ਸਿੱਧੂ ਮੂਸੇਵਾਲਾ ਦੀ ਮਾਂ ਦਾ ਜਣੇਪਾ ਕਰਵਾਉਣ ਵਾਲੀ ਡਾਕਟਰ ਨੇ ਆਈਵੀਐੱਫ ਬਾਰੇ ਕਿਉਂ ਚੌਕਸ ਕੀਤਾ

ਤਸਵੀਰ ਸਰੋਤ, SOCIAL MEDIA
ਮਰਹੂਮ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਦੇ ਘਰ ਦੂਜੇ ਬੱਚੇ ਨੇ ਜਨਮ ਲਿਆ ਹੈ।
ਇਹ ਬੱਚਾ ਆਈਵੀਐੱਫ਼ ਤਕਨੀਕ ਰਾਹੀਂ ਸੰਸਾਰ ਵਿੱਚ ਆਇਆ।
ਨਵਜੰਮੇ ਬੱਚੇ ਦਾ ਨਾਮ ਕੀ ਹੋਵੇਗਾ ਇਸ ਬਾਰੇ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਇਹ ਬੱਚਾ ਉਨ੍ਹਾਂ ਲਈ ਸ਼ੁਭਦੀਪ ਵਰਗਾ ਹੀ ਹੈ।
ਬੱਚੇ ਦੇ ਜਨਮ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਅਤੇ ਉਨ੍ਹਾਂ ਦੇ ਪਿੰਡ ਵਿੱਚ ਕਾਫੀ ਗਿਣਤੀ ਵਿੱਚ ਲੋਕ ਵਧਾਈ ਦੇਣ ਅਤੇ ਖੁਸ਼ੀ ਸਾਂਝੀ ਕਰਨ ਲਈ ਪਹੁੰਚ ਰਹੇ ਹਨ।
ਇਸ ਮੌਕੇ ਮਨੋਰੰਜਨ ਵਰਗ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਨਾਲ-ਨਾਲ ਸਿਆਸਤਦਾਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ।
ਬੱਚੇ ਦਾ ਜਨਮ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ।
ਮਾਤਾ ਚਰਨ ਕੌਰ ਦਾ ਜਣੇਪਾ ਕਰਨ ਵਾਲੀ ਡਾਕਟਰ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਇਸ ਖ਼ਬਰ ਤੋਂ ਕੋਈ ਗਲਤ ਸਿੱਖਿਆ ਨਾ ਲੈਣ ਬਾਰੇ ਚੌਕਸ ਕੀਤਾ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਡਾਕਟਰ ਡਾ ਰਜਨੀ ਜਿੰਦਲ ਨੇ ਦੱਸਿਆ ਕਿ ਚਰਨ ਕੌਰ ਉਨ੍ਹਾਂ ਕੋਲ ਰੋਜ਼ਾਨਾ ਦੇ ਮੈਡੀਕਲ ਚੈਕਅੱਪ ਲਈ ਆਉਂਦੇ ਸਨ।
ਉਨ੍ਹਾਂ ਦੱਸਿਆ, "ਕਈ ਵਾਰ ਥੋੜ੍ਹੀ ਬਹੁਤ ਮੁਸ਼ਕਲ ਹੁੰਦੀ ਸੀ, ਵਡੇਰੀ ਉਮਰ ਵਿੱਚ, ਕਦੇ ਬੀਪੀ ਵੱਧ ਗਿਆ ਅਤੇ ਬਲੀਡਿੰਗ... ਉਦੋਂ ਅਸੀਂ ਉਨ੍ਹਾਂ ਦੀ ਦੇਖਰੇਖ ਕਰਦੇ ਸੀ।"
ਉਨ੍ਹਾਂ ਅੱਗੇ ਦੱਸਿਆ ਕਿ ਚਰਨ ਕੌਰ ਬਹੁਤਾ ਸਮਾਂ ਸਿਹਤਮੰਦ ਰਹੇ ਹਨ ਤਾਂ ਹੀ ਉਨ੍ਹਾਂ ਨੇ ਉਹ ਕਦਮ ਚੁੱਕਿਆ ਸੀ।
ਉੁਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਸ ਖ਼ਬਰ ਨੂੰ ਦੇਖ ਕੇ ਕੋਈ ਗ਼ਲਤ ਮੈਸੇਜ ਵੀ ਨਾ ਜਾਵੇ, ਜਦੋਂ ਵੀ ਵਡੇਰੀ ਉਮਰ ਵਿੱਚ ਪ੍ਰੈੱਗਨੈਂਸੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਾਂ ਦੇ ਸਿਹਤਮੰਦ ਹੋਣ ਦਾ ਜਾਇਜ਼ਾ ਲੈਣਾ ਹੁੰਦਾ ਹੈ, ਸਭ ਤੋਂ ਪਹਿਲਾਂ ਮਾਂ ਨੂੰ ਸੁਰੱਖਿਅਤ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਹੁੰਦਾ ਹੈ।"
