ਗਾਜ਼ਾ: ਭੁੱਖਮਰੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ, ਕੀ ਇਸ ਦਾ ਅਸਰ ਸਾਲੋਂ-ਸਾਲ ਰਹਿੰਦਾ ਹੈ

ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਾਲਾਂਕਿ ਗਾਜ਼ਾ ਵਿੱਚ ਭੁੱਖਮਰੀ ਦੀ ਸਥਿਤੀ ਤੋਂ ਇਨਕਾਰ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, "ਉੱਥੇ ਸੱਚੀਂ ਭੁੱਖਮਰੀ ਹੈ।"

ਭਾਵੇਂ ਇਜ਼ਰਾਈਲ ਗਾਜ਼ਾ ਵਿੱਚ ਭੁੱਖਮਰੀ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਖੇਤਰ ਵਿੱਚ ਸਹਾਇਤਾ ਨੂੰ ਰਸਤਾ ਦੇਣ ਲਈ ਸਥਾਨਕ ਤੌਰ ਉੱਤੇ ਗੋਲਾਬਾਰੀ ਰੋਕੀ ਹੈ।

ਪਰ ਸੰਯੁਕਤ ਰਾਸ਼ਟਰ ਦੀ ਮਨੁੱਖਤਵਾਦੀ ਸਹਾਇਤਾ ਦੇ ਮੁਖੀ ਟੌਪ ਫਲੈਚਰ ਨੇ ਕਿਹਾ ਹੈ, ਭੁੱਖਮਰੀ ਨੂੰ ਖ਼ਤਮ ਕਰਨ ਲਈ ਵੱਡੀ ਮਾਤਰਾ ਵਿੱਚ ਭੋਜਨ ਦੀ ਲੋੜ ਹੈ।

ਸੰਯੁਕਤ ਰਾਸ਼ਟਰ ਦੀ ਫਲਸਤੀਨੀ ਰਿਫਿਊਜੀ ਏਜੰਸੀ (ਯੂਐੱਨਰਵਾ) ਮੁਤਾਬਕ ਗਾਜ਼ਾ ਵਿੱਚ ਪੰਜ ਵਿੱਚੋਂ ਇੱਕ ਬੱਚਾ ਕੁਪੋਸ਼ਿਤ ਹੈ ਅਤੇ ਕੇਸਾਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ।

ਸੰਯੁਕਤ ਰਾਸ਼ਟਰ ਮੁਤਾਬਕ ਹਸਪਤਾਲਾਂ ਨੇ ਭੋਜਨ ਦੀ ਕਮੀ ਦੇ ਨਤੀਜੇ ਵਜੋਂ ਪੈਦਾ ਹੋਈ ਗੰਭੀਰ ਥਕਾਣ ਕਾਰਨ ਲੋਕ ਭਰਤੀ ਕੀਤੇ ਹਨ ਅਤੇ ਲੋਕ ਭੁੱਖ ਕਾਰਨ ਸੜਕਾਂ ਉੱਤੇ ਵੀ ਡਿੱਗ ਰਹੇ ਹਨ।

ਹਾਲਾਂਕਿ ਸੰਯੁਕਤ ਰਾਸ਼ਟਰ ਨੇ ਅਜੇ ਇੱਥੇ ਅਕਾਲ ਦੀ ਸਥਿਤੀ ਦਾ ਐਲਾਨ ਨਹੀਂ ਕੀਤਾ ਹੈ ਲੇਕਿਨ ਆਈਪੀਸੀ ਦੀ ਚੇਤਾਵਨੀ ਹੈ ਕਿ ਅਕਾਲ ਦਾ ਗੰਭੀਰ ਖ਼ਤਰਾ ਹੈ।

