ਅਕਾਲ ਕੀ ਹੈ ਅਤੇ ਇਹ ਕਦੋਂ ਐਲਾਨਿਆ ਜਾਂਦਾ ਹੈ?

    • ਲੇਖਕ, ਲੌਰੈਨ ਪੌਟਸ
    • ਰੋਲ, ਬੀਬੀਸੀ ਪੱਤਰਕਾਰ

ਗਾਜ਼ਾ ਵਿੱਚ ਲੱਖਾਂ ਲੋਕ ਭੁੱਖਮਰੀ ਦੀ ਕਗ਼ਾਰ 'ਤੇ ਹਨ ਕਿਉਂਕਿ ਉਹ ਭੋਜਨ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।

ਸੰਯੁਕਤ ਰਾਸ਼ਟਰ (ਯੂਐੱਨ) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਸੂਡਾਨ ਵਿੱਚ ਚੱਲ ਰਿਹਾ ਸੰਘਰਸ਼ ਦੁਨੀਆ ਦਾ ਸਭ ਤੋਂ ਵੱਡਾ ਭੁੱਖਮਰੀ ਸੰਕਟ ਖੜ੍ਹਾ ਕਰ ਸਕਦਾ ਹੈ।

ਅਕਾਲ ਉਦੋਂ ਹੁੰਦਾ ਹੈ ਜਦੋਂ ਕਿਸੇ ਦੇਸ਼ ਵਿੱਚ ਭੋਜਨ ਦੀ ਇੰਨੀ ਕੁ ਭਾਰੀ ਕਮੀ ਹੋ ਜਾਵੇ ਅਤੇ ਉਸ ਦੇਸ਼ ਦੀ ਆਬਾਦੀ ਗੰਭੀਰ ਕੁਪੋਸ਼ਣ, ਭੁੱਖਮਰੀ ਜਾਂ ਮੌਤ ਦਾ ਸਾਹਮਣਾ ਕਰਦੀ ਹੈ।

ਸਥਿਤੀ ਆਮ ਤੌਰ 'ਤੇ ਸੰਯੁਕਤ ਰਾਸ਼ਟਰ (ਯੂਐੱਨ) ਦੁਆਰਾ ਐਲਾਨੀ ਜਾਂਦੀ ਹੈ, ਜੋ ਕਈ ਵਾਰ ਦੇਸ਼ ਦੀ ਸਰਕਾਰ ਦੇ ਨਾਲ ਮਿਲ ਕੇ ਅਤੇ ਅਕਸਰ ਹੋਰ ਕੌਮਾਂਤਰੀ ਸਹਾਇਤਾ ਸੰਸਥਾਵਾਂ ਜਾਂ ਮਾਨਵਤਾਵਾਦੀ ਏਜੰਸੀਆਂ ਦੇ ਨਾਲ ਮਿਲ ਕੇ ਐਲਾਨਦੀ ਹੈ।

ਇਹ ਸੰਯੁਕਤ ਰਾਸ਼ਟਰ ਦੇ ਪੈਮਾਨੇ, ਜਿਸ ਨੂੰ ਇੰਟਰਗ੍ਰੇਟਡ ਫੂਡ ਸਿਕਿਓਰਿਟੀ ਫੇਸ ਕਲਾਸੀਫਿਕੇਸ਼ਨ (ਆਈਪੀਸੀ) ਕਿਹਾ ਜਾਂਦਾ ਹੈ, ਦੀ ਵਰਤੋਂ ਕਰਕੇ ਫ਼ੈਸਲਾ ਕੀਤਾ ਜਾਂਦਾ ਹੈ।

ਇਹ ਦੇਸ਼ ਦੀ ਭੋਜਨ ਦੀ ਕਮੀ ਜਾਂ ਅਸੁਰੱਖਿਆ ਨੂੰ ਗੰਭੀਰਤਾ ਦੇ ਪੰਜ "ਪੜਾਆਂ" ਦੇ ਮੁਕਾਬਲੇ ਦਰਜਾ ਦਿੰਦਾ ਹੈ, ਜਿਸ ਵਿੱਚ ਅਕਾਲ ਪੰਜਵਾਂ ਅਤੇ ਸਭ ਤੋਂ ਭੈੜਾ ਮੰਨਿਆ ਜਾਂਦਾ ਹੈ।

ਪਰ ਇੱਕ ਅਕਾਲ ਨੂੰ ਅਧਿਕਾਰਤ ਤੌਰ 'ਤੇ ਐਲਾਨਣ ਲਈ, ਇੱਕ ਖ਼ਾਸ ਭੂਗੋਲਿਕ ਖੇਤਰ ਵਿੱਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ-

  • ਘੱਟੋ-ਘੱਟ 20 ਫੀਸਦ ਪਰਿਵਾਰ ਭੋਜਨ ਦੀ ਬਹੁਤ ਜ਼ਿਆਦਾ ਘਾਟ ਦਾ ਸਾਹਮਣਾ ਕਰਦੇ ਹੋਣ
  • ਘੱਟੋ-ਘੱਟ 30 ਫੀਸਦ ਬੱਚੇ ਗੰਭੀਰ ਕੁਪੋਸ਼ਣ ਤੋਂ ਪੀੜਤ ਹੋਣ
  • 10,000 ਦੀ ਆਬਾਦੀ ਵਿੱਚੋਂ ਦੋ ਬਾਲਗ਼ ਜਾਂ ਚਾਰ ਬੱਚੇ ਹਰ ਰੋਜ਼ "ਪੂਰੀ ਤਰ੍ਹਾਂ ਭੁੱਖਮਰੀ ਜਾਂ ਕੁਪੋਸ਼ਣ ਅਤੇ ਬਿਮਾਰੀ ਦੇ ਆਪਸੀ ਤਾਲਮੇਲ ਕਾਰਨ" ਮਰਦੇ ਹੋਣ

ਗਾਜ਼ਾ ਅਤੇ ਸੂਡਾਨ ਵਿੱਚ ਅਕਾਲ ਦਾ ਜੋਖ਼ਮ ਕਿਉਂ ਹੈ?

ਸੰਯੁਕਤ ਰਾਸ਼ਟਰ ਮੁਤਾਬਕ, ਉੱਤਰੀ ਗਾਜ਼ਾ ਵਿੱਚ ਅਕਾਲ ਕਗ਼ਾਰ ਦੇ ਨੇੜੇ ਪਹੁੰਚ ਗਿਆ ਹੈ ਅਤੇ ਉੱਥੇ ਅਕਾਲ ਮਾਰਚ ਅਤੇ ਮਈ 2024 ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ ਹੈ।

ਇਹ 7 ਅਕਤੂਬਰ ਦੇ ਹਮਾਸ ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਪੈਦਾ ਹੋਏ ਹਾਲਾਤ ਦਾ ਕਾਰਨ ਹੈ।

ਆਈਪੀਸੀ ਅਨੁਸਾਰ, ਅੱਧੀ ਆਬਾਦੀ, ਲਗਭਗ 11 ਲੱਖ ਲੋਕ ਭੁੱਖ ਨਾਲ ਮਰ ਰਹੇ ਹਨ। ਸਭ ਤੋਂ ਮਾੜੇ ਹਾਲਾਤ, ਜੁਲਾਈ 2024 ਤੱਕ ਬਣ ਸਕਦੇ ਹਨ ਅਤੇ ਗਾਜ਼ਾ ਦੀ ਪੂਰੀ ਆਬਾਦੀ ਅਕਾਲ ਦਾ ਸਾਹਮਣਾ ਕਰ ਸਕਦੀ ਹੈ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਗਾਜ਼ਾ ਵਿੱਚ "ਗੰਭੀਰ ਭੋਜਨ ਅਸੁਰੱਖਿਆ ਦੇ ਸਭ ਤੋਂ ਉਪਰਲੇ ਪੱਧਰ ਦਾ ਸਾਹਮਣਾ ਕਰਨ ਵਾਲੇ ਸਭ ਤੋਂ ਵੱਧ ਹਨ, ਜਿਸ ਆਈਪੀਸੀ ਪਹਿਲਕਦਮੀ ਨੇ ਕਿਸੇ ਵੀ ਖੇਤਰ ਜਾਂ ਦੇਸ਼ ਲਈ ਸ਼੍ਰੇਣੀਬੱਧ ਕੀਤਾ ਹੈ।"

ਕਿਤੇ ਹੋਰ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਸੂਡਾਨ ਵਿੱਚ ਚੱਲ ਰਹੇ ਸੰਘਰਸ਼ ਨੇ ਦੇਸ਼ ਨੂੰ "ਹਾਲ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਮਨੁੱਖੀ ਸੁਪਨੇ ਵਿੱਚੋਂ ਇੱਕ" ਵਿੱਚ ਸੁੱਟ ਦਿੱਤਾ ਹੈ, ਜਿਸ ਨਾਲ ਦੁਨੀਆ ਦੇ ਸਭ ਤੋਂ ਵੱਡੇ ਭੁੱਖਮਰੀ ਸੰਕਟ ਨੂੰ ਜਨਮ ਦੇ ਸਕਦਾ ਹੈ।

ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਿਯੂਐੱਫਪੀ) ਅਨੁਸਾਰ, ਸੂਡਾਨ ਵਿੱਚ ਲਗਭਗ 180 ਲੱਖ ਲੋਕ ਅਪ੍ਰੈਲ 2023 ਵਿੱਚ ਸ਼ੁਰੂ ਹੋਏ ਘਰੇਲੂ ਯੁੱਧ ਦੇ ਨਤੀਜੇ ਵਜੋਂ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ।

ਯੂਨੀਸੈੱਫ ਨੇ ਕਿਹਾ ਕਿ ਇਸ ਨੇ ਛੋਟੇ ਬੱਚਿਆਂ ਵਿੱਚ ਕੁਪੋਸ਼ਣ ਨੂੰ "ਸਭ ਤੋਂ ਮਾੜੇ ਅਨੁਮਾਨ ਤੋਂ ਵੀ ਪਰੇ" ਦੇਖਿਆ ਹੈ, ਇਸ ਦੇ ਨਾਲ ਹੀ ਹੈਜ਼ਾ, ਖਸਰਾ ਅਤੇ ਮਲੇਰੀਆ ਦਾ ਪ੍ਰਕੋਪ ਵੀ ਦੇਖਿਆ ਜਾ ਸਕਦਾ ਹੈ।

ਹੋਰ ਕਿਹੜੇ ਦੇਸ਼ ਅਕਾਲ ਦੇ ਖ਼ਤਰੇ ਵਿੱਚ ਹਨ?

ਹਿਊਮੈਨੀਟੈਰੀਅਨ ਆਰਗਨਾਈਜੇਸ਼ਨ ਐਕਸ਼ਨ ਅਗੇਂਸਟ ਹੰਗਰ ਦਾ ਕਹਿਣਾ ਹੈ ਕਈ ਹੋਰ ਦੇਸ਼ਾਂ ਵਿੱਚ ਵੀ "ਭੁੱਖਮਰੀ ਦਾ ਸੰਕਟ ਬੇਹੱਦ ਚਿੰਤਾਜਨਕ" ਹੈ।

ਇਨ੍ਹਾਂ ਵਿੱਚ ਅਫ਼ਗਾਨਿਸਤਾਨ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਇਥੋਪੀਆ ਦਾ ਟਿਗਰੇ ਇਲਾਕਾ, ਪਾਕਿਸਤਾਨ, ਸੋਮਾਲੀਆ, ਸੀਰੀਆ ਅਤੇ ਯਮਨ ਸ਼ਾਮਲ ਹਨ।

ਮਾਰਚ 2024 ਵਿੱਚ, ਡਬਲਿਯੂਐੱਫਪੀ ਨੇ ਚੇਤਾਵਨੀ ਦਿੱਤੀ ਸੀ ਕਿ ਹੈਤੀ "ਇੱਕ ਵਿਨਾਸ਼ਕਾਰੀ ਭੁੱਖਮਰੀ ਦੇ ਸੰਕਟ ਦੇ ਕੰਢੇ" ਸੀ।

ਹੈਤੀ, ਗੈਂਗ ਹਿੰਸਾ ਦੇ ਵਿਚਾਲੇ ਇੱਕ ਗੰਭੀਰ ਸਿਆਸੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਇੱਥੇ ਲਗਭਗ 14 ਲੱਖ ਲੋਕ ਅਕਾਲ ਦੀ ਕਗਾਰ 'ਤੇ ਖੜ੍ਹੇ ਹੋਣ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ, 30 ਲੱਖ ਇਸ ਤੋਂ ਹੇਠਲੇ ਪੱਧਰ 'ਤੇ ਹਨ। ਹੈਤੀ ਦੀ ਭੋਜਨ ਸੁਰੱਖਿਆ ਸਥਿਤੀ ਦਾ ਆਈਸੀਪੀ ਦਾ ਵਰਣਨ "ਚਿੰਤਾਜਨਕ" ਹੈ।

ਅਕਾਲ ਪੈਣ ਦਾ ਕਾਰਨ ਕੀ ਹੈ?

ਆਈਪੀਸੀ ਅਨੁਸਾਰ, ਅਕਾਲ ਅਤੇ ਅਤਿਅੰਤ ਭੋਜਨ ਸੰਕਟ ਦੇ ਕਈ ਕਾਰਨ ਹੁੰਦੇ ਹਨ, ਜੋ ਮਨੁੱਖਾਂ ਵੱਲੋਂ ਬਣਾਏ ਗਏ, ਕੁਦਰਤ ਦੁਆਰਾ ਸੰਚਾਲਿਤ, ਜਾਂ ਦੋਵਾਂ ਦੇ ਸੁਮੇਲ ਨਾਲ ਪੈਦਾ ਹੋ ਸਕਦਾ ਹੈ।

ਐਕਸ਼ਨ ਅਗੇਂਸਟ ਹੰਗਰ ਦਾ ਕਹਿਣਾ ਹੈ ਕਿ ਸੰਘਰਸ਼ "ਵਿਸ਼ਵ ਭਰ ਵਿੱਚ ਭੁੱਖਮਰੀ ਦਾ ਮੁੱਖ ਚਾਲਕ" ਹੈ।

ਸੂਡਾਨ ਵਿੱਚ, ਇਸ ਨੇ ਲੋੜੀਂਦੇ ਭੋਜਨ ਉਤਪਾਦਨ ਦੀ ਕਮੀ ਅਤੇ ਨਤੀਜੇ ਵਜੋਂ ਉੱਚੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ਵਿਚ ਚੱਲ ਰਿਹਾ ਸੰਘਰਸ਼ ਜੀਵਨ ਬਚਾਉਣ ਵਾਲੇ ਭੋਜਨ, ਬਾਲਣ ਅਤੇ ਪਾਣੀ ਦੀ ਇਲਾਕੇ ਵਿਚ ਸਪਲਾਈ ਨੂੰ ਰੋਕ ਰਿਹਾ ਹੈ।

ਆਈਪੀਸੀ ਨੇ ਉੱਤਰੀ ਗਾਜ਼ਾ ਤੱਕ ਮਾਨਵਤਾਵਾਦੀ ਸੰਗਠਨਾਂ ਦੀ "ਪਹੁੰਚ ਦੀ ਪੂਰੀ ਘਾਟ" ਨੂੰ ਦਰਸਾਇਆ ਹੈ।

ਅੰਤਰਰਾਸ਼ਟਰੀ ਬਚਾਅ ਕਮੇਟੀ (ਆਈਆਰਸੀ) ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਮੌਸਮੀ ਘਟਨਾਵਾਂ ਕਾਰਨ ਸੋਕਾ ਅਤੇ ਫ਼ਸਲਾਂ ਦੀ ਬਰਬਾਦੀ ਵਿਆਪਕ ਤੌਰ 'ਤੇ ਭੋਜਨ ਦੀ ਕਮੀ ਦਾ ਕਾਰਨ ਬਣ ਰਹੀ ਹੈ, ਖ਼ਾਸ ਕਰਕੇ ਪੂਰਬੀ ਅਫਰੀਕਾ ਵਿੱਚ।

ਅਲ ਨੀਨੋ ਨੇ ਪਹਿਲਾਂ ਹੀ ਦੱਖਣ-ਪੂਰਬੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਭੋਜਨ ਸਪਲਾਈ 'ਤੇ ਮਾੜਾ ਪ੍ਰਭਾਵ ਪਾਇਆ ਹੈ।

ਦਰਅਸਲ, ਅਲ ਨੀਨੋ ਇੱਕ ਜਲਵਾਯੂ ਪੈਟਰਨ ਜੋ ਪ੍ਰਸ਼ਾਂਤ ਮਹਾਸਾਗਰ ਵਿੱਚ ਸਤਹਿ ਦੇ ਪਾਣੀ ਦੀ ਅਸਧਾਰਨ ਤਪਸ਼ (ਵਾਰਮਿੰਗ) ਦਾ ਵਰਣਨ ਕਰਦਾ ਹੈ।

ਅਕਾਲ ਦੇ ਅਧਿਕਾਰਤ ਐਲਾਨ ਨਾਲ ਕੀ ਫਰਕ ਪੈਂਦਾ ਹੈ?

ਅਕਾਲ ਦੇ ਐਲਾਨ ਖ਼ਾਸ ਕਿਸਮ ਦੀ ਫੰਡਿੰਗ ਨੂੰ ਅਨਲੌਕ ਨਹੀਂ ਕਰਦੀ ਹੈ।

ਹਾਲਾਂਕਿ, ਇਹ ਅਕਸਰ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਸਰਕਾਰਾਂ ਵੱਲੋਂ ਵੱਡੀ ਕੌਮਾਂਤਰੀ ਪ੍ਰਕਿਰਿਆ ਨੂੰ ਛੇੜਦਾ ਹੈ, ਜੋ ਭੋਜਨ ਸਪਲਾਈ ਅਤੇ ਐਮਰਜੈਂਸੀ ਫੰਡਿੰਗ ਪ੍ਰਦਾਨ ਕਰ ਸਕਦੇ ਹਨ।

ਆਈਆਰਸੀ ਵਰਗੀਆਂ ਕੁਝ ਮਾਨਵਤਾਵਾਦੀ ਏਜੰਸੀਆਂ ਕੁਪੋਸ਼ਣ ਦਾ ਇਲਾਜ ਪ੍ਰਦਾਨ ਕਰਦੀਆਂ ਹਨ।

ਆਕਸਫੈਮ ਨੇ ਭੋਜਨ ਅਤੇ ਸਫਾਈ ਵਸਤੂਆਂ ਲਈ ਵਾਊਚਰ ਅਤੇ ਨਕਦੀ ਵੰਡਣ ਲਈ ਗਾਜ਼ਾ ਵਿੱਚ ਭਾਈਵਾਲਾਂ ਨਾਲ ਕੰਮ ਕੀਤਾ ਹੈ।

ਡਬਲਿਯੂਐੱਫਪੀ ਸੂਡਾਨ ਵਿੱਚ ਸੜਕਾਂ ਅਤੇ ਸਕੂਲਾਂ ਵਰਗੇ ਬੁਨਿਆਦੀ ਢਾਂਚਿਆਂ ਨੂੰ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ।

ਇਸ ਵਿੱਚ ਮੋਬਾਈਲ ਰਿਸਪਾਂਸ ਟੀਮਾਂ ਵੀ ਸ਼ਾਮਿਲ ਹਨ ਜੋ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਤੱਕ ਭੋਜਨ ਅਤੇ ਹੋਰ ਸਹਾਇਤਾ ਮੁਹੱਈਆਂ ਕਰਵਾਉਣ ਲਈ ਪਹੁੰਚਦੀਆਂ ਹਨ।

ਕਈ ਏਜੰਸੀਆਂ ਆਮ ਤੌਰ 'ਤੇ ਇਸ ਤੋਂ ਬਚਣ ਲਈ ਅਕਾਲ ਦੇ ਐਲਾਨ ਤੋਂ ਪਹਿਲਾਂ ਹੀ ਯੋਜਨਾ ਬਣਾਉਣਾ ਅਤੇ ਸਹਾਇਤਾ ਪ੍ਰਦਾਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਆਮ ਤੌਰ 'ਤੇ ਜਦੋਂ ਕਿਸੇ ਦੇਸ਼ ਨੂੰ ਪੜਾਅ ਤਿੰਨ ਜਾਂ ਇਸ ਤੋਂ ਉੱਪਰ ਦਾ ਦਰਸਾਇਆ ਜਾਵੇ।

ਅਕਾਲ ਕਿੱਥੇ-ਕਿੱਥੇ ਐਲਾਨੇ ਗਏ ਹਨ?

2017 ਵਿੱਚ ਆਖ਼ਰੀ ਵਾਰ ਅਧਿਕਾਰਤ ਤੌਰ 'ਤੇ ਦੱਖਣੀ ਸੂਡਾਨ ਵਿੱਚ ਅਕਾਲ ਦਾ ਐਲਾਨ ਕੀਤਾ ਗਿਆ ਸੀ।

ਉਸ ਵੇਲੇ ਉੱਥੇ ਤਕਰੀਬਨ 80,000 ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਅਤੇ ਤਿੰਨ ਸਾਲ ਦੇ ਘਰੇਲੂ ਯੁੱਧ ਤੋਂ ਬਾਅਦ ਹੋਰ ਲੱਖਾਂ ਲੋਕ ਅਕਾਲ ਦੀ ਕਗ਼ਾਰ 'ਤੇ ਖੜ੍ਹੇ ਸਨ।

ਉਸ ਵੇਲੇ, ਸੰਯੁਕਤ ਰਾਸ਼ਟਰ ਨੇ ਇਸ ਲਈ ਖੇਤੀਬਾੜੀ 'ਤੇ ਜੰਗ ਦੇ ਪ੍ਰਭਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਕਿਸਾਨਾਂ ਦੇ ਪਸ਼ੂਆਂ ਦੀ ਮੌਤ ਹੋ ਗਈ, ਫ਼ਸਲਾਂ ਦੀ ਪੈਦਾਵਾਰ ਬੁਰੀ ਤਰ੍ਹਾਂ ਘਟ ਗਈ ਅਤੇ ਮਹਿੰਗਾਈ ਵਧ ਗਈ।

ਪਿਛਲੇ ਐਲਾਨੇ ਗਏ ਅਕਾਲ ਵਿੱਚ-

  • 2011 ਵਿੱਚ ਦੱਖਣੀ ਸੋਮਾਲੀਆ
  • 2008 ਵਿੱਚ ਦੱਖਣੀ ਸੁਡਾਨ
  • 2000 ਵਿੱਚ ਇਥੋਪੀਆ ਦੇ ਸੋਮਾਲੀ ਖੇਤਰ ਵਿੱਚ ਗੋਡੇ ਸਥਾਨ
  • 1996 ਵਿੱਚ ਉੱਤਰੀ ਕੋਰੀਆ
  • 1991-1992 ਵਿੱਚ ਸੋਮਾਲੀਆ
  • 1984-1985 ਵਿੱਚ ਇਥੋਪੀਆ

1845 ਅਤੇ 1852 ਦੇ ਵਿਚਕਾਰ, ਆਇਰਲੈਂਡ ਨੂੰ ਭੁੱਖਮਰੀ, ਬਿਮਾਰੀ ਅਤੇ ਪਰਵਾਸ ਦੇ ਸਮੇਂ ਦਾ ਸਾਹਮਣਾ ਕਰਨਾ ਪਿਆ ਵੱਡੇ ਅਕਾਲ ਵਜੋਂ ਜਾਣਿਆ ਜਾਂਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਦੇਸ਼ ਦੀ ਆਲੂ ਦੀ ਖੇਤੀ ਬਿਮਾਰੀ ਨਾਲ ਨਸ਼ਟ ਹੋ ਗਈ ਸੀ, ਤਾਂ ਲਗਭਗ 10 ਲੱਖ ਲੋਕਾਂ ਦੀ ਮੌਤ ਹੋ ਗਈ ਸੀ।

ਦੇਸ਼ ਦੀ ਆਲੂ ਦੀ ਖੇਤੀ ਆਬਾਦੀ ਇੱਕ ਤਿਹਾਈ ਹਿੱਸਾ ਖੁਆਉਂਦੀ ਸੀ।

ਪਰ ਗ੍ਰੇਟ ਬ੍ਰਿਟੇਨ ਨੂੰ ਨਿਰਯਾਤ ਜਾਰੀ ਰਿਹਾ, ਜਿਸ ਨੇ ਉਸ ਸਮੇਂ ਪੂਰੇ ਟਾਪੂ 'ਤੇ ਰਾਜ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)