ਪੰਜਾਬੀ ਟਰੱਕ ਡਰਾਈਵਰ ਕੇਸ: ਪਰਿਵਾਰ ਬੋਲਿਆ - 'ਉਹ ਸਿਰਫ਼ 28 ਸਾਲ ਦਾ ਹੈ, ਇਹ ਉਸਦੀ ਬਦਕਿਸਮਤੀ ਸੀ', ਹਰਜਿੰਦਰ ਦੇ ਪਿੰਡ ਦੇ ਲੋਕ ਪਟੀਸ਼ਨ ਬਾਰੇ ਕੀ ਬੋਲੇ

ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰੇ ਟਰੱਕ ਹਾਦਸੇ ਵਿੱਚ ਮੁਲਜ਼ਮ ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਜੱਜ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

12 ਅਗਸਤ ਨੂੰ ਵਾਪਰੇ ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ।

ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਹੋਇਆ, ਜਿਸ ਵਿੱਚ ਤਿੰਨ ਲੋਕ ਮਾਰੇ ਗਏ।

ਬਿਆਨ ਮੁਤਾਬਕ, "ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਪ੍ਰਤੱਖ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪਰਵਾਹੀ ਨਾਲ ਚਲਾ ਰਿਹਾ ਅਤੇ ਅਜਿਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ਼ ਐਮਰਜੈਂਸੀ ਜਾਂ ਪੁਲਿਸ ਦੇ ਵਾਹਨ ਹੀ ਵਰਤ ਸਕਦੇ ਹਨ।"

ਹਰਜਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਨਾਲ ਸਬੰਧਿਤ ਹਨ ਅਤੇ ਉਹ ਸਾਲ 2018 ਵਿੱਚ ਅਮਰੀਕਾ ਵਿੱਚ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸੀ।

ਜੱਜ ਬੋਲੇ 'ਅਣਅਧਿਕਾਰਤ ਪਰਦੇਸੀ' ਦੇ ਫਰਾਰ ਹੋਣ ਦਾ ਖਤਰਾ ਹੈ

ਸੀਬੀਐੱਸ ਨਿਊਜ਼ ਦੀ ਰਿਪੋਰਟ ਅਨੁਸਾਰ, ਸੇਂਟ ਲੂਸੀ ਕਾਉਂਟੀ ਜੱਜ ਲੌਰੇਨ ਸਵੀਟ ਨੇ ਜ਼ਮਾਨਤ ਅਰਜ਼ੀ 'ਤੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਹਰਜਿੰਦਰ ਸਿੰਘ ਇੱਕ "ਅਣਅਧਿਕਾਰਤ ਪਰਦੇਸੀ" ਹੈ ਅਤੇ ਉਨ੍ਹਾਂ ਦੇ "ਫਰਾਰ ਹੋਣ ਦਾ ਵੱਡਾ ਜੋਖਮ" ਹੈ।

ਇਸਦੇ ਨਾਲ ਹੀ ਜੱਜ ਨੇ ਮੁਲਜ਼ਮ ਵਿਰੁੱਧ ਸਾਰੇ ਛੇ ਇਲਜ਼ਾਮਾਂ ਲਈ ਸੰਭਾਵਿਤ ਕਾਰਨ ਵੀ ਨੋਟ ਕੀਤੇ ਅਤੇ ਉਨ੍ਹਾਂ ਨੂੰ ਫਲੋਰੀਡਾ ਕਾਨੂੰਨ ਦੇ ਤਹਿਤ ਜ਼ਬਰਦਸਤੀ ਵਾਲੇ ਅਪਰਾਧਾਂ ਵਜੋਂ ਸ਼੍ਰੇਣੀਬੱਧ ਕੀਤਾ।

ਜੱਜ ਨੇ ਕਿਹਾ, "ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਤਾਂ ਜੋ ਮੁਕੱਦਮੇ ਵਿੱਚ ਤੁਹਾਡੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾ ਸਕੇ।''

ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸੇ ਵੀ ਮਾਮਲੇ 'ਚ ਉਨ੍ਹਾਂ ਦੀ ਜ਼ਮਾਨਤ ਖਾਰਿਜ ਕੀਤੀ ਜਾਂਦੀ ਹੈ।

ਫਾਕਸ ਨਿਊਜ਼ ਮੁਤਾਬਕ, ਹਰਜਿੰਦਰ ਸਿੰਘ ਅਦਾਲਤ ਵਿੱਚ ਵਰਚੂਅਲੀ ਪੇਸ਼ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਸੁਣਵਾਈ ਲਈ ਇੱਕ ਦੁਭਾਸ਼ੀਏ ਦੀ ਮਦਦ ਲਈ।

'ਉਹ ਸਿਰਫ਼ 28 ਸਾਲ ਦਾ ਹੈ, ਉਸਦੀ ਬਦਕਿਸਮਤੀ ਸੀ' - ਪਰਿਵਾਰ

ਪੰਜਾਬ ਦੇ ਤਰਨਤਾਰਨ ਦੇ ਪਿੰਡ ਰਟੌਲ 'ਚ ਵੱਸਦਾ ਹਰਜਿੰਦਰ ਸਿੰਘ ਦਾ ਪਰਿਵਾਰ ਆਪਣੇ ਪੁੱਤ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ।

ਹਾਲਾਂਕਿ ਉਹ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕਰ ਰਹੇ ਪਰ ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਉਨ੍ਹਾਂ ਦੇ ਪਰਿਵਾਰ ਕਾ ਕਹਿਣਾ ਹੈ ਕਿ 'ਉਹ ਸਿਰਫ਼ 28 ਸਾਲ ਦਾ ਹੈ' ਅਤੇ 'ਇਹ ਉਸਦੀ ਬਦਕਿਸਮਤੀ ਸੀ'।

ਪੀਟੀਆਈ ਦੀ ਰਿਪੋਰਟ ਮੁਤਾਬਕ, ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਹਰਜਿੰਦਰ ਸਿੰਘ ਦੀ ਮਦਦ ਲਈ ਇੱਕ ਔਨਲਾਈਨ ਮੁਹਿੰਮ ਵੀ ਚਲਾਈ ਹੈ।

ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ, ਹਰਜਿੰਦਰ ਸਿੰਘ ਦੇ ਭਰਾ ਤੇਜਿੰਦਰ ਸਿੰਘ ਨੇ ਕਿਹਾ ਹੈ ਕਿ "ਅਸੀਂ ਇਸ ਬਾਰੇ ਗੱਲ ਕਰਦੇ ਨਹੀਂ ਰਹਿਣਾ ਚਾਹੁੰਦੇ। ਸਾਨੂੰ ਹਾਦਸੇ ਵਿੱਚ ਹੋਈਆਂ ਤਿੰਨ ਮੌਤਾਂ ਦਾ ਅਫ਼ਸੋਸ ਹੈ। ਉਸਨੇ ਗਲਤੀ ਕੀਤੀ ਹੈ ਪਰ ਇਹ ਜਾਣਬੁੱਝ ਕੇ ਕੀਤਾ ਗਿਆ ਅਪਰਾਧ ਨਹੀਂ ਸੀ।"

ਉਨ੍ਹਾਂ ਕਿਹਾ ਕਿ "ਉਸ ਨੂੰ ਗਲਤੀ ਲਈ ਸਜ਼ਾ ਦਿੱਤੀ ਜਾ ਸਕਦੀ ਹੈ, ਪਰ ਇਸ ਨਾਲ ਇਸ ਤਰ੍ਹਾਂ ਨਹੀਂ ਵਿਵਹਾਰ ਕੀਤਾ ਜਾਣਾ ਚਾਹੀਦਾ ਜਿਵੇਂ ਉਸ ਨੇ ਜਾਣਬੁੱਝ ਕੇ ਮਾਰਿਆ ਹੋਵੇ।"

ਸਜ਼ਾ ਘਟਾਉਣ ਦੀ ਮੰਗ

ਕੁਲੈਕਟਿਵ ਪੰਜਾਬੀ ਯੂਥ ਨਾਮ ਦੇ ਸਮੂਹ ਵੱਲੋਂ ਵੀ ਇਸ ਮਾਮਲੇ 'ਚ ਔਨਲਾਈਨ ਪਲੇਟਫਾਰਮ change.org 'ਤੇ ਇੱਕ ਪਟੀਸ਼ਨ ਬਣਾਈ ਗਈ ਹੈ, ਜਿਸ ਵਿੱਚ ਹਰਜਿੰਦਰ ਲਈ ਸਜ਼ਾ ਘਟਾਉਣ ਦੀ ਮੰਗ ਕੀਤੀ ਗਈ ਹੈ। ਇੱਥੇ ਵੀ ਇਹੀ ਦਲੀਲ ਦਿੱਤੀ ਗਈ ਹੈ ਕਿ ਇਹ ਦੁਖਦਾਈ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਸੀ।

ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਜਵਾਬਦੇਹੀ ਮਾਅਨੇ ਰੱਖਦੀ ਹੈ, ਪਰ ਉਨ੍ਹਾਂ ਵਿਰੁੱਧ ਇਲਜ਼ਾਮਾਂ ਦੀ ਗੰਭੀਰਤਾ ਘਟਨਾ ਦੇ ਹਾਲਾਤਾਂ ਨਾਲ ਮੇਲ ਨਹੀਂ ਖਾਂਦੀ।

ਅਮਰੀਕਾ ਸਰਕਾਰ ਨੇ ਕੀ ਕਿਹਾ

12 ਅਗਸਤ ਨੂੰ ਵਾਪਰੇ ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਡਰਾਈਵਰ ਕੈਲੀਫੋਰਨੀਆ ਪਰਤ ਗਿਆ ਸੀ ਅਤੇ ਉਸ ਨੂੰ ਚਾਰ ਦਿਨ ਬਾਅਦ ਯੂਐੱਸ ਮਾਰਸ਼ਲਜ਼ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਹਾਦਸੇ ਮਗਰੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਚਰਚਾ ਵਿੱਚ ਆਇਆ ਸੀ।

22 ਅਗਸਤ ਨੂੰ ਅਮਰੀਕਾ ਦੇ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਉੱਤੇ ਲਿਖਿਆ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰਜ਼ ਵੀਜ਼ੇ ਦਿੱਤੇ ਜਾਣ ਉੱਤੇ ਤੁਰੰਤ ਰੋਕ ਲਾਈ ਜਾ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ ਅਮਰੀਕਾ ਵਿੱਚ ਵਿਦੇਸ਼ੀ ਡਰਾਈਵਰਾਂ ਵੱਲੋਂ ਅਮਰੀਕੀ ਸੜਕਾਂ ਉੱਤੇ ਟਰੈਕਟਰ-ਟਰੇਲਰ ਚਲਾਏ ਜਾਣ ਦੀ ਗਿਣਤੀ ਦਾ ਵਧਣਾ ਅਮਰੀਕੀਆਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਅਮਰੀਕੀ ਟਰੱਕ ਡਰਾਇਵਰਾਂ ਕੋਲੋਂ ਉਨ੍ਹਾਂ ਦਾ ਰੁਜ਼ਗਾਰ ਖੁੰਝ ਰਿਹਾ ਹੈ।

ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਹਨ ਭਰਾ

ਹਾਦਸੇ ਸਮੇਂ ਸੈਮੀ-ਟਰੱਕ ਵਿੱਚ ਹਰਜਿੰਦਰ ਸਿੰਘ ਨਾਲ ਬੈਠੇ ਸ਼ਖ਼ਸ ਬਾਰੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ ਬਿਆਨ ਜਾਰੀ ਕੀਤਾ ਹੈ।

ਡੀਐੱਚਐੱਸ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਵੱਲੋਂ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਿਆਨ ਮੁਤਾਬਕ ਹਰਜਿੰਦਰ ਅਤੇ ਹਰਨੀਤ ਦੋਵੇਂ ਭਰਾ ਹਨ।

ਅੱਗੇ ਲਿਖਿਆ ਗਿਆ ਹੈ ਕਿ ਹਰਨੀਤ ਨੂੰ ਬਾਰਡਰ ਪੈਟਰੋਲ ਵੱਲੋਂ 15 ਮਈ 2023 ਨੂੰ ਫੜਿਆ ਗਿਆ ਸੀ ਅਤੇ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ।

'ਇੱਕ ਦੀ ਗਲਤੀ ਦੀ ਸਜ਼ਾ ਸਾਰੇ ਭਾਈਚਾਰੇ ਨੂੰ ਦੇਣਾ ਸਹੀ ਨਹੀਂ'

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਸਿੰਘ ਨੂੰ ਕੌਂਸਲਰ ਪਹੁੰਚ ਪ੍ਰਦਾਨ ਕਰਨ, ਤਾਂ ਜੋ ਉਨ੍ਹਾਂ ਦਾ ਕੇਸ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।

ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਹ ਅਪੀਲ ਵੀ ਕੀਤੀ ਕਿ ਉਹ ਇਸ ਘਾਤਕ ਹਾਦਸੇ ਤੋਂ ਬਾਅਦ ਅਮਰੀਕਾ ਦੁਆਰਾ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ ਨੂੰ ਫ੍ਰੀਜ਼ ਕਰਨ ਦੇ ਮੁੱਦੇ ਨੂੰ ਵੀ ਉਠਾਉਣ।

ਹਰਜਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ, ''ਅਖਬਾਰਾਂ 'ਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ।''

ਆਪਣੀ ਐਕਸ ਪੋਸਟ 'ਚ ਉਨ੍ਹਾਂ ਲਿਖਿਆ, ''ਮੈਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕਰਦੀ ਹਾਂ ਕਿ ਉਹ ਸਿੱਖ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਸੰਯੁਕਤ ਰਾਜ ਸਰਕਾਰ ਕੋਲ ਚੁੱਕਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸਦੇ ਅਧਿਕਾਰਾਂ, ਜਿਸ ਵਿੱਚ 'ਦਸਤਾਰ' ਪਹਿਨਣ ਦਾ ਅਧਿਕਾਰ ਵੀ ਸ਼ਾਮਲ ਹੈ, ਦੀ ਰੱਖਿਆ ਕੀਤੀ ਜਾਵੇ ਅਤੇ ਉਸ ਨੂੰ 'ਕਾਤਲ' ਵਜੋਂ ਸਤਾਇਆ ਨਾ ਜਾਵੇ।''

ਉਨ੍ਹਾਂ ਕਿਹਾ, ਸਾਡੇ ਨੌਜਵਾਨ ਹਰਜਿੰਦਰ ਸਿੰਘ ਦੀਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਦਸਤਾਰ ਤੋਂ ਬਿਨ੍ਹਾਂ ਹਨ। ''ਦਸਤਾਰ ਸਾਡੇ ਸਿੱਖਾਂ ਦੀ ਸ਼ਾਨ ਹੈ, ਗੁਰੂ ਦੀ ਦਿੱਤੀ ਦਾਤ ਹੈ।''

''ਸਿੱਖਾਂ ਦੇ ਮਨਾਂ 'ਚ ਸ਼ਰਧਾ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਸਿਰ ਢਕਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ।''

ਉਨ੍ਹਾਂ ਕਿਹਾ ਕਿ ''ਹਰਜਿੰਦਰ ਨੇ ਇੱਕ ਵੱਡੀ ਗਲਤੀ ਕੀਤੀ ਹੈ ਜਿਸ ਕਾਰਨ ਇੱਕ ਘਾਤਕ ਹਾਦਸਾ ਹੋਇਆ ਪਰ ਉਹ ਕਾਤਲ ਨਹੀਂ ਹੈ ਅਤੇ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ।''

ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰੇ ਭਾਈਚਾਰੇ ਨੂੰ ਦੇਣਾ ਸਹੀ ਨਹੀਂ ਹੈ।

'ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਮਾਮਲਾ'

ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਮਾਮਲੇ ਦੀ ਗੰਭੀਰਤਾ 'ਤੇ ਸਵਾਲ ਚੁੱਕੇ ਹਨ। ਅਮਰੀਕਾ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ 'ਤੇ ਅਸਥਾਈ ਰੋਕ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ।

ਖਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਜੇ ਕੋਈ ਉੱਥੇ ਜਾਂਦਾ ਹੈ ਤਾਂ ਰੋਜ਼ੀ ਕਮਾਉਣ ਜਾਂਦਾ ਹੈ ਅਤੇ ਇਸਦੇ ਲਈ ਮਿਹਨਤ ਕਰਦਾ ਹੈ। ਇਸਦੇ ਬਾਵਜੂਦ ਉਨ੍ਹਾਂ ਲੋਕਾਂ ਨਾਲ ਜੋ ਵਿਵਹਾਰ ਹੁੰਦਾ ਹੈ, ਉਹ ਸਹੀ ਨਹੀਂ ਹੈ।''

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸ ਪਾਰਟੀ ਦੇ ਆਗੂ ਪਰਗਟ ਸਿੰਘ ਨੇ ਵੀ ਕੇਂਦਰ ਸਰਕਾਰ ਤੋਂ ਇਸ ਮਾਮਲੇ (ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ 'ਤੇ ਅਸਥਾਈ ਰੋਕ) ਵਿੱਚ ਤੁਰੰਤ ਦਖਲ ਦੀ ਅਪੀਲ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ, ਉਨ੍ਹਾਂ ਕਿਹਾ ਕਿ ਭਾਵੇਂ ਅਮਰੀਕਾ ਹੋਵੇ ਜਾਂ ਕੈਨੇਡਾ, ਪੰਜਾਬੀ ਨੌਜਵਾਨ ਟ੍ਰਾਂਸਪੋਰਟ ਦੇ ਕੰਮ ਦੀ ਰੀੜ੍ਹ ਦੀ ਹੱਡੀ ਹਨ।

''ਅਮਰੀਕਾ ਦੇ ਅਜਿਹੇ ਸਖਤ ਆਦੇਸ਼ ਪੰਜਾਬ ਦੇ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨਗੇ ਅਤੇ ਨਾਲ ਹੀ ਦੇਸ਼ ਦੇ ਫਾਰਨ ਰਿਜ਼ਰਵ 'ਤੇ ਵੀ ਅਸਰ ਪਾਉਣਗੇ।''

ਉਨ੍ਹਾਂ ਕਿਹਾ ਕਿ ''ਇਹ ਸਿਆਸੀ ਮਸਲਾ ਨਹੀਂ ਹੈ ਸਗੋਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਮਾਮਲਾ ਹੈ।''

ਪਿੰਡ ਵਾਲੇ ਲੱਗਾ ਰਹੇ ਹਨ ਸਜ਼ਾ ਘੱਟ ਕਰਨ ਦੀ ਗੁਹਾਰ

ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰੇ ਟਰੱਕ ਹਾਦਸੇ ਵਿੱਚ ਮੁਲਜ਼ਮ ਟਰੱਕ ਡਰਾਇਵਰ ਹਰਜਿੰਦਰ ਸਿੰਘ ਦੇ ਪਿੰਡ ਵਾਲੇ ਉਨ੍ਹਾਂ ਦੇ ਸਜ਼ਾ ਨੂੰ ਘੱਟ ਕਰਾਉਣ ਦੀ ਗੁਹਾਰ ਲਗਾ ਰਹੇ ਹਨ।

ਰਟੌਲੀ ਪਿੰਡ ਨਿਵਾਸੀ ਐੱਮਪੀ ਸਿੰਘ ਕਹਿੰਦੇ ਹਨ, " ਪਿੰਡ ਵਾਲੇ ਵੀ ਇਸ ਮਾਮਲੇ ਨੂੰ ਉਸੇ ਨਜ਼ਰੀਏ ਨਾਲ ਦੇਖ ਰਹੇ ਹਨ, ਜਿਸ ਨਜ਼ਰੀਏ ਨਾਲ ਪਰਿਵਾਰ ਦੇਖ ਰਿਹਾ ਹੈ, ਕਿਉਂਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਮੰਦਭਾਗਾ ਹੈ।"

"ਪਟੀਸ਼ਨ ਦੀ ਗੱਲ ਸਾਡੇ ਪਿੰਡ 'ਚ ਉਦੋਂ ਦੀ ਚੱਲ ਰਹੀ ਹੈ ਜਦੋਂ ਤੋਂ ਇਹ ਖ਼ਬਰ ਸਾਨੂੰ ਪੰਜਾਬ ਵਿੱਚ, ਸਾਡੇ ਪਿੰਡ ਵਿੱਚ ਪਤਾ ਲੱਗੀ ਸੀ। ਪਰ ਅੱਜ ਸਾਨੂੰ ਦੁਪਹਿਰ ਤੋਂ ਬਾਅਦ ਪਤਾ ਲੱਗਾ ਉਹ ਫੇਕ ਹੈ। ਜਿੰਨਾ ਚਿਰ ਪਰਿਵਾਰ ਸਾਹਮਣੇ ਆ ਕੇ ਨਹੀਂ ਬੋਲਦਾ, ਉੰਨਾ ਚਿਰ ਚੀਜ਼ ਸਾਫ ਨਹੀਂ ਹੋਵੇਗੀ ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਹਰਜਿੰਦਰ ਸਿੰਘ ਨੂੰ ਉਨ੍ਹਾਂ ਨੇ ਪਹਿਲਾਂ 16-17 ਸਾਲ ਦੀ ਉਮਰ ਵਿੱਚ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਸੀ । ਉਨ੍ਹਾਂ ਮੁਤਾਬਕ ਹਰਜਿੰਦਰ 18 ਸਾਲ ਦੀ ਉਮਰ ਵਿੱਚ ਬਾਹਰ ਚਲਾ ਗਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਜਿੰਦਰ ਦਾ ਰਵੱਈਆ ਬਹੁਤ ਵਧੀਆ ਸੀ।

ਪਰਿਵਾਰ ਦੇ ਮੀਡੀਆ ਸਾਹਮਣੇ ਨਾ ਆਉਣ 'ਤੇ ਐੱਮ ਸਿੰਘ ਨੇ ਕਿਹਾ, "ਪਤਾ ਨਹੀਂ ਪਰਿਵਾਰ ਦੀਆਂ ਕਿੜੀਆਂ ਮਜਬੂਰੀਆਂ ਹਨ, ਜੋ ਉਹ ਮੀਡੀਆ ਸਾਹਮਣੇ ਨਹੀਂ ਆ ਰਹੇ, ਉਹ ਪਰਿਵਾਰ ਹੀ ਦੱਸ ਸਕਦਾ। ਫਿਰ ਵੀ ਅਸੀਂ ਕਹਿੰਦੇ ਹਾਂ ਕਿ ਪਰਿਵਾਰ ਨੂੰ ਇੱਕ ਵਾਰੀ ਆ ਕੇ ਸੱਚ ਸਾਫ਼ ਕਰ ਦੇਣਾ ਚਾਹੀਦਾ ਹੈ। ਹਰਜਿੰਦਰ ਦੇ ਨਾਮ 'ਤੇ ਫੰਡਿੰਗ ਇਕੱਠੀ ਹੋ ਰਹੀ ਹੈ, ਉਨ੍ਹਾਂ ਦੇ ਨਾਂ 'ਤੇ ਪਟੀਸ਼ਨ ਦਰਜ ਕੀਤੀ ਜਾ ਰਹੀ, ਉਹ ਵੀ ਫੇਕ ਹੈ।"

ਪਿੰਡ ਦੇ ਇੱਕ ਹੋਰ ਨਿਵਾਸੀ ਦਵਿੰਦਰ ਸਿੰਘ ਨੇ ਕਿਹਾ, "ਜਿਹੜਾ ਐਕਸੀਡੈਂਟ ਹੋਇਆ, ਅਸੀਂ ਮੰਨਦੇ ਹਾਂ ਕਿ ਉਹ ਹਰਜਿੰਦਰ ਦੀ ਗਲਤੀ ਸੀ। ਪਰ ਜੇ ਉਸ ਦੇ ਕੁਝ ਕਸੂਰ ਵੀ ਹਨ, ਤਾਂ ਵੀ ਇੰਨੀ ਲੰਮੀ ਸਜ਼ਾ ਨਹੀਂ ਮਿਲਣੀ ਚਾਹੀਦੀ। ਬੱਚਾ 26-27 ਸਾਲਾਂ ਦਾ ਹੈ, ਤੇ ਜੇ ਇਹ 45 ਸਾਲ ਦੀ ਸਜ਼ਾ ਹੋ ਗਈ ਤਾਂ ਜੇਲ੍ਹ 'ਚ ਹੀ ਉਸ ਦੀ ਉਮਰ 73-74 ਸਾਲ ਹੋ ਜਾਏਗੀ"

ਦਵਿੰਦਰ ਸਿੰਘ ਮੁਤਾਬਕ ਹਰਜਿੰਦਰ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।

ਪਿੰਡ ਦੇ ਇੱਕ ਹੋਰ ਨਿਵਾਸੀ ਮੇਵਾ ਸਿੰਘ ਨੇ ਕਿਹਾ, " ਸਾਡੀ ਮੋਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਉਸ ਦਾ ਸਾਥ ਦੇਣ। ਉਹ ਇੰਡੀਆ ਦਾ ਹੀ ਇੱਕ ਨਿਵਾਸੀ ਹੈ, ਵੀਡਿਓਜ਼ 'ਚ ਦੇਖੋ ਕਿਵੇਂ ਉਸ ਦੀ ਦਸਤਾਰ ਸਿਰ ਤੋਂ ਲਹੀ ਹੋਈ ਹੈ। ਇਥੋਂ ਸੀ ਸਰਕਾਰ ਨੂੰ ਇਸ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)