ਹਜ਼ਾਰ ਰੁਪਏ ਦੇ ਮੁਫ਼ਤ ਗਿਫ਼ਟ ਵਾਊਚਰ ਦੇ ਚੱਕਰ 'ਚ ਕਿਵੇਂ ਗੁਆਏ 51 ਲੱਖ, ਜੇ ਤੁਹਾਡੇ ਨਾਲ ਅਜਿਹੀ ਠੱਗੀ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

    • ਲੇਖਕ, ਬਿਸਮਾਹ ਫਾਰੂਕ
    • ਰੋਲ, ਬੀਬੀਸੀ ਉਰਦੂ ਡੌਟ ਕੌਮ, ਦਿੱਲੀ

ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਐਮਾਜ਼ਾਨ ਗਿਫਟ ਵਾਊਚਰ ਦੇ ਨਾਮ 'ਤੇ ਸਾਈਬਰ ਧੋਖਾਧੜੀ ਹੋਈ ਹੈ। ਇਸ ਧੋਖਾਧੜੀ ਵਿੱਚ ਇੱਕ ਔਰਤ ਨੇ 51 ਲੱਖ ਰੁਪਏ ਗੁਆ ਦਿੱਤੇ।

ਗ੍ਰੇਟਰ ਨੋਇਡਾ ਵਿੱਚ ਰਹਿਣ ਵਾਲੇ ਮੀਨੂੰ ਰਾਣੀ ਨੂੰ ਪਹਿਲਾਂ ਅਣਪਛਾਤੇ ਲੋਕਾਂ ਨੇ ਇੱਕ ਵੱਟਸਐਪ ਗਰੁੱਪ ਵਿੱਚ ਜੋੜਿਆ। ਇਸ ਤੋਂ ਬਾਅਦ, ਵੱਟਸਐਪ ਗਰੁੱਪ ਵਿੱਚ ਮੀਨੂੰ ਨਾਲ ਇੱਕ ਵਾਊਚਰ ਸਾਂਝਾ ਕੀਤਾ ਗਿਆ।

ਇਸੇ ਗਰੁੱਪ ਵਿੱਚ, ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਦੇ ਵਾਊਚਰ ਮੁਫ਼ਤ ਦੇਣ ਦਾ ਵਾਅਦਾ ਕਰਕੇ ਠੱਗਾਂ ਨੇ ਮੀਨੂੰ ਦਾ ਭਰੋਸਾ ਜਿੱਤਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨਾਲ 51 ਲੱਖ ਰੁਪਏ ਦੀ ਠੱਗੀ ਕੀਤੀ।

ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਮੀਨੂੰ ਰਾਣੀ ਨੇ 8 ਮਾਰਚ, 2025 ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਧੋਖਾਧੜੀ ਕਿਵੇਂ ਹੋਈ?

ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਧੋਖਾਧੜੀ ਉਦੋਂ ਸ਼ੁਰੂ ਹੋਈ ਜਦੋਂ ਪੀੜਿਤਾ ਮੀਨੂੰ ਰਾਣੀ ਨਾਲ ਸੋਸ਼ਲ ਮੀਡੀਆ 'ਤੇ ਹਰੀ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਸੰਪਰਕ ਕੀਤਾ।

ਹਰੀ ਸਿੰਘ ਨੇ 15 ਸਾਲਾਂ ਦੇ ਤਜਰਬੇ ਵਾਲੇ ਇੱਕ ਨਿਵੇਸ਼ ਗਾਈਡ ਵਜੋਂ ਆਪਣੀ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ, ਉਸ ਨੇ ਮੀਨੂੰ ਰਾਣੀ ਨਾਲ ਗੱਲ ਕਰਕੇ ਉਸ ਨੂੰ ਇੱਕ ਵੱਟਸਐਪ ਗਰੁੱਪ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ।

ਮੀਨੂੰ ਨੇ ਦੱਸਿਆ ਕਿ ਇਸ ਸਮੂਹ ਵਿੱਚ ਲੋਕ ਬਾਜ਼ਾਰ ਵਿੱਚ ਪੈਸਾ ਲਗਾਉਣ ਦੇ ਸਫਲ ਤਰੀਕਿਆਂ ਬਾਰੇ ਚਰਚਾ ਕਰਦੇ ਹਨ।

ਸਟਾਕ ਮਾਰਕੀਟ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਮੀਨੂੰ ਰਾਣੀ ਹਰੀ ਸਿੰਘ ਦੇ ਜਾਲ ਵਿੱਚ ਫਸ ਗਏ ਅਤੇ ਵੱਟਸਐਪ ਗਰੁੱਪ ਵਿੱਚ ਸ਼ਾਮਲ ਹੋ ਗਏ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੀਨੂੰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਵੱਟਸਐਪ ਗਰੁੱਪ ਵਿੱਚ ਆਰਤੀ ਸਿੰਘ ਦੇ ਸੰਪਰਕ ਵਿੱਚ ਆਏ।

ਆਰਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਹਰੀ ਸਿੰਘ ਨੇ ਨਿਵੇਸ਼ਾਂ ਵਿੱਚ ਮਦਦ ਕਰਨ ਲਈ ਹਰੇਕ ਮਹਿਲਾ ਮੈਂਬਰ ਲਈ 1,000 ਰੁਪਏ ਦੇ ਐਮਾਜ਼ਾਨ ਗਿਫ਼ਟ ਵਾਊਚਰ ਖਰੀਦੇ ਸਨ।

ਆਰਤੀ ਨੇ ਮੀਨੂੰ ਨੂੰ ਕਿਹਾ ਕਿ ਇਹ ਗਿਫ਼ਟ ਵਾਊਚਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ (ਮੀਨੂੰ ਨੂੰ) ਆਪਣੇ ਐਮਾਜ਼ਾਨ ਅਕਾਊਂਟ ਵਿੱਚ ਲੌਗਇਨ ਕਰਨਾ ਪਵੇਗਾ।

ਮੀਨੂੰ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਦੇ ਐਮਾਜ਼ਾਨ ਖਾਤੇ ਦੇ ਬੈਲੇਂਸ ਵਿੱਚ 1,000 ਰੁਪਏ ਜਮ੍ਹਾਂ ਹੋ ਗਏ।

ਇਸ ਨਾਲ ਮੀਨੂੰ ਦਾ ਹਰੀ ਸਿੰਘ ਅਤੇ ਉਸਦੇ ਵੱਟਸਐਪ ਗਰੁੱਪ ਵਿੱਚ ਵਿਸ਼ਵਾਸ ਹੋਰ ਵਧ ਗਿਆ।

ਇਸ ਤੋਂ ਬਾਅਦ, ਇਨ੍ਹਾਂ ਧੋਖੇਬਾਜ਼ਾਂ ਨੇ ਲੋਕਾਂ ਨੂੰ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਣ ਅਤੇ ਇੱਕ ਮਹੀਨੇ ਵਿੱਚ ਤਿੰਨ ਤੋਂ ਪੰਜ ਗੁਣਾ ਮੁਨਾਫਾ ਕਮਾਉਣ ਦਾ ਲਾਲਚ ਦਿੱਤਾ।

ਨਕਲੀ ਐਪ 'ਤੇ ਮੁਨਾਫ਼ਾ ਦਿਖਾ ਕੇ ਖੇਡੀ ਸਾਰੀ ਖੇਡ

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਾਈਬਰ ਕ੍ਰਾਈਮ) ਪ੍ਰੀਤੀ ਯਾਦਵ ਨੇ ਪੀਟੀਆਈ ਨੂੰ ਦੱਸਿਆ ਕਿ ਧੋਖੇਬਾਜ਼ ਹਰੀ ਸਿੰਘ ਨੇ ਸ਼ੁਰੂ ਵਿੱਚ ਮੀਨੂੰ ਰਾਣੀ ਨੂੰ ਸ਼ੇਅਰ ਬਾਜ਼ਾਰ ਵਿੱਚ 50,000 ਰੁਪਏ ਨਿਵੇਸ਼ ਕਰਨ ਲਈ ਕਿਹਾ।

ਜਦੋਂ ਮੀਨੂੰ ਨੇ ਹਰੀ ਸਿੰਘ ਵੱਲੋਂ ਦਿੱਤੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ, ਤਾਂ ਉਨ੍ਹਾਂ ਨੂੰ ਇੱਕ ਐਪ ਵਿੱਚ ਉਸ ਦਾ 'ਮੁਨਾਫ਼ਾ' ਦਿਖਾਇਆ ਗਿਆ। ਇਸ ਤੋਂ ਬਾਅਦ ਧੋਖੇਬਾਜ਼ ਨੇ ਉਨ੍ਹਾਂ ਨੂੰ ਇਸ ਐਪ ਨੂੰ ਡਾਊਨਲੋਡ ਕਰਨ ਲਈ ਕਿਹਾ।

ਐਪ ਦੇ ਮੁਨਾਫ਼ੇ ਨੂੰ ਦਿਖਾਉਣ ਤੋਂ ਬਾਅਦ, ਮੀਨੂੰ ਨੇ ਹੋਰ ਪੈਸਾ ਲਗਾਉਣ ਅਤੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਫੰਡਾਂ ਨੂੰ ਇਸ ਵਿੱਚ ਲਗਾਉਣ ਬਾਰੇ ਸੋਚਿਆ।

ਇਸ ਨਿਵੇਸ਼ ਯੋਜਨਾ 'ਤੇ ਭਰੋਸਾ ਕਰਦੇ ਹੋਏ, ਮੀਨੂੰ ਨੇ ਇਸ ਯੋਜਨਾ ਵਿੱਚ ਨਿਵੇਸ਼ ਕਰਨ ਲਈ ਆਪਣੇ ਪਤੀ, ਸੱਸ ਅਤੇ ਹੋਰ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ।

ਧੋਖੇਬਾਜ਼ਾਂ ਨੇ ਬੜੀ ਚਲਾਕੀ ਨਾਲ ਮੀਨੂੰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਨ੍ਹਾਂ ਦੀ ਮੁਨਾਫ਼ਾ ਕਮਾਉਣ ਦੀ ਇੱਛਾ ਦਾ ਫਾਇਦਾ ਚੁੱਕਿਆ। ਇਸੇ ਕਰਕੇ ਮੀਨੂੰ ਨੇ ਪੈਸਾ ਲਗਾਉਣ ਦੇ ਸੰਭਾਵੀ ਜੋਖਮਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।

ਰਿਸ਼ਤੇਦਾਰਾਂ ਤੋਂ ਕਰਜ਼ਾ ਮੰਗਿਆ ਤਾਂ ਧੋਖਾਧੜੀ ਦਾ ਪਰਦਾਫਾਸ਼ ਹੋਇਆ

ਪੁਲਿਸ ਅਧਿਕਾਰੀ ਪ੍ਰੀਤੀ ਯਾਦਵ ਦੇ ਅਨੁਸਾਰ, ਧੋਖੇਬਾਜ਼ਾਂ ਨੇ ਪੂੰਜੀ ਨਿਵੇਸ਼ ਤੋਂ ਮੁਨਾਫਾ ਦਿਖਾਉਣ ਲਈ ਇੱਕ ਜਾਅਲੀ ਐਪ ਦੀ ਵਰਤੋਂ ਕੀਤੀ ਅਤੇ ਪੀੜਤ ਨੂੰ ਹੋਰ ਪੈਸੇ ਨਿਵੇਸ਼ ਕਰਨ ਦਾ ਲਾਲਚ ਦਿੱਤਾ।

ਪੁਲਿਸ ਦੇ ਅਨੁਸਾਰ, ਮੀਨੂੰ ਰਾਣੀ ਦੇ ਮਾਮਲੇ ਵਿੱਚ, ਇਹ ਔਨਲਾਈਨ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੂੰਜੀ ਨਿਵੇਸ਼ ਲਈ ਹੋਰ ਕਰਜ਼ਾ ਮੰਗਿਆ।

ਜਦੋਂ ਮੀਨੂੰ ਰਾਣੀ ਨੇ ਕਰਜ਼ੇ ਲਈ ਆਪਣੇ ਇੱਕ ਜਾਣਕਾਰ ਨਾਲ ਸੰਪਰਕ ਕੀਤਾ ਤਾਂ ਉਸਨੇ ਉਨ੍ਹਾਂ ਨੂੰ ਅਜਿਹੀ ਧੋਖਾਧੜੀ ਵਾਲੀ ਸਕੀਮ ਬਾਰੇ ਪੂਰੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ, ਜਦੋਂ ਮੀਨੂੰ ਰਾਣੀ ਨੇ ਆਪਣੇ ਪੈਸੇ ਵਾਪਸ ਲੈਣ ਲਈ ਧੋਖੇਬਾਜ਼ਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਸਫਲ ਨਹੀਂ ਹੋ ਸਕੇ।

ਫਿਰ ਮੀਨੂੰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ ਪਰ ਉਦੋਂ ਤੱਕ, ਵਧੇਰੇ ਮੁਨਾਫ਼ੇ ਦੇ ਲਾਲਚ ਵਿੱਚ ਉਨ੍ਹਾਂ ਨੇ ਇਸ ਸਕੀਮ ਵਿੱਚ 51 ਲੱਖ ਰੁਪਏ ਦਾ ਨਿਵੇਸ਼ ਕਰ ਲਿਆ ਸੀ।

ਸਾਈਬਰ ਕ੍ਰਾਈਮ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੀੜਤ ਔਰਤ ਵੱਲੋਂ ਗੁਆਈ ਗਈ ਰਕਮ ਵਿੱਚੋਂ 4 ਲੱਖ 80 ਹਜ਼ਾਰ ਰੁਪਏ ਜ਼ਬਤ ਕਰ ਲਏ ਹਨ ਜਦਕਿ ਬਾਕੀ ਬਚੇ ਪੈਸੇ ਦੀ ਵਸੂਲੀ ਲਈ ਅਜੇ ਯਤਨ ਜਾਰੀ ਹਨ।

ਭਾਰਤ ਵਿੱਚ ਪੈਸਿਆਂ ਦੀ ਔਨਲਾਈਨ ਠੱਗੀ ਦੇ ਵਧਦੇ ਮਾਮਲੇ

ਭਾਰਤ ਵਿੱਚ ਪੈਸਿਆਂ ਦੀ ਔਨਲਾਈਨ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਰ ਸਮਾਂ ਦੇ ਬੀਤਣ ਨਾਲ ਅਜਿਹਾ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਧੋਖੇਬਾਜ਼ ਨਵੇਂ-ਨਵੇਂ ਜਾਲ ਵਿਛਾ ਰਹੇ ਹਨ।

ਇਸ ਮਾਮਲੇ ਵਿੱਚ, ਧੋਖੇਬਾਜ਼ਾਂ ਨੇ ਪੀੜਤ ਔਰਤ ਦਾ ਵਿਸ਼ਵਾਸ ਜਿੱਤਣ ਲਈ ਉਸ ਨੂੰ ਇੱਕ ਮੁਫ਼ਤ ਐਮਾਜ਼ਾਨ ਵਾਊਚਰ ਦਿੱਤਾ ਅਤੇ ਉਸ ਨੂੰ ਆਪਣੇ ਜਾਅਲੀ ਐਪ ਵਿੱਚ ਪੈਸੇ ਨਿਵੇਸ਼ ਕਰਨ ਲਈ ਲਾਲਚ ਦਿੱਤਾ। ਇਹ ਇੱਕ ਫਿਸ਼ਿੰਗ ਐਪ ਸੀ।

ਸਾਈਬਰ ਅਪਰਾਧੀ ਅਕਸਰ ਸੋਸ਼ਲ ਮੀਡੀਆ ਜਾਂ ਮੈਸੇਜਿੰਗ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦਿੱਲੀ ਸਮੇਤ ਦੇਸ਼ ਦੇ ਹੋਰ ਖੇਤਰਾਂ ਦੇ ਲੋਕ ਵੀ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ।

ਭਾਰਤ ਸਰਕਾਰ ਨੇ ਸਾਈਬਰ ਅਪਰਾਧ ਨਾਲ ਸਬੰਧਤ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਲਈ ਇੱਕ ਪੋਰਟਲ ਵੀ ਬਣਾਇਆ ਹੈ। ਇੱਥੇ https://cybercrime.gov.in/Hindi/Accepthn.aspx ਇਸ ਤਰ੍ਹਾਂ ਦੇ ਮਾਮਲੇ ਦਰਜ ਕਰਵਾਏ ਜਾ ਸਕਦੇ ਹਨ।

ਸਾਈਬਰ ਅਪਰਾਧ ਨਾਲ ਨਜਿੱਠਣ ਲਈ ਹੈਲਪਲਾਈਨ ਨੰਬਰ 1930 ਵੀ ਹੈ। ਇਸ ਤੋਂ ਇਲਾਵਾ, ਤੁਸੀਂ ਰਾਸ਼ਟਰੀ ਪੁਲਿਸ ਹੈਲਪਲਾਈਨ ਨੰਬਰ 112 ਅਤੇ ਰਾਸ਼ਟਰੀ ਮਹਿਲਾ ਹੈਲਪਲਾਈਨ ਨੰਬਰ 181 ਤੋਂ ਵੀ ਮਦਦ ਲੈ ਸਕਦੇ ਹੋ।

ਸਾਈਬਰ ਧੋਖਾਧੜੀ ਕਈ ਤਰ੍ਹਾਂ ਨਾਲ ਹੁੰਦੀ ਹੈ

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਆਪਣੀ ਵੈੱਬਸਾਈਟ 'ਤੇ ਨਕਲੀ ਸ਼ਾਪਿੰਗ ਵੈੱਬਸਾਈਟ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਇਹ ਇੱਕ ਨਵਾਂ ਤਰੀਕਾ ਹੈ। ਸਾਈਬਰ ਧੋਖਾਧੜੀ ਕਰਨ ਵਾਲੇ ਇਸ ਨੂੰ ਔਨਲਾਈਨ ਧੋਖਾਧੜੀ ਕਰਨ ਲਈ ਅਪਣਾ ਰਹੇ ਹਨ।

1. ਔਨਲਾਈਨ ਧੋਖਾਧੜੀ ਦੀ ਇੱਕ ਚਾਲ ਇਹ ਵੀ ਹੈ ਕਿ ਧੋਖਾਧੜੀ ਕਰਨ ਵਾਲੇ ਇੱਕ ਅਜਿਹੀ ਵੈੱਬਸਾਈਟ ਬਣਾਉਂਦੇ ਹਨ ਜੋ ਕਿਸੇ ਵੱਡੇ ਬ੍ਰਾਂਡ ਜਾਂ ਇੱਥੋਂ ਤੱਕ ਕਿ ਕਿਸੇ ਮੋਬਾਈਲ ਫੋਨ ਕੰਪਨੀ ਦੀ ਅਸਲ ਵੈੱਬਸਾਈਟ ਵਰਗੀ ਦਿਖਾਈ ਦਿੰਦੀ ਹੈ ਅਤੇ ਉਸ 'ਤੇ ਸਸਤੇ ਉਤਪਾਦ ਵੇਚਦੇ ਹਨ।

ਉਹ ਉਪਭੋਗਤਾਵਾਂ ਨੂੰ ਔਨਲਾਈਨ ਭੁਗਤਾਨ ਕਰਨ ਲਈ ਕਹਿੰਦੇ ਹਨ ਅਤੇ ਇੱਕ ਵਾਰ ਭੁਗਤਾਨ ਹੋ ਜਾਣ ਤੋਂ ਬਾਅਦ, ਉਪਭੋਗਤਾ ਨੂੰ ਕਦੇ ਵੀ ਆਰਡਰ ਕੀਤਾ ਸਮਾਨ ਨਹੀਂ ਮਿਲਦਾ ਹੈ।

2. ਦੂਜੀ ਚਾਲ ਵਿੱਚ ਧੋਖੇਬਾਜ਼ ਕਿਸੇ ਹੋਰ ਕੰਪਨੀ ਜਾਂ ਵੈੱਬਸਾਈਟ ਦੀ ਨਕਲ ਨਹੀਂ ਕਰਦੇ ਸਗੋਂ ਇੱਕ ਨਵੀਂ ਵੈੱਬਸਾਈਟ ਬਣਾਉਂਦੇ ਹਨ।

ਇਨ੍ਹਾਂ ਵੈੱਬਸਾਈਟਾਂ 'ਤੇ ਸਾਮਾਨ ਬਹੁਤ ਸਸਤੀ ਕੀਮਤ 'ਤੇ ਵਿਕਦਾ ਹੈ। ਪਰ ਇਸ ਵਿੱਚ ਵੀ, ਖਪਤਕਾਰਾਂ ਨੂੰ ਕਦੇ ਵੀ ਆਰਡਰ ਕੀਤਾ ਸਾਮਾਨ ਨਹੀਂ ਮਿਲਦਾ।

ਐਮਾਜ਼ਾਨ ਨੇ ਜਾਰੀ ਕੀਤੀ ਚੇਤਾਵਨੀ

ਐਮਾਜ਼ਾਨ ਸਮੇਤ ਹੋਰ ਵੱਡੀਆਂ ਔਨਲਾਈਨ ਕੰਪਨੀਆਂ ਨੇ ਉਪਭੋਗਤਾਵਾਂ ਨੂੰ ਔਨਲਾਈਨ ਧੋਖਾਧੜੀ ਤੋਂ ਸਾਵਧਾਨ ਰਹਿਣ ਲਈ ਸੰਦੇਸ਼ ਜਾਰੀ ਕੀਤੇ ਹੋਏ ਹਨ।

ਐਮਾਜ਼ਾਨ ਨੇ ਪਹਿਲਾਂ ਹੀ ਆਪਣੀ ਵੈੱਬਸਾਈਟ 'ਤੇ ਗਿਫ਼ਟ ਵਾਊਚਰ ਰਾਹੀਂ ਧੋਖਾਧੜੀ ਬਾਰੇ ਚੇਤਾਵਨੀ ਦੇ ਰੱਖੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਧੋਖਾਧੜੀ-ਅਧਾਰਤ ਯੋਜਨਾਵਾਂ ਔਨਲਾਈਨ ਉਪਲੱਬਧ ਹਨ।

"ਇਹ ਸਕੀਮਾਂ ਵਿੱਚ ਈਮੇਲ, ਫ਼ੋਨ ਜਾਂ ਟੈਕਸਟ ਰਾਹੀਂ ਭੁਗਤਾਨ ਜਾਂ ਖਾਤੇ ਦੇ ਵੇਰਵੇ ਜਾਂ ਓਟੀਪੀ ਵਰਗੀ ਜਾਣਕਾਰੀ ਮੰਗੀ ਜਾਂਦੀ ਹੈ। ਇਨ੍ਹਾਂ ਵਿੱਚ ਲੋਕਾਂ ਨੂੰ ਪੈਸੇ ਦੁੱਗਣਾ ਕਰਨ ਵਾਲੀਆਂ ਸਕੀਮਾਂ ਵਿੱਚ ਪੈਸੇ ਲਗਾ ਕੇ ਹਿੱਸਾ ਲੈਣ ਲਈ ਕਿਹਾ ਜਾਂਦਾ ਹੈ। ਧੋਖੇਬਾਜ਼ ਉਨ੍ਹਾਂ ਨਾਲ ਧੋਖਾ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ, ਜਿਸ ਵਿੱਚ ਜਾਣੇ-ਪਛਾਣੇ ਬ੍ਰਾਂਡ ਦੇ ਗਿਫ਼ਟ ਕਾਰਡਾਂ ਦੀ ਚਾਲ ਵੀ ਸ਼ਾਮਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)