ਬੱਚੇ ਸਮੇਂ ਤੋਂ ਪਹਿਲਾਂ ਕਿਉਂ ਪੈਦਾ ਹੁੰਦੇ ਹਨ, ਪ੍ਰੀਮਚਿਓਰ ਬੇਬੀ ਨੂੰ ਬਚਾਉਣ ਲਈ ਕਿਹੜਾ ਤਰੀਕਾ ਕਾਰਗਰ ਹੈ

    • ਲੇਖਕ, ਇਸਾਰਿਆ ਪ੍ਰੈਥੋਂਗਿਆਇਮ
    • ਰੋਲ, ਬੀਬੀਸੀ ਪੱਤਰਕਾਰ

ਗਰਭ ਦੇ 37 ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਜਾਨ ਨੂੰ ਕਈ ਕਿਸਮ ਦੇ ਖ਼ਤਰੇ ਹੁੰਦੇ ਹਨ।

ਨੌਂ ਮਹੀਨਿਆਂ ਯਾਨੀ ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਹੋਈਆਂ ਸਿਹਤ ਮੁਸ਼ਕਲਾਂ ਪੰਜ ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਬਣਦੀਆਂ ਹਨ।

ਸਾਲ 2020 ਵਿੱਚ 13 ਮਿਲੀਅਨ ਤੋਂ ਵੱਧ ਬੱਚੇ ਜਾਂ 10 ਵਿੱਚੋਂ 1 ਤੋਂ ਵੱਧ ਬੱਚੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੋਏ ਸਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਸੰਸਾਰ ’ਚ 2019 ਵਿੱਚ ਪੰਜ ਸਾਲ ਤੋਂ ਘੱਟ ਦੀ ਉਮਰ ਦੇ 9 ਲੱਖ ਦੇ ਕਰੀਬ ਬੱਚਿਆਂ ਦੀ ਇਸ ਕਾਰਨ ਮੌਤ ਹੋਈ।

ਪ੍ਰੀਮਚਿਓਰ ਬੇਬੀ ਕੀ ਹੁੰਦੇ ਹਨ?

ਨਿਰਧਾਰਤ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਉਹ ਹੁੰਦਾ ਹੈ ਜਿਸਦਾ ਜਨਮ ਗਰਭ ਦੇ 37 ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਹੀ ਹੋ ਜਾਂਦਾ ਹੈ।

ਅਜਿਹੇ ਬੱਚਿਆਂ ਨੂੰ ਗਰਭ ਦੇ ਹਫ਼ਤਿਆਂ ਦੇ ਮੁਤਾਬਕ ਵੰਡਿਆ ਜਾ ਸਕਦਾ ਹੈ:

28 ਹਫ਼ਤਿਆਂ ਤੋਂ ਘੱਟ

32 ਹਫ਼ਤਿਆਂ ਤੋਂ ਘੱਟ

32 ਤੋਂ 37 ਹਫ਼ਤਿਆਂ ਦੇ ਵਿੱਚ

ਕੋਈ ਬੱਚਾ ਨਿਰਧਾਰਤ ਸਮੇਂ ਤੋਂ ਜਿੰਨਾ ਸਮਾਂ ਪਹਿਲਾਂ ਹੋਵੇਗਾ, ਉਸ ਲਈ ਖ਼ਤਰਾ ਵੀ ਵੱਧ ਹੋਵੇਗਾ।

ਬੱਚੇ ਸਮੇਂ ਤੋਂ ਪਹਿਲਾਂ ਕਿਉਂ ਹੁੰਦੇ ਹਨ

ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਝਿੱਲੀ ਦਾ ਸਮੇਂ ਤੋਂ ਪਹਿਲਾਂ ਫਟਣਾ ਸਮੇਂ ਪਹਿਲਾਂ ਬੱਚਾ ਪੈਦਾ ਹੋਣ ਦਾ ਮੁੱਖ ਕਾਰਨ ਹੈ। ਇਹ ਗਰਭ ਦੌਰਾਨ ਆਉਂਦੀ ਇੱਕ ਮੁਸ਼ਕਲ ਹੈ।

ਇਸ ਦੇ ਹੋਰ ਕਾਰਨ ਵੀ ਹਨ ਜਿਵੇਂ:

