ਟੈਕਸਸ ’ਚ 20 ਸਾਲ ਪੁਰਾਣੀ ਗਰਭਪਾਤ ਦੀ ਗੋਲੀ ’ਤੇ ਪਾਬੰਦੀ, ਕੀ ਹੁਣ ਇਹ ਔਰਤਾਂ ਲਈ ਸੁਰੱਖਿਅਤ ਨਹੀਂ

ਗਰਭਪਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਗਰਭਪਾਤ ਵਿਰੋਧੀ ਵਿਚਾਰਧਾਰਾ ਦਾ ਔਰਤਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
    • ਲੇਖਕ, ਰੌਬਿਨ ਲੇਵਿਨਸਨ-ਕਿੰਗ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਪਿਛਲੇ 20 ਸਾਲਾਂ ਵਿੱਚ ਅਣਗਿਣਤ ਔਰਤਾਂ ਨੇ ਗਰਭਪਾਤ ਲਈ ਮਿਫ਼ੇਪ੍ਰਿਸਟੋਨ ਨਾ ਦੀ ਦਵਾਈ ਦੀ ਵਰਤੋਂ ਕੀਤੀ ਹੈ। ਪਰ ਹੁਣ ਇੱਸ ਗੋਲੀ ਦੇ ਮੈਡੀਕਲ ਤੌਰ ’ਤੇ ਸਹੀ ਹੋਣ ਬਾਰੇ ਵਿਵਾਦ ਛਿੜ ਗਿਆ ਹੈ।

ਅਸਲ ਵਿੱਚ ਡੌਨਲਡ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਰ ਦੌਰਾਨ ਟੈਕਸਸ ਵਿੱਚ ਨਿਯੁਕਤ ਕੀਤੇ ਇੱਕ ਸੰਘੀ ਜੱਜ ਨੇ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ ਇਸ ਦਵਾਈ ਨੂੰ ਮਿਲੀ ਪ੍ਰਵਾਨਗੀ ਨੂੰ ਰੋਕਣ ਦਾ ਹੁਕਮ ਦਿੱਤਾ ਸੀ।

ਤੇ ਇਸ ਤੋਂ ਮਹਿਜ਼ ਇੱਕ ਘੰਟਾ ਬਾਅਦ ਵਾਸ਼ਿੰਗਟਨ ਰਾਜ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਚੁਣੇ ਗਏ ਜੱਜ ਨੇ ਇਸ ਦੇ ਉੱਲਟ ਫ਼ੈਸਲਾ ਸੁਣਾ ਦਿੱਤਾ।

ਇਸ ਵਿੱਚ ਹੁਕਮ ਦਿੱਤਾ ਗਿਆ ਕਿ 17 ਸੂਬਿਆਂ ਵਿੱਚ ਇਸ ਦਵਾਈ ਨੂੰ ਪਹਿਲਾਂ ਵਾਂਗ ਹੀ ਉਪਲੱਬਧ ਕਰਵਾਇਆ ਜਾਵੇਗਾ।

ਗਰਭਪਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਗਰਭਪਾਤ ਵਿਰੋਧੀ ਵਿਚਾਰਧਾਰਾ ਦਾ ਔਰਤਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਟੈਕਸਸ ਅਦਲਾਤ ਨੇ ਕੀ ਕਿਹਾ

ਇਸ ਗੋਲੀ ਨੂੰ ਅਮਰੀਕਾ ਵਿੱਚ ਇਸਤੇਮਾਲ ਲਈ ਪ੍ਰਵਾਨਗੀ ਮਿਲੀ ਨੂੰ 20 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਜ਼ਿਆਦਾਤਰ ਗਰਭਪਾਤ ਦੇ ਮਾਮਲਿਆਂ ਵਿੱਚ ਇਸੇ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ।

ਮੌਜੂਦਾ ਅਦਾਲਤ ਦੇ ਹੁਕਮ ਇਸ ਗੱਲ ਦੀ ਸੰਭਾਵਨਾ ਪੈਦਾ ਕਰਦੇ ਹਨ ਕਿ ਇਹ ਮੁੱਦਾ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਪਹੁੰਚੇਗਾ।

ਇੱਕ 67 ਪੰਨਿਆਂ ਦੇ ਫ਼ੈਸਲੇ ਵਿੱਚ, ਟੈਕਸਸ ਅਦਾਲਤ ਦੇ ਜੱਜ ਮੈਥਿਊ ਕੈਕਸਮਰੀਕ ਨੇ ਮਿਫ਼ੇਪ੍ਰਿਸਟੋਨ ਦੀ ਸੰਘੀ ਏਜੰਸੀ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ(ਐੱਫ਼ਡੀਏ) ਵਲੋਂ ਮਿਲਣ ਵਾਲੀ ਪ੍ਰਵਾਨਗੀ ਨੂੰ ਰੋਕ ਦਿੱਤਾ ਹੈ।

ਸਰਕਾਰ ਨੂੰ ਅਪੀਲ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਤੇ ਜੇ ਸਰਕਾਰ ਵਿਰੋਧ ਨਹੀਂ ਕਰਦੀ ਤਾਂ ਦਿੱਤੇ ਗਏ ਸਮੇਂ ਤੋਂ ਬਾਅਦ ਇਹ ਫ਼ੈਸਲਾ ਲਾਗੂ ਹੋ ਜਾਵੇਗਾ।

ਪਰ ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਰਾਤ ਨੂੰ ਸਪੱਸ਼ਟ ਕਰ ਦਿੱਤਾ ਕਿ ਟੈਕਸਸ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗਾ।

ਗਰਭਪਾਤ

ਤਸਵੀਰ ਸਰੋਤ, Getty Images

ਔਰਤਾਂ ’ਤੇ ਇਸ ਫ਼ੈਸਲਾ ਦਾ ਪ੍ਰਭਾਵ

ਜੱਜ ਕੈਕਸਮਰੀਕ ਦਾ ਫ਼ੈਸਲਾ ਅਮਰੀਕਾ ਦੀਆਂ ਲੱਖਾਂ ਔਰਤਾਂ ਲਈ ਡਰੱਗ ਤੱਕ ਪਹੁੰਚ ਨੂੰ ਸੀਮਤ ਕਰ ਸਕਦਾ ਹੈ।

ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਅਦਾਲਤ ਦੇ ਇਹ ਹੁਕਮ ਅਮਰੀਕਾ ਦੀ ਸਮੁੱਚੀ ਡਰੱਗ ਰੈਗੂਲੇਟਰੀ ਪ੍ਰਣਾਲੀ ਦੇ ਕੰਮਾਂ ਤੇ ਫ਼ੈਸਲਿਆਂ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰਦੇ ਹਨ।

ਇਹ ਘਟਨਾਕ੍ਰਮ, ਬੀਤੇ ਵਰ੍ਹੇ ਸੁਪਰੀਮ ਕੋਰਟ ਵਲੋਂ ਗਰਭਪਾਤ ਲਈ ਸੰਵਿਧਾਨਕ ਸੁਰੱਖਿਆ ਨੂੰ ਹਟਾਉਣ ਤੋਂ ਬਾਅਦ ਆਇਆ ਹੈ। ਇਸ ਤੋਂ ਬਾਅਦ ਗਰਭਪਾਤ ਦੇ ਤਰੀਕਿਆਂ ਬਾਰੇ ਫ਼ੈਸਲੇ ਲੈਣ ਦਾ ਅਖ਼ਤਿਆਰ ਸੂਬਿਆਂ ਨੂੰ ਮਿਲ ਗਿਆ ਸੀ ਤੇ ਅਮਰੀਕਾ ਵਿੱਚ ਵੱਖ-ਵੱਖ ਸੂਬਿਆਂ ਵਲੋਂ ਅਲੱਗ-ਅਲੱਗ ਪਾਬੰਦੀਆਂ ਲਗਾਉਣ ਦੀ ਲਹਿਰ ਸ਼ੁਰੂ ਹੋ ਗਈ ਸੀ।

ਆਪਣੇ ਫ਼ੈਸਲੇ ਵਿੱਚ, ਜੱਜ ਕੈਕਸਮੇਰੀਕ ਨੇ ਕਿਹਾ ਕਿ ਐੱਫ਼ਡੀਏ ਦੀ ਪ੍ਰਵਾਨਗੀ ਦੌਰਾਨ ਕੁਝ ਨਿਯਮਾਂ ਦੀ ਉਲੰਘਣਾ ਕੀਤੀ ਹੈ ਜੋ ਕੁਝ ਦਵਾਈਆਂ ਦੀ ਤੇਜ਼ੀ ਨਾਲ ਪ੍ਰਵਾਨਗੀ ਦੀ ਆਗਿਆ ਦਿੰਦੇ ਹਨ।

ਗਰਭਪਾਤ

ਤਸਵੀਰ ਸਰੋਤ, Getty Images

ਅਦਾਲਤੀ ਫ਼ੈਸਲੇ ’ਤੇ ਪ੍ਰਤੀਕ੍ਰਮ

2000 ਵਿੱਚ ਮਨਜ਼ੂਰੀ ਮਿਲਣ ਤੋਂ ਪਹਿਲਾਂ ਐੱਫ਼ਡੀਏ ਨੇ ਮਿਫ਼ੇਪ੍ਰਿਸਟੋਨ ਦੀ ਸਮੀਖਿਆ ਕਰਨ ਵਿੱਚ ਚਾਰ ਸਾਲ ਲਗਾਏ ਸਨ।

ਜੱਜ ਨੇ ਇਹ ਵੀ ਕਿਹਾ ਕਿ ਐੱਫ਼ਡੀਏ ਮਿਫ਼ੇਪ੍ਰਿਸਟੋਨ ਦੇ ‘ਮਨੋਵਿਗਿਆਨਕ ਪ੍ਰਭਾਵਾਂ’ ਅਤੇ ਇਸਦੇ ਸੁਰੱਖਿਆ ਰਿਕਾਰਡ 'ਤੇ ਵਿਚਾਰ ਕਰਨ ਵਿੱਚ ਅਸਫ਼ਲ ਰਿਹਾ ਹੈ।

ਜੱਜ ਦੀ ਕਾਨੂੰਨੀ ਰਾਏ ਸੀ ਕਿ, "ਐੱਫ਼ਡੀਏ ਦੀ ਦਵਾਈ ਦੇ ਪ੍ਰਭਾਵਾਂ ਬਾਰੇ ਪੜਤਾਲ ਕਰਦੇ ਰਹਿਣ ਵਿੱਚ ਹੋਈ ਅਸਫ਼ਲਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨਾ ਹੀ ਇਸ ਨੂੰ ਘੱਟ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।"

ਐੱਫ਼ਡੀਏ ਅਮੈਰੀਕਨ ਕਾਲਜ ਆਫ਼ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜਿਸਟਸ ਅਤੇ ਹੋਰ ਮੁੱਖ ਧਾਰਾ ਦੀਆਂ ਮੈਡੀਕਲ ਸੰਸਥਾਵਾਂ ਦਾ ਕਹਿਣਾ ਹੈ ਕਿ ਮਿਫ਼ੇਪ੍ਰਿਸਟੋਨ ਗਰਭਪਾਤ ਲਈ ਇੱਕ ਸੁਰੱਖਿਅਤ ਦਵਾਈ ਹੈ।

ਜਾਰਜੀਆ ਸਟੇਟ ਯੂਨੀਵਰਸਿਟੀ ਕਾਲਜ ਆਫ਼ ਲਾਅ ਦੇ ਸਹਾਇਕ ਪ੍ਰੋਫ਼ੈਸਰ ਐਲੀਸਨ ਵ੍ਹੀਲਨ, ਐੱਫ਼ਡੀਏ ਵਲੋਂ ਇਸ ਦਵਾਈ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਹੱਕ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤੀ ਕਾਰਵਾਈ ‘ਅਣਜੰਮੇ ਮਨੁੱਖਾਂ’ ਦੀ ਗੱਲ ਕਰਦੀ ਹੈ ਨਾਂ ਕਿ ‘ਭਰੂਣ’ ਦੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੱਜ ਕਾਕਸਮਰੀਕ ਦੇ ਫ਼ੈਸਲੇ ਨੂੰ ਪ੍ਰੇਰਿਤ ਕਰਨ ਵਾਲੀ ਸਿਆਸਤ ਅਤੇ ਵਿਚਾਰਧਾਰਾ ਨੂੰ ਗਰਭਪਾਤ ਵਿਰੋਧੀ ਭਾਸ਼ਾਂ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ।"

"ਉਹ ਆਪਣੇ ਸਿੱਟੇ ਦਾ ਸਮਰਥਨ ਕਰਨ ਲਈ ਉਨ੍ਹਾਂ ਅਧਿਐਨਾਂ ਦਾ ਹਵਾਲਾ ਦਿੰਦੇ ਹਨ ਜੋ ਕਹਿੰਦੇ ਹਨ ਕਿ ਗਰਭਪਾਤ ਅਸੁਰੱਖਿਅਤ ਹਨ ਜਾਂ ਗਰਭਪਾਤ ਕਰਵਾਉਣ ਵਾਲਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਇਸ ਸਭ ਨੂੰ ਉਲਟਾਉਣ ਵਾਲੇ ਹਵਾਲਿਆਂ ਨੂੰ ਨਜ਼ਰਅੰਦਾਜ ਕਰਦੇ ਹਨ।"

BBC

ਮਿਫ਼ੇਪ੍ਰਿਸਟੋਨ ਕੀ ਹੈ ਤੇ ਕੀ ਇਹ ਸੁਰੱਖਿਅਤ ਹੈ?

  • ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਗਰਭ ਅਵਸਥਾ ਨੂੰ ਖ਼ਤਮ ਕਰਨ ਲਈ ਦੋ-ਗੋਲੀਆਂ ਦੀ ਸਿਫ਼ਾਰਿਸ਼ ਕਰਦਾ ਹੈ।
  • ਪਹਿਲੀ ਖੁਰਾਕ, ਮਿਫ਼ੇਪ੍ਰਿਸਟੋਨ ਅਸਰਦਾਰ ਤਰੀਕੇ ਨਾਲ ਗਰਭ ਅਵਸਥਾ ਨੂੰ ਰੋਕਦੀ ਹੈ, ਜਦੋਂ ਕਿ ਦੂਜੀ ਦਵਾਈ, ਮਿਸੋਪ੍ਰੋਸਟੋਲ, ਬੱਚੇਦਾਨੀ ਨੂੰ ਖਾਲੀ ਕਰਦੀ ਹੈ।
  • ਅਮਰੀਕਾ ਨੇ ਪਹਿਲੀ ਵਾਰ ਸਤੰਬਰ 2000 ਵਿੱਚ ਸੱਤ ਹਫ਼ਤਿਆਂ ਤੱਕ ਦੇ ਗਰਭ ਨੂੰ ਖ਼ਤਮ ਕਰਨ ਲਈ ਇਸ ਦਵਾਈ ਨੂੰ ਪ੍ਰਵਾਨਗੀ ਦਿੱਤੀ ਸੀ।
  • 2016 ਵਿੱਚ, ਇਸਦੀ ਪ੍ਰਵਾਨਿਤ ਵਰਤੋਂ ਨੂੰ ਗਰਭ ਅਵਸਥਾ ਦੇ ਦਸ ਹਫ਼ਤਿਆਂ ਤੱਕ ਵਧਾ ਦਿੱਤਾ ਗਿਆ ਸੀ।
  • 20 ਸਾਲਾਂ ਤੋਂ ਵੱਧ ਵਰਤੋਂ ਲਈ, ਐੱਫਡੀਏ, ਅਮੈਰੀਕਨ ਕਾਲਜ ਆਫ਼ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜਿਸਟਸ ਅਤੇ ਹੋਰ ਮੁੱਖ ਧਾਰਾ ਦੀਆਂ ਮੈਡੀਕਲ ਸੰਸਥਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਮਿਫ਼ੇਪ੍ਰਿਸਟੋਨ ਅਤੇ ਮਿਸਾਪ੍ਰੋਸਟੋਲ ਦੋਵੇਂ ਦਵਾਈਆਂ ਸੁਰੱਖਿਅਤ ਹਨ।
  • ਅਮਰੀਕੀ ਅਧਿਐਨਾਂ ਮੁਤਾਬਕ ਦੋ-ਪੜਾਅ ਵਾਲੀ ਦਵਾਈ ਪ੍ਰਣਾਲੀ ਗਰਭ ਅਵਸਥਾ ਨੂੰ ਖਤਮ ਕਰਨ ਵਿੱਚ ਲਗਭਗ 95% ਪ੍ਰਭਾਵਸ਼ਾਲੀ ਹੈ ।
  • ਗਰਭਪਾਤ ਵਿਰੋਧੀ ਪ੍ਰਚਾਰਕਾਂ ਨੇ ਕਿਹਾ ਹੈ ਕਿ ਗਰਭਪਾਤ ਦੀ ਦਵਾਈ, ਜਿਸ ਨੂੰ ਉਹ ‘ਰਸਾਇਣਕ ਗਰਭਪਾਤ’ ਕਹਿੰਦੇ ਹਨ, ਜੋਖ਼ਮ ਭਰਪੂਰ ਅਤੇ ਬੇਅਸਰ ਹੈ, ਪਰ ਉਨ੍ਹਾਂ ਦੇ ਵਿਆਪਕ ਨੁਕਸਾਨ ਦੇ ਦਾਅਵਿਆਂ ਨੂੰ ਪ੍ਰਮੁੱਖ ਡਾਕਟਰੀ ਸੰਸਥਾਵਾਂ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਅਤੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਵਾਨ ਨਹੀਂ ਦਿੱਤਾ ਜਾਂਦਾ ਹੈ।
BBC

ਕੁਝ ਸੂਬਿਆਂ ਵਿੱਚ ਵਿਕਦੀ ਰਹੇਗੀ ਦਵਾਈ

ਇਸੇ ਦੌਰਾਨ, ਅਲਾਇੰਸ ਡਿਫੈਂਡਿੰਗ ਫ੍ਰੀਡਮ, ਇੱਕ ਰੂੜੀਵਾਦੀ ਈਸਾਈ ਸਮੂਹ ਜੋ ਕਿ ਭਾਈਚਾਰੇ ਦੀ ਕਾਨੂੰਨੀ ਪੱਖ ਤੋਂ ਮਦਦ ਕਰਦਾ ਹੈ ਨੇ ਟੈਕਸਸ ਦੇ ਇਸ ਫ਼ੈਸਲੇ ਨੂੰ ਔਰਤਾਂ ਅਤੇ ਡਾਕਟਰਾਂ ਲਈ ‘ਇੱਕ ਮਹੱਤਵਪੂਰਨ ਜਿੱਤ’ ਕਿਹਾ ਹੈ।

ਇੱਕ ਹੋਰ ਗਰਭਪਾਤ ਵਿਰੋਧੀ ਸਮੂਹ, ਮਾਰਚ ਫ਼ਾਰ ਲਾਈਫ਼ ਦੇ ਪ੍ਰਧਾਨ, ਜੀਨ ਮੈਨਸੀਨੀ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਔਰਤਾਂ ਅਤੇ ਕੁੜੀਆਂ ਲਈ ਇੱਕ ਵੱਡਾ ਕਦਮ ਦੱਸਿਆ ਹੈ।

ਪਰ ਟੈਕਸਸ ਦੇ ਫ਼ੈਸਲੇ ਤੋਂ ਇੱਕ ਘੰਟੇ ਬਾਅਦ ਹੀ ਇੱਕ ਹੋਰ ਸੰਘੀ ਜੱਜ, ਜੋ ਕਿ ਵਾਸ਼ਿੰਗਟਨ ਸੂਬੇ ਵਿੱਚ ਹੈ, ਨੇ ਇੱਕ ਅਲੱਗ ਕੇਸ ਦੀ ਸੁਣਵਾਈ ਦੌਰਾਨ 31 ਪੰਨਿਆਂ ਦਾ ਫ਼ੈਸਲਾ ਸੁਣਾਇਆ ਜੋ ਇਸ ਤੋਂ ਬਿਲਕੁਲ ਉੱਲਟ ਸੀ।

ਵਾਸ਼ਿੰਗਟਨ ਦੇ ਇਸ ਜੱਜ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਕੀਤੀ ਗਈ ਸੀ।

ਇਸ ਮਾਮਲੇ ਵਿੱਚ ਸੂਬੇ ਦੇ ਬਾਜ਼ਾਰਾਂ ਵਿੱਚ ਇਸ ਡਰੱਗ ਦੀ ਵਿਕਰੀ ਨੂੰ ਪ੍ਰਵਾਣਗੀ ਦਿੱਤੀ ਗਈ ਹੈ।

ਵਾਸ਼ਿੰਗਟਨ ਦੇ ਅਟਾਰਨੀ ਜਨਰਲ ਬੌਬ ਫਰਗੂਸਨ ਨੇ ਜਵਾਬੀ ਫੈਸਲੇ ਨੂੰ ‘ਵੱਡੀ ਜਿੱਤֹ’ ਕਿਹਾ।

ਮੈਸੇਚਿਉਸੇਟਸ ਡੈਮੋਕਰੇਟਿਕ ਸੈਨੇਟਰ ਐਲਿਜ਼ਾਬੈਥ ਵਾਰਨ ਨੇ ਟੈਕਸਸ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ,"ਅਸੀਂ ਇੱਕ ਸੱਜੇ ਪੱਖੀ ਕੱਟੜਪੰਥੀਆਂ ਦੇ ਸਮੂਹ ਨੂੰ ਔਰਤਾਂ, ਉਨ੍ਹਾਂ ਦੇ ਡਾਕਟਰਾਂ ਅਤੇ ਵਿਗਿਆਨੀਆਂ ਉੱਤੇ ਹਾਵੀ ਨਹੀਂ ਹੋਣ ਦੇ ਸਕਦੇ।"

ਗਰਭਪਾਤ

ਤਸਵੀਰ ਸਰੋਤ, Getty Images

ਮਿਫ਼ੇਪ੍ਰਿਸਟੋਨ ਕੀ ਹੈ?

ਮਿਫ਼ਾਪ੍ਰਿਸਟੋਨ, ਦੋ-ਦਵਾਈਆਂ ਦੀ ਵਿਧੀ ਦਾ ਹਿੱਸਾ ਜੋ ਗਰਭਪਾਤ ਲਈ ਇਸਤੇਮਾਲ ਕੀਤੀ ਜਾਂਦੀਆਂ ਹਨ।

ਇੱਕ ਦਵਾਈ ਗਰਭ ਅਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਦੀ ਹੈ, ਜਦੋਂ ਕਿ ਦੂਜੀ ਦਵਾਈ, ਮਿਸੋਪ੍ਰੋਸਟੋਲ, ਬੱਚੇਦਾਨੀ ਨੂੰ ਸਾਫ਼ ਯਾਨੀ ਖ਼ਾਲੀ ਕਰਨ ਵਿੱਚ ਮਦਦ ਕਰਦੀ ਹੈ।

ਇਸ ਨੂੰ ਪਹਿਲੀ ਵਾਰ ਸੱਤ ਹਫ਼ਤਿਆਂ ਤੱਕ ਦੀ ਗਰਭ ਅਵਸਥਾ ਨੂੰ ਖ਼ਤਮ ਕਰਨ ਲਈ ਵਰਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ।

2016 ਵਿੱਚ, ਇਸ ਦੀ ਪ੍ਰਵਾਨਿਤ ਵਰਤੋਂ ਨੂੰ ਗਰਭ ਅਵਸਥਾ ਦੇ 10 ਹਫ਼ਤਿਆਂ ਤੱਕ ਵਧਾ ਦਿੱਤਾ ਗਿਆ ਸੀ।

ਮਿਫ਼ੇਪ੍ਰਿਸਟੋਨ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਗਰਭਪਾਤ ਅਤੇ ਕੁਸ਼ਿੰਗ ਸਿੰਡਰੋਮ, ਇੱਕ ਹਾਰਮੋਨ-ਸਬੰਧਤ ਸਥਿਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)