You’re viewing a text-only version of this website that uses less data. View the main version of the website including all images and videos.
ਅਮਰੀਕਾ: ਫਲੋਰੀਡਾ ਟਰੱਕ ਹਾਦਸੇ ਤੋਂ ਬਾਅਦ ਸਿੱਖ ਡਰਾਇਵਰਾਂ ਨੂੰ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਵਿੱਚ ਪਿਛਲੇ ਮਹੀਨੇ ਸਿੱਖ ਡਰਾਈਵਰ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਤੀ ਅਮਰੀਕੀਆਂ ਦਾ ਰਵੱਈਆ 'ਨਕਾਰਤਮਕ' ਲੱਗ ਰਿਹਾ ਹੈ।
''ਇਸ ਦੇ ਨਾਲ ਹੀ ਇੰਟਰਨੈੱਟ ਉੱਪਰ ਟ੍ਰੋਲਿੰਗ ਹੋ ਰਹੀ ਹੈ ਅਤੇ ਸਿੱਖ ਡਰਾਈਵਰਾਂ ਨੂੰ ਚੈਕਿੰਗ ਪੁਆਇੰਟਸ 'ਤੇ ਜ਼ਿਆਦਾ ਰੋਕਿਆ ਜਾਣ ਲੱਗਾ ਹੈ।''
ਕੈਲੀਫੋਰਨੀਆ ਦੇ ਰਿਵਰਸਾਈਡ ਵਿੱਚ ਰਹਿੰਦੇ ਇੱਕ ਟਰੱਕ ਚਾਲਕ ਪ੍ਰਭ ਸਿੰਘ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ, "ਇਹ ਇੱਕ ਡਰਾਈਵਰ ਦੀ ਗਲਤੀ ਸੀ, ਸਾਰੀ ਕੌਮ ਦੀ ਨਹੀਂ।"
12 ਅਗਸਤ ਨੂੰ ਅਮਰੀਕਾ ਦੇ ਫਲੋਰੀਡਾ ਵਿੱਚ ਹਰਜਿੰਦਰ ਸਿੰਘ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਤਿੰਨ ਲੋਕ ਮਾਰੇ ਗਏ ਸਨ।
ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਇਸ ਘਟਨਾ ਨੇ ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰੌਨ ਡੀਸੈਂਟਿਸ ਅਤੇ ਕੈਲੀਫੋਰਨੀਆ ਦੇ ਡੈਮੋਕਰੇਟਿਕ ਗਵਰਨਰ ਗੈਵਿਨ ਨਿਊਸਮ ਦਰਮਿਆਨ ਵਾਦ-ਵਿਵਾਦ ਖੜ੍ਹਾ ਕਰ ਦਿੱਤਾ ਸੀ।
ਪਿਛਲੇ ਪੰਜ ਸਾਲਾਂ ਤੋਂ ਕੈਲੀਫੋਰਨੀਆ 'ਚ ਡਰਾਈਵਰੀ ਕਰਦੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹਰਪ੍ਰੀਤ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਕਿਹਾ, "ਅੱਜ ਕੱਲ੍ਹ ਤਾਂ ਟਰੱਕਾਂ ਵਿੱਚ ਸੰਤਾਂ ਦੀਆਂ ਤਸਵੀਰਾਂ ਵੀ ਹਟਾਉਣ ਲਈ ਕਿਹਾ ਜਾ ਰਿਹਾ ਹੈ।"
ਉਹ ਕਹਿੰਦੇ ਹਨ, "ਸਿੱਖਾਂ ਤੇ ਭਾਰਤੀਆਂ ਖ਼ਿਲਾਫ਼ ਨਫ਼ਰਤ ਵਧੀ ਹੈ। ਖ਼ਾਸ ਤੌਰ 'ਤੇ ਜਿਨ੍ਹਾਂ ਇਲਾਕਿਆਂ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਾਰਟੀ ਦੀ ਜਿੱਤ ਹੋਈ ਹੈ, ਉੱਥੇ ਹੇਟ (ਨਫ਼ਰਤ) ਜ਼ਿਆਦਾ ਦੇਖਣ ਨੂੰ ਮਿਲਦੀ ਹੈ।"
'ਟ੍ਰੋਲਿੰਗ, ਚੈਕਿੰਗ ਅਤੇ ਹੇਟ'
ਸਿੱਖ ਡਰਾਈਵਰ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਟਰੱਕ ਚਲਾਉਂਦੇ ਹਨ ਪਰ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਡਰਾਈਵਰ ਕੈਲੀਫੋਰਨੀਆ ਵਿੱਚ ਕੰਮ ਕਰਦੇ ਹਨ।
ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਅਤੇ ਸੰਸਥਾਵਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਸਿੱਖਾਂ ਦੀ ਸੋਸ਼ਲ ਮੀਡੀਆਂ ਦੇ ਕਈ ਪਲੇਟਫਾਰਮਾਂ ਅਤੇ ਕੰਮ ਦੀਆਂ ਥਾਵਾਂ ਉੱਪਰ ਟ੍ਰੋਲਿੰਗ ਵਧੀ ਹੈ।
ਟਰੱਕ ਚਾਲਕ ਪ੍ਰਭ ਸਿੰਘ ਨੇ ਖ਼ਬਰ ਏਜੰਸੀ ਏਪੀ ਨੂੰ ਕਿਹਾ, "ਆਨਲਾਈਨ ਬਹੁਤ ਨਕਾਰਾਤਮਕ ਟਿੱਪਣੀਆਂ ਆ ਰਹੀਆਂ ਹਨ।"
ਉਹ ਕਹਿੰਦੇ ਹਨ, "ਲੋਕ ਕਹਿ ਰਹੇ ਹਨ ਇਨ੍ਹਾਂ ਨੂੰ 'ਸੜਕਾਂ 'ਤੋਂ ਹਟਾਓ' ਅਤੇ 'ਸਾਡੀਆਂ ਸੜਕਾਂ ਤੋਂ ਇਨ੍ਹਾਂ ਨੂੰ ਹਟਾ ਕੇ ਸੜਕਾਂ ਨੂੰ ਸੁਰੱਖਅਤ ਬਣਾਓ'। ਇਹ ਸਭ ਕੁਝ ਜਜ ਦੇ ਫ਼ੈਸਲੇ ਤੋਂ ਪਹਿਲਾਂ ਹੋ ਰਿਹਾ ਹੈ।"
ਨਾਰਥ ਅਮਰੀਕਨ ਪੰਜਾਬੀ ਟਰੱਕਰਸ ਐਸੋਸੀਏਸ਼ਨ ਦੇ ਸੀਈਓ ਰਮਨ ਢਿੱਲੋਂ ਨੇ ਬੀਬੀਸੀ ਪੰਜਾਬੀ ਨੂੰ ਫੋਨ 'ਤੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ।
ਇਸ ਸਮੇਂ ਦੌਰਾਨ ਉਨ੍ਹਾਂ ਨੇ ਚੰਗਾ-ਮਾੜਾ ਸਮਾਂ ਵੀ ਦੇਖਿਆ, ਜਿਸ ਦੌਰਾਨ ਉਨ੍ਹਾਂ ਨੇ ਬਾਜ਼ਾਰ ਵਿੱਚ ਮੁਕਾਬਲਾ ਵੀ ਕੀਤਾ ਅਤੇ ਕੰਮ ਵੀ ਸਥਾਪਿਤ ਕੀਤੇ ਪਰ ਜੋ ਟ੍ਰੋਲਿੰਗ ਹੋ ਰਹੀ ਹੈ, ਉਸ ਦਾ ਜਵਾਬ ਦੇਣਾ ਔਖਾ ਹੋ ਰਿਹਾ ਹੈ।
ਢਿੱਲੋਂ ਕਹਿੰਦੇ ਹਨ, "ਇੰਟਰਨੈੱਟ ਉੱਪਰ ਬਹੁਤ ਬੁਰਾ ਹਾਲ ਹੈ, ਬਹੁਤ ਟ੍ਰੋਲਿੰਗ ਹੁੰਦੀ ਹੈ। ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸਨ ਪਰ ਫਲੋਰੀਡਾ ਵਾਲੀ ਘਟਨਾ ਦਾ ਰਾਜਨੀਤੀਕਰਨ ਹੋ ਗਿਆ।"
"ਫਲੋਰੀਡਾ ਅਤੇ ਕੈਲੀਫੋਰਨੀਆ ਸੂਬੇ ਦੀਆਂ ਸਰਕਾਰਾਂ ਦੀ ਆਪਸੀ ਲੜਾਈ ਸੀ। ਦੂਜੇ ਪਾਸੇ ਟਰੱਕਿੰਗ ਦੀਆਂ ਆਪਣੀਆਂ ਵੀ ਕਮੀਆਂ ਹਨ ਜਿਵੇਂ ਬਹੁਤ ਸਾਰੇ ਨੌਸਿੱਖੀਏ ਲੋਕ ਇਸ ਕਿੱਤੇ ਵਿੱਚ ਆ ਗਏ ਜੋ ਆਪਣੇ ਕੰਮ ਦੇ ਮਾਹਿਰ ਨਹੀਂ ਅਤੇ ਜਲਦੀ ਤੋਂ ਜਲਦੀ ਪੈਸਾ ਕਮਾਉਣਾ ਚਾਹੁੰਦੇ ਹਨ।"
ਕੈਲੀਫੋਰਨੀਆ ਦੇ ਫੌਂਟਾਨਾ ਵਿੱਚ ਇੱਕ ਇੰਟਰਸਟੇਟ ਫ੍ਰੇਟ ਕੰਪਨੀ ਦੇ ਮਾਲਕ ਸੁਖਪ੍ਰੀਤ ਵੜੈਚ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ, "ਮੈਂ ਕਈ ਟਰੱਕ ਚਾਲਕਾਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਹਨ, 'ਹੁਣ ਲੋਕ ਸਾਨੂੰ ਵੱਖਰੇ ਤਰੀਕੇ ਨਾਲ ਦੇਖਦੇ ਹਨ'।"
ਤਿੰਨ ਬੱਚਿਆਂ ਦੇ ਪਿਤਾ ਵੜੈਚ ਨੂੰ ਡਰ ਹੈ ਕਿ ਉਨ੍ਹਾਂ ਨੂੰ ਗ਼ਲਤ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹੋਰ ਸਿੱਖਾਂ ਵਾਂਗ, ਉਨ੍ਹਾਂ ਨੇ ਫਲੋਰਿਡਾ ਹਾਦਸੇ ਨੂੰ ਇਕ "ਤ੍ਰਾਸਦੀ" ਦੱਸਿਆ। ਪਰ ਉਨ੍ਹਾਂ ਦੀ ਇੱਛਾ ਹੈ ਕਿ ਡਰਾਈਵਰ ਨੂੰ ਇਨਸਾਫ਼ ਮਿਲੇ ਅਤੇ ਲੋਕ ਸਮਝਣ ਕਿ ਇਹ ਇੱਕ ਵੱਖਰਾ ਹਾਦਸਾ ਸੀ।
ਹਰਪ੍ਰੀਤ ਕਹਿੰਦੇ ਹਨ, "ਸਕੇਲ ਚੈਕਿੰਗ ਉੱਪਰ ਕਾਫ਼ੀ ਸਖ਼ਤਾਈ ਹੋ ਗਈ ਹੈ। ਸਾਡੇ ਇੱਕ ਦੋਸਤ ਨੂੰ ਖੰਡਾ ਅਤੇ ਫੋਟੋਆਂ ਆਦਿ ਟਰੱਕ ਵਿੱਚੋਂ ਬਾਹਰ ਕੱਢਣ ਲਈ ਕਿਹਾ ਗਿਆ। ਇਸ ਤਰ੍ਹਾਂ ਦੀ ਪਹਿਲਾਂ ਕਦੇ ਸਮੱਸਿਆ ਨਹੀਂ ਸੀ। ਸੰਤਾਂ ਦੀਆਂ ਫੋਟੋਆਂ ਦੇਖ ਕੇ ਉਹ ਖਿਝਦੇ ਹਨ ਅਤੇ ਸਕੇਲਾਂ ਉੱਪਰ ਫੋਟੋਆਂ ਵਾਲਿਆਂ ਨੂੰ ਤੰਗ ਕੀਤਾ ਜਾਂਦਾ ਹੈ।"
ਉਹ ਕਹਿੰਦੇ ਹਨ, "ਹੁਣ ਬਹੁਤ ਸਾਰੇ ਨੌਜਵਾਨ ਡਰਾਈਵਰੀ ਦਾ ਕਿੱਤਾ ਛੱਡ ਰਹੇ ਹਨ ਅਤੇ ਹੋਰ ਕੋਈ ਛੋਟੇ-ਮੋਟੇ ਕੰਮ ਦੇਖ ਰਹੇ ਹਨ ਕਿਉਂਕਿ ਸਖ਼ਤਾਈ ਵੱਧ ਗਈ ਹੈ ਅਤੇ ਜਿਸ ਤਰ੍ਹਾਂ ਤੰਗ ਕੀਤਾ ਜਾ ਰਿਹਾ ਹੈ, ਉਸ ਨਾਲੋਂ ਉਹ ਕੋਈ ਹੋਰ ਕੰਮ ਕਰਨ ਦੀ ਸੋਚ ਰਹੇ ਹਨ।"
ਅਮਰੀਕੀ ਟਰੱਕਿੰਗ ਇੰਡਸਟਰੀ 'ਚ ਸਿੱਖਾਂ ਦੀ ਵੱਡੀ ਭੂਮਿਕਾ
ਖ਼ਬਰ ਏਜੰਸੀ ਏਪੀ ਮੁਤਾਬਕ ਅਮਰੀਕਾ ਵਿੱਚ ਇੱਕ ਅੰਦਾਜ਼ੇ ਅਨੁਸਾਰ ਸਿੱਖਾਂ ਦੀ ਆਬਾਦੀ 7,50,000 ਦੇ ਕਰੀਬ ਹੈ ਅਤੇ ਸਭ ਤੋਂ ਵੱਧ ਗਿਣਤੀ ਕੈਲੀਫੋਰਨੀਆ ਵਿੱਚ ਰਹਿੰਦੀ ਹੈ। ਬਹੁਤ ਸਾਰੇ ਲੋਕ ਟਰੱਕਿੰਗ ਅਤੇ ਇਸ ਨਾਲ ਜੁੜੇ ਉਦਯੋਗਾਂ ਵਿੱਚ ਕੰਮ ਕਰਦੇ ਹਨ, ਜਿਵੇਂ ਕਿ ਰੈਸਟੋਰੈਂਟ ਅਤੇ ਟਰੱਕਿੰਗ ਸਕੂਲ ਆਦਿ।
ਨਾਰਥ ਅਮਰੀਕਨ ਪੰਜਾਬੀ ਟਰੱਕਰਸ ਅਸੋਸੀਏਸ਼ਨ ਦੇ ਅਨੁਸਾਰ, ਵੈਸਟ ਕੋਸਟ 'ਤੇ ਲਗਭਗ 40% ਟਰੱਕ ਚਾਲਕ ਸਿੱਖ ਹਨ, ਜਦਕਿ ਦੇਸ਼ ਭਰ ਵਿੱਚ ਇਹ ਅੰਕੜਾ 20% ਦੇ ਕਰੀਬ ਹੈ। ਹਾਲਾਂਕਿ, ਇਸ ਦੇ ਅਧਿਕਾਰਕ ਅੰਕੜੇ ਨਹੀਂ ਹਨ। ਸੰਸਥਾ ਦੇ ਸੀਈਓ ਰਮਨ ਢਿੱਲੋਂ ਦੇ ਅਨੁਸਾਰ ਅਮਰੀਕਾ ਵਿੱਚ ਲਗਭਗ 1,50,000 ਸਿੱਖ ਟਰੱਕ ਚਾਲਕ ਕੰਮ ਕਰ ਰਹੇ ਹਨ।
ਉਨ੍ਹਾਂ ਮੁਤਾਬਕ ਫਲੋਰਿਡਾ ਵਾਲੇ ਹਾਦਸੇ ਤੋਂ ਬਾਅਦ, ਅਸੋਸੀਏਸ਼ਨ ਨੂੰ ਕਈ ਸਿੱਖ ਚਾਲਕਾਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਉਹ ਦੱਸਦੇ ਹਨ ਕਿ ਇੱਕ ਮਾਮਲੇ ਵਿੱਚ ਇੱਕ ਸਿੱਖ ਆਦਮੀ ਨੂੰ ਓਕਲਾਹੋਮਾ ਦੇ ਟਰੱਕ ਅੱਡੇ ਤੋਂ ਉਸ ਸਮੇਂ ਕੱਢ ਦਿੱਤਾ ਗਿਆ ਜਦੋਂ ਜਦੋਂ ਉਹ ਨਹਾਉਣ ਲੱਗਾ ਸੀ।
ਢਿੱਲੋਂ ਨੇ ਬੀਬੀਸੀ ਪੰਜਾਬੀ ਨੂੰ ਕਿਹਾ, "ਸਾਡੇ ਭਾਈਚਾਰੇ ਦੇ ਲੋਕ ਡਰਦੇ ਹਨ ਅਤੇ ਜਦੋਂ ਕੋਈ ਘਟਨਾ ਹੁੰਦੀ ਹੈ ਤਾਂ ਉਹ ਉਸ ਨੂੰ ਦਰਜ ਨਹੀਂ ਕਰਵਾਉਂਦੇ। ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਜੇ ਘਟਨਾਵਾਂ ਰਿਪੋਰਟ ਹੋਣਗੀਆਂ ਤਾਂ ਹੀ ਕੋਈ ਕਾਰਵਾਈ ਹੋਵੇਗੀ ਅਤੇ ਕੋਈ ਹੱਲ ਨਿਕਲੇਗਾ।"
ਹਰਜਿੰਦਰ ਸਿੰਘ ਦਾ ਟਰੱਕ ਹਾਦਸਾ ਤੇ ਵਿਵਾਦ
ਹਰਜਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਨਾਲ ਸਬੰਧਿਤ ਹਨ ਅਤੇ ਉਹ ਸਾਲ 2018 ਵਿੱਚ ਅਮਰੀਕਾ ਵਿੱਚ ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸੀ।
ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵ੍ਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਇਹ ਹਾਦਸਾ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਹੋਇਆ ਸੀ। ਇਸ ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
"ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਪ੍ਰਤੱਖ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪਰਵਾਹੀ ਨਾਲ ਚਲਾ ਰਿਹਾ ਅਤੇ ਅਜਿਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ਼ ਐਮਰਜੈਂਸੀ ਜਾਂ ਪੁਲਿਸ ਦੇ ਵਾਹਨ ਹੀ ਵਰਤ ਸਕਦੇ ਹਨ।"
ਇਸ ਹਾਦਸੇ ਮਗਰੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਚਰਚਾ ਵਿੱਚ ਆਇਆ ਸੀ।
ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਵੀ ਮੁਲਜ਼ਮ ਡਰਾਈਵਰ ਨੂੰ ਵਪਾਰਕ ਲਾਇਸੈਂਸ ਦਿੱਤੇ ਜਾਣ 'ਤੇ ਸਵਾਲ ਚੁੱਕੇ ਸਨ।
ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਹਰਜਿੰਦਰ ਸਿੰਘ ਨੂੰ ਕਦੇ ਵੀ ਵਪਾਰਕ ਡਰਾਈਵਰ ਲਾਈਸੈਂਸ ਨਹੀਂ ਮਿਲਣਾ ਚਾਹੀਦਾ ਸੀ।
ਇਹ ਮਾਮਲਾ ਜਲਦੀ ਹੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵਿਚਕਾਰ ਇੱਕ ਜਨਤਕ ਤਕਰਾਰ ਵਿੱਚ ਬਦਲ ਗਿਆ ਸੀ।
ਡੀਸੈਂਟਿਸ ਇੱਕ ਰਿਪਬਲਿਕਨ ਹਨ ਅਤੇ ਉਨ੍ਹਾਂ ਨੇ ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਨੂੰ ਕੈਲੀਫੋਰਨੀਆ ਭੇਜਿਆ, ਤਾਂ ਜੋ ਉਹ ਉੱਥੇ ਦੀ ਲਾਈਸੈਂਸਿੰਗ ਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਕਦੇ ਵੀ ਟਰੱਕ ਚਾਲਕ ਨਹੀਂ ਹੋਣਾ ਚਾਹੀਦਾ ਸੀ।
ਕੈਲੀਫੋਰਨੀਆ ਦੇ ਗਵਰਨਰ ਅਤੇ ਡੈਮੋਕਰੈਟ ਨਿਊਸਮ ਨੇ ਕਿਹਾ ਸੀ ਕਿ ਹਰਜਿੰਦਰ ਸਿੰਘ ਨੂੰ ਵਰਕ ਪਰਮਿਟ ਕੈਲੀਫੋਰਨੀਆ ਨੇ ਨਹੀਂ, ਸੰਘੀ ਸਰਕਾਰ ਨੇ ਜਾਰੀ ਕੀਤਾ ਸੀ, ਜੋ ਇਸ ਸਾਲ ਸ਼ੁਰੂ ਵਿੱਚ ਰੀਨਿਊ ਕੀਤਾ ਗਿਆ ਸੀ। ਹਾਲਾਂਕਿ, ਹੋਮਲੈਂਡ ਸਿਕਿਊਰਿਟੀ ਦੇ ਅਧਿਕਾਰੀਆਂ ਨੇ ਇਸ ਗੱਲ 'ਤੇ ਸਵਾਲ ਚੁੱਕੇ ਹਨ।
ਨਿਊਸਮ ਦੇ ਦਫ਼ਤਰ ਨੇ ਟਰੰਪ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਇਆ ਕਿ ਉਹ ਆਪਣੀ ਨਿਗਰਾਨੀ ਵਿੱਚ ਹੋਈਆਂ ਕਮੀਆਂ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