ਉਨ੍ਹਾਂ ਅੱਗੇ ਕਿਹਾ, "ਜੇਕਰ ਮਾਂ ਸਿਹਤਮੰਦ ਨਾ ਹੋਵੇ ਤਾਂ ਇਹ ਟਰੀਟਮੈਂਟ ਨਹੀਂ ਕੀਤੀ ਜਾਂਦੀ, ਜੇਕਰ ਮਾਂ ਸਿਹਤਮੰਦ ਹਨ, ਕੰਮ ਕਰਦੇ ਹਨ, ਸਾਹ ਨਹੀਂ ਚੜ੍ਹਦਾ, ਦਿਲ ਸਿਹਤਮੰਦ ਹੈ, ਕੋਈ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਨਹੀਂ ਹੈ ਤਾਂ ਅਜਿਹੇ ਲੋਕ ਆਈਵੀਐੱਫ ਦਾ ਸਹਾਰਾ ਲੈਂਦੇ ਹਨ।"
ਉਹ ਕਹਿੰਦੇ ਹਨ, "ਜੇਕਰ ਮਾਂ ਠੀਕ ਹੈ ਤਾਂ ਦੇਖਰੇਖ ਹੇਠ ਇਹ ਬਹੁਤ ਸੁਰੱਖਿਅਤ ਹੁੰਦਾ ਹੈ।ਅਜਿਹੇ ਸਮੇਂ ਉੱਤੇ ਡਿਲੀਵਰੀ ਕਰਵਾਉਣੀ ਜ਼ਰੂਰੀ ਹੁੰਦੀ ਹੈ ਜਿੱਥੇ ਬੱਚਾ ਅਤੇ ਮਾਂ ਦੋਵੇਂ ਸੁਰੱਖਿਅਤ ਰਹਿਣ।"
ਉਨ੍ਹਾਂ ਦੱਸਿਆ ਕਿ ਬੱਚੇ ਦਾ ਭਾਰ ਜਨਮ ਸਮੇਂ ਦੋ ਕਿੱਲੋ ਸੀ। ਸਿੱਧੂ ਮੂਸੇਵਾਲਾ ਦੀ ਮਾਤਾ ਦੀ ਉਮਰ 58 ਸਾਲ ਦੇ ਕਰੀਬ ਹੈ।
ਆਈਵੀਐੱਫ ਤਕਨੀਕ ਕੀ ਹੈ?

ਤਸਵੀਰ ਸਰੋਤ, BALKAUR SIDHU/INSTA
ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਜਾਂ ਗਰਭਧਾਰਨ ਦੇ ਹੋਰ ਸਾਰੇ ਤਰੀਕਿਆਂ ਵਿੱਚ ਸਫ਼ਲਤਾ ਹਾਸਲ ਨਹੀਂ ਹੁੰਦੀ।
ਆਈਵੀਐੱਫ ਤਕਨੀਕ ਅਤੇ ਇਸ ਦੀ ਸ਼ੁਰੂਆਤ ਬਾਰੇ ਡਾਕਟਰ ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆਂ ਸੀ ਕਿ ਇਸ ਦੀ ਸ਼ੁਰੂਆਤ 1978 'ਚ ਹੋਈ ਸੀ।
ਗੁਜਰਾਤ ਦੇ ਆਨੰਦ ਵਿੱਚ ਆਕਾਂਕਸ਼ਾ ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾ. ਪਟੇਲ ਨੇ ਦੱਸਿਆ ਸੀ, "ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।"
ਉਨ੍ਹਾਂ ਦੱਸਿਆ ਸੀ ਕਿ ਇਸ ਦੌਰਾਨ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ।
ਉਨ੍ਹਾਂ ਦੱਸਿਆ ਸੀ ਕਿ ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਹੈ।
ਉਹ ਕਹਿੰਦੇ ਹਨ ਕਿ ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈਂ।
ਵਡੇਰੀ ਉਮਰ ਵਿੱਚ ਆਈਵੀਐੱਫ ਕਰਵਾਉਣਾ ਕਿੰਨਾ ਖਤਰਨਾਕ ਹੁੰਦਾ ਹੈ?
ਇਸਤਰੀ ਰੋਗਾਂ ਦੇ ਮਾਹਰ ਡਾ. ਸ਼ਿਵਾਨੀ ਕਹਿੰਦੇ ਹਨ ਵੱਡੀ ਉਮਰ ਵਿੱਚ ਆਈਵੀਐਫ ਕਰਵਾਉਣਾ ਖਤਰੇ ਵਾਲਾ ਹੋ ਸਕਦਾ ਹੈ ਕਿਉਂਕਿ ਜਿਵੇਂ ਉਮਰ ਵਧਣ ਦੇ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਉਸੇ ਤਰ੍ਹਾਂ ਹੀ ਪ੍ਰੈਗਨੈਂਸੀ ਦੇ ਨਾਲ ਵੀ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।
ਜੇਕਰ ਵੱਡੀ ਉਮਰ ਵਿੱਚ ਆਈਵੀਐਫ ਨਾਲ ਪ੍ਰੈੱਗਨੈਂਸੀ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੇ ਹਾਰਮੋਨਜ਼ ਦੇਣੇ ਪੈਂਦੇ ਹਨ, ਜਿਸ ਕਾਰਨ ਹਾਈਪਰਟੈਂਸ਼ਨ, ਡਾਇਬਟੀਜ਼ ਤੇ ਕੈਲੇਸਟਰੋਲ ਵਰਗੇ ਖਤਰੇ ਵਧ ਜਾਂਦੇ ਹਨ
ਮੀਨੋਪੌਜ਼ ਮਗਰੋਂ ਔਰਤ ਗਰਭਵਤੀ ਹੋ ਸਕਦੀ ਹੈ?

ਤਸਵੀਰ ਸਰੋਤ, GETTY IMAGES
ਡਾ. ਸ਼ਿਵਾਨੀ ਕਹਿੰਦੇ ਹਨ ਕਿ ਜੇਕਰ ਮੀਨੋਪੌਜ਼ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਈਵੀਐਫ ਨਾਲ ਗਰਭਵਤੀ ਹੋਣਾ ਕਾਫ਼ੀ ਮੁਸ਼ਕਲ ਹੁੰਦਾ ਹੈ।
ਕਿਉਂਕਿ ਮੀਨੋਪੌਜ਼ ਦਾ ਮਤਲਬ ਹੁੰਦਾ ਕਿ ਔਰਤ ਬੱਚੇਦਾਨੀ ਵਿੱਚ ਅੰਡੇ ਲਗਭਗ ਖ਼ਤਮ ਹੋ ਚੁੱਕੇ ਹੁੰਦੇ ਹਨ। ਅਜਿਹੇ ਵਿੱਚ ਡੋਨਰ ਐਗ ਯਾਨਿ ਕਿ ਕਿਸੇ ਹੋਰ ਦਾ ਅੰਡਾ ਲਿਆ ਜਾਂਦਾ ਹੈ।
ਫਿਰ ਜਿਸ ਔਰਤ ਨੂੰ ਮੀਨੋਪੌਜ਼ ਹੋ ਗਿਆ ਹੈ ਕਿ ਹਾਰਮੋਨਜ਼ ਦੇ ਨਾਲ ਉਸ ਦੀ ਬੱਚੇਦਾਨੀ ਨੂੰ ਤਿਆਰ ਕਰਕੇ ਅੰਡਾ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉਸ ਔਰਤ ਨੂੰ ਗਰਭਵਤੀ ਕੀਤਾ ਜਾ ਸਕਦਾ ਹੈ।
ਬੱਚੇਦਾਨੀ ਸੁੰਗੜਨ ਤੋਂ ਬਾਅਦ ਉਸਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਤਸਵੀਰ ਸਰੋਤ, Getty Images
