You’re viewing a text-only version of this website that uses less data. View the main version of the website including all images and videos.
ਡਰੱਗ ਮਾਫ਼ੀਆ ਦਾ ਪੁੱਤਰ ਜਿਸ ਨੇ ਆਪਣੇ ਵਿਆਹ ’ਚ ਗਾਣਾ ਨਾ ਗਾਉਣ ਵਾਲੇ ਸਿੰਗਰ ਦੇ ਕਤਲ ਦਾ ਹੁਕਮ ਦਿੱਤਾ
ਮੈਕਸੀਕੋ ਸਰਕਾਰ ਨੇ ਵੀਰਵਾਰ ਨੂੰ ਓਵੀਡੀਓ ਗੁਜ਼ਮੈਨ ਨੂੰ ਗ੍ਰਿਫਤਾਰ ਕੀਤਾ ਹੈ। ਉਹ ਮੈਕਸੀਕੋ ਦੇ ਡਰੱਗ ਮਾਫ਼ੀਆ "ਐਲ ਚੈਪੋ" ਗੁਜ਼ਮੈਨ ਦਾ ਪੁੱਤਰ ਹੈ। ਓਵੀਡੀਓ ਨੂੰ ਸਿਨਾਲੋਆ ਡਰੱਗ ਕਾਰਟਲ ਦੇ ਲੀਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਓਵੀਡੀਓ ਨੂੰ ਉੱਤਰੀ ਮੈਕਸਿਕੋ ਦੇ ਸ਼ਹਿਰ ਕੁਲਿਆਕਾਨ ਵਿੱਚ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ।
ਐਲ ਚੈਪੋ ਦੇ ਪੁੱਤਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ਵਿੱਚ ਹਿੰਸਾ ਵੱਧ ਗਈ ਜਿਸ ਵਿੱਚ ਸੜਕਾਂ ਜਾਮ ਹੋ ਗਈਆਂ, ਗੋਲੀਬਾਰੀ ਹੋਈ, ਵਾਹਨਾਂ ਉੱਤੇ ਫਾਇਰ ਕੀਤੇ ਗਏ, ਅੱਗ ਲਗਾਈ ਗਈ ਅਤੇ ਇੱਥੋਂ ਤੱਕ ਏਅਰੋ ਮੈਕਸੀਕੋ ਜਹਾਜ਼ ’ਤੇ ਵੀ ਗੋਲੀਆਂ ਦਾਗੀਆਂ ਗਈਆਂ।
ਮੈਕਸੀਕੋ ਦੇ ਸਿਨਾਲੋਆ ਵਿੱਚ ਇਸ ਗ੍ਰਿਫ਼ਤਾਰੀ ਤੋਂ ਬਾਅਦ ਦੰਗੇ ਭੜਕ ਗਏ ਜਿਸ ਵਿੱਚ ਤਿੰਨ ਸੁਰੱਖਿਆ ਕਰਮੀ ਵੀ ਮਾਰੇ ਗਏ।
ਓਵੀਡੀਓ ਗੁਜ਼ਮੈਨ ਲੋਪੇਜ਼ ਖ਼ੁਦ ਨੂੰ ਆਪਣੇ ਪਿਤਾ ਦੇ ਡਰੱਗ ਕਾਰਟਲ ਦਾ ਮੁਖੀ ਦੱਸਦਾ ਹੈ।
ਸਿਨਾਲੋਆ ਦੇ ਤਿੰਨ ਹਵਾਈ ਅੱਡਿਆਂ ਉੱਤੇ 100 ਤੋਂ ਵੱਧ ਉਡਾਨਾਂ ਰੱਦ ਹੋ ਗਈਆਂ ਹਨ।
ਸੂਬੇ ਦੇ ਗਵਰਨਰ ਨੇ ਕਿਹਾ ਹੈ ਕਿ 18 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।
ਕਿਵੇਂ ਹੋਈ ਗ੍ਰਿਫ਼ਤਾਰੀ