ਅਕਾਲ ਕੀ ਹੈ ਅਤੇ ਇਸ ਦਾ ਕਿਵੇਂ ਐਲਾਨ ਕੀਤਾ ਜਾਂਦਾ ਹੈ

ਇੰਟੀਗ੍ਰੇਟਿਡ ਫੂਡ ਸਕਿਊਰਿਟੀ ਫੇਜ਼ ਕਲਾਸੀਫਿਕੇਸ਼ਨ (ਆਈਪੀਸੀ) - ਇਹ ਜਾਨਣ ਦਾ ਇੱਕ ਵਿਸ਼ਵ ਵਿਆਪੀ ਮਿਆਰ ਹੈ ਕਿ ਕਿਸੇ ਵੱਸੋਂ ਲਈ ਲੋੜੀਂਦਾ, ਉਨ੍ਹਾਂ ਦੇ ਵਿੱਤ ਮੁਤਾਬਕ, ਪੋਸ਼ਕ ਖੁਰਾਕ ਹਾਸਲ ਕਰਨੀ ਕਿੰਨੀ ਕੁ ਮੁਸ਼ਕਿਲ ਹੈ।

ਇਹ ਦੇਸ਼ ਦੀ ਭੋਜਨ ਦੀ ਕਮੀ ਜਾਂ ਅਸੁਰੱਖਿਆ ਨੂੰ ਗੰਭੀਰਤਾ ਦੇ ਪੰਜ "ਪੜਾਆਂ" ਦੇ ਮੁਕਾਬਲੇ ਦਰਜਾ ਦਿੰਦਾ ਹੈ, ਜਿਸ ਵਿੱਚ ਅਕਾਲ ਪੰਜਵਾਂ ਅਤੇ ਸਭ ਤੋਂ ਭੈੜਾ ਮੰਨਿਆ ਜਾਂਦਾ ਹੈ।

ਪਰ ਇੱਕ ਅਕਾਲ ਨੂੰ ਅਧਿਕਾਰਤ ਤੌਰ 'ਤੇ ਐਲਾਨਣ ਲਈ, ਇੱਕ ਖ਼ਾਸ ਭੂਗੋਲਿਕ ਖੇਤਰ ਵਿੱਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ-

  • 20% ਪਰਿਵਾਰ ਖਾਣੇ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹੋਣ
  • ਘੱਟੋ-ਘੱਟ 30% ਬੱਚੇ ਗੰਭੀਰ ਕੁਪੋਸ਼ਣ ਤੋਂ ਪੀੜਤ ਹੋਣ
  • ਹਰ 1000 ਮੌਤਾਂ ਪਿੱਛੇ ਘੱਟੋ-ਘੱਟ ਦੋ ਬਾਲਗ ਜਾਂ ਚਾਰ ਬੱਚੇ ਪ੍ਰਤੀ ਦਿਨ ਸਿੱਧੀ ਭੁੱਖ ਜਾਂ ਕੁਪੋਸ਼ਣ ਅਤੇ ਬੀਮਾਰੀ ਦੀ ਅੰਤਰ-ਕਿਰਿਆ ਦੇ ਨਤੀਜੇ ਵਜੋਂ ਮਰ ਰਹੇ ਹੋਣ।

ਆਈਪੀਸੀ ਦੀ ਗਾਜ਼ਾ ਬਾਰੇ ਰਿਪੋਰਟ ਮਈ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸਾਰੀ ਵਸੋਂ ਹੀ ਅਕਾਲ ਦੇ (ਤੀਜੇ ਫੇਜ਼) ਜਾਂ ਇਸ ਤੋਂ ਉੱਪਰਲੇ ਖ਼ਤਰੇ ਵਿੱਚ ਰਹਿ ਰਹੀ ਹੈ।

ਰਿਪੋਰਟ ਨੇ ਪੇਸ਼ੀਨਗੋਈ ਕੀਤੀ ਕਿ ਕਰੀਬ 4,69,500 ਲੋਕ ਮਈ ਤੋਂ ਸਤੰਬਰ 2025 ਦੇ ਦੌਰਾਨ ਖ਼ੁਰਾਕ ਦੀ ਗੰਭੀਰ ਤਬਾਹਕਾਰੀ ਕਮੀ ਦਾ ਸਾਹਮਣਾ ਕਰ ਸਕਦੇ ਹਨ।