ਇਸਤਰੀ ਰੋਗਾਂ ਦੇ ਮਾਹਰ ਡਾ. ਸ਼ਿਵਾਨੀ ਕਹਿੰਦੇ ਹਨ ਕਿ ਜਿਵੇਂ-ਜਿਵੇਂ ਔਰਤ ਦੀ ਉਮਰ ਵਧਦੀ ਹੈ, ਤਾਂ ਬੱਚੇਦਾਨੀ ਸੁੰਗੜ ਜਾਂਦੀ ਹੈ, ਅਜਿਹਾ ਇਸ ਕਰਕੇ ਹੁੰਦਾ ਹੈ ਕਿ ਉਮਰ ਵਧਣ ਦੇ ਨਾਲ ਸਰੀਰ ਵਿੱਚੋਂ ਹਾਰਮੋਨਜ਼ ਘੱਟ ਜਾਂਦੇ ਹਨ।
ਇਸ ਲਈ ਐਕਸਟਰਨਲ ਹਾਰਮੋਨਜ਼ ਯਾਨਿ ਕਿ ਬਾਹਰੀ ਹਾਰਮੋਨਜ਼ ਦੇਣੇ ਪੈਂਦੇ ਹਨ ਜਿਸ ਕਰਕੇ ਕਈ ਵਾਰ ਹਾਈ ਡੋਜ਼ ਵਿੱਚ ਵੀ ਇਨ੍ਹਾਂ ਨੂੰ ਦੇਣਾ ਪੈਂਦਾ ਹੈ। ਇਸਦੇ ਨਾਲ ਬੱਚੇਦਾਨੀ ਮੁੜ ਸਰਗਰਮ ਹੋਣ ਲਗਦੀ ਹੈ।
ਕਾਨੂੰਨ ਵੱਲੋਂ ਤੈਅ ਕੀਤੀ ਉਮਰ ਹੱਦ
ਭਾਰਤ ਵਿੱਚ ਸਾਲ 2021 ਵਿੱਚ ਇੱਕ ਨਵਾਂ ਕਾਨੂੰਨ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਐਕਟ ਲਾਗੂ ਹੋਇਆ ਸੀ।
ਡਾਕਟਰ ਸੁਨੀਤਾ ਅਰੋੜਾ ਦਿੱਲੀ ਦੇ ਬਲੂਮ ਆਈਵੀਐੱਫ ਸੈਂਟਰ ਦੇ ਆਈਵੀਐੱਫ ਮਾਹਿਰ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਇਸ ਵਿਸ਼ੇ ਬਾਰੇ ਗੱਲ ਕੀਤੀ ਸੀ।
ਡਾ. ਸੁਨੀਤਾ ਅਰੋੜਾ ਇਸ ਕਾਨੂੰਨ ਦੇ ਤਹਿਤ ਆਈਵੀਐੱਫ ਦੀ ਮਦਦ ਲੈਣ ਵਾਲੀ ਮਾਂ ਦੀ ਵੱਧ ਤੋਂ ਵੱਧ ਉਮਰ 50 ਸਾਲ ਅਤੇ ਪਿਤਾ ਦੀ ਉਮਰ 55 ਸਾਲ ਕਰਨ ਦਾ ਸਮਰਥਨ ਕਰਦੇ ਹਨ।
ਡਾ. ਅਰੋੜਾ ਕਹਿੰਦੇ ਹਨ, “ਵੱਧ ਉਮਰ ਤੈਅ ਕਰਨ ਦਾ ਇੱਕ ਕਾਰਨ ਬੱਚੇ ਦੇ ਪਾਲਣ ਪੋਸ਼ਨ ਨਾਲ ਜੁੜਿਆ ਹੋਇਆ ਹੈ। ਮੰਨ ਲਓ ਜਦੋਂ ਬੱਚਾ 15-20 ਸਾਲ ਦਾ ਹੋ ਜਾਂਦਾ ਹੈ ਅਤੇ ਮਾਂ-ਬਾਪ ਦੀ ਉਮਰ 70 ਸਾਲ ਤੋਂ ਵੱਧ ਜਾਂਦੀ ਹੈ, ਤਾਂ ਉਹ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਣਗੇ? ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ 50 ਸਾਲ ਤੋਂ ਬਾਅਦ ਮਾਂ ਬਣਨਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।”
