'ਤਨਖ਼ਾਹੀਆ' ਕਰਾਰ ਹੋਣ ਮਗਰੋਂ ਸੁਖਬੀਰ ਦਾ ਕੀ ਭਵਿੱਖ ? ਮਹਾਰਾਜਾ ਰਣਜੀਤ ਸਿੰਘ ਤੇ ਬੂਟਾ ਸਿੰਘ ਸਣੇ ਕੌਣ-ਕੌਣ ਤਨਖ਼ਾਹੀਆ ਐਲਾਨੇ ਗਏ ਸਨ

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਬਗ਼ਾਵਤ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹੇ ਜਾਣ ਦੀ ਚਾਰਾਜੋਈ ਨੇ ਬੀਤੇ ਦਿਨਾਂ 'ਚ ਅਹਿਮ ਮੋੜ ਲਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 30 ਅਗਸਤ ਨੂੰ 'ਤਨਖ਼ਾਹੀਆ' ਐਲਾਨੇ ਜਾਣ ਮਗਰੋਂ 31 ਅਗਸਤ ਨੂੰ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ।

ਇਸ ਵੇਲੇ ਉਨ੍ਹਾਂ ਨੇ ਲਿਖ਼ਤੀ ਪੱਤਰ ਵੀ ਦਿੱਤਾ।

ਇਸ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ, "ਦਾਸ ਅੱਜ ਨਿੱਜੀ ਤੌਰ 'ਤੇ ਪੇਸ਼ ਹੋ ਕੇ ਹੁਕਮਨਾਮੇ ਅਨੁਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਤੇ ਹਲੀਮੀ ਸਹਿਤ ਖ਼ਿਮਾ ਜਾਚਨਾ ਕਰਦਾ ਹੈ।"

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੰਦਿਆ ਕਿਹਾ ਸੀ ਜਦੋਂ ਤੱਕ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਓਨਾ ਚਿਰ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਐਲਾਨਿਆ ਜਾਂਦਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਿੱਚ ਰਹੇ ਸਿੱਖ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੱਤਾ ਸੀ।

ਕੀ ‘ਤਨਖ਼ਾਹੀਆ’ ਕਰਾਰ ਦਿੱਤੇ ਜਾਣ ਨਾਲ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣ ਦੀ ਦਾਅਵੇਦਾਰੀ ਨੂੰ ਢਾਹ ਲੱਗੀ ਹੈ?

ਇਤਿਹਾਸ ਵਿੱਚ ਕਿਹੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਤਨਖ਼ਾਹ ਲੱਗੀ ਹੈ ਤੇ ਇਸ ਦਾ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਕੀ ਅਸਰ ਰਿਹਾ, ਇਸ ਬਾਰੇ ਅਸੀਂ ਇਸ ਰਿਪੋਰਟ ਵਿੱਚ ਗੱਲ ਕਰਾਂਗੇ।

‘ਤਨਖ਼ਾਹੀਏ’ ਹੋਣ ਦਾ ਕੀ ਅਰਥ ਹੈ?

ਪੰਥਕ ਹਲਕਿਆਂ ਨਾਲ ਜੁੜੀਆਂ ਸ਼ਖਸ਼ੀਅਤਾਂ ਅਤੇ ਪੰਥਕ ਸਿਆਸਤ ਨਾਲ ਨੇੜਤਾ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਉਣ ਦੇਣਾ ਇੱਕ ਅਹਿਮ ਅਤੇ ਗੰਭੀਰ ਮਾਮਲਾ ਹੈ।

ਇਨ੍ਹਾਂ ਸ਼ਖਸ਼ੀਅਤਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਸਕਦਾ।

ਸਿੱਖ ਇਤਿਹਾਸਕਾਰ ਅਤੇ ਸਾਬਕਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, "ਸਿੱਖ ਧਰਮ ਦੇ ਫ਼ਲਸਫ਼ੇ ਮੁਤਾਬਿਕ ਧਾਰਮਿਕ ਅਵੱਗਿਆ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਲਗਾਈ ਜਾਂਦੀ ਧਾਰਮਿਕ ਸੇਵਾ ਨੂੰ ਤਨਖ਼ਾਹ ਕਿਹਾ ਜਾਂਦਾ ਹੈ।"

"ਧਾਰਮਿਕ ਅਵੱਗਿਆ ਤੋਂ ਬਾਅਦ ਲਾਈ ਜਾਂਦੀ ਧਾਰਮਿਕ ਸੇਵਾ ਨੂੰ ਪੂਰਾ ਕਰਨ ਵਿੱਚ ਜੇ ਕੋਈ ਵਿਅਕਤੀ ਆਨਾ ਕਾਨੀ ਕਰਦਾ ਹੈ ਤਾਂ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।"

ਉਹ ਕਹਿੰਦੇ ਹਨ, "ਸਵਾਲ ਇਹ ਨਹੀਂ ਹੈ ਕਿ ਜਿਸ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਉਹ ਕਿਸੇ ਵੱਡੇ ਅਹੁਦੇ ਉੱਪਰ ਹੈ ਜਾਂ ਛੋਟੇ। ਸਿੱਖ ਧਰਮ ਦੇ ਫਲਸਫੇ ਮੁਤਾਬਕ ਸੇਵਾ ਕਰਨਾ ਹੀ ਧਰਮ ਹੈ।"

"ਸੁਖਬੀਰ ਸਿੰਘ ਬਾਦਲ ਨੂੰ ਹੁਣ ਇੱਕ ਨਿਮਾਣੇ ਸਿੱਖ ਆਗੂ ਵਜੋਂ ਨਿਮਰਤਾ ਸਹਿਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮਿਲਣ ਵਾਲੀ ਧਾਰਮਿਕ ਸਜ਼ਾ ਨੂੰ ਪੂਰਾ ਕਰਨਾ ਚਾਹੀਦਾ ਹੈ।"

ਉਹਨਾਂ ਮੁਤਾਬਕ, "ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਨਾਲ ਪੰਜਾਬ ਦੀ ਸਿੱਖ ਸਿਆਸਤ ਦੇ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।"

"ਇਹ ਪੰਥਕ ਸਿਆਸਤ ਵਿੱਚ ਵੱਡੀਆਂ ਸਿਆਸੀ ਤਬਦੀਲੀਆਂ ਦੀ ਸੰਭਾਵਨਾ ਹੋ ਸਕਦੀ ਹੈ। ਜਦੋਂ ਕੋਈ ਦੁਨਿਆਵੀ ਅਦਾਲਤ ਕਿਸੇ ਲੀਡਰ ਨੂੰ ਸਜ਼ਾ ਸੁਣਾਉਂਦੀ ਹੈ ਤਾਂ ਉਸ ਨੂੰ ਨੈਤਿਕ ਤੌਰ ਉੱਪਰ ਅਹੁਦੇ ਤੋਂ ਲਾਂਭੇ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ।"

"ਅਜਿਹਾ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਗਈ ਧਾਰਮਿਕ ਸਜ਼ਾ ਦੇ ਸੰਦਰਭ ਵਿੱਚ ਵੀ ਕੀਤਾ ਜਾਵੇ ਤਾਂ ਇਹ ਸਹੀ ਦਿਸ਼ਾ ਵੱਲ ਕਦਮ ਹੋਵੇਗਾ।"

ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਪੰਥਕ ਹਸਤੀਆਂ ਦੀ ਰਾਇ

ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਉੱਪਰ ਪੰਥਕ ਸ਼ਖਸ਼ੀਅਤਾਂ ਨੇ ਆਪੋ-ਆਪਣੀ ਰਾਏ ਰੱਖੀ ਹੈ।

ਗਿਆਨੀ ਕੇਵਲ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਹਨ।

'ਬੀਬੀਸੀ' ਨਾਲ ਗੱਲਬਾਤ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ, " ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਦਾ ਸਾਫ਼ ਮਤਲਬ ਹੈ ਕਿ ਉਨਾਂ ਉੱਪਰ ਲੱਗੇ ਦੋਸ਼ ਸਹੀ ਹਨ।"

"ਸੁਖਬੀਰ ਸਿੰਘ ਬਾਦਲ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਪੰਥ ਅਤੇ ਸਿੱਖ ਕੌਮ ਚਾਹੁੰਦੀ ਹੈ ਕਿ ਉਹ ਤੁਰੰਤ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣ।"

"ਜੇਕਰ ਉਹ ਖੁਦ ਅਸਤੀਫ਼ਾ ਨਹੀਂ ਦਿੰਦੇ ਤਾਂ ਉਨਾਂ ਦੇ ਸਾਥੀਆਂ ਨੂੰ ਹੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।"

ਉਹ ਕਹਿੰਦੇ ਹਨ, "ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹੀਆ ਕਰਾਰ ਦੇਣਾ ਕੋਈ ਸਧਾਰਨ ਘਟਨਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਉੱਪਰ ਲੱਗੇ ਦੋਸ਼ਾਂ ਸਬੰਧੀ ਸਜ਼ਾ ਸੁਣਾਉਣ ਦੀ ਤਾਂ ਹਾਲੇ ਮੁਢਲੀ ਪ੍ਰਕਿਰਿਆ ਸ਼ੁਰੂ ਹੋਈ ਹੈ।"

"ਅਕਾਲੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪੰਥਕ ਧਿਰਾਂ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਤੌਰ ਉੱਪਰ ਜਾਣੂ ਕਰਵਾ ਚੁੱਕੀਆਂ ਹਨ।"

"ਅਜਿਹੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਵੀ ਸਿੱਖ ਸਿਧਾਂਤਾਂ ਅਤੇ ਪੰਥਕ ਭਾਵਨਾਵਾਂ ਦੇ ਮੱਦੇ ਨਜ਼ਰ ਹੀ ਹੋਣੀ ਚਾਹੀਦੀ ਹੈ।"

ਆਪਣੀ ਗੱਲ ਜਾਰੀ ਰੱਖਦੇ ਹੋਏ ਗਿਆਨੀ ਕੇਵਲ ਸਿੰਘ ਨੇ ਦੱਸਿਆ, "ਪੰਥਕ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਨੂੰ ਇਸ ਗੱਲੋਂ ਵੀ ਜਾਣੂ ਕਰਵਾਇਆ ਹੈ ਕਿ ਜੇਕਰ ਇਸ ਮਾਮਲੇ ਨੂੰ ਲੈ ਕੇ ਕੋਈ ਠੋਸ ਫੈਸਲਾ ਸਿੱਖ ਸੰਗਤ ਦੇ ਸਾਹਮਣੇ ਨਹੀਂ ਆਉਂਦਾ ਤਾਂ ਫਿਰ ਪੰਥ ਢਿੱਲੀ ਕਾਰਵਾਈ ਨੂੰ ਰੱਦ ਵੀ ਕਰਨ ਦੇ ਸਮਰੱਥ ਹੋਵੇਗਾ।"

ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤੀਆਂ ਗਈਆਂ ਅਹਿਮ ਸ਼ਖਸ਼ੀਅਤਾਂ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਨਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਅਤੇ ਇਤਿਹਾਸ ਦੇ ਜਾਣਕਾਰ ਰਜਿੰਦਰਪਾਲ ਸਿੰਘ ਕਹਿੰਦੇ ਹਨ, "ਜਦੋਂ ਮਹਾਰਾਜਾ ਰਣਜੀਤ ਸਿੰਘ ਇੱਕ ਔਰਤ ਮੋਰਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਤਾਂ ਉਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰੋਕ ਦਿੱਤਾ ਗਿਆ ਸੀ।"

"ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਨਾਂ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਇਹ ਵੱਖਰੀ ਗੱਲ ਹੈ ਕਿ ਮਹਾਰਾਜਾ ਵੱਲੋਂ ਗਲਤੀ ਮੰਨਣ ਤੋਂ ਬਾਅਦ ਉਨ੍ਹਾਂ ਦੀ ਕੋੜੇ ਮਾਰਨ ਦੀ ਸਜ਼ਾ ਬਖਸ਼ ਦਿੱਤੀ ਗਈ ਸੀ।"

ਸੰਨ 1979 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਏਕਤਾ ਦੇ ਯਤਨ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਇਨ੍ਹਾਂ ਯਤਨਾਂ ਵਿੱਚ ਸਹਿਯੋਗ ਨਹੀਂ ਕਰ ਰਹੇ ਸਨ। ਨਤੀਜੇ ਵਜੋਂ ਨਵੰਬਰ 1979 ਵਿੱਚ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ।

ਇਸੇ ਤਰ੍ਹਾਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਾਲ 1984 ਵਿੱਚ 'ਸਾਕਾ ਨੀਲਾ ਤਾਰਾ' ਤੋਂ ਬਾਅਦ ਸ਼੍ਰੋਮਣੀ ਬੁੱਢਾ ਦਲ ਦੇ ਤੱਤਕਾਲੀ ਜਥੇਦਾਰ ਸੰਤਾ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ।

ਸ੍ਰੀ ਅਕਾਲ ਤਖਤ ਸਾਹਿਬ ਦੇ ਤੱਤਕਾਲੀਨ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਲਿਖਿਆ ਗਿਆ ਸੀ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨੇ ਸਿੱਖ ਪਰੰਪਰਾਵਾਂ ਦੇ ਉਲਟ ਭਾਰਤੀ ਫੌਜਾਂ ਵੱਲੋਂ ਢਾਹੀ ਗਈ ਅਕਾਲ ਤਖਤ ਦੀ ਇਮਾਰਤ ਦੀ ਮੁਰੰਮਤ ਸ਼ੁਰੂ ਕੀਤੀ ਸੀ।

ਇਸ ਤੋਂ ਇਲਾਵਾ ਸਾਲ 1984 ਵਿੱਚ 'ਆਪਰੇਸ਼ਨ ਨੀਲਾ ਤਾਰਾ' ਸਮੇਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਤਤਕਾਲੀਨ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ।

ਉਸ ਵੇਲੇ ਗਿਆਨੀ ਕਿਰਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ।

2 ਸਤੰਬਰ 1984 ਨੂੰ ਗਿਆਨੀ ਕਿਰਪਾਲ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਸਿੱਖ ਪਰੰਪਰਾਵਾਂ ਦੇ ਉਲਟ ਬੂਟਾ ਸਿੰਘ ਨੇ ਅਕਾਲ ਤਖਤ ਦੀ ਢੱਠੀ ਹੋਈ ਇਮਾਰਤ ਦੀ ਕਾਰ ਸੇਵਾ ਪੰਥ ਵਿੱਚੋਂ ਛੇਕੇ ਹੋਏ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨੂੰ ਦਿੱਤੀ ਸੀ।

ਇਸ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਬੂਟਾ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ 'ਸਰਬੱਤ ਖਾਲਸਾ' ਦੇ ਨਾਂ ਹੇਠ ਇੱਕ ਇਕੱਠ ਸੱਦਿਆ ਸੀ, ਜੋ ਸਿੱਖ ਮਰਿਆਦਾ ਦੇ ਉਲਟ ਸੀ।

17 ਅਗਸਤ 1984 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਜਗਰਾਉਂ ਦੇ ਨਾਨਕਸਰ ਨਾਲ ਜੁੜੇ ਭਾਈ ਨਰਾਇਣ ਸਿੰਘ ਕਲੇਰਾਂ ਵਾਲੇ ਨੂੰ ਤਨਖਾਹੀਆ ਕਰਾਰ ਦਿੱਤਾ ਸੀ।

ਇਸੇ ਹੁਕਮਨਾਮੇ ਰਾਹੀਂ ਡੇਰਾ ਬਾਬਾ ਮਹਾਰਾਜ ਸਿੰਘ ਅੰਮ੍ਰਿਤਸਰ ਦੇ ਮੁਖੀ ਭਾਈ ਬਿਕਰਮਾਜੀਤ ਸਿੰਘ ਨੂੰ ਵੀ ਤਨਖਾਹੀਆ ਐਲਾਨਿਆ ਗਿਆ ਸੀ।

ਇਸੇ ਤਰ੍ਹਾਂ ਸਾਲ 1986 ਵਿੱਚ ਅੰਮ੍ਰਿਤਸਰ ਵਿਖੇ ਹੋਏ 'ਸਾਕਾ ਕਾਲੀ ਗਰਜ' ਅਧੀਨ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

1984 ਵਿੱਚ 'ਸਾਕਾ ਨੀਲਾ ਤਾਰਾ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਹੋਏ ਘਟਨਾਕ੍ਰਮ ਦੌਰਾਨ ਸਿੰਘ ਸਾਹਿਬਾਨਾਂ ਵੱਲੋਂ ਕਈ ਹੁਕਮਨਾਮੇ ਜਾਰੀ ਕੀਤੇ ਗਏ ਸਨ।

ਇਸੇ ਕੜੀ ਤਹਿਤ 11 ਸਤੰਬਰ 1984 ਨੂੰ ਤੱਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਹੁਕਮਨਾਮਾ ਜਾਰੀ ਕਰਕੇ ਸੀਨੀਅਰ ਅਕਾਲੀ ਆਗੂ ਰਛਪਾਲ ਸਿੰਘ ਦਿੱਲੀ ਅਤੇ ਜਥੇਦਾਰ ਕਰਤਾਰ ਸਿੰਘ ਟੱਕਰ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵੀ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ।

ਅਜਿਹੇ ਕੁਝ ਹੋਰ ਵੀ ਹੁਕਮਨਾਮੇ ਹਨ, ਜਿਨ੍ਹਾਂ ਰਾਹੀਂ ਕਈ ਸਿੱਖ ਆਗੂਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ ਤੇ ਜਾਂ ਫਿਰ ਪੰਥ ਵਿੱਚੋਂ ਛੇਕਿਆ ਗਿਆ ਹੈ।

'ਬਾਗੀ' ਆਗੂਆਂ ਨੇ ਮਾਫ਼ੀਨਾਮੇ ਅਤੇ ਸ਼ਿਕਾਇਤ ਪੱਤਰ ਵਿੱਚ ਕੀ ਲਿਖਿਆ ਸੀ

ਅਸਲ ਵਿੱਚ ਸੁਖਬੀਰ ਸਿੰਘ ਬਾਦਲ ਖਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਨੇ ਉਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ।

ਸੀਨੀਅਰ ਅਕਾਲੀ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਸਮੇਤ ਕੁੱਝ ਹੋਰ ਆਗੂਆਂ ਨੇ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਹੀਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮਾਫ਼ੀਨਾਮਾ ਤੇ ਸ਼ਿਕਾਇਤ ਪੱਤਰ ਦਿੱਤਾ ਸੀ

ਇਨਾਂ ਆਗੂਆਂ ਵੱਲੋਂ ਅਕਾਲ ਤਖਤ ਨੂੰ ਦਿੱਤੇ ਗਏ ਮਾਫ਼ੀਨਾਮੇ ਵਿੱਚ ਕਿਹਾ ਗਿਆ ਸੀ ਕਿ ਅਕਾਲੀ ਸਰਕਾਰ ਸਮੇਂ ਸਿੱਖ ਧਰਮ ਨੂੰ ਲੈ ਕੇ ਹੋਈਆਂ ਭੁੱਲਾਂ ਲਈ ਉਹ ਮੁਆਫ਼ੀ ਮੰਗਦੇ ਹਨ।

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਖਿਲਾਫ਼ ਦਿੱਤੀ ਗਈ ਸ਼ਿਕਾਇਤ ਵਿੱਚ 'ਬਾਗੀ' ਅਕਾਲੀ ਆਗੂਆਂ ਨੇ ਕਿਹਾ ਸੀ ਕਿ ਅਕਾਲੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਨੇ ਸੱਤਾ ਦੀ ਤਾਕਤ ਦੀ 'ਦੁਰਵਰਤੋਂ' ਕਰਕੇ ਧਾਰਮਿਕ ਅਵੱਗਿਆ' ਕੀਤੀ ਸੀ।

ਇਨਾਂ ਅਕਾਲੀ ਆਗੂਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ, "ਸਾਲ 2007 ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਾ ਕੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕੀਤਾ ਸੀ।"

ਆਗੂਆਂ ਦਾ ਕਹਿਣਾ ਸੀ, "ਇਸ ਸੰਦਰਭ ਵਿੱਚ ਪੁਲਿਸ ਵੱਲੋਂ ਗੁਰਮੀਤ ਰਾਮ ਰਹੀਮ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਅਕਾਲੀ ਸਰਕਾਰ ਸਮੇਂ ਹੀ ਇਹ ਕੇਸ ਵਾਪਸ ਲੈ ਲਿਆ ਗਿਆ ਸੀ।"

ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਾਲੇ ਅਕਾਲੀ ਵਫ਼ਦ ਨੇ ਆਪਣੀ ਇਸ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਡੇਰਾ ਮੁਖੀ ਨੂੰ ਮਾਫ਼ੀ ਦਿਵਾਈ ਸੀ।

ਇਸ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਤੋਂ ਬਾਅਦ ਅਖਬਾਰਾਂ ਵਿੱਚ ਦਿੱਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਦੇ ਇਸ਼ਤਿਹਾਰਾਂ ਦਾ ਜ਼ਿਕਰ ਵੀ ਕੀਤਾ ਸੀ।

ਸ਼ਿਕਾਇਤ ਪੱਤਰ ਵਿੱਚ ਲਿਖਿਆ ਗਿਆ ਸੀ, "ਇਸ ਤੋਂ ਇਲਾਵਾ ਜਦੋਂ 1 ਜੂਨ 2015 ਨੂੰ ਜ਼ਿਲਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਈ ਸੀ ਤਾਂ ਉਸ ਸਮੇਂ ਅਕਾਲੀ ਸਰਕਾਰ ਨੇ ਕੋਈ ਢੁਕਵਾਂ ਐਕਸ਼ਨ ਨਹੀਂ ਲਿਆ ਸੀ।"

"ਫਿਰ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਕੇ ਸੜਕਾਂ ਉੱਪਰ ਖਿਲਾਰਿਆ ਗਿਆ ਤਾਂ ਉਸ ਵੇਲੇ ਵੀ ਅਕਾਲੀ ਸਰਕਾਰ ਨੇ ਗੰਭੀਰ ਐਕਸ਼ਨ ਨਹੀਂ ਲਿਆ ਸੀ।"

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ਉੱਪਰ ਗੋਲੀ ਚਲਾਉਣ ਦੇ ਮਾਮਲੇ ਨੂੰ ਦੀ ਜਾਂਚ ਨੂੰ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ।"

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)