ਜਦੋਂ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਅਕਸਰ ਸੰਯੁਕਤ ਰਾਸ਼ਟਰ ਅਕਾਲ ਦਾ ਐਲਾਨ ਕਰ ਦਿੰਦਾ ਹੈ। ਜੋ ਕਈ ਵਾਰ ਸਥਾਨਕ ਸਰਕਾਰ ਅਤੇ ਜਾਂ ਫਿਰ ਹੋਰ ਕੌਮਾਂਤਰੀ ਸਹਾਇਤਾ ਸੰਗਠਨਾਂ ਜਾਂ ਮਨੁੱਖਤਾਵਾਦੀ ਏਜੰਸੀਆਂ ਦੇ ਨਾਲ ਮਿਲ ਕੇ ਕੀਤਾ ਜਾਂਦਾ ਹੈ।

ਭੁੱਖਮਰੀ ਦਾ ਕਿਸੇ ਵਿਅਕਤੀ ਦੇ ਸਰੀਰ ਉੱਤੇ ਕੀ ਅਸਰ ਹੁੰਦਾ ਹੈ?

ਭੁੱਖਮਰੀ ਲੰਬੇ ਸਮੇਂ ਤੱਕ ਭੋਜਨ ਨਾ ਮਿਲਣ ਕਰ ਕੇ ਪੈਦਾ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਸਰੀਰ ਨੂੰ ਉਸ ਦੀ ਲੋੜ ਜਿੰਨੀਆਂ ਕੈਲੋਰੀਆਂ (ਜਿੰਨੀ ਊਰਜਾ) ਨਹੀਂ ਮਿਲ ਰਹੀਆਂ ਹਨ।

ਆਮ ਕਰਕੇ, ਸਰੀਰ ਭੋਜਨ ਨੂੰ ਤੋੜ ਕੇ ਗੁਲੂਕੋਜ਼ ਬਣਾਉਂਦਾ ਹੈ। ਲੇਕਿਨ ਜਦੋਂ ਭੋਜਨ ਨਹੀਂ ਮਿਲਦਾ ਤਾਂ, ਸਰੀਰ ਜਿਗਰ ਵਿੱਚ ਮਿਲਦੇ ਗਲਾਈਕੋਜਿਨ ਅਤੇ ਮਾਸਪੇਸ਼ੀਆਂ ਵਿੱਚੋਂ ਗੁਲੂਕੋਜ਼ ਨਿਚੋੜ ਕੇ ਖੂਨ ਵਿੱਚ ਛੱਡਣ ਲਗਦਾ ਹੈ।

ਜਦੋਂ ਇਹ ਸਰੋਤ ਵੀ ਘੱਟ ਜਾਂਦੇ ਹਨ, ਸਰੀਰ ਜਮ੍ਹਾਂ ਕੀਤੇ ਭੋਜਨ ਵੱਲ ਰੁਖ਼ ਕਰਦਾ ਹੈ ਅਤੇ ਫਿਰ ਊਰਜਾ ਦੀ ਲੋੜ ਪੂਰੀ ਕਰਨ ਲਈ ਮਾਸਪੇਸ਼ੀਆਂ ਨੂੰ ਤੋੜਨ ਲਗਦਾ ਹੈ।

ਭੁੱਖਮਰੀ ਨਾਲ, ਫੇਫੜੇ, ਢਿੱਡ ਅਤੇ ਜਨਨ ਅੰਗ ਸੁੰਗੜਨ ਲਗਦੇ ਹਨ ਅਤੇ ਦਿਮਾਗ਼ ਉੱਤੇ ਅਸਰ ਪੈਣ ਕਾਰਨ ਭਰਮ, ਨਿਰਾਸ਼ਾ ਅਤੇ ਤਣਾਅ ਮਹਿਸੂਸ ਹੋਣ ਲਗਦਾ ਹੈ।