ਉਹ ਕਹਿੰਦੇ ਹਨ, “45 ਸਾਲ ਤੋਂ ਵੱਧ ਉਮਰ ਦੇ ਆਈਵੀਐੱਫ਼ ਦੇ ਮਾਮਲਿਆਂ ਵਿੱਚ ਅਸੀਂ ਮੈਡੀਕਲ ਸਿਹਤ ਵੱਲ ਬਹੁਤ ਧਿਆਨ ਦਿੰਦੇ ਹਾਂ। ਕਿਉਂਕਿ ਗਰਭ ਅਵਸਥਾ ਦੌਰਾਨ ਦਿਲ ’ਤੇ ਦਬਾਅ ਵੱਧਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਕਈ ਵਾਰ ਔਰਤਾਂ ਅਜਿਹੀਆਂ ਤਬਦੀਲੀਆਂ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੀਆਂ।”
ਡਾ. ਪਟੇਲ ਵੀ ਵੱਡੀ ਉਮਰ ਵਿੱਚ ਆਈਵੀਐੱਫ ਦਾ ਸਹਾਰਾ ਲੈਣ ਦੇ ਵਿਰੁੱਧ ਹਨ। ਪਰ ਉਹ ਕਹਿੰਦੇ ਹਨ ਕਿ ਕੁਝ ਮਾਮਲਿਆਂ ਵਿੱਚ ਇੱਕ ਜਾਂ ਦੋ ਸਾਲ ਦੀ ਛੋਟ ਬਾਰੇ ਵਿਚਾਰ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਉਹ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਜੇ ਪਤਨੀ ਦੀ ਉਮਰ 40-45 ਸਾਲ ਦੇ ਵਿਚਕਾਰ ਹੈ ਅਤੇ ਪਤੀ ਦੀ ਉਮਰ 56 ਸਾਲ ਹੈ ਜਾਂ ਪਤਨੀ ਦੀ ਉਮਰ 51 ਸਾਲ ਅਤੇ ਪਤੀ ਦੀ ਉਮਰ 53 ਸਾਲ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਤੰਦਰੁਸਤੀ ਦੇ ਅਧਾਰ 'ਤੇ ਆਈਵੀਐੱਫ਼ ਦੀ ਇਜਾਜ਼ਤ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।”
ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਮਾਤਾ ਚਰਨ ਕੌਰ ਦਾ ਇਲਾਜ ਭਾਰਤ ਤੋਂ ਨਹੀਂ ਬਲਕਿ ਵਿਦੇਸ਼ ’ਚੋਂ ਹੋਇਆ ਹੈ।
ਕੀ ਇਹ ਸਫਲਤਾ ਦੀ ਗਾਰੰਟੀ ਹੈ?
