ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਗਲ਼ ਵਿੱਚ ਰੱਸੀ ਪਾ ਕੇ ਕੁੱਤੇ ਵਾਂਗ ਪਰੇਡ ਕਰਵਾਉਣ ਵਾਲੇ ਵਾਇਰਲ ਵੀਡੀਓ ਦਾ ਕੀ ਹੈ ਸੱਚ

    • ਲੇਖਕ, ਸੇਵਿਯਰ ਸੇਲਵਾਕੁਮਾਰ
    • ਰੋਲ, ਬੀਬੀਸੀ ਤਮਿਲ

ਕੇਰਲ ਦੇ ਕੋਚੀ ਵਿੱਚ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਗਰਦਨ 'ਤੇ ਪਟਾ ਬੰਨ੍ਹ ਕੇ, ਜ਼ਮੀਨ 'ਤੇ ਗੋਡਿਆਂ ਭਾਰ ਬੈਠਣ ਲਈ ਮਜਬੂਰ ਕਰਨ ਵਾਲਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨਾਲ ਹੰਗਾਮਾ ਮਚ ਗਿਆ ਹੈ।

ਕੋਚੀ ਦੇ ਪੇਰੂਮਬਾਓਰ ਦੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਉਸੇ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਵੀਡੀਓ ਨੂੰ ਸਰਕੂਲੇਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਇਸ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਸੇਲ ਟਾਰਗੇਟ ਪੂਰਾ ਨਾ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ।

ਵੀਡੀਓ ਵਿੱਚ ਇੱਕ ਨੌਜਵਾਨ ਨੂੰ ਰੱਸੀ ਨਾਲ ਘੜੀਸਦੇ ਹੋਏ ਦਿਖਾਇਆ ਗਿਆ ਹੈ। ਉਸਨੂੰ ਕੁੱਤੇ ਵਾਂਗ ਭੌਂਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਵਾਇਰਲ ਹੋਇਆ ਵੀਡੀਓ

ਇਸ ਵੀਡੀਓ ਨੂੰ ਦੇਸ਼ ਭਰ ਦੇ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦੇਖਿਆ। ਇਸ ਤੋਂ ਬਾਅਦ, ਕੇਰਲ ਦੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਕੇਰਲ ਦੇ ਰਾਜ ਯੁਵਾ ਕਮਿਸ਼ਨ ਨੇ ਇਸ 'ਤੇ ਕੇਸ ਦਰਜ ਕਰਵਾਇਆ ਹੈ।

ਕੇਰਲ ਰਾਜ ਯੁਵਾ ਕਮਿਸ਼ਨ ਦੇ ਚੇਅਰਮੈਨ ਸ਼ਾਜਰ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਕਿਸੇ ਵੀ ਸੱਭਿਅਕ ਸਮਾਜ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਕੇਰਲ ਦੇ ਕਿਰਤ ਮੰਤਰੀ ਸਿਵਨਕੁੱਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਰਤ ਵਿਭਾਗ ਦੇ ਅਧਿਕਾਰੀ ਤੋਂ ਰਿਪੋਰਟ ਮੰਗੀ ਗਈ ਹੈ।

ਚਾਰ ਮਹੀਨੇ ਪੁਰਾਣੀ ਘਟਨਾ

ਵਾਇਰਲ ਵੀਡੀਓ ਵਿੱਚ ਜਿਸ ਵਿਅਕਤੀ ਨੂੰ ਰੱਸੀ ਨਾਲ ਕੁੱਤੇ ਵਾਂਗ ਘੜੀਸਦੇ ਦਿਖਾਇਆ ਗਿਆ ਸੀ, ਉਨ੍ਹਾਂ ਨੇ ਵੀ ਆਪਣੀ ਗੱਲ ਰੱਖੀ ਹੈ।

ਉਨ੍ਹਾਂ ਕਿਹਾ, "ਮੈਂ ਅਜੇ ਵੀ ਉਸ ਕੰਪਨੀ ਵਿੱਚ ਕੰਮ ਕਰ ਰਿਹਾ ਹਾਂ। ਇਹ ਫੁਟੇਜ ਕੁਝ ਮਹੀਨੇ ਪਹਿਲਾਂ, ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਲਈ ਗਈ ਸੀ। ਬਾਅਦ ਵਿੱਚ ਪ੍ਰਬੰਧਨ ਨੇ ਉਸ ਵਿਅਕਤੀ ਨੂੰ ਅਸਤੀਫਾ ਦੇਣ ਲਈ ਕਿਹਾ ਅਤੇ ਹੁਣ ਉਹ ਕੰਪਨੀ ਦੇ ਮਾਲਕ ਨੂੰ ਬਦਨਾਮ ਕਰਨ ਲਈ ਇਸ ਵੀਡੀਓ ਦੀ ਵਰਤੋਂ ਕਰ ਰਿਹਾ ਹੈ।"

ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਏਰਨਾਕੁਲਮ ਜ਼ਿਲ੍ਹਾ ਕਿਰਤ ਭਲਾਈ ਅਧਿਕਾਰੀ ਵਿਨੋਦ ਕੁਮਾਰ ਨੇ ਕਿਹਾ ਕਿ 'ਸੰਬੰਧਿਤ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਲਿਆ ਗਿਆ ਇਹ ਵੀਡੀਓ ਫਰਜ਼ੀ ਸੀ।'

ਉਨ੍ਹਾਂ ਕਿਹਾ, "ਜਿਸ ਵਿਅਕਤੀ ਨੇ ਇਹ ਵੀਡੀਓ ਪੋਸਟ ਕੀਤਾ ਹੈ, ਉਹ ਹੁਣ ਉੱਥੇ ਕੰਮ ਨਹੀਂ ਕਰਦਾ। ਉਸਨੇ ਬਦਲਾ ਲੈਣ ਦੇ ਇਰਾਦੇ ਨਾਲ ਇਹ ਵੀਡੀਓ ਜਾਰੀ ਕੀਤਾ ਹੈ। ਜਿਸ ਕਰਮਚਾਰੀ ਨੂੰ ਪੀੜਤ ਮੰਨਿਆ ਜਾ ਰਿਹਾ ਹੈ, ਉਹ ਅਜੇ ਵੀ ਉਸੇ ਕੰਪਨੀ ਵਿੱਚ ਕੰਮ ਕਰ ਰਿਹਾ ਹੈ।''

''ਮੈਂ ਉੱਥੇ ਦੇ ਸਾਰੇ ਕਰਮਚਾਰੀਆਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਹੈ ਅਤੇ ਕਿਰਤ ਭਲਾਈ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ। ਉੱਥੋਂ, ਇਹ ਰਿਪੋਰਟ ਕੇਰਲ ਸਰਕਾਰ ਨੂੰ ਭੇਜੀ ਜਾਵੇਗੀ।"

ਕਿਰਤ ਭਲਾਈ ਅਧਿਕਾਰੀ ਵਿਨੋਦ ਕੁਮਾਰ ਨੇ ਕਿਹਾ, "ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਇਹ ਲੋਕ ਹਰ ਰੋਜ਼ ਘਰ-ਘਰ ਜਾਂਦੇ ਹਨ ਅਤੇ ਕੁਝ ਘਰੇਲੂ ਸਮਾਨ ਵੇਚਦੇ ਹਨ। ਉਨ੍ਹਾਂ ਨੂੰ ਵਿਕਰੀ ਦੇ ਆਧਾਰ 'ਤੇ ਕਮਿਸ਼ਨ ਦਿੱਤਾ ਜਾਂਦਾ ਹੈ। ਇਸ ਲਈ, ਇਹ ਕਹਿਣਾ ਸਹੀ ਨਹੀਂ ਹੈ ਕਿ ਉਨ੍ਹਾਂ ਨੂੰ ਵਿਕਰੀ ਟੀਚੇ ਨੂੰ ਪੂਰਾ ਨਾ ਕਰਨ ਲਈ ਸਜ਼ਾ ਦਿੱਤੀ ਗਈ ਸੀ।"

ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਵਿਰੁੱਧ ਐਫਆਈਆਰ ਦਰਜ

ਦੂਜੇ ਪਾਸੇ, ਸਥਾਨਕ ਪੁਲਿਸ ਨੇ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਵਾਲੇ ਕੰਪਨੀ ਦੇ ਸਾਬਕਾ ਮੈਨੇਜਰ ਵਿਰੁੱਧ ਆਈਪੀਸੀ ਦੀ ਧਾਰਾ 74 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਪੇਰੂਮਬਾਓਰ ਸਰਕਲ ਇੰਸਪੈਕਟਰ ਸੂਪੀ ਨੇ ਕਿਹਾ, "ਵਾਇਰਲ ਵੀਡੀਓ ਨੂੰ ਮਜ਼ਾਕ ਦੇ ਤੌਰ 'ਤੇ ਲਿਆ ਗਿਆ ਸੀ।''

''ਉੱਥੇ ਪਹਿਲਾਂ ਕੰਮ ਕਰਨ ਵਾਲੇ ਇੱਕ ਮੈਨੇਜਰ ਨੇ ਬਦਲਾ ਲੈਣ ਦੇ ਇਰਾਦੇ ਨਾਲ ਇਹ ਵੀਡੀਓ ਬਣਾਈ ਅਤੇ ਇਸਨੂੰ ਗਲਤ ਜਾਣਕਾਰੀ ਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਜਦੋਂ ਉਹ ਇਸ ਕੰਪਨੀ ਵਿੱਚ ਸੀ, ਉਸ ਵੇਲੇ ਉਸਦੇ ਅਤੇ ਕੰਪਨੀ ਪ੍ਰਬੰਧਨ ਵਿਚਕਾਰ ਕੁਝ ਵਿਵਾਦ ਸੀ।"

ਸਰਕਲ ਇੰਸਪੈਕਟਰ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਖੁਦ ਕਿਹਾ ਕਿ ਉਸਨੂੰ ਅਜਿਹੀ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸੇ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਵੀਡੀਓ ਪੋਸਟ ਕਰਨ ਵਾਲੇ ਕੋਝੀਕੋਡ ਦੇ ਸਾਬਕਾ ਮੈਨੇਜਰ ਵਿਰੁੱਧ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਕੰਪਨੀ ਦੇ ਕਿਸੇ ਵੀ ਕਰਮਚਾਰੀ ਨੇ ਹੁਣ ਤੱਕ ਦੁਰਵਿਵਹਾਰ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਸਰਕਲ ਇੰਸਪੈਕਟਰ ਸੂਪੀ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਸ਼ਿਕਾਇਤ ਵਿੱਚ ਦੱਸੀ ਗਈ ਘਟਨਾ ਨੂੰ ਕਈ ਮਹੀਨੇ ਹੋ ਗਏ ਹਨ, ਇਸ ਲਈ ਤੁਰੰਤ ਗ੍ਰਿਫ਼ਤਾਰੀ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਮਾਮਲੇ ਵਿੱਚ ਕਾਨੂੰਨੀ ਸਲਾਹ ਮੰਗੀ ਗਈ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)