ਕੁਝ ਲੋਕਾਂ ਦੀ ਭੁੱਖਮਰੀ ਕਾਰਨ ਮੌਤ ਵੀ ਹੋ ਸਕਦੀ ਹੈ। ਅਸਲ ਵਿੱਚ ਤਾਂ ਕੁਪੋਸ਼ਿਤ ਲੋਕ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਦੇ ਕਮਜ਼ੋਰ ਹੋ ਜਾਣ ਦੇ ਨਤੀਜੇ ਵਜੋਂ ਸਾਹ ਅਤੇ ਪਾਚਨ ਪ੍ਰਣਾਲੀ ਵਿੱਚ ਲਾਗ ਦੀਆਂ ਪੇਚੀਦਗੀਆਂ ਕਾਰਨ ਮਰਦੇ ਹਨ।

ਭੁੱਖਮਰੀ ਵੱਖ-ਵੱਖ ਲੋਕਾਂ ਉੱਤੇ ਵੱਖੋ-ਵੱਖ ਅਸਰ ਪਾਉਂਦੀ ਹੈ।

ਯੂਨੀਵਰਸਿਟੀ ਆਫ਼ ਗਲਾਸਗੋ (ਯੂਕੇ) ਵਿੱਚ ਮਨੁੱਖੀ ਪੋਸ਼ਣ ਦੇ (ਆਨਰੇਰੀ) ਸੀਨੀਅਰ ਰਿਸਰਚ ਫੈਲੋ, ਪ੍ਰੋਫੈਸਰ ਸ਼ਾਰਲਟ ਰਾਈਟ ਦੱਸਦੇ ਹਨ, "ਤੁਸੀਂ ਅਚਾਨਕ ਗੰਭੀਰ ਕੁਪੋਸ਼ਣ ਦੇ ਸ਼ਿਕਾਰ ਨਹੀਂ ਹੋ ਜਾਂਦੇ, ਇਨ੍ਹਾਂ ਬੱਚਿਆਂ ਨੂੰ ਪਹਿਲਾਂ ਚੇਚਕ, ਨਿਮੋਨੀਆ, ਦਸਤ ਜਾਂ ਇਸ ਤਰ੍ਹਾਂ ਦੀ ਕੋਈ ਬੀਮਾਰੀ ਹੋਈ ਹੋ ਸਕਦੀ ਹੈ।"

"ਜਿਹੜੇ ਬੱਚੇ ਪਹਿਲਾਂ ਤੰਦਰੁਸਤ ਸਨ ਪਰ ਹੁਣ ਭੁੱਖੇ ਰਹਿਣ ਲੱਗਦੇ ਹਨ, ਉਨ੍ਹਾਂ ਵਿੱਚ ਫਿਰ ਵੀ ਜੇ ਖਾਣਾ ਮਿਲ ਜਾਵੇ ਤਾਂ ਉਸ ਨੂੰ ਖਾਣ ਅਤੇ ਹਜ਼ਮ ਕਰਨ ਦੀ ਊਰਜਾ ਹੋਵੇਗੀ। ਜਦਕਿ ਦੂਜੇ ਅਜਿਹਾ ਨਹੀਂ ਕਰ ਸਕਣਗੇ।"

ਕੁਪੋਸ਼ਣ ਬਾਲਾਂ ਅਤੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਬਚਪਨ ਵਿੱਚ ਭੋਜਨ ਦੀ ਕਮੀ ਦੇ ਅਸਰ ਸਾਰੀ ਉਮਰ ਲਈ ਰਹਿ ਸਕਦੇ ਹਨ, ਜਿਵੇਂ ਕਮਜ਼ੋਰ ਮਾਨਸਿਕਤਾ ਅਤੇ ਸਰੀਰਕ ਵਿਕਾਸ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਕਮਜ਼ੋਰ ਮਾਨਸਿਕਤਾ ਤੇ ਮਾਨਸਿਕ ਵਿਕਾਸ ਉਹ ਹੈ ਜੋ ਬੱਚੇ ਮਾੜੇ ਪੋਸ਼ਣ, ਵਾਰ-ਵਾਰ ਹੋਈ ਲਾਗ ਅਤੇ ਮਨੋਵਿਗਿਆਨਕ ਉਤੇਜਨਾ ਦੀ ਕਮੀ ਕਾਰਨ ਅਨੁਭਵ ਕਰਦੇ ਹਨ। ਆਮ ਤੌਰ ਉੱਤੇ ਇਹ ਬੱਚੇ ਆਪਣੇ ਹਾਣੀਆਂ ਤੋਂ ਕੱਦ ਵਿੱਚ ਛੋਟੇ ਰਹਿ ਜਾਂਦੇ ਹਨ।