ਇਸ 'ਤੇ ਡਾ. ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ 'ਚ 80 ਫੀਸਦੀ ਸਫਲਤਾ ਮਿਲਦੀ ਹੈ।
ਜੇਕਰ ਔਰਤਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਵੇ ਤਾਂ ਬੱਚਾ ਹੋਣ ਦੀ ਸੰਭਾਵਨਾ 60 ਫੀਸਦੀ ਤੱਕ ਹੁੰਦੀ ਹੈ।
ਜੇਕਰ ਉਮਰ 40 ਸਾਲ ਤੋਂ ਉੱਪਰ ਹੈ ਤਾਂ 18 ਤੋਂ 20 ਫ਼ੀਸਦੀ ਮਾਮਲਿਆਂ ਵਿੱਚ ਹੀ ਸਫ਼ਲਤਾ ਮਿਲਦੀ ਹੈ।

ਤਸਵੀਰ ਸਰੋਤ, FB/charan kaur
28 ਸਾਲਾ ਸਿੱਧੂ ਮੂਸੇਵਾਲਾ ਇੱਕ ਗਾਇਕ ਵਜੋਂ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸਨ।
ਉਨ੍ਹਾਂ ਨੂੰ 29 ਮਈ 2022 ਨੂੰ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਘਟਨਾ ਮਾਨਸਾ ਜ਼ਿਲ਼੍ਹੇ ਦੇ ਹੀ ਪਿੰਡ ਜਵਾਹਰਕੇ ਵਿੱਚ ਵਾਪਰੀ ਸੀ।
ਸਿੱਧੂ ਮੂਸੇਵਾਲਾ ਨੇ 15 ਮਈ 2020 ਨੂੰ ਆਪਣੀ ਮਾਂ ਨੂੰ ਸਮਰਪਿਤ ਆਪਣਾ ਗੀਤ ਵੀ ਰਿਲੀਜ਼ ਕੀਤਾ ਸੀ। ਇਸ ਗੀਤ ਦਾ ਨਾਮ 'ਡੀਅਰ ਮਮਾ' ਸੀ।
ਇਹ ਗੀਤ ਉਨ੍ਹਾਂ ਨੇ ਆਪਣੀ ਮਾਤਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ।
ਇਸ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਉਨ੍ਹਾਂ ਦੇ ਪਿਤਾ ਵੀ ਨਜ਼ਰ ਆਏ ਸਨ।
ਇਸ ਗੀਤ ਦੇ ਬੋਲ ਸਨ, 'ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆਂ'। ਇਸ ਗੀਤ ਨੂੰ ਯੂਟਿਊਬ ਉੱਤੇ ਹੁਣ ਤੱਕ 143 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਤਸਵੀਰ ਸਰੋਤ, SIDHU MOOSE WALA/YT
ਸਿੱਧੂ ਮੂਸੇ ਵਾਲਾ ਨੇ 15 ਮਈ 2020 ਨੂੰ ਆਪਣੀ ਮਾਂ ਨੂੰ ਸਮਰਪਿਤ ਆਪਣਾ ਗੀਤ ਵੀ ਰਿਲੀਜ਼ ਕੀਤਾ ਸੀ। ਇਸ ਗੀਤ ਦਾ ਨਾਮ 'ਡੀਅਰ ਮਮਾ' ਸੀ।
ਇਹ ਗੀਤ ਉਨ੍ਹਾਂ ਨੇ ਆਪਣੀ ਮਾਤਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ।
ਇਸ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਉਨ੍ਹਾਂ ਦੇ ਪਿਤਾ ਵੀ ਨਜ਼ਰ ਆਏ ਸਨ।
ਇਸ ਗੀਤ ਦੇ ਬੋਲ ਸਨ, 'ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆਂ'। ਇਸ ਗੀਤ ਨੂੰ ਯੂਟਿਊਬ ਉੱਤੇ ਹੁਣ ਤੱਕ 143 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਸਿੱਧੂ ਮੂਸੇ ਵਾਲਾ ਦੀ ਮਾਤਾ ਲੜੇ ਸਨ ਸਰਪੰਚੀ ਦੀ ਚੋਣ
ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
2018 ਵਿੱਚ ਉਨ੍ਹਾਂ ਨੇ ਸਰਪੰਚੀ ਦੀ ਚੋਣ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਤੋਂ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਸੀ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਖ-ਵੱਖ ਮੌਕਿਆਂ ਉੱਤੇ ਉਨ੍ਹਾਂ ਦੀ ਮੌਤ ਦੇ ਇਨਸਾਫ਼ ਲਈ ਜਨਤਕ ਤੌਰ ਉੱਤੇ ਬਿਆਨ ਦਿੰਦੇ ਰਹੇ ਹਨ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰੇ ਸਨ।
ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣਾਂ ਵਿੱਚ ਹਾਰ ਗਏ ਸਨ।