ਲਾਗ

ਮਾਂ ਦੀ ਸਰੀਰਕ ਸਥਿਤੀ (ਪ੍ਰੀ ਐਕਲੈਂਪਸੀਆ ਸਥਿਤੀ ਵਿੱਚ ਮਾਂ ਨੂੰ ਤੇਜ਼ ਸਿਰ ਦਰਦ, ਨਜ਼ਰਸਬੰਧੀ ਮੁਸ਼ਕਲਾਂ ਅਤੇ ਉਲਟੀਆਂ ਆਉਣੀਆਂ।)

ਬੱਚੇਦਾਨੀ ਦੇ ਮੂੰਹ ਦੀ ਕਮਜ਼ੋਰੀ

ਗਰਭ ਵਿੱਚ ਇੱਕ ਤੋਂ ਵੱਧ ਬੱਚੇ ਹੋਣਾ

ਯੂਕੇ ਵਿਚਲੀ ਸੰਸਥਾ, ਟੌਮੀ, ਨਿਰਧਾਰਤ ਸਮੇਂ ਤੋਂ ਪਹਿਲਾਂ ਹੋਣ ਵਾਲੇ ਬੱਚਿਆਂ ਬਾਰੇ ਅਧਿਐਨ ਕਰਦੀ ਹੈ।

ਸੰਸਥਾ ਦੇ ਮੁਤਾਬਕ ਅਧਿਐਨ ਦੌਰਾਨ ਇਹ ਸਾਹਮਣੇ ਆਇਆ ਕਿ ਕਈ ਔਰਤਾਂ ਵਿੱਚ ਬੱਚੇਦਾਨੀ ਦਾ ਮੂੰਹ, ਜੋ ਕਿ ਯੋਨੀ ਅਤੇ ਗਰਭ ਦੇ ਵਿਚਾਲੇ ਹੁੰਦਾ ਹੈ, ਗਰਭ ਦੇ ਸਮੇਂ ਦੌਰਾਨ ਜਲਦੀ ਖੁੱਲ੍ਹ ਜਾਂਦਾ ਹੈ।

ਇਸਦੇ ਜਲਦੀ ਖੁੱਲ੍ਹਣ ਜਾਂ ਫੈਲਣ ਕਾਰਨ ਬੱਚੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੁੰਦੇ ਹਨ।

ਪ੍ਰੋਫ਼ੈਸਰ ਐਂਡਰਿਊ ਸ਼ੈੱਨਾ, ਜੋ ਕਿ ਟੌਮੀ ਦੇ ਪ੍ਰੀਟਰਮ ਬਰਥ ਸਰਵੇਲੈਂਸ ਕਲੀਨਿਕ ਚਲਾਉਂਦੇ ਹਨ, ਮੁਤਾਬਕ ਨਿਰਧਾਰਤ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਤੋਂ ਰੋਕਣ ਲਈ ਵਿਕਸਿਤ ਮੁਲਕਾਂ ਵਿੱਚ ਕਈ ਇਲਾਜ ਹੁੰਦੇ ਹਨ।

ਉਹ ਕਹਿੰਦੇ ਹਨ ਬੱਚੇਦਾਨੀ ਦੇ ਮੂੰਹ ਉੱਤੇ ਟਾਂਕੇ ਲਾਉਣੇ ਜਾਂ ਸਿਓਣਾ ਵੀ ਇਲਾਜ਼ ਵਿੱਚ ਸ਼ਾਮਲ ਹੈ।

ਛੇਤੀ ਜੰਮਣ ਪੀੜਾਂ ਹੋਣ ਦੇ ਲੱਛਣ

ਪ੍ਰੋਫ਼ੈਸਰ ਸ਼ੈੱਨਾ ਕਹਿੰਦੇ ਹਨ ਕਿ ਇਸ ਹਾਲਾਤ ਤੋਂ ਪਹਿਲਾਂ ਨਿਸ਼ਾਨੀਆਂ ਦਿਖਣੀਆਂ ਸ਼ੁਰੂ ਹੋ ਜਾਂਦੀ ਹਨ।

ਇਹ ਆਮ ਹਾਲਾਤਾਂ ਵਿੱਚ ਹੋਣ ਵਾਲੀਆਂ ਪੀੜਾਂ ਦੇ ਵਰਗੀਆਂ ਹੋ ਸਕਦੀਆਂ ਹਨ।

ਯੋਨੀ ਵਿੱਚੋਂ ਅਚਾਨਕ ਪਾਣੀ ਦਾ ਡਿੱਗਣਾ ਜਾਂ ਆਉਣਾ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ।