ਸੰਯੁਕਤ ਰਾਸ਼ਟਰ ਫਾਊਂਡੇਸ਼ਨ ਮੁਤਾਬਕ ਕੁਪੋਸ਼ਿਤ ਲੋਕਾਂ ਵਿੱਚ ਇੱਕ ਕੁਪੋਸ਼ਿਤ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਯੂਨੀਸੈਫ਼ ਦਾ ਕਹਿਣਾ ਹੈ ਕਿ ਗਰਭ-ਕਾਲ ਦੌਰਾਨ ਮਾੜੀ ਖੁਰਾਕ ਖੂਨ ਦੀ ਕਮੀ, ਪ੍ਰੀ ਐਕਲੈਂਪਸੀਆ ਹੈਮਰੇਜ ਅਤੇ ਮਾਵਾਂ ਦੀ ਮੌਤ ਅਤੇ ਮੁਰਦਾ ਬੱਚੇ ਦੀ ਪੈਦਾਇਸ਼, ਜਨਮ ਸਮੇਂ ਘੱਟ ਭਾਰ, ਬੱਚੇ ਵਿੱਚ ਵਿਕਾਸ ਸਬੰਧੀ ਦੇਰੀਆਂ ਵੀ ਹੋ ਸਕਦੀਆਂ ਹੈ।

ਕੁਪੋਸ਼ਿਤ ਮਾਵਾਂ ਅਕਸਰ ਆਪਣੇ ਬੱਚੇ ਨੂੰ ਪਿਆਉਣ ਲਈ ਪੋਸ਼ਕ ਦੁੱਧ ਉਤਪੰਨ ਕਰਨ ਲਈ ਵੀ ਸੰਘਰਸ਼ ਕਰਦੀਆਂ ਹਨ।

ਡਾਕਟਰਜ਼ ਵਿਦਾਉਟ ਬਾਰਡਰਜ਼ ਤੋਂ ਡਾ. ਨੂਰਾਦੀਨ ਅਲੀਬਾਬਾ, ਜੋ ਕਿ ਕੁਪੋਸ਼ਿਤ ਬੱਚਿਆਂ ਦੇ ਇਲਾਜ ਦੇ ਮਾਹਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅਸਰ ਜ਼ਿੰਦਗੀ ਭਰ ਰਹਿ ਸਕਦਾ ਹੈ।

ਉਹ ਦੱਸਦੇ ਹਨ, "ਰੁਕੇ ਹੋਏ ਵਿਕਾਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਮਤਲਬ ਕਿ ਉਹ ਕੁਪੋਸ਼ਣ ਦਾ ਪੜਾਅ ਲੰਘ ਜਾਣ ਤੋਂ ਬਾਅਦ ਵੀ ਉਹ ਕੱਦ ਵਿੱਚ ਛੋਟੇ ਹੀ ਰਹਿਣਗੇ, ਜੋ ਉਨ੍ਹਾਂ ਦਾ ਸਭ ਤੋਂ ਵੱਡਾ ਨੁਕਸਾਨ ਕਰਦਾ ਹੈ। ਅਕਸਰ ਸਿੱਖਣ ਸੰਬੰਧੀ ਸਥਾਈ ਅਸਮਰਥਾ ਵੀ ਹੋ ਸਕਦੀ ਹੈ ਜੋ ਕਿ ਉਨ੍ਹਾਂ ਦੇ ਸਕੂਲ ਜਾਣ ਤੱਕ ਉਜਾਗਰ ਨਹੀਂ ਹੁੰਦੀ।"

ਉਹ ਅੱਗੇ ਦੱਸਦੇ ਹਨ, "(ਕੁਪੋਸ਼ਣ) ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਦਬਾਉਂਦਾ ਹੈ, ਜਿਸ ਕਾਰਨ ਲਾਗ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ।"

ਉਨ੍ਹਾਂ ਦਾ ਕਹਿਣਾ ਹੈ, "ਇੱਕ ਚੀਜ਼ ਜੋ ਬਹੁਤ ਸਾਰੇ ਲੋਕ ਚੰਗੀ ਤਰ੍ਹਾਂ ਨਹੀਂ ਸਮਝਦੇ ਉਹ ਕੁੜੀਆਂ ਵਿੱਚ ਕੁਪੋਸ਼ਣ ਦਾ ਇੱਕ ਪੱਧਰ ਹੈ ਜੋ ਬਾਂਝਪਨ ਤੱਕ ਦਾ ਕਰਨ ਹੋ ਸਕਦਾ ਹੈ। ਜੇ ਉਨ੍ਹਾਂ ਦੇ ਬੱਚਾ ਠਹਿਰ ਵੀ ਜਾਵੇ ਤਾਂ ਵੀ ਇਨ੍ਹਾਂ ਔਰਤਾਂ ਦੇ ਇੱਕ ਘੱਟ ਭਾਰ ਵਾਲੇ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।"

ਗਠੀਆ ਇੱਕ ਹੋਰ ਅਗਲੇਰੀ ਪੇਚੀਦਗੀ ਹੋ ਸਕਦੀ ਹੈ।

ਡਾ. ਅਲੀਬਾਬਾ ਮੁਤਾਬਕ, "ਕਮਜ਼ੋਰ ਹੱਡੀਆਂ ਜੋ ਉਨ੍ਹਾਂ ਦੇ ਸਰੀਰ ਦਾ ਭਾਰ ਨਹੀਂ ਚੁੱਕ ਸਕਦੀਆਂ, ਉਨ੍ਹਾਂ ਅਗਲੇਰੀ ਉਮਰ ਵਿੱਚ ਹੋਰ ਨਾਜ਼ੁਕ ਬਣਾ ਸਕਦੀਆਂ ਹਨ, ਕਿ ਛੋਟੀ ਜਿਹੀ ਘਟਨਾ ਨਾਲ ਹੀ ਹੱਡੀ ਟੁੱਟ ਸਕਦੀ ਹੈ।"

ਕੁਪੋਸ਼ਣ ਦਾ ਇਲਾਜ ਕਿਵੇਂ ਕੀਤਾ ਜਾਵੇ?

ਪ੍ਰੋਫੈਸਰ ਸ਼ਾਰਲਟ ਰਾਈਟ ਦੱਸਦੇ ਹਨ, "ਇਸ ਸੰਕਟ ਦੇ ਹੱਲ ਲਈ ਤੁਹਾਨੂੰ ਬੁਨਿਆਦੀ ਤੌਰ ਉੱਤੇ ਦੋ ਪਹੁੰਚਾਂ ਅਪਨਾਉਣ ਦੀ ਲੋੜ ਹੈ, ਗਾਜ਼ਾ ਵਿੱਚ ਜ਼ਿਆਦਾ ਭੋਜਨ ਭੇਜਿਆ ਜਾਵੇ ਅਤੇ ਜ਼ਿਆਦਾ ਮਹਿੰਗੇ ਥੈਰਾਪਿਊਟਿਕ ਭੋਜਨ ਵੀ ਭੇਜੇ ਜਾਣ।"

"ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੁਰੰਤ ਭੋਜਨ ਮਿਲਣਾ ਚਾਹੀਦਾ ਹੈ।"

