You’re viewing a text-only version of this website that uses less data. View the main version of the website including all images and videos.
'ਜੇ ਤੂੰ ਪੈਸੇ ਨਹੀਂ ਦਿੱਤੇ, ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ,' ਔਨਲਾਈਨ ਗੇਮ ਰਾਹੀਂ ਇੱਕ ਕੁੜੀ ਨੂੰ ਕੀਤਾ ਬਲੈਕਮੇਲ, ਜੇ ਅਜਿਹੀ ਸਥਿਤੀ 'ਚ ਫਸ ਜਾਈਏ ਤਾਂ ਕੀ ਕੀਤਾ ਜਾਵੇ
- ਲੇਖਕ, ਭਾਗਿਆਸ਼੍ਰੀ ਰਾਉਤ
- ਰੋਲ, ਬੀਬੀਸੀ ਮਰਾਠੀ ਲਈ
ਸਾਈਬਰ ਅਪਰਾਧ ਦੀਆਂ ਕਈ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸਾਈਬਰ ਅਪਰਾਧ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ, ਕਿਉਂਕਿ ਇਹ ਨਾ ਸਿਰਫ਼ ਵਿੱਤੀ ਤੌਰ 'ਤੇ ਵਿਅਕਤੀ ਨੂੰ ਹਾਨੀ ਪਹੁੰਚਾਉਂਦਾ ਹੈ ਸਗੋਂ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਬਣਦਾ ਹੈ।
ਮੋਬਾਈਲ ਫੋਨਾਂ ਦੀ ਵਿਆਪਕ ਵਰਤੋਂ ਕਾਰਨ ਵੀ ਅਜਿਹੇ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ।
ਇਸ ਦੇ ਨਾਲ ਹੀ, ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੇ ਨੌਜਵਾਨ ਹੋ ਰਹੇ ਬੱਚੇ ਮੋਬਾਈਲ ਫੋਨਾਂ ਦਾ ਵਧੇਰੇ ਇਸਤੇਮਾਲ ਕਰਦੇ ਹਨ, ਉਹ ਵੀ ਇਨ੍ਹਾਂ ਸਾਇਬਰ ਅਪਰਾਧਾਂ ਦਾ ਸ਼ਿਕਾਰ ਹੁੰਦੇ ਹਨ ਜਾਂ ਇਸ ਦੀ ਸੰਭਾਵਨਾ ਵੱਧ ਰਹਿੰਦੀ ਹੈ।
ਹਾਲਾਂਕਿ ਬੱਚੇ ਸਿਰਫ਼ ਗੇਮਾਂ ਖੇਡਣ ਲਈ ਮੋਬਾਈਲ ਇਸਤੇਮਾਲ ਨਹੀਂ ਕਰਦੇ। ਉਹ ਵੀਡੀਓ ਦੇਖਣ ਅਤੇ ਪੜ੍ਹਾਈ ਲਈ ਵੀ ਮੋਬਾਈਲ ਦਾ ਇਸਤੇਮਾਲ ਕਰਦੇ ਹਨ।
ਪਰ ਹਾਂ, ਬਹੁਤ ਸਾਰੇ ਬੱਚੇ ਆਪਣੇ ਮਨੋਰੰਜਨ ਲਈ ਆਪਣੇ ਮੋਬਾਈਲ ਫੋਨਾਂ 'ਤੇ ਗੇਮਾਂ ਵੀ ਖੇਡਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੇਮਾਂ ਔਨਲਾਈਨ ਹਨ ਅਤੇ ਇਸੇ ਕਰਕੇ ਇਹ ਵੱਡੇ ਹੋ ਰਹੇ ਮੁੰਡੇ ਅਤੇ ਕੁੜੀਆਂ ਇਸ ਵਿੱਚ ਸ਼ਾਮਲ ਹੋ ਜਾਂਦੇ ਹਨ।
ਸਾਈਬਰ ਅਪਰਾਧੀ ਅਜਿਹੇ ਔਨਲਾਈਨ ਗੇਮ ਖਿਡਾਰੀਆਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ ਅਤੇ ਉਨ੍ਹਾਂ ਨਾਲ ਧੋਖਾਧੜੀ ਅਤੇ ਬਲੈਕਮੇਲ ਕਰਕੇ ਪੈਸੇ ਵਸੂਲਦੇ ਹਨ। ਇਸ ਲਈ, ਬੱਚਿਆਂ ਨੂੰ ਮੋਬਾਈਲ ਫੋਨ ਦਿੰਦੇ ਸਮੇਂ ਬਹੁਤ ਸਾਵਧਾਨ ਰਹਿਣਾ ਜ਼ਰੂਰੀ ਹੈ।
ਇਹ ਗੱਲ ਨਾਗਪੁਰ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਵੀ ਸਪਸ਼ਟ ਹੋ ਗਈ ਹੈ।
ਪਹਿਲਾਂ ਜਾਣਦੇ ਹਾਂ ਕੀ ਨਾਗਪੁਰ 'ਚ ਆਨਲਾਈਨ ਗੇਮਿੰਗ ਦਾ ਸ਼ਿਕਾਰ ਹੋਈ ਕੁੜੀ ਦਾ ਕੀ ਹੈ ਮਾਮਲਾ ਤੇ ਫਿਰ ਜਾਣਾਂਗੇ ਕਿ ਬਚੇ ਕਿਵੇਂ ਇਸ ਤਰ੍ਹਾਂ ਅਪਰਾਧੀਆਂ ਦੇ ਜਾਲ 'ਚ ਫਸ ਜਾਂਦੇ ਹਨ ਅਤੇ ਸੁਰੱਖਿਆ ਲਈ ਕੀ ਕੀਤਾ ਜਾਵੇ...
ਨਾਗਪੁਰ ਦਾ ਕੀ ਹੈ ਮਾਮਲਾ
ਨਾਗਪੁਰ ਵਿੱਚ ਇੱਕ ਜੋੜੇ ਨੇ ਆਪਣੀ 14 ਸਾਲ ਦੀ ਧੀ ਨੂੰ ਪੜ੍ਹਾਈ ਲਈ ਇੱਕ ਸਮਾਰਟਫੋਨ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਕੁੜੀ ਇਸ ਮੋਬਾਈਲ ਆਪਣੀ ਪੜ੍ਹਾਈ ਲਈ ਵਰਤ ਰਹੀ ਸੀ।
ਪਰ ਪੜ੍ਹਾਈ ਤੋਂ ਇਲਾਵਾ, ਕੁੜੀ ਉਸ ਫ਼ੋਨ 'ਤੇ ਔਨਲਾਈਨ ਗੇਮਾਂ ਵੀ ਖੇਡ ਰਹੀ ਸੀ। ਪਰ ਇਸ ਗੇਮ ਕਰਕੇ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਇੱਕ ਵੱਡੀ ਮੁਸੀਬਤ 'ਚ ਫਸ ਗਿਆ।
ਦਰਅਸਲ, ਔਨਲਾਈਨ ਗੇਮ ਖੇਡਦੇ ਉਸ ਕੁੜੀ ਦੀ ਜਾਣਕਾਰੀ ਇੱਕ ਵਿਅਕਤੀ ਨਾਲ ਹੋਈ। ਉਸ ਵਿਅਕਤੀ ਨੇ ਆਪਣਾ ਨਾਮ ਰੋਹਨ ਵਰਮਾ ਦੱਸਿਆ। ਦੋਵਾਂ ਵਿਚਕਾਰ ਗੱਲਬਾਤ ਹੋਣ ਲੱਗੀ ਅਤੇ ਫਿਰ ਕੁੜੀ ਨੇ ਆਪਣਾ ਇੰਸਟਾਗ੍ਰਾਮ ਆਈਡੀ ਉਸ ਨਾਲ ਸਾਂਝਾ ਕਰ ਦਿੱਤਾ। ਪਰ ਉਸ ਵਿਅਕਤੀ ਨੇ ਕੁੜੀ ਦਾ ਅਕਾਊਂਟ ਹੈਕ ਕਰ ਲਿਆ।
ਇਸ ਨਾਲ ਕੁੜੀ ਬਹੁਤ ਡਰ ਗਈ। ਉਸਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਹਾਲਾਂਕਿ, ਰੋਹਨ ਉਸਨੂੰ ਫਿਰ ਵੀ ਪਰੇਸ਼ਾਨ ਕਰਦਾ ਰਿਹਾ।
ਇਨਾਂ ਹੀ ਨਹੀਂ, ਉਸਨੇ ਕੁੜੀ ਦੀ ਮਾਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮੈਸੇਜ ਭੇਜਣੇ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਉਹ ਕੁੜੀ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ ਕਿ ਉਹ ਉਸਦੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਅਸ਼ਲੀਲ ਵੀਡੀਓ ਜਾਂ ਸਮੱਗਰੀ ਸਾਂਝੀ ਕਰ ਦੇਵੇਗਾ।
ਹੁਣ, ਕੁੜੀ ਦੀ ਮਾਂ ਵੀ ਬਹੁਤ ਡਰ ਗਈ ਸੀ ਅਤੇ ਇਸੇ ਕਾਰਨ ਉਸਨੇ ਰੋਹਨ ਵਰਮਾ ਨੂੰ 4,000 ਰੁਪਏ ਵੀ ਦੇ ਦਿੱਤੇ। ਪਰ ਫਿਰ ਵੀ ਉਹ ਮਾਵਾਂ-ਧੀਆਂ ਨੂੰ ਤੰਗ ਕਰਦਾ ਰਿਹਾ।
ਕੁੜੀ ਅਤੇ ਉਸਦੀ ਮਾਂ ਨੂੰ ਲਗਭਗ ਇੱਕ ਸਾਲ ਤੱਕ ਇਹੀ ਕੁਝ ਝੱਲਦੇ ਰਹੇ। ਪਰ ਸਾਲ ਬਾਅਦ ਜਦੋਂ ਉਨ੍ਹਾਂ ਤੋਂ ਝੱਲਿਆ ਨਾ ਗਿਆ ਤਾਂ ਉਨ੍ਹਾਂ ਨੇ ਕੁੜੀ ਦੇ ਪਿਤਾ ਨੂੰ ਸਾਰੀ ਗੱਲ ਦੱਸੀ।
ਪਰ ਅਪਰਾਧੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਅਤੇ ਉਸਨੇ ਨੇ ਕੁੜੀ ਦੇ ਪਿਤਾ ਤੋਂ ਵੀ ਢਾਈ ਲੱਖ ਰੁਪਏ ਦੀ ਮੰਗ ਕੀਤੀ।
ਰੋਹਨ ਵਰਮਾ ਨੇ ਧਮਕੀ ਦਿੱਤੀ ਕਿ ਜੇ ਕੁੜੀ ਦੇ ਪਿਤਾ ਨੇ ਪੈਸੇ ਨਹੀਂ ਦਿੱਤੇ ਥਾਂ ਉਹ ਉਨ੍ਹਾਂ ਨੂੰ ਗੋਲ਼ੀ ਮਾਰ ਦੇਵੇਗਾ।
ਜਦੋਂ ਕੋਈ ਹਿੱਲਾ ਨਾ ਹੋਇਆ ਤਾਂ ਆਖਿਰ ਵਿੱਚ ਕੁੜੀ ਦੇ ਪਿਤਾ ਨੇ ਨਾਗਪੁਰ ਦੇ ਸੋਨੇਗਾਓਂ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ।
ਇਸ ਅਣਪਛਾਤੇ ਸਾਈਬਰ ਅਪਰਾਧੀ ਵਿਰੁੱਧ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁਲਿਸ ਨੇ ਉਸ ਦਾ ਮੋਬਾਈਲ ਨੰਬਰ ਵੀ ਟਰੇਸ ਕਰ ਲਿਆ।
ਪੁਲਿਸ ਇੰਸਪੈਕਟਰ ਨਿਤਿਨ ਮਗਰ ਨੇ ਦੱਸਿਆ ਕਿ ਉਸਦੀ ਲੋਕੇਸ਼ਨ ਦਿੱਲੀ ਵਿੱਚ ਦਿਖਾਈ ਦੇ ਰਹੀ ਹੈ ਅਤੇ ਉੱਥੋਂ ਦੀ ਪੁਲਿਸ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਜਲਦ ਹੀ ਲੱਭ ਲਿਆ ਜਾਵੇਗਾ।
ਇਸ ਤਰ੍ਹਾਂ ਹੁੰਦੀ ਹੈ ਔਨਲਾਈਨ ਗੇਮਾਂ ਰਾਹੀਂ ਧੋਖਾਧੜੀ
ਔਨਲਾਈਨ ਗੇਮਾਂ ਖੇਡਦੇ ਸਮੇਂ, ਗੇਮ ਖੇਡਣ ਵਾਲਾ ਵਿਅਕਤੀ ਅਕਸਰ ਦੋ ਜਾਂ ਦੋ ਤੋਂ ਵੱਧ ਲੋਕਾਂ ਦੇ ਸਮੂਹ ਨਾਲ ਖੇਡ ਰਿਹਾ ਹੁੰਦਾ ਹੈ, ਜੋ ਕਿ ਔਨਲਾਈਨ ਮੌਜੂਦ ਹੁੰਦੇ ਹਨ।
ਜ਼ਿਆਦਾਤਰ ਔਨਲਾਈਨ ਗੇਮਾਂ ਲਾਈਵ ਖੇਡੀਆਂ ਜਾਂਦੀਆਂ ਹਨ। ਭਾਵ, ਗੇਮ ਖੇਡ ਰਹੇ ਦੋ ਲੋਕ ਗੇਮ ਖੇਡਦੇ ਸਮੇਂ ਇੱਕ-ਦੂਜੇ ਨਾਲ ਗੱਲ ਵੀ ਕਰ ਰਹੇ ਹੁੰਦੇ ਹਨ ਜਾਂ ਗੱਲ ਕਰ ਸਕਦੇ ਹਨ।
ਇਸ ਤਰ੍ਹਾਂ ਨਾਲ, ਉਹ ਨਾ ਸਿਰਫ ਆਪਣੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਮੌਜੂਦ ਲੋਕਾਂ ਨਾਲ ਬਲਕਿ ਵੱਖ-ਵੱਖ ਸ਼ਹਿਰਾਂ ਅਤੇ ਇੱਥੋਂ ਤੱਕ ਕਿ ਹਜ਼ਾਰਾਂ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ 'ਚ ਮੌਜੂਦ ਲੋਕਾਂ ਨਾਲ ਗੇਮਾਂ ਖੇਡ ਸਕਦੇ ਹਨ।
ਇਸਦਾ ਮਤਲਬ ਹੈ ਕਿ ਗੇਮ ਖੇਡਦੇ ਸਮੇਂ, ਉਨ੍ਹਾਂ ਸਾਰਿਆਂ ਦੇ ਮੋਬਾਈਲ ਫੋਨ ਇੰਟਰਨੈੱਟ ਰਾਹੀਂ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ।
ਇਸ ਵਿੱਚ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਔਨਲਾਈਨ ਜਾਂ-ਪਛਾਣ ਕਰਦੇ ਹੋ, ਉਹ ਵਿਅਕਤੀ ਕੋਈ ਅਜਨਬੀ ਹੁੰਦਾ ਹੈ। ਤੁਸੀਂ ਉਸ ਵਿਅਕਤੀ ਨੂੰ ਸਿਰਫ਼ ਉਸਦੇ ਪ੍ਰੋਫਾਈਲ ਰਾਹੀਂ ਹੀ ਜਾਣਦੇ ਹੋ। ਪਰ ਅਸਲ ਵਿੱਚ ਉਹ ਕੌਣ ਹੈ, ਇਸ ਦਾ ਕੁਝ ਪਤਾ ਨਹੀਂ ਹੁੰਦਾ।
ਉਸ ਦੀ ਪ੍ਰੋਫ਼ਾਈਲ ਵਿੱਚ ਕਿੰਨੀ ਸੱਚਾਈ ਹੈ, ਇਹ ਦੱਸਣਾ ਮੁਸ਼ਕਿਲ ਹੁੰਦਾ ਹੈ। ਹੋ ਸਕਦਾ ਹੈ ਕਿ ਉਸ 'ਚ ਕੁਝ ਗੱਲਾਂ ਜਾਂ ਸਭ ਕੁਝ ਸਹੀ ਦੱਸਿਆ ਗਿਆ ਹੋਵੇ ਪਰ ਇਸ ਦਾ ਖਤਰਾ ਵੀ ਓਨਾ ਹੀ ਹੈ ਕਿ ਉੱਥੇ ਸਭ ਕੁਝ ਨਿਰਾ ਝੂਠ ਹੋਵੇ।
ਇਹੀ ਕਾਰਨ ਹੈ ਕਿ ਸਾਈਬਰ ਅਪਰਾਧੀ ਆਪਣੇ ਸ਼ਿਕਾਰ ਦੀ ਭਾਲ਼ ਵਿੱਚ ਜਾਅਲੀ ਪ੍ਰੋਫਾਈਲ ਬਣਾ ਰਹੇ ਹਨ ਅਤੇ ਗੇਮ ਖੇਡਣ ਦੇ ਬਹਾਨੇ ਲੋਕਾਂ ਨਾਲ ਸੰਪਰਕ ਵਧਾ ਰਹੇ ਹਨ।
ਇੱਕ ਵਾਰ ਜਾਣ-ਪਛਾਣ ਹੋਣ ਤੋਂ ਬਾਅਦ, ਇਹ ਅਪਰਾਧੀ ਦੂਜੇ ਵਿਅਕਤੀ ਦਾ ਵਿਸ਼ਵਾਸ ਹਾਸਲ ਕਰ ਲੈਂਦੇ ਹਨ ਅਤੇ ਉੱਥੋਂ ਹੀ ਧੋਖੇ ਦੀ ਖੇਡ ਸ਼ੁਰੂ ਹੁੰਦੀ ਹੈ।
ਇਹ ਅਪਰਾਧੀ ਕਿਸੇ ਨਾ ਕਿਸੇ ਬਹਾਨੇ ਦੂਜੇ ਵਿਅਕਤੀ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਨ। ਇਸ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਖਾਤਿਆਂ ਅਤੇ ਨਿੱਜੀ ਫੋਟੋਆਂ ਤੋਂ ਮਿਲੀ ਜਾਣਕਾਰੀ ਸ਼ਾਮਲ ਹੈ।
ਕੁਝ ਮਾਮਲਿਆਂ ਵਿੱਚ ਤਾਂ ਉਹ ਬੜੀ ਚਾਲਾਕੀ ਨਾਲ ਸਾਹਮਣੇ ਵਾਲੇ ਵਿਅਕਤੀ ਤੋਂ ਉਨ੍ਹਾਂ ਦੇ ਬੈਂਕ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਲੈਂਦੇ ਹਨ ਅਤੇ ਫਿਰ ਇਸ ਜਾਣਕਾਰੀ ਨੂੰ ਧੋਖਾਧੜੀ ਕਰਨ ਲਈ ਵਰਤਿਆ ਜਾਂਦਾ ਹੈ।
ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਤੋਂ ਬਾਅਦ, ਦੂਜੇ ਵਿਅਕਤੀ ਨੂੰ ਅਸ਼ਲੀਲ ਫੋਟੋ ਸਮੱਗਰੀ ਪੋਸਟ ਕਰਨ ਦੀ ਧਮਕੀ ਦੇਣਾ, ਸਬੰਧਤ ਵਿਅਕਤੀ ਦੀਆਂ ਨਿੱਜੀ ਫੋਟੋਆਂ ਨੂੰ ਜਨਤਕ ਕਰਨ ਦੀ ਧਮਕੀ ਦੇਣਾ ਜਾਂ ਫੋਟੋਆਂ ਨੂੰ ਐਡਿਟ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਇਸ ਤੋਂ ਇਲਾਵਾ, ਕੁਝ ਔਨਲਾਈਨ ਗੇਮਾਂ ਵਿੱਚ ਚੈਟਿੰਗ ਦਾ ਵਿਕਲਪ ਹੁੰਦਾ ਹੈ। ਇਸ ਨਾਲ ਅਜਨਬੀਆਂ ਨਾਲ ਗੱਲਬਾਤ ਦੇ ਮੌਕੇ ਵਧ ਜਾਂਦੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਖ਼ਤਰਾ ਹੋਰ ਵਧ ਜਾਂਦਾ ਹੈ।
ਕਿਉਂਕਿ, ਜੇਕਰ ਤੁਸੀਂ ਇਸ ਚੈਟਿੰਗ ਰਾਹੀਂ ਸਾਂਝੇ ਕੀਤੇ ਗਏ ਕੁਝ ਲਿੰਕਾਂ 'ਤੇ ਕਲਿੱਕ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਹੋਰ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਵੋ। ਅਤੇ ਇਹ ਸਭ ਇੰਨੀ ਜਲਦੀ ਹੁੰਦਾ ਹੈ ਕਿ ਤੁਹਾਨੂੰ ਇਸਦਾ ਪਤਾ ਵੀ ਨਹੀਂ ਲੱਗੇਗਾ ਅਤੇ ਤੁਹਾਡਾ ਮੋਬਾਈਲ ਫੋਨ ਹੈਕ ਹੋ ਜਾਵੇਗਾ।
ਔਨਲਾਈਨ ਗੇਮ ਦੌਰਾਨ ਧੋਖਾਧੜੀ ਤੋਂ ਕਿਵੇਂ ਬਚੀਏ?
ਅਜਿਹੀ ਧੋਖਾਧੜੀ ਨਾ ਸਿਰਫ਼ ਵਿੱਤੀ ਨੁਕਸਾਨ ਕਰਦੀ ਹੈ ਸਗੋਂ ਮਾਨਸਿਕ ਪਰੇਸ਼ਾਨੀ ਦੀ ਦਿੰਦੀ ਹੈ ਅਤੇ ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।
ਪਹਿਲੀ ਸਾਵਧਾਨੀ ਇਹ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦਿੰਦੇ ਸਮੇਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਬੱਚਿਆਂ ਨੂੰ ਮੋਬਾਈਲ ਫ਼ੋਨ ਸਿਰਫ਼ ਲੋੜ ਪੈਣ 'ਤੇ ਹੀ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿੱਤੀ ਧੋਖਾਧੜੀ ਦੇ ਨਾਲ-ਨਾਲ ਹੋਰ ਤਰ੍ਹਾਂ ਦੀਆਂ ਮਨੋਵਿਗਿਆਨਕ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
ਮਾਪਿਆਂ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਹ ਇਸ ਗੱਲ 'ਤੇ ਨੇੜਿਓਂ ਨਜ਼ਰ ਰੱਖਣ ਕਿ ਉਨ੍ਹਾਂ ਦੇ ਬੱਚੇ ਮੋਬਾਈਲ ਫੋਨ ਦੀ ਵਰਤੋਂ ਕਿਵੇਂ ਕਰ ਰਹੇ ਹਨ।
ਜੇਕਰ ਤੁਸੀਂ ਔਨਲਾਈਨ ਗੇਮਾਂ ਖੇਡਣਾ ਚਾਹੁੰਦੇ ਹੋ, ਤਾਂ ਇਹ ਜਾਂਚਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਦੁਆਰਾ ਡਾਊਨਲੋਡ ਕੀਤੀ ਗਈ ਗੇਮ ਭਰੋਸੇਯੋਗ ਹੈ ਜਾਂ ਨਹੀਂ। ਜੇਕਰ ਗੇਮ ਜਾਂ ਐਪਲੀਕੇਸ਼ਨ, ਕਿਸੇ ਧੋਖਾਧੜੀ ਵਾਲੀ ਸਾਈਟ ਜਾਂ ਪਲੇਟਫਾਰਮ ਤੋਂ ਡਾਊਨਲੋਡ ਕੀਤੀ ਗਈ ਹੋਵੇ ਤਾਂ ਧੋਖਾਧੜੀ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।
ਔਨਲਾਈਨ ਗੇਮਾਂ ਖੇਡਦੇ ਸਮੇਂ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਦੂਜਿਆਂ ਦੀਆਂ ਗੱਲਾਂ ਵਿੱਚ ਨਾ ਫਸੋ। ਸਭ ਤੋਂ ਮਹੱਤਵਪੂਰਨ ਨਿਯਮ ਇਹ ਹੈ ਕਿ ਕਦੇ ਵੀ ਕਿਸੇ ਵੱਲੋਂ ਮੰਗੀ ਗਈ ਨਿੱਜੀ ਜਾਣਕਾਰੀ ਨੂੰ ਔਨਲਾਈਨ ਸਾਂਝਾ ਨਾ ਕਰੋ।
ਨਾਗਪੁਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਾਈਬਰ) ਲੋਹਿਤ ਮਟਾਨੀ ਦੇ ਅਨੁਸਾਰ, ਜਿਨ੍ਹਾਂ ਔਨਲਾਈਨ ਗੇਮਾਂ ਵਿੱਚ ਚੈਟਿੰਗ ਦਾ ਆਪਸ਼ਨ ਹੁੰਦਾ ਹੈ, ਅਜਿਹੀਆਂ ਗੇਮਾਂ ਨੂੰ ਕਦੇ ਨਹੀਂ ਖੇਡਣਾ ਚਾਹੀਦਾ।
ਉਹ ਕਹਿੰਦੇ ਹਨ ਕਿ ਅਜਿਹੀ ਚੈਟਿੰਗ ਰਾਹੀਂ ਕੁਝ ਲਿੰਕ ਸਾਂਝੇ ਕੀਤੇ ਜਾਂਦੇ ਹਨ ਅਤੇ ਇਨ੍ਹਾਂ 'ਤੇ ਕਲਿੱਕ ਕਰਨ ਨਾਲ ਤੁਹਾਡਾ ਮੋਬਾਈਲ ਪੂਰੀ ਤਰ੍ਹਾਂ ਹੈਕ ਹੋ ਸਕਦਾ ਹੈ।
ਜੇ ਧੋਖਾਧੜੀ ਹੋਵੇ ਤਾਂ ਕੀ ਕਰੀਏ?
ਜੇਕਰ, ਸਾਵਧਾਨੀ ਵਰਤਣ ਦੇ ਬਾਵਜੂਦ, ਤੁਸੀਂ ਕੁਝ ਗਲਤੀਆਂ ਕਰ ਦੇਵੋ ਅਤੇ ਇਸ ਤਰ੍ਹਾਂ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਜਾਂਦੇ ਹੋ, ਤਾਂ ਕੁਝ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਹਾਡਾ ਮੋਬਾਈਲ ਫ਼ੋਨ ਹੈਕ ਹੋ ਜਾਂਦਾ ਹੈ, ਤਾਂ ਇਸਨੂੰ ਤੁਰੰਤ ਫਾਰਮੈਟ ਕਰ ਦਿਓ। ਇਸ ਤਰ੍ਹਾਂ ਕਰਨ ਨਾਲ, ਹੈਕਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨਾ ਅਤੇ ਧੋਖਾਧੜੀ ਕਰਨਾ ਜਾਰੀ ਨਹੀਂ ਰੱਖ ਸਕੇਗਾ।
ਨਾਲ ਹੀ, ਜੇਕਰ ਇੰਸਟਾਗ੍ਰਾਮ ਜਾਂ ਕੋਈ ਅਕਾਊਂਟ ਹੈਕ ਹੋ ਜਾਂਦਾ ਹੈ, ਤਾਂ ਤੁਹਾਨੂੰ ਤੁਰੰਤ ਇਸ ਦਾ ਪਾਸਵਰਡ ਬਦਲਣਾ ਚਾਹੀਦਾ ਹੈ ਜਾਂ ਇਸਨੂੰ ਡਿਲੀਟ ਕਰਕੇ ਦੁਬਾਰਾ ਇੰਸਟਾਲ ਕਰਨਾ ਚਾਹੀਦਾ ਹੈ।
ਸਾਈਬਰ ਮਾਹਰ ਲੋਹਿਤ ਮਟਾਨੀ ਸਲਾਹ ਦਿੰਦੇ ਹਨ ਕਿ ਜੇਕਰ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਜਾਵੇ ਤਾਂ ਤੁਰੰਤ ਇਸ ਰਿਪੋਰਟ 1930 'ਤੇ ਦੇਵੋ।
ਪੁਲਿਸ ਨਾਲ ਸੰਪਰਕ ਕਰਨ ਵਿੱਚ ਦੇਰੀ ਨਾ ਕਰੋ। ਅਕਸਰ, ਪੀੜਤ ਬਲੈਕਮੇਲਰਾਂ ਦੀਆਂ ਧਮਕੀਆਂ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਡਰਦੇ ਹਨ। ਪਰ ਅਜਿਹਾ ਕਰਨ ਦੀ ਬਜਾਏ ਜਿੰਨੀ ਜਲਦੀ ਹੋ ਸਕੇ ਪੁਲਿਸ ਨਾਲ ਸੰਪਰਕ ਕਰੋ।
ਇਸ ਤਰ੍ਹਾਂ ਨਾਲ ਤੁਸੀਂ ਭਵਿੱਖ ਵਿੱਚ ਬਹੁਤ ਸਾਰੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