ਹੋਰ ਲੱਛਣਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਸੁੰਗੜਨਾ ਜਾਂ ਲਹੂ ਦਾ ਵਗਣਾ।

ਪ੍ਰੋਫ਼ੈਸਰ ਸ਼ੈੱਨਾ ਦੱਸਦੇ ਹਨ, “ਇਸ ਵਿੱਚ ਬਹੁਤੀ ਡਾਕਟਰੀ ਸਹਾਇਤਾ ਇੱਕ ਪ੍ਰਤੀਕਿਰਿਆ ਦੇ ਰੂਪ ਵਿੱਚ ਹੁੰਦੀ ਹੈ।”

ਉਹ ਕਹਿੰਦੇ ਹਨ, “ਮੈਗ਼ਨੀਜ਼ੀਅਮ ਬੱਚੇ ਦੇ ਦਿਮਾਗ ਦੀ ਰੱਖਿਆ ਕਰ ਸਕਦਾ ਹੈ ਅਤੇ ਬੱਚੇ ਦੇ ਗੁਰਦਿਆਂ ਨੂੰ ਮਜ਼ਬੂਤ ਕਰਨ ਅਤੇ ਸਾਹ ਲੈਣ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸਟੀਰੋਇਡ ਵੀ ਦਿੱਤੇ ਜਾ ਸਕਦੇ ਹਨ।”

ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਬਚਣ ਦਰ

ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਮੌਤ ਸੰਸਾਰ ਪੱਧਰ ਦਾ ਮਸਲਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੱਖਣੀ ਏਸ਼ੀਆ ਅਤੇ ਉੱਪ ਸਹਾਰਨ ਅਫਰੀਕਾ ਵਿੱਚ ਇਹ ਮਾਮਲੇ ਵੱਧ ਹੁੰਦੇ ਹਨ।

ਹਰੇਕ ਮੁਲਕ ਦੀ ਨਿਰਧਾਰਤ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਬਚਣ ਦਰ ਵੱਖਰੀ-ਵੱਖਰੀ ਹੈ।

ਮਿਸਾਲ ਵਜੋਂ ਘੱਟ ਆਮਦਨ ਵਾਲੇ ਮੁਲਕਾਂ ਵਿੱਚ ਗਰਭ ਦੇ 28 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਵਿੱਚੋਂ 90 ਫ਼ੀਸਦ ਤੋਂ ਵੱਧ ਬੱਚਿਆਂ ਦੀ ਆਪਣੀ ਜ਼ਿੰਦਗੀ ਦੇ ਪਹਿਲੇ ਕੁਝ ਦਿਨਾਂ ਵਿੱਚ ਹੀ ਮੌਤ ਹੋ ਜਾਂਦੀ ਹੈ।

ਹਾਲਾਂਕਿ, ਬਚਣ ਵਾਲੇ ਕਈ ਬੱਚੇ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਦੇ ਨਾਲ-ਨਾਲ ਦੇਖਣ ਅਤੇ ਸਿੱਖਣ ਦੀ ਸਮਰੱਥਾ ਪ੍ਰਭਾਵਤ ਹੁੰਦੀ ਹੈ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਬੱਚਿਆਂ ਦੇ ਸਰੀਰ ਗਰਭ ਵਿੱਚ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ।

ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦਾ ਕਿਵੇਂ ਖਿਆਲ ਰੱਖਿਆ ਜਾਵੇ?

ਗਰਭ ਦੇ 24 ਹਫ਼ਤਿਆਂ ਦੇ ਕਰੀਬ ਪੈਦਾ ਹੋਏ ਬੱਚਿਆਂ ਦਾ ਬਚਣਾ ਸੰਭਵ ਹੈ ਪਰ ਉਨ੍ਹਾਂ ਨੂੰ ਵਿਸ਼ੇਸ਼ ਡਾਕਟਰੀ ਸੇਵਾਵਾਂ ਦੀ ਲੋੜ ਹੁੰਦੀ ਹੈ।