"ਨਿੱਕੇ ਨਿਆਣਿਆਂ ਨੂੰ ਮਾਂ ਦਾ ਦੁੱਧ ਪਿਆਉਣਾ ਸਭ ਤੋਂ ਸੁਰੱਖਿਅਤ ਅਤੇ ਸਵੱਛ ਤਰੀਕਾ ਹੈ, ਲੇਕਿਨ ਤੁਹਾਨੂੰ ਮਾਵਾਂ ਨੂੰ ਖਵਾਉਣਾ ਪਵੇਗਾ, ਤਾਂ ਜੋ ਉਹ ਬੱਚੇ ਨੂੰ ਦੁੱਧ ਪਿਆ ਸਕੇ। ਇਹੀ ਅਸਲੀ ਚੁਣੌਤੀ ਹੈ- ਕਿ ਇਹ ਵਾਕਈ ਉਨ੍ਹਾਂ ਤੱਕ ਪਹੁੰਚੇ ਨਾ ਕਿ ਮਰਦਾਂ ਤੱਕ।"

"ਮੁੱਖ ਸੁਨੇਹਾ ਇਹ ਹੈ ਕਿ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਪਹਿਲ ਦੇਣੀ ਪਵੇਗੀ ਅਤੇ ਉਨ੍ਹਾਂ ਨੂੰ ਜ਼ਿਆਦਾ ਨਹੀਂ ਚਾਹੀਦਾ।"

"ਬੀਬੀਸੀ ਅਰਬੀ ਸੇਵਾ ਦੇ ਸਿਹਤ ਪੱਤਰਕਾਰ ਸਮਿਥਾ ਮੁਨਦਾਸਦ ਜੋ ਕਿ ਇੱਕ ਸਿਖਲਾਈ ਪ੍ਰਪਾਤ ਡਾਕਟਰ ਹਨ, ਸਮਝਾਉਂਦੇ ਹਨ ਕਿ ਕੁਪੋਸ਼ਣ ਦੇ ਕਈ ਕਿਸਮ ਦੇ ਪ੍ਰਭਾਵ ਹੋ ਸਕਦੇ ਹਨ, ਖ਼ਾਸ ਕਰਕੇ ਬੱਚਿਆਂ ਲਈ ਅਤੇ ਇਲਾਜ ਹਮੇਸ਼ਾ ਸਿੱਧ-ਪਧਰਾ ਨਹੀਂ ਹੁੰਦਾ।"

ਗੰਭੀਰ ਕੇਸਾਂ ਵਿੱਚ ਜਦੋਂ ਕਿਸੇ ਤੋਂ ਕੁਝ ਲੰਘਾ ਵੀ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਹਸਪਤਾਲ ਜਾਂ ਕਲੀਨਿਕ ਵਿੱਚ ਖ਼ਾਸ ਤੌਰ ਉੱਤੇ ਤਿਆਰ ਕੀਤਾ ਪੋਸ਼ਕ ਅਤੇ "ਲਾਗ ਜਾਂ ਹੋਰ ਸੰਭਾਵੀ ਪੇਚੀਦਗੀਆਂ ਲਈ ਵੀ ਇਲਾਜ" ਦੇਣ ਦੀ ਲੋੜ ਪੈਂਦੀ ਹੈ।

"ਕੁਝ ਸਥਿਤੀਆਂ ਵਿੱਚ ਕਿਸੇ ਨੂੰ ਕਾਹਲੀ-ਕਾਹਲ ਖਵਾਉਣਾ ਜਾਂ ਗ਼ਲਤ ਖੁਰਾਕ ਦੇਣਾ ਵੀ ਖ਼ਤਰਨਾਕ ਹੋ ਸਕਦਾ ਹੈ।"

"ਇਸ ਲਈ ਜਵਾਬ ਸਿਰਫ਼ ਭੋਜਨ ਪਹੁੰਚਾਉਣਾ ਨਹੀਂ ਹੈ, ਸਗੋਂ ਸਹੀ ਭੋਜਨ ਪਹੁੰਚਾਉਣਾ ਹੈ ਅਤੇ ਇੱਕ ਕਾਰਜਸ਼ੀਲ ਸਿਹਤ ਪ੍ਰਣਾਲੀ ਚਾਹੀਦੀ ਹੈ ਜੋ ਇਸ ਨੂੰ ਸਹਾਰਾ ਦੇ ਸਕੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)