੀਲਤਾ ਬਾਰੇ ਸੀਮਤ ਕੈਨੇਡੀਅਨ ਜਾਗਰੂਕਤਾ ਅਤੇ ਵਧਦੀ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਸ਼ਾਮਲ ਹੈ।
ਹਾਲੀਆ ਸਰਵੇਖਣਾਂ ਵਿੱਚ ਕੈਨੇਡੀਅਨਾਂ ਵਿੱਚ ਇਮੀਗ੍ਰੇਸ਼ਨ ਬਾਰੇ ਵਧਦੀ ਚਿੰਤਾ ਦਿਖਾਈ ਦਿੰਦੀ ਹੈ।
ਤਕਰੀਬਨ 58 ਫ਼ੀਸਦ ਦਾ ਮੰਨਣਾ ਹੈ ਕਿ ਕੈਨੇਡਾ ਵੱਡੀ ਪੱਧਰ ਉੱਤੇ ਪਰਵਾਸੀਆਂ ਨੂੰ ਸਵੀਕਾਰ ਕਰਦਾ ਹੈ। ਇਹ ਅੰਕੜਾ 2023 ਤੋਂ 14 ਫ਼ੀਸਦ ਵੱਧ ਹੈ।
ਅਸਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਦੌਰਾਨ ਸ਼ਰਣ ਮੰਗਣ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਫਿਰ ਵੀ ਉਹ ਉਮੀਦ ਕਰਦੇ ਹਨ ਕਿ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਕ੍ਰੇਗਰ ਦੇ ਮਾਮਲੇ ਵਿੱਚ ਮੈਰਿਟ ਦੇਖੇਗਾ।
ਆਪਣੀ ਅਗਲੀ ਸੁਣਵਾਈ ਦੀ ਉਡੀਕ ਕਰਦੇ ਹੋਏ ਕ੍ਰੇਗਰ ਨੂੰ ਕੈਨੇਡਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੀ ਇਜਾਜ਼ਤ ਹੈ ਅਤੇ ਉਹ ਕਾਨੂੰਨੀ ਫ਼ੀਸਾਂ ਅਤੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਆਨਲਾਈਨ ਫੰਡ ਇਕੱਠਾ ਕਰ ਰਹੇ ਹਨ।
ਉਹ ਆਪਣੇ ਵਿਸ਼ੇਸ਼ ਅਧਿਕਾਰ ਨੂੰ ਵੀ ਸਵੀਕਾਰ ਕਰਦੇ ਹਨ, ਉਨ੍ਹਾਂ ਦੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਅਮਰੀਕਾ ਛੱਡਣ ਦਾ ਖਰਚਾ ਨਹੀਂ ਚੁੱਕ ਸਕਦੇ।
ਉਹ ਕਹਿੰਦੇ ਹਨ, "ਮੈਂ ਹੁਣ ਸੁਰੱਖਿਅਤ ਮਹਿਸੂਸ ਕਰਦੀ ਹਾਂ। ਜਾਗਣ ਅਤੇ ਆਪਣੀ ਹੋਂਦ ਨੂੰ ਅਪਰਾਧੀ ਸਮਝਣ ਦਾ ਡਰ ਘੱਟ ਰਿਹਾ ਹੈ।"
ਜੇਕਰ ਅਮਰੀਕਾ ਵਿੱਚ ਡੈਮੋਕਰੇਟ ਭਵਿੱਖ ਦੀਆਂ ਚੋਣਾਂ ਵਿੱਚ ਵਿਧਾਨ ਸਭਾ 'ਤੇ ਆਪਣਾ ਕੰਟਰੋਲ ਮੁੜ ਹਾਸਲ ਕਰ ਲੈਂਦੇ ਹਨ, ਜਿਸ ਨਾਲ ਟਰੰਪ ਦੀ ਟਰਾਂਸ-ਵਿਰੋਧੀ ਕਾਨੂੰਨ ਨੂੰ ਅੱਗੇ ਵਧਾਉਣ ਦੀ ਯੋਗਤਾ ਕਮਜ਼ੋਰ ਹੋ ਜਾਂਦੀ ਹੈ, ਤਾਂ ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਸ਼ਰਣ ਦਾ ਦਾਅਵਾ ਵੀ ਕਮਜ਼ੋਰ ਹੋ ਸਕਦਾ ਹੈ। ਪਰ ਕ੍ਰੇਗਰ ਆਸ਼ਾਵਾਦੀ ਰਹਿੰਦੇ ਹਨ।
ਉਹ ਕਹਿੰਦੇ ਹਨ, "ਜੇ ਕੈਨੇਡਾ ਮੈਨੂੰ ਸ਼ਰਣ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਇਹ ਇਸ ਲਈ ਹੋਵੇਗਾ ਕਿਉਂਕਿ ਹਾਲਾਤ ਬਿਹਤਰ ਹੋ ਗਏ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