ਗਰਭ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦਾ ਕਿਵੇਂ ਖਿਆਲ ਰੱਖਿਆ ਜਾਵੇ

ਗਰਭ ਦੇ 24 ਹਫ਼ਤਿਆਂ ਦੇ ਕਰੀਬ ਪੈਦਾ ਹੋਏ ਬੱਚਿਆਂ ਦਾ ਬਚਣਾ ਸੰਭਵ ਹੈ ਪਰ ਉਨ੍ਹਾਂ ਨੂੰ ਵਿਸ਼ੇਸ਼ ਡਾਕਟਰੀ ਸੇਵਾਵਾਂ ਦੀ ਲੋੜ ਹੁੰਦੀ ਹੈ।

ਉਨ੍ਹਾਂ ਨੂੰ ਬਚਾਉਣ ਲਈ ਜਿਨ੍ਹਾਂ ਖ਼ਾਸ ਉਪਕਰਨਾਂ ਦੀ ਲੋੜ ਹੁੰਦੀ ਹੈ, ਉਹ ਹਨ:

ਇਨਕਿਊਬੇਟਰਸ (ਬਣਾਉਟੀ ਕੁੱਖ) – ਨਵਜੰਮੇ ਬੱਚਿਆਂ ਨੂੰ ਡਾਕਟਰੀ ਸੇਵਾਵਾਂ ਲਈ ਇਨ੍ਹਾਂ ਯੰਤਰਾਂ ਦੇ ਵਰਤੋਂ ਹੁੰਦੀ ਹੈ।

ਇਨ੍ਹਾਂ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਇਹ ਬੱਚੇ ਨੂੰ ਗਰਭ ਜਿਹਾ ਮਾਹੌਲ ਪ੍ਰਦਾਨ ਕਰਦੇ ਹਨ, ਅਤੇ ਨਵਜੰਮੇ ਬੱਚਿਆਂ ਨੂੰ ਵਿਕਸਿਤ ਹੋਣ ਲਈ ਸੁਰੱਖਿਅਤ ਮਾਹੌਲ ਦਿੰਦੇ ਹਨ।

ਵੈਂਟੀਲੇਟਰ – ਇਹ ਯੰਤਰ ਨਵਜੰਮੇ ਬੱਚਿਆਂ ਨੂੰ ਆਕਸੀਜਨ ਪਹੁੰਚਾਉਣ ਵਿੱਚ ਸਹਾਈ ਹੁੰਦਾ ਹੈ, ਜੋ ਆਪਣੇ ਆਪ ਸਾਹ ਨਹੀਂ ਲੈ ਸਕਦੇ।

ਮੋਨੀਟਰ – ਇਨ੍ਹਾਂ ਦੀ ਵਰਤੋਂ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ ਅਤੇ ਆਕਸੀਜਨ ਪੱਧਰ ਉੱਤੇ ਨਜ਼ਰ ਰੱਖਣ ਲਈ ਹੁੰਦੀ ਹੈ।

ਇੰਟਰਾਵੇਨੀਅਸ ਡਰਿੱਪ (ਨਾੜੀ ਰਾਹੀਂ ਤੱਤ ਸਰੀਰ ‘ਚ ਪਹੁੰਚਾਉਣੇ) ਇਸਦੀ ਵਰਤੋਂ ਦਵਾਈਆਂ ਅਤੇ ਖ਼ੁਰਾਕ ਪਹੁੰਚਾਉਣ ਲਈ ਕੀਤੀ ਜਾਂਦੀ ਹੈ।

ਫੀਡਿੰਗ ਟਿਊਬ - ਇਨ੍ਹਾਂ ਦੀ ਵਰਤੋਂ ਨਵਜੰਮੇ ਬੱਚੇ ਦੇ ਢਿੱਡ ਵਿੱਚ ਨੱਕ ਜਾਂ ਮੂੰਹ ਰਾਹੀਂ ਖ਼ੁਰਾਕ ਪਹੁੰਚਾਈ ਜਾਂਦੀ ਹੈ।

ਇਨਫਊਜ਼ਨ ਪੰਪ -ਇਨ੍ਹਾਂ ਦੀ ਵਰਤੋਂ ਖ਼ੁਰਾਕ, ਦਵਾਈਆਂ, ਤੱਤ ਜਾਂ ਖ਼ੂਨ ਨਾਲ ਸੰਬਧਤ ਤੱਤ ਪਹੁੰਚਾਉਣ ਵਿੱਚ ਹੁੰਦੀ ਹੈ।

ਨਾਭੀਨਾਲ ਕੈਥੀਟਰ – ਇਸ ਦੀ ਵਰਤੋਂ ਬੱਚੇ ਦੇ ਸਰੀਰ ਤੱਕ ਖ਼ੁਰਾਕ ਅਤੇ ਦਵਾਈਆਂ ਪਹੁੰਚਾਉਣ ਵਿੱਚ ਹੁੰਦੀ ਹੈ। ਇਸ ਦੀ ਇੱਕ ਕਿਸਮ ਦੀ ਵਰਤੋਂ ਖ਼ੂਨ ਦੇ ਦਬਾਅ (ਬਲੱਡ ਪ੍ਰੈਸ਼ਰ) ਅਤੇ ਸਰੀਰ ਵਿੱਚ ਕੁਝ ਗੈਸਾਂ ਦੇ ਹੋਰ ਪੱਧਰ ਦੀ ਜਾਂਚ ਲਈ ਹੁੰਦੀ ਹੈ।

ਕਿਵੇਂ ਵੱਧ ਸਕਦੀ ਹੈ ਬਚਣ ਦੀ ਦਰ?

ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਨੇ ਨਵੀਆਂ ਹਦਾਇਤਾਂ ਦਿੱਤੀਆਂ ਕਿ ਅਜਿਹੇ ਬੱਚੇ ਦੇ ਜਨਮ ਦੇ ਥੋੜ੍ਹੇ ਸਮੇਂ ਦੇ ਅੰਦਰ ਹੀ ਕਿਸੇ ਦੇਖਭਾਲ ਕਰਨ ਵਾਲੇ ਦੀ ਚਮੜੀ ਨਾਲ ਸੰਪਰਕ ਸ਼ੁਰੂ ਕਰਨਾ ਚਾਹੀਦਾ ਹੈ।

ਬੱਚੇ ਨੂੰ ਇਨਕਿਊਬੇਟਰ ਵਿੱਚ ਰੱਖਣ ਦੀ ਥਾਂ ਇਹ ਤਰੀਕਾ ਜਿਸਨੂੰ ਕੰਗਾਰੂ ਪੈਰੇਂਟ ਕੇਅਰ ਕਿਹਾ ਜਾਂਦਾ ਹੈ, ਜਲਦੀ ਸ਼ੁਰੂ ਕਰਨਾ ਚਾਹੀਦਾ ਹੈ।

ਇਸ ਨਾਲ ਮਾਪੇ ਅਤੇ ਬੱਚੇ ਦੋਵਾਂ ਨੂੰ ਆਰਾਮ ਮਿਲਦਾ ਹੈ। ਇਸ ਨਾਲ ਬੱਚੇ ਦੇ ਦਿਲ ਦੀ ਧੜਕਨ ਅਤੇ ਸਾਹ ਵੀ ਸਥਿਰ ਹੁੰਦਾ ਹੈ।

ਇਸ ਨਾਲ ਬੱਚੇ ਨੂੰ ਗਰਭ ਤੋਂ ਬਾਹਰ ਦੀ ਜ਼ਿੰਦਗੀ ਵਿੱਚ ਆਪਣ ਆਪ ਨੂੰ ਢਾਲਣ ਵਿੱਚ ਸਹਾਇਤਾ ਮਿਲਦੀ ਹੈ।

ਇਸ ਨਾਲ ਪਾਚਣ ਕਿਰਿਆ ਉਤੇਜਿੱਤ ਹੁੰਦੀ ਹੈ ਅਤੇ ਸਰੀਰ ਦਾ ਤਾਪਮਾਨ ਸਥਿਰ ਹੁੰਦਾ ਹੈ।

ਇਹ ਹਦਾਇਤਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਇੱਕ ਅਧਿਐਨ ਤੋਂ ਬਾਅਦ ਆਇਆ।

ਇਸ ਵਿੱਚ ਇਹ ਕਿਹਾ ਗਿਆ ਕਿ ਜੇਕਰ ਮਾਪੇ ਚਮੜੀ ਨਾਲ ਜੋੜਕੇ ਬੱਚਿਆਂ ਦੀ ਦੇਖਭਾਲ ਜਨਮ ਤੋਂ ਬਿਲਕੁਲ ਬਾਅਦ ਸ਼ੁਰੂ ਕਰਨ ਦੇ ਨਾਲ 1,50,000 ਦੇ ਕਰੀਬ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)