ਰੱਖਿਆ ਮੰਤਰੀ ਲੁਇਸ ਕ੍ਰੇਸੇਨਸੀਓ ਸੈਂਡੋਵਲਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਓਵੀਡੀਓ ਜਦੋਂ ਆਪਣੀ ਹਥਿਆਰਬੰਦ ਟੀਮ ਨਾਲ ਟਰੱਕ ਵਿੱਚ ਸਫ਼ਰ ਕਰ ਰਿਹਾ ਸੀ ਉਸ ਵੇਲੇ ਉਸਨੇ ਉੱਥੇ ਤਾਇਨਾਤ ਨੈਸ਼ਨਲ ਗਾਰਡਾਂ ਨੂੰ ‘‘ਹਥਿਆਰਾਂ ਨਾਲ ਗੁੱਸਾ’’ ਦਿਖਾਇਆ ਤਾਂ ਗੁਜ਼ਮੈਨ ਨੂੰ ਨਜ਼ਰਬੰਦ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਇਹ ਦੁਨੀਆ ਵਿੱਚ ਨਸ਼ਾ ਤਸਕਰੀ ਦੇ ਸਭ ਤੋਂ ਵੱਡੇ ਗਰੁੱਪਾਂ ਵਿੱਚੋਂ ਇੱਕ ਹੈ।
ਓਵੀਡੀਓ ਗੁਜ਼ਮੈਨ ਲੋਪੇਜ਼ ਨੂੰ ‘‘ਦਿ ਮਾਊਸ’’ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਓਵੀਡੀਓ ਦੇ ਪਿਤਾ ਐਲ ਚੈਪੋ ਨੂੰ ਸਾਲ 2019 ਵਿੱਚ ਡਰੱਗ ਤਸਕਰੀ ਅਤੇ ਮਨੀ ਲੌਂਡਰਿੰਗ ਦੇ ਇਲਜ਼ਾਮ ਵਿੱਚ ਦੋਸ਼ੀ ਪਾਇਆ ਗਿਆ ਸੀ।
ਐਲ ਚੈਪੋ ਅਮਰੀਕਾ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਰੱਖਿਆ ਮੰਤਰੀ ਸੈਂਡੋਵਲਸ ਨੇ ਕਿਹਾ ਕਿ ਓਵੀਡੀਓ ਗੁਜ਼ਮੈਨ ਲੋਪੇਜ਼ ਨੂੰ ਫੜਨ ਲਈ ਛੇ ਮਹੀਨੇ ਦੇ ਇੱਕ ਆਪਰੇਸ਼ਨ ਵਿੱਚ ਅਮਰੀਕੀ ਅਧਿਕਾਰੀਆਂ ਨੇ ਸਾਥ ਦਿੱਤਾ।
ਇਹ ਵੀ ਪੜ੍ਹੋ:
ਸੜਕਾਂ ਜਾਮ ਤੇ ਵਾਹਨ ਅੱਗ ਹਵਾਲੇ
ਓਵੀਡੀਓ ਦੀ ਗ੍ਰਿਫ਼ਾਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ ਬਲਾਕ ਕਰ ਦਿੱਤੀਆਂ ਗਈਆਂ ਹਨ ਅਤੇ ਵਾਹਨਾਂ ਨੂੰ ਅੱਗ ਲਗਾਈ ਗਈ ਹੈ।
ਵੀਰਵਾਰ ਦੀ ਸਵੇਰ ਏਅਰੋ ਮੈਕਸੀਕੋ ਦੇ ਇੱਕ ਜਹਾਜ਼ ਨੇ ਉਡਾਨ ਭਰਨੀ ਸੀ ਪਰ ਉਸ ਉੱਤੇ ਗੋਲੀਆਂ ਦਾਗੀਆਂ ਗਈਆਂ।
ਏਅਰੋ ਮੈਕਸੀਕੋ ਮੁਤਾਬਕ ਕਿਸੇ ਵੀ ਮੁਸਾਫ਼ਰ ਜਾਂ ਕਰਮੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਸਾਫ਼ਰ ਹੇਠਾਂ ਬੈਠ ਗਏ।
ਇੱਕ ਮੁਸਾਫ਼ਰ ਡੇਵਿਡ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, ‘‘ਅਸੀਂ ਉਡਾਨ ਭਰ ਰਹੇ ਸੀ ਤਾਂ ਸਾਨੂੰ ਜਹਾਜ਼ ਦੇ ਬਿਲਕੁਲ ਨੇੜੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਅਸੀਂ ਸਾਰੇ ਹੇਠਾਂ ਬੈਠ ਗਏ।’’
ਮੈਕਸੀਕੋ ਦੀ ਸਿਿਲ ਏਵੀਏਸ਼ਨ ਏਜੰਸੀ ਨੇ ਕਿਹਾ ਹੈ ਕਿ ਕੁਲਿਆਕਾਨ ਵਿੱਚ ਹਵਾਈ ਫੌਜ ਦੇ ਇੱਕ ਜਹਾਜ਼ ਉੱਤੇ ਵੀ ਹਮਲਾ ਹੋਇਆ।
2019 ਵਿੱਚ ਵੀ ਹੋਈ ਸੀ ਗ੍ਰਿਫ਼ਤਾਰੀ
ਮੈਕਸੀਕੋ ਦੇ ਰੱਖਿਆ ਮੰਤਰੀ ਮੁਤਾਬਕ ਓਵੀਡੀਓ ਗੁਜ਼ਮੈਨ ਲੋਪੇਜ਼ ’ਤੇ ਸਿਨਾਲੋਆ ਡਰੱਕ ਕਾਰਟਲ ਚਲਾਉਣ ਦਾ ਇਲਜ਼ਾਮ ਹੈ।
ਇਹ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਤਸਕਰੀ ਕਰਨ ਵਾਲਾ ਗਰੁੱਪ ਹੈ।
ਇਸ ਤੋਂ ਪਹਿਲਾਂ ਵੀ ਸਿਨਾਲੋਆ ਸ਼ਹਿਰ ਵਿੱਚ ਹੀ 2019 ’ਚ ਓਵੀਡੀਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵੱਧਦੀ ਹਿੰਸਾਂ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਜਲਦੀ ਹੀ ਓਵੀਡੀਓ ਨੂੰ ਛੱਡ ਦਿੱਤਾ ਗਿਆ ਸੀ।
ਲੋਕਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ
ਕੁਲਿਆਕਾਨ ਦੇ ਮੇਅਰ ਰੋਬੇਨ ਰੋਚਾ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਹੀ ਰਹਿਣ, ਸ਼ਹਿਰ ਦੀਆਂ ਕਈ ਸੜਕਾਂ ਜਾਮ ਹੋ ਗਈਆਂ ਸਨ ਅਤੇ ਕਈ ਦੁਕਾਨਾਂ ਨੂੰ ਲੁੱਟਿਆ ਗਿਆ ਸੀ।
ਰਿਪੋਰਟਾਂ ਮੁਤਾਬਕ ਵੀਰਵਾਰ ਦੁਪਹਿਰ ਤੱਕ ਸੁਰੱਖਿਆ ਬਲਾਂ ਅਤੇ ਗੈਂਗ ਵਿਚਾਲੇ ਗੋਲੀਬਾਰੀ ਜਾਰੀ ਰਹੀ।
ਸਥਾਨਕ ਪ੍ਰਸ਼ਾਸਨ ਮੁਤਾਬਕ ਸ਼ੁੱਕਰਵਾਰ ਨੂੰ ਸਿਨਾਲੋਆ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ।
ਅਮਰੀਕਾ ਵੱਲੋਂ ਵਾਂਟੇਡ ਓਵੀਡੀਓ
ਮੈਕਸੀਕੋ ਵਿੱਚ ਅਮਰੀਕੀ ਸਫ਼ਾਰਤਖ਼ਾਨੇ ਨੇ ਸਿਨਾਲੋਆ ਮਾਮਲੇ ਵਿੱਚ ਆਪਣੇ ਦੇਸ਼ ਦੇ ਨਾਗਰਿਕਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ।
ਸਫ਼ਾਰਤਖ਼ਾਨੇ ਦੇ ਕੌਂਸਲੇਟ ਨੇ ਕਿਹਾ, ‘‘ਕੁਲਿਆਕਾਨ, ਲੋਸ ਮੋਚਿਸ ਅਤੇ ਗੁਆਸੇਵ ਸੂਬਿਆਂ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਹਨ ਕੌਂਸਲੇਟ ਤੁਹਾਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਸਿਨਾਲੋਆ ਨੂੰ ਲੈਵਲ 4 – ਡੂ ਨੌਟ ਟ੍ਰੈਵਲ (ਸਫ਼ਰ ਨਾ ਕਰੋ) ਕਲਾਸੀਫਾਈ ਕੀਤਾ ਗਿਆ ਹੈ।’’
ਅਮਰੀਕਾ ਵੱਲੋਂ ਦਸੰਬਰ ਮਹੀਨੇ ਹੀ ਓਵੀਡੀਓ ਲੋਪੇਜ਼ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਮਿਲੀਅਨ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਅਮਰੀਕਾ ਮੁਤਾਬਕ ਓਵੀਡੀਓ ਅਤੇ ਉਨ੍ਹਾਂ ਦੇ ਭਰਾ ਜੋਅਕਿਉਨ ਸਿਨਾਲੋਆ ਕਾਰਟਲ (ਡਰੱਗ ਤਸਕਰੀ) ਵਿੱਚ ਹਾਈ-ਰੈਂਕਿਗ ਅਹੁਦਿਆਂ ਉੱਤੇ ਹਨ ਅਤੇ ਸਿਨਾਲੋਆ ਵਿੱਚ ਨਸ਼ੇ ਨਾਲ ਜੁੜੀਆਂ 11 ਉੱਤੇ ਨਿਗਰਾਨੀ ਰੱਖਦੇ ਹਨ। ਇਨ੍ਹਾਂ ਲੈਬਾਂ ਵਿੱਚ 1300 ਤੋਂ 2200 ਕਿੱਲੋਗ੍ਰਾਮ ਤੱਕ ਡਰੱਗ ਬਣਾਈ ਜਾਂਦੀ ਹੈ।
ਦੋਵੇਂ ਭਰਾਵਾਂ ਨੂੰ 2018 ਵਿੱਚ ਅਮਰੀਕਾ ਦੀ ਫੈਡਰਲ ਗ੍ਰਾਂਡ ਜਿਉਰੀ ਵੱਲੋਂ ਕੋਕੀਨ, ਮੈਥਾਮਫੇਟਾਮਾਈਨ ਅਤੇ ਭੰਗ ਵੰਡਣ ਦੀ ਸਾਜ਼ਿਸ਼ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਲੋਪੇਜ਼ ਬਾਰੇ ਇਹ ਵੀ ਖ਼ਬਰ ਦਿੱਤੀ ਗਈ ਹੈ ਉਸਨੇ ਕਈ ਕਤਲ ਕਰਵਾਉਣ ਦਾ ਹੁਕਮ ਦਿੱਤਾ। ਇਨ੍ਹਾਂ ਲੋਕਾਂ ਵਿੱਚ ਸੂਹ ਦੇਣ ਵਾਲੇ ਲੋਕਾਂ, ਇੱਕ ਡਰੱਗ ਤਸਕਰ ਅਤੇ ਇੱਕ ਮਸ਼ਹੂਰ ਮੈਕਸੀਕਨ ਗਾਇਕ ਦਾ ਵੀ ਨਾਂ ਸ਼ਾਮਲ ਹੈ ਜਿਸਨੇ ਉਸਦੇ ਵਿਆਹ ਵਿੱਚ